ਮੈਲਬੌਰਨ – ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਦੱਖਣ-ਪੂਰਬੀ ਇਲਾਕੇ ਵਿੱਚ ਸਥਿਤ ਅਰਾਵਾਟਾ ਵਿੱਚ 3.5 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ ਕੋਰੰਬੁਰਾ ਕਸਬੇ ਦੇ ਨੇੜੇ ਰਾਤ 11 ਵੱਜ ਕੇ 52 ਮਿੰਟ ’ਤੇ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ ਲਗਭਗ 3 ਕਿਲੋਮੀਟਰ ਹੇਠਾਂ ਸੀ।
ਜੀਓਸਾਇੰਸ ਆਸਟ੍ਰੇਲੀਆ ਮੁਤਾਬਕ ਲਗਭਗ 1,600 ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕਰਨ ਦੀ ਜਾਣਕਾਰੀ ਦਿੱਤੀ। ਇਸ ਦੇ ਝਟਕੇ ਮੈਲਬਰਨ ਅਤੇ ਜੀਲੌਂਗ ਤੱਕ ਮਹਿਸੂਸ ਕੀਤੇ ਗਏ।
ਅਰਾਵਾਟਾ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਵਾਰ-ਵਾਰ ਭੂਚਾਲ ਆਉਣ ਕਾਰਨ ਉਹ ਹੁਣ ਇਸ ਤਰ੍ਹਾਂ ਦੇ ਝਟਕਿਆਂ ਦੇ ਆਦੀ ਹੋ ਰਹੇ ਹਨ। ਸਥਾਨਕ ਕਮਿਊਨਿਟੀ ਹਾਲ ਐਸੋਸੀਏਸ਼ਨ ਦੀ ਸਕੱਤਰ ਸੂ ਕੋਲੋ ਨੇ ਦੱਸਿਆ ਕਿ ਪਹਿਲਾਂ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ ਅਤੇ ਫਿਰ ਘਰ ਹਿੱਲਣ ਲੱਗ ਪਿਆ। ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਦੀ ਨੀਂਦ ਵੀ ਖੁੱਲ੍ਹ ਗਈ। 3 ਅਕਤੂਬਰ ਨੂੰ ਇਸੇ ਇਲਾਕੇ ਵਿੱਚ 4.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨੂੰ ਲਗਭਗ 20,000 ਲੋਕਾਂ ਨੇ ਮਹਿਸੂਸ ਕੀਤਾ ਸੀ। ਪਿਛਲੇ ਇੱਕ ਮਹੀਨੇ ਦੌਰਾਨ ਦੱਖਣੀ ਗਿਪਸਲੈਂਡ ਵਿੱਚ 14 ਭੂਚਾਲੀ ਝਟਕੇ ਦਰਜ ਕੀਤੇ ਗਏ ਹਨ।
ਜੀਓਸਾਇੰਸ ਆਸਟ੍ਰੇਲੀਆ ਦੇ ਸੀਨੀਅਰ ਭੂਚਾਲ ਵਿਗਿਆਨੀ ਜੋਨਾਥਨ ਬੈਥਗੇਟ ਮੁਤਾਬਕ ਗਿਪਸਲੈਂਡ ਬੇਸਿਨ ਵਿੱਚ ਮੌਜੂਦ ਭੂਗਰਭੀ ਫਾਲਟ ਲਾਈਨਾਂ ’ਤੇ ਦਬਾਅ ਵਧਣ ਕਾਰਨ ਇਹ ਝਟਕੇ ਆ ਰਹੇ ਹਨ। ਆਸਟ੍ਰੇਲੀਆ ਦੀ ਟੈਕਟੋਨਿਕ ਪਲੇਟ ਹਰ ਸਾਲ ਲਗਭਗ 7 ਸੈਂਟੀਮੀਟਰ ਖਿਸਕਦੀ ਹੈ। ਵਿਗਿਆਨੀਆਂ ਨੇ ਹੋਰ ਛੋਟੇ ਝਟਕਿਆਂ ਦੀ ਸੰਭਾਵਨਾ ਜਤਾਈ ਹੈ, ਪਰ ਉਨ੍ਹਾਂ ਦਾ ਸਮਾਂ ਅਤੇ ਤੀਬਰਤਾ ਪਹਿਲਾਂ ਤੋਂ ਦੱਸਣਾ ਮੁਸ਼ਕਲ ਹੈ।
