ਪਰਥ – ਵੈਸਟਰਨ ਦੇ 60 ਸਾਲਾ ਵਿਅਕਤੀ ਵਿਰੁੱਧ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ‘ਤੇ ਇਤਰਾਜ਼ਯੋਗ ਪੋਸਟਾਂ ਪਾਉਣ ਅਤੇ ਨਾਜ਼ੀ ਚਿੰਨ੍ਹ ਦਿਖਾਉਣ ਦੇ ਮਾਮਲੇ ਵਿੱਚ ਦੋਸ਼ ਲਗਾਏ ਗਏ ਹਨ।
ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਮੁਤਾਬਕ, ਜਾਂਚ ਉਸ ਸਮੇਂ ਸ਼ੁਰੂ ਹੋਈ ਜਦੋਂ ਅਧਿਕਾਰੀਆਂ ਦੇ ਧਿਆਨ ਵਿੱਚ ਨਵ-ਨਾਜ਼ੀ ਵਿਚਾਰਧਾਰਾ ਨਾਲ ਜੁੜੀ ਸਮੱਗਰੀ ਅਤੇ ਨਸਲ, ਨਸਲੀ ਪਛਾਣ ਤੇ ਲਿੰਗ ਦੇ ਆਧਾਰ ‘ਤੇ ਲੋਕਾਂ ਵਿਰੁੱਧ ਕਥਿਤ ਪੱਖਪਾਤੀ ਟਿੱਪਣੀਆਂ ਆਈਆਂ। AFP ਦੀ ਨੈਸ਼ਨਲ ਸਕਿਓਰਿਟੀ ਇਨਵੈਸਟੀਗੇਸ਼ਨ ਟੀਮ ਨੇ ਕਥਿਤ ਪੋਸਟਾਂ ਨੂੰ ਇਸ ਵਿਅਕਤੀ ਨਾਲ ਜੋੜਿਆ। 28 ਅਕਤੂਬਰ ਨੂੰ ਰੌਕਿੰਘਮ ਸਥਿਤ ਉਸ ਦੇ ਘਰ ਦੀ ਤਲਾਸ਼ੀ ਲਈ ਗਈ, ਜਿੱਥੋਂ ਇੱਕ ਮੋਬਾਈਲ ਫੋਨ ਜ਼ਬਤ ਕੀਤਾ ਗਿਆ। ਫੋਨ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ। ਵਿਅਕਤੀ ਨੂੰ 11 ਦਸੰਬਰ 2026 ਨੂੰ ਪਰਥ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਉਸ ਵਿਰੁੱਧ ਔਨਲਾਈਨ ਸੇਵਾ ਦੀ ਵਰਤੋਂ ਕਰਕੇ ਧਮਕਾਉਣ, ਤੰਗ ਕਰਨ ਜਾਂ ਅਪਮਾਨਿਤ ਕਰਨ ਦਾ ਇੱਕ ਦੋਸ਼ ਅਤੇ ਪਾਬੰਦੀਸ਼ੁਦਾ ਨਾਜ਼ੀ ਚਿੰਨ੍ਹ ਜਨਤਕ ਤੌਰ ‘ਤੇ ਦਿਖਾਉਣ ਜਾਂ ਨਾਜ਼ੀ ਸਲਾਮ ਕਰਨ ਦੇ ਪੰਜ ਦੋਸ਼ ਲਗਾਏ ਗਏ ਹਨ। ਕਾਨੂੰਨ ਮੁਤਾਬਕ, ਹਰੇਕ ਅਪਰਾਧ ਲਈ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਹੋ ਸਕਦੀ ਹੈ।
AFP ਦੇ ਕਾਰਜਕਾਰੀ ਸੁਪਰਡੈਂਟ ਪੀਟਰ ਬ੍ਰਿੰਡਲ ਨੇ ਕਿਹਾ ਕਿ ਪੁਲਿਸ ਸਮਾਜ ਜਾਂ ਆਨਲਾਈਨ ਮਾਧਿਅਮਾਂ ਰਾਹੀਂ ਨਫ਼ਰਤ ਅਤੇ ਡਰ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਰੁਖ਼ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਜਿਹੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਵਚਨਬੱਧ ਹੈ, ਭਾਵੇਂ ਉਹ ਆਨਲਾਈਨ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰਨ।
