Breaking NewsLatest NewsPunjab

ਬਹਿਰੀਨ ਮਾਮਲਾ: SGPC ਦੀ ਮੁਢਲੀ ਜਾਂਚ ਵਿੱਚ ਸਰਾਵਾਂ ਦੇ ਰਿਕਾਰਡ ਨਾਲ ਛੇੜਛਾੜ ਦਾ ਖ਼ੁਲਾਸਾ

ਐਡਵਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

ਅੰਮ੍ਰਿਤਸਰ – ਬਹਿਰੀਨ ਵਾਲੀ ਬੀਬੀ ਨਾਲ ਜੁੜੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਢਲੀ ਜਾਂਚ ਵਿੱਚ ਸਰਾਵਾਂ ਦੇ ਰਿਕਾਰਡ ਨਾਲ ਕਥਿਤ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਕੁਝ ਰਿਕਾਰਡਾਂ ਵਿੱਚ ਬਾਅਦ ਵਿੱਚ ਐਂਟਰੀਆਂ ਜੋੜੀਆਂ ਗਈਆਂ ਅਤੇ ਉਨ੍ਹਾਂ ਦੇ ਸੀਰੀਅਲ ਨੰਬਰਾਂ ਵਿੱਚ ਵੀ ਤਬਦੀਲੀ ਕੀਤੀ ਗਈ। ਧਾਮੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਈ ਮੁਲਾਜ਼ਮਾਂ ਅਤੇ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ, ਸ੍ਰੀ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਨਾਲ ਜੁੜੇ ਇੱਕ ਅਧਿਕਾਰੀ ਦੀ ਭੂਮਿਕਾ ਵੀ ਜਾਂਚ ਵਿੱਚ ਸਾਹਮਣੇ ਆਈ ਹੈ।

ਸਰਾਵਾਂ ਦੇ ਰਜਿਸਟਰ ਮੀਡੀਆ ਸਾਹਮਣੇ ਰੱਖੇ

SGPC ਪ੍ਰਧਾਨ ਨੇ ਮੀਡੀਆ ਸਾਹਮਣੇ ਸਰਾਵਾਂ ਦੇ ਕੁਝ ਰਜਿਸਟਰ ਵੀ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਜਿਸਟਰਾਂ ਵਿੱਚ ਬਹਿਰੀਨ ਵਾਲੀ ਬੀਬੀ ਦੇ ਰਹਿਣ ਸਬੰਧੀ ਕਈ ਐਂਟਰੀਆਂ ਦਰਜ ਹਨ। ਉਨ੍ਹਾਂ ਮੁਤਾਬਕ ਸ੍ਰੀ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਰਜਿਸਟਰ ਵਿੱਚ ਉਸਦੇ ਨਾਮ ‘ਤੇ ਲਗਭਗ ਸੱਤ ਐਂਟਰੀਆਂ ਹਨ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀਆਂ ਸਰਾਵਾਂ ਵਿੱਚ ਉਸਦੇ ਰਹਿਣ ਸਬੰਧੀ ਅੱਠ ਐਂਟਰੀਆਂ ਦਰਜ ਹਨ। ਇੱਕ ਐਂਟਰੀ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਨਾਲ ਸਬੰਧਤ ਦੱਸੀ ਗਈ ਹੈ। ਧਾਮੀ ਨੇ ਕਿਹਾ ਕਿ ਕੁਝ ਐਂਟਰੀਆਂ ਨਿਰਧਾਰਤ ਤਰੀਕਾਂ ਤੋਂ ਬਾਅਦ ਦਰਜ ਕੀਤੀਆਂ ਗਈਆਂ ਦਿਖਾਈ ਦਿੰਦੀਆਂ ਹਨ। ਇਨ੍ਹਾਂ ਐਂਟਰੀਆਂ ਦੇ ਸੀਰੀਅਲ ਨੰਬਰਾਂ ਵਿੱਚ ਵੀ ਬਦਲਾਅ ਹੋਣ ਦੀ ਗੱਲ ਸਾਹਮਣੇ ਆਈ ਹੈ।

ਮੁਲਾਜ਼ਮ ਦੀ ਪਛਾਣ ਹੋਣ ਦਾ ਦਾਅਵਾ

SGPC ਪ੍ਰਧਾਨ ਧਾਮੀ ਨੇ ਦੱਸਿਆ ਕਿ ਜਿਨ੍ਹਾਂ ਐਂਟਰੀਆਂ ਨੂੰ ਬਾਅਦ ਵਿੱਚ ਜੋੜਿਆ ਗਿਆ, ਉਨ੍ਹਾਂ ਨੂੰ ਦਰਜ ਕਰਨ ਵਾਲੇ ਮੁਲਾਜ਼ਮ ਦੀ ਲਿਖਾਈ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਇੰਚਾਰਜ ਅਮਰੀਕ ਸਿੰਘ ਦਾ ਨਾਮ ਸਾਹਮਣੇ ਆਇਆ ਹੈ। ਉਨ੍ਹਾਂ ਮੁਤਾਬਕ ਕੁਝ ਹੋਰ ਮੁਲਾਜ਼ਮਾਂ ਅਤੇ ਉੱਚ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ। ਜਾਂਚ ਕਮੇਟੀ ਦੀ ਮੁਢਲੀ ਰਿਪੋਰਟ ਮਿਲ ਚੁੱਕੀ ਹੈ, ਜਦਕਿ ਅੰਤਿਮ ਰਿਪੋਰਟ ਆਉਣ ਵਾਲੇ ਦਿਨਾਂ ਵਿੱਚ ਮਿਲਣ ਦੀ ਉਮੀਦ ਹੈ।

ਬੀਬੀ ਨੂੰ ਇੱਕ ਲੱਖ ਰੁਪਏ ਦੀ ਮਦਦ ਮਿਲੀ ਸੀ

ਧਾਮੀ ਨੇ ਦੱਸਿਆ ਕਿ ਬਹਿਰੀਨ ਵਾਲੀ ਬੀਬੀ ਨੇ ਸਿਹਤ ਸਬੰਧੀ ਮਦਦ ਲਈ SGPC ਕੋਲ ਅਰਜ਼ੀ ਦਿੱਤੀ ਸੀ। ਅਰਜ਼ੀ ਨੂੰ ਅੰਤਰਿੰਗ ਕਮੇਟੀ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ ਉਸਨੂੰ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅਰਜ਼ੀ ਦੇ ਨਾਲ ਕੁਝ ਮੈਡੀਕਲ ਰਿਪੋਰਟਾਂ ਵੀ ਲਗਾਈਆਂ ਗਈਆਂ ਸਨ। ਧਾਮੀ ਮੁਤਾਬਕ ਇਨ੍ਹਾਂ ਰਿਪੋਰਟਾਂ ਵਿੱਚ ਮਾਨਸਿਕ ਸਿਹਤ ਨਾਲ ਸਬੰਧਤ ਬਿਮਾਰੀ ਦਾ ਜ਼ਿਕਰ ਵੀ ਸੀ।

VIP ਟਰੀਟਮੈਂਟ ਦੇ ਦੋਸ਼ਾਂ ‘ਤੇ ਕੀ ਕਿਹਾ?

ਧਾਮੀ ਨੇ ਕਿਹਾ ਕਿ SGPC ਦੇ ਰਿਕਾਰਡ ਵਿੱਚ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਬਹਿਰੀਨ ਵਾਲੀ ਬੀਬੀ ਨੂੰ ਸੰਸਥਾ ਵੱਲੋਂ ਗੱਡੀ, ਡਰਾਈਵਰ ਜਾਂ ਕਿਸੇ ਹੋਰ ਤਰ੍ਹਾਂ ਦੀ ਖਾਸ VIP ਸਹੂਲਤ ਦਿੱਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਅੰਦਰੂਨੀ ਜਾਂਚ ਦਾ ਮੁੱਖ ਮਕਸਦ SGPC ਨਾਲ ਸਬੰਧਤ ਰਿਕਾਰਡ ਅਤੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕਰਨਾ ਹੈ।

CBI ਜਾਂਚ ਦੀ ਮੁੜ ਮੰਗ

ਧਾਮੀ ਨੇ ਇਸ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (CBI) ਤੋਂ ਜਾਂਚ ਕਰਵਾਉਣ ਦੀ ਆਪਣੀ ਮੰਗ ਮੁੜ ਦੁਹਰਾਈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਬਣਾਈ ਪੁਲਿਸ ਜਾਂਚ ਟੀਮ ਵੱਲੋਂ ਮਾਮਲੇ ਨੂੰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਮਾਮਲੇ ਰਾਹੀਂ SGPC ਵਰਗੀ ਸਿੱਖ ਸੰਸਥਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਧਾਮੀ ਨੇ ਇਹ ਵੀ ਦਾਅਵਾ ਕੀਤਾ ਕਿ ਮਾਮਲੇ ਪਿੱਛੇ ਸਿਆਸੀ ਮਕਸਦ ਹੋ ਸਕਦੇ ਹਨ।

ਧਾਮੀ ਨੇ ਕਿਹਾ—ਦੋਸ਼ ਸਾਬਤ ਹੋਏ ਤਾਂ ਅਸਤੀਫ਼ਾ ਦੇਵਾਂਗਾ

ਧਾਮੀ ਨੇ ਕਿਹਾ ਕਿ ਜੇਕਰ ਉਨ੍ਹਾਂ ਖ਼ਿਲਾਫ਼ ਲਗਾਇਆ ਗਿਆ ਕੋਈ ਵੀ ਦੋਸ਼ ਸਾਬਤ ਹੁੰਦਾ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ SGPC ਦੀ ਜਾਂਚ ਕਮੇਟੀ ਦਾ ਕੰਮ ਅੰਦਰੂਨੀ ਅਤੇ ਵਿਭਾਗੀ ਜਾਂਚ ਤੱਕ ਸੀਮਤ ਹੈ। ਬਹਿਰੀਨ ਵਾਲੀ ਬੀਬੀ SGPC ਕੋਲ ਕਿਉਂ ਆਈ, ਉਸਨੂੰ ਕੌਣ ਲੈ ਕੇ ਆਇਆ ਅਤੇ ਇਸ ਪਿੱਛੇ ਕੀ ਮਕਸਦ ਸੀ—ਇਹ ਇਸ ਜਾਂਚ ਕਮੇਟੀ ਦੇ ਦਾਇਰੇ ਵਿੱਚ ਨਹੀਂ ਹੈ।

ਪਹਿਲਾਂ ਵੀ ਹੋ ਚੁੱਕੀ ਹੈ ਕਾਰਵਾਈ

ਇਸ ਮਾਮਲੇ ਵਿੱਚ SGPC ਵੱਲੋਂ ਪਹਿਲਾਂ ਵੀ ਕੁਝ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਸੇਵਾਵਾਂ ਤੋਂ ਫ਼ਾਰਗ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਗਿਆਨੀ ਮਲਕੀਤ ਸਿੰਘ ਅਤੇ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਇੱਕ ਡਰਾਈਵਰ ਨੂੰ ਮੁਅੱਤਲ ਕੀਤਾ ਗਿਆ ਸੀ। ਇਸੇ ਮਾਮਲੇ ਵਿੱਚ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਦਿੱਤਾ ਗਿਆ ਅਸਤੀਫ਼ਾ ਵੀ ਪ੍ਰਵਾਨ ਕੀਤਾ ਜਾ ਚੁੱਕਾ ਹੈ। ਬਹਿਰੀਨ ਵਾਲੀ ਬੀਬੀ ਵੱਲੋਂ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਮਾਮਲੇ ਵਿੱਚ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ SGPC ਦੀ ਅੰਦਰੂਨੀ ਜਾਂਚ ਦੀ ਅੰਤਿਮ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਬਾਅਦ ਰਿਕਾਰਡ ਵਿੱਚ ਕਥਿਤ ਤਬਦੀਲੀਆਂ ਅਤੇ ਇਸ ਵਿੱਚ ਸ਼ਾਮਲ ਲੋਕਾਂ ਬਾਰੇ ਹੋਰ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕਦੀ ਹੈ।

Related posts

ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Bunty

ਨੇਚਰ ਕੈਂਪ ਦਾ ਜਸ਼ਨ ਮਨਾਉਂਦੇ ਹੋਏ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ !

admin

‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਆਯੋਜਿਤ

admin