Breaking NewsLatest NewsPunjab

ਸਕੂਲ ਆਫ਼ ਫੈਸ਼ਨ ਡਿਜ਼ਾਈਨਿੰਗ ਐਂਡ ਕਾਸਮੈਟੋਲੋਜੀ ਵੱਲੋਂ ਰੱਖੜੀ ਪ੍ਰਦਰਸ਼ਨੀ ਲਗਾਈ ਗਈ।

ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਫੈਸ਼ਨ ਡਿਜ਼ਾਈਨਿੰਗ ਐਂਡ ਕਾਸਮੈਟੋਲੋਜੀ ਵੱਲੋਂ ਰੱਖੜੀ ਪ੍ਰਦਰਸ਼ਨੀ ਲਗਾਈ ਗਈ।

ਅੰਮ੍ਰਿਤਸਰ – ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਫੈਸ਼ਨ ਡਿਜ਼ਾਈਨਿੰਗ ਐਂਡ ਕਾਸਮੈਟੋਲੋਜੀ ਵੱਲੋਂ ਵਿਦਿਆਰਥੀਆਂ ’ਚ ਸਿਰਜਣਾਤਮਕਤਾ, ਰਵਾਇਤੀ ਕਾਰੀਗਰੀ, ਉੱਦਮਤਾ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਰੱਖੜੀ ਪ੍ਰਦਰਸ਼ਨੀ ਲਗਾਈ ਗਈ। ਖ਼ਾਲਸਾ ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲਗਾਈ ਗਈ ਉਕਤ ਪ੍ਰਦਰਸ਼ਨੀ ’ਚ ਮੁੱਖ ਮਹਿਮਾਨ ਵਜੋਂ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਅਗਵਾਈ ਉਕਤ ਕਾਸਮੈਟੋਲੋਜੀ ਵਿਭਾਗ ਦੇ ਮੁਖੀ ਡਾ. ਸ਼ਰੀਨਾ ਮਹਾਜਨ ਨੇ ਕੀਤੀ। ਇਸ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਵੱਲੋਂ ਆਪਣੀਆਂ ਸਿਰਜਣਾਤਮਕ ਅਤੇ ਹੁਨਰ ਵਿਕਾਸ ਗਤੀਵਿਧੀਆਂ ਤਹਿਤ ਤਿਆਰ ਕੀਤੀਆਂ ਗਈਆਂ ਸੁੰਦਰ ਹੱਥ ਨਾਲ ਬਣਾਈਆਂ ਰੱਖੜੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।

ਇਸ ਦੌਰਾਨ ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਹਾਰਕ ਅਤੇ ਤਜਰਬੇ ਅਧਾਰਿਤ ਸਿੱਖਿਆ ਵਿਦਿਆਰਥੀਆਂ ’ਚ ਆਤਮਵਿਸ਼ਵਾਸ, ਸਿਰਜਣਾਤਮਕਤਾ ਅਤੇ ਉੱਦਮਤਾ ਦੇ ਹੁਨਰ ਵਿਕਸਿਤ ਕਰਨ ’ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਕਲਾਸਰੂਮ ’ਚ ਪ੍ਰਾਪਤ ਕੀਤੀ ਸਿੱਖਿਆ ਨੂੰ ਵਿਹਾਰਕ ਜੀਵਨ ਨਾਲ ਜੋੜਨ ਦਾ ਮੌਕਾ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਰਚਨਾਤਮਕ ਯੋਗਤਾਵਾਂ ਨੂੰ ਭਵਿੱਖ ਦੇ ਸੰਭਾਵੀ ਉੱਦਮੀ ਮੌਕਿਆਂ ਵਜੋਂ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ।

ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਇਸ ਪਹਿਲਕਦਮੀ ਨੇ ਵਿਦਿਆਰਥੀਆਂ ਨੂੰ ਰੱਖੜੀ ਦੇ ਰਵਾਇਤੀ ਤਿਉਹਾਰ ਨੂੰ ਮਨਾਉਂਦੇ ਹੋਏ ਆਪਣੀ ਕਲਾਤਮਕ ਪ੍ਰਤਿਭਾ, ਸਿਰਜਣਾਤਮਕਤਾ ਅਤੇ ਵਿਹਾਰਕ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਅਹਿਮ ਮੰਚ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਨੇ ਵਿਦਿਆਰਥੀਆਂ ਨੂੰ ਉਤਪਾਦ ਵਿਕਾਸ ਦੇ ਵੱਖ-ਵੱਖ ਪੱਖਾਂ ਡਿਜ਼ਾਈਨਿੰਗ, ਤਿਆਰੀ, ਪੈਕੇਜਿੰਗ, ਟੈਗਿੰਗ, ਪੇਸ਼ਕਾਰੀ ਅਤੇ ਵਿਕਰੀ ਸਬੰਧੀ ਵਿਹਾਰਕ ਤਜਰਬਾ ਆਦਿ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ’ਚ ਆਉਣ ਵਾਲੇ ਦਰਸ਼ਕਾਂ ਨੇ ਵਿਦਿਆਰਥੀਆਂ ਦੀ ਕਲਾ ਅਤੇ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਹੱਥ ਨਾਲ ਬਣਾਈਆਂ ਰੱਖੜੀਆਂ ਦੀ ਖਰੀਦਦਾਰੀ ਵੀ ਕੀਤੀ, ਜਿਸ ਨਾਲ ਨੌਜਵਾਨ ਪ੍ਰਤਿਭਾ ਅਤੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹ ਮਿਲਿਆ।

ਇਸ ਮੌਕੇ ਡਾ. ਮਹਾਜਨ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਕਢਾਈ, ਕ੍ਰੋਸ਼ੀਆ ਵਰਕ, ਧਾਗਿਆਂ ਦੀ ਕਲਾਤਮਕ ਬੁਣਾਈ ਅਤੇ ਹੱਥ ਨਾਲ ਪੇਂਟਿੰਗ ਲਗਭਗ 560 ਹੱਥ ਨਾਲ ਬਣਾਈਆਂ ਰੱਖੜੀਆਂ ਵੱਖ-ਵੱਖ ਰੰਗਾਂ, ਸਜਾਵਟੀ ਸਮੱਗਰੀ ਅਤੇ ਨਵੀਨਤਾਕਾਰੀ ਤਕਨੀਕਾਂ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਗਈਆਂ। ਇਨ੍ਹਾਂ ਡਿਜ਼ਾਈਨਾਂ ’ਚ ਰਵਾਇਤੀ ਸੁੰਦਰਤਾ ਅਤੇ ਆਧੁਨਿਕ ਵਿਚਾਰਾਂ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ, ਜੋ ਵਿਦਿਆਰਥੀਆਂ ਦੀ ਮੌਲਿਕਤਾ ਅਤੇ ਕਲਪਨਾਸ਼ੀਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਨਾ ਸਿਰਫ਼ ਆਪਣੀ ਸਿਰਜਣਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਸਗੋਂ ਆਪਣੀਆਂ ਤਿਆਰ ਕੀਤੀਆਂ ਰੱਖੜੀਆਂ ਨੂੰ ਬਾਜ਼ਾਰ ਤੱਕ ਵੀ ਪਹੁੰਚਾਇਆ। ਉਨ੍ਹਾਂ ਕਿਹਾ ਕਿ ਹੱਥ ਨਾਲ ਬਣਾਈਆਂ ਰੱਖੜੀਆਂ ਦੀ ਵਿਕਰੀ ਕਰਕੇ ਉਨ੍ਹਾਂ ਨੇ ਸਿੱਖਦੇ ਹੋਏ ਕਮਾਓ (5arn While You Learn) ਦੀ ਧਾਰਨਾ ਦਾ ਵਿਹਾਰਕ ਅਨੁਭਵ ਵੀ ਹਾਸਲ ਕੀਤਾ ਅਤੇ ਆਪਣੀ ਸਿਰਜਣਾਤਮਕ ਮਿਹਨਤ ਰਾਹੀਂ ਕਮਾਈ ਕੀਤੀ।

ਕੈਪਸ਼ਨ:¸

ਖ਼ਾਲਸਾ ਯੂਨੀਵਰਸਿਟੀ ਵੱਲੋਂ ਲਗਾਈ ਗਈ ਰੱਖੜੀ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਡਾ. ਸੁਰਿੰਦਰ ਕੌਰ ਨਾਲ ਡਾ. ਸ਼ਰੀਨਾ ਮਹਾਜਨ ਤੇ ਹੋਰ ਸਟਾਫ਼ ਤੇ ਵਿਦਿਆਰਥੀ ਅਤੇ ਹੋਰ ਵੱਖ-ਵੱਖ ਦ੍ਰਿਸ਼।

Related posts

ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਵਿਗੜੀ, ਪਟਿਆਲਾ ਤੋਂ ਮੋਹਾਲੀ ਰੈਫਰ

Bunty

ਦੁਨੀਆਭਰ ‘ਚ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਕਹਿਰ

Bunty

ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਜਾਂਚ ਦਾ ਸਮਾਂ ਹੋਰ ਵਧਾਇਆ !

admin