
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਨਾਜਾਇਜ਼ ਹਥਿਆਰਾਂ ਵਿਰੁੱਧ ਇੱਕ ਹਫ਼ਤੇ ਤੱਕ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ ਕੁੱਲ 603 ਹਥਿਆਰ ਜ਼ਬਤ ਕੀਤੇ ਹਨ। ਇਸ ਕਾਰਵਾਈ ਦਾ ਮਕਸਦ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਰੋਕਣਾ ਅਤੇ ਇਨ੍ਹਾਂ ਨੂੰ ਅਪਰਾਧੀਆਂ ਦੇ ਹੱਥਾਂ ਤੱਕ ਪਹੁੰਚਣ ਤੋਂ ਰੋਕਣਾ ਸੀ।
‘ਆਪਰੇਸ਼ਨ ਐਥੀਨਾ’ ਤਹਿਤ ਇਹ ਮੁਹਿੰਮ 19 ਤੋਂ 25 ਅਕਤੂਬਰ ਤੱਕ ਚਲਾਈ ਗਈ। ਇਸ ਵਿੱਚ ਆਸਟ੍ਰੇਲੀਆ ਦੇ ਸਾਰੇ ਸੂਬਿਆਂ ਅਤੇ ਟੈਰੀਟਰੀਆਂ ਦੀ ਪੁਲਿਸ, ਨਿਊਜ਼ੀਲੈਂਡ ਦੀਆਂ ਏਜੰਸੀਆਂ ਅਤੇ ਕਈ ਫੈਡਰਲ ਵਿਭਾਗਾਂ ਨੇ ਹਿੱਸਾ ਲਿਆ। ਇਸ ਮੁਹਿੰਮ ਦੌਰਾਨ ਪੁਲਿਸ ਅਤੇ ਹੋਰ ਏਜੰਸੀਆਂ ਨੇ ਦੇਸ਼ ਭਰ ਵਿੱਚ ਵੱਡੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ, ਜਿਸ ਦਾ ਵੇਰਵਾ ਇਸ ਪ੍ਰਕਾਰ ਹੈ:
- 221 ਤਲਾਸ਼ੀ ਵਾਰੰਟ ਲਾਗੂ ਕੀਤੇ।
- 295 ਹਥਿਆਰ ਪਾਬੰਦੀ ਹੁਕਮਾਂ (FPO) ਦੀ ਪਾਲਣਾ ਸਬੰਧੀ ਤਲਾਸ਼ੀਆਂ ਲਈਆਂ।
- ਹਥਿਆਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਯਮਾਂ ਦੀਆਂ 1,257 ਜਾਂਚਾਂ ਕੀਤੀਆਂ।
- 207 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
- ਕੁੱਲ 941 ਦੋਸ਼ ਲਗਾਏ।
603 ਪੂਰੇ ਹਥਿਆਰਾਂ ਤੋਂ ਇਲਾਵਾ, ਏਜੰਸੀਆਂ ਨੇ 1,479 ਹਥਿਆਰਾਂ ਦੇ ਪੁਰਜ਼ੇ, ਸਹਾਇਕ ਉਪਕਰਨ ਅਤੇ ਮੈਗਜ਼ੀਨ, ਨਿੱਜੀ ਤੌਰ ’ਤੇ ਬਣਾਏ ਜਾਂ 3D ਪ੍ਰਿੰਟ ਕੀਤੇ 61 ਹਥਿਆਰ, ਅਜਿਹੇ ਹਥਿਆਰਾਂ ਦੇ 1,207 ਪੁਰਜ਼ੇ ਅਤੇ 808 ਜੈੱਲ ਬਲਾਸਟਰ ਜਾਂ ਨਕਲੀ ਹਥਿਆਰ ਵੀ ਬਰਾਮਦ ਕੀਤੇ।
ਵਿਕਟੋਰੀਆ ਵਿੱਚ 50 ਲੋਕ ਗ੍ਰਿਫ਼ਤਾਰ
ਵਿਕਟੋਰੀਆ ਵਿੱਚ ਇਸ ਮੁਹਿੰਮ ਦੌਰਾਨ 115 ਹਥਿਆਰ, 166 ਹਥਿਆਰਾਂ ਦੇ ਪੁਰਜ਼ੇ ਅਤੇ 10 ਨਕਲੀ ਹਥਿਆਰ ਜ਼ਬਤ ਕੀਤੇ ਗਏ। ਸੂਬੇ ਵਿੱਚ 50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 243 ਦੋਸ਼ ਲਗਾਏ ਗਏ। ਵਿਕਟੋਰੀਆ ਪੁਲਿਸ ਦੇ ਇਲਿਸਿਟ ਫਾਇਰਆਰਮਜ਼ ਸਕੁਐਡ ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ 21 ਅਕਤੂਬਰ ਨੂੰ ਪੇਕਨਹੈਮ ਵਿੱਚ ਸਾਂਝੀ ਕਾਰਵਾਈ ਕੀਤੀ। ਇਹ ਕਾਰਵਾਈ ਹਥਿਆਰ ਬਣਾਉਣ ਵਾਲੇ ਪੁਰਜ਼ਿਆਂ ਦੀ ਦਰਾਮਦ ਬਾਰੇ ਮਿਲੀ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਸੀ। ਲਾਸ਼ੀ ਦੌਰਾਨ ਪੁਲਿਸ ਨੇ 41 ਸਬੂਤੀ ਵਸਤਾਂ ਜ਼ਬਤ ਕੀਤੀਆਂ। ਇਨ੍ਹਾਂ ਵਿੱਚ ਘਰੇਲੂ ਤੌਰ ’ਤੇ ਬਣਾਏ ਹਥਿਆਰ, ਇੱਕ 3D ਪ੍ਰਿੰਟਰ, ਹਥਿਆਰਾਂ ਦੇ ਪੁਰਜ਼ੇ ਅਤੇ ਗੋਲਾ-ਬਾਰੂਦ ਸ਼ਾਮਲ ਸਨ। ਇਸ ਮਾਮਲੇ ਵਿੱਚ 23 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 12 ਅਪਰਾਧਾਂ ਦੇ ਦੋਸ਼ ਲਗਾਏ ਗਏ। ਇਨ੍ਹਾਂ ਵਿੱਚ ਬਿਨਾਂ ਰਜਿਸਟ੍ਰੇਸ਼ਨ ਵਾਲੇ ਵੱਡੀ ਗਿਣਤੀ ਦੇ ਹਥਿਆਰ ਰੱਖਣਾ, ਲਾਇਸੈਂਸ ਤੋਂ ਬਿਨਾਂ ਪਿਸਤੌਲ ਬਣਾਉਣਾ, ਹਥਿਆਰ ਬਣਾਉਣ ਵਾਲੇ ਸਾਮਾਨ ਅਤੇ ਪੁਰਜ਼ਿਆਂ ਨੂੰ ਰੱਖਣਾ, ਸਾਈਲੈਂਸਰ ਰੱਖਣਾ ਅਤੇ ਬਿਨਾਂ ਲਾਇਸੈਂਸ ਗੋਲਾ-ਬਾਰੂਦ ਰੱਖਣਾ ਸ਼ਾਮਲ ਹੈ। ਵਿਕਟੋਰੀਆ ਪੁਲਿਸ ਨੇ ਇਸ ਤੋਂ ਇਲਾਵਾ ਹਥਿਆਰਾਂ ਦੀ ਸੁਰੱਖਿਅਤ ਸਟੋਰੇਜ ਦੀਆਂ 140 ਜਾਂਚਾਂ ਕੀਤੀਆਂ ਅਤੇ 16 ਹਥਿਆਰ ਪਾਬੰਦੀ ਹੁਕਮ ਜਾਰੀ ਕੀਤੇ।
ਲੋਕਾਂ ਦੀ ਸੁਰੱਖਿਆ ਮੁੱਖ ਮਕਸਦ
ਵਿਕਟੋਰੀਆ ਪੁਲਿਸ ਦੀ ਕਾਰਜਕਾਰੀ ਸੁਪਰਡੈਂਟ ਜੂਲੀ ਮੈਕਡੋਨਲਡ ਨੇ ਕਿਹਾ ਕਿ ਨਾਜਾਇਜ਼ ਹਥਿਆਰ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹਨ। ਉਨ੍ਹਾਂ ਮੁਤਾਬਕ, ਵੱਖ-ਵੱਖ ਪੁਲਿਸ ਅਤੇ ਸੰਘੀ ਏਜੰਸੀਆਂ ਵਿਚਕਾਰ ਜਾਣਕਾਰੀ ਸਾਂਝੀ ਕਰਨ ਅਤੇ ਮਿਲ ਕੇ ਕਾਰਵਾਈ ਕਰਨ ਨਾਲ ਅਜਿਹੇ ਹਥਿਆਰਾਂ ਦੀ ਸਪਲਾਈ ਰੋਕਣ ਵਿੱਚ ਮਦਦ ਮਿਲਦੀ ਹੈ।
ਨੈਸ਼ਨਲ ਇਲਿਸਿਟ ਫਾਇਰਆਰਮਜ਼ ਵਰਕਿੰਗ ਗਰੁੱਪ ਦੇ ਮੁਖੀ ਅਤੇ ਟਸਮਾਨੀਆ ਪੁਲਿਸ ਦੇ ਇੰਸਪੈਕਟਰ ਟਰੌਏ ਮੌਰਿਸਬੀ ਨੇ ਵੀ ਨਿੱਜੀ ਤੌਰ ’ਤੇ ਬਣਾਏ ਅਤੇ 3D ਪ੍ਰਿੰਟ ਕੀਤੇ ਹਥਿਆਰਾਂ ਦੀ ਵਧ ਰਹੀ ਚੁਣੌਤੀ ਵੱਲ ਧਿਆਨ ਦਿਵਾਇਆ।
ਵੱਖ-ਵੱਖ ਸੂਬਿਆਂ ਵਿੱਚ ਜ਼ਬਤ ਹਥਿਆਰਾਂ ਦਾ ਵੇਰਵਾ ਇਸ ਪ੍ਰਕਾਰ ਹੈ:
- ਨਿਊ ਸਾਊਥ ਵੇਲਜ਼: 230
- ਵਿਕਟੋਰੀਆ: 115
- ਵੈਸਟਰਨ ਆਸਟ੍ਰੇਲੀਆ: 114
- ਨੌਰਦਰਨ ਟੈਰੀਟਰੀ: 81
- ਕੁਈਨਜ਼ਲੈਂਡ: 84
- ਸਾਊਥ ਆਸਟ੍ਰੇਲੀਆ: 52
- ਟਸਮਾਨੀਆ: 13
ਇਨ੍ਹਾਂ ਅੰਕੜਿਆਂ ਤੋਂ ਇਲਾਵਾ, ਹੋਰ ਹਿੱਸਾ ਲੈਣ ਵਾਲੀਆਂ ਏਜੰਸੀਆਂ ਨੇ ਵੀ ਦੇਸ਼ ਭਰ ਵਿੱਚ ਜ਼ਬਤ ਕੀਤੇ ਕੁੱਲ 603 ਹਥਿਆਰਾਂ ਵਿੱਚ ਯੋਗਦਾਨ ਪਾਇਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਨਾਜਾਇਜ਼ ਹਥਿਆਰਾਂ ਬਾਰੇ ਜਾਣਕਾਰੀ ਹੈ, ਤਾਂ ਉਹ ਕ੍ਰਾਈਮ ਸਟੌਪਰਜ਼ ਨੂੰ 1800 333 000 ’ਤੇ ਫ਼ੋਨ ਕਰ ਸਕਦੇ ਹਨ ਜਾਂ Crime Stoppers Victoria ਦੀ ਵੈੱਬਸਾਈਟ ’ਤੇ ਗੁਪਤ ਰਿਪੋਰਟ ਦਰਜ ਕਰਵਾ ਸਕਦੇ ਹਨ।
