
ਮਾਨਸਾ ਵਿੱਚ ਨਸ਼ਿਆਂ ਖਿਲਾਫ ਲੜ ਰਹੇ ਕੌਮੀ ਸ਼ਹੀਦ ਭਾਈ ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਇੱਕ ਵਾਰ ਫੇਰ ਗੂੰਜ ਰਿਹਾ ਹੈ। ਵੈਸੇ ਤਾਂ ਨਸ਼ਿਆਂ ਦਾ ਇਹ ਮੁੱਦਾ 2007 ਤੋਂ ਹੀ ਪੰਜਾਬ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਹ ਕੇਂਦਰੀ ਏਜੰਸੀਆਂ ਦੀ ਸੋਚੀ-ਸਮਝੀ ਰਣਨੀਤੀ ਸੀ, ਪੰਜਾਬ ਦੀ ਨਸਲਕੁਸ਼ੀ ਕਰਨ ਦੀ! ਚਿੱਟੇ ਦਾ ਬੋਲਬਾਲੇ ਰਾਹੀਂ ਨੌਜਵਾਨਾਂ ਨੂੰ ਚੁੱਪ ਚਪੀਤੇ ਮਾਰਨ ਦਾ ਰਾਹ ਖੋਲਿਆ ਗਿਆ। ਅੱਜ ਰੋਜ਼ਾਨਾ ਸੈਂਕੜੇ ਨੌਜਵਾਨ ਚਿੱਟੇ ਨਾਲ਼ ਮਰ ਰਹੇ ਹਨ।
ਪੰਜਾਬ ਵਿੱਚ 31 ਅਗਸਤ 1995 ਨੂੰ ਦਿੱਲੀ ਦੇ ਥਾਪੇ ਹੋਏ ਸੂਬੇਦਾਰ ਬੇਅੰਤ ਸਿਹੁੰ ਦਾ ਖਾੜਕੂ ਸਿੰਘਾਂ ਵਲੋਂ ਪੰਜਾਬ ਸਕੱਤਰੇਤ ਵਿਚ ਹੀ ਕਤਲ ਕਰ ਦਿੱਤਾ ਗਿਆ, ਤਾਂ ਦਿੱਲੀ ਦਰਬਾਰ ਦੀਆਂ ਜੜ੍ਹਾਂ ਹਿੱਲ ਗਈਆਂ। ਇਹ ਇਕ ਅਜਿਹਾ ਇਤਿਹਾਸਕ ਵਰਤਾਰਾ ਸੀ, ਜੋ 285 ਸਾਲ ਬਾਅਦ ਵਾਪਰਿਆ, ਜਦੋਂਕਿ ਇਕ ਸੂਬੇ ਦਾ ਸੂਬੇਦਾਰ ਸਿੰਘਾਂ ਵਲੋਂ ਸੋਧਿਆ ਗਿਆ। ਇਸ ਤੋਂ ਪਹਿਲਾਂ 1710 ਵਿਚ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਸਿੰਘਾਂ ਨੇ ਚੱਪੜਚਿੜੀ ਦੀ ਲੜਾਈ ਵਿਚ ਮਾਰ ਮੁਕਾਇਆ ਸੀ। ਵਜ਼ੀਰ ਖਾਂ ਵੀ ਹਜ਼ਾਰਾਂ ਸਿੰਘਾਂ ਦਾ ਕਾਤਲ ਸੀ ਤੇ ਬੇਅੰਤ ਸਿਹੁੰ ਵੀ। ਇਸ ਵਰਤਾਰੇ ਨੇ ਸਰਕਾਰ ਦੇ ਉਸ ਦਾਅਵੇ ਦੀਆਂ ਵੀ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਕਿ ‘ਸਿੰਘ ਹੁਣ ਖਤਮ ਹੋ ਗਏ ਹਨ’। ਇਸ ਮਗਰੋਂ ਖੁਫੀਆ ਏਜੰਸੀਆਂ ਨੇ ਨਸ਼ਿਆਂ ਰਾਹੀਂ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਦੀ ਸਕੀਮ ਬਣਾਈ।
ਪੰਜਾਬ ਨੂੰ ਨਸ਼ਿਆਂ ਵਿਚ ਗਲਤਾਨ ਕਰਨ ਲਈ ਬੱਦੀ (ਹਿਮਾਚਲ ਪ੍ਰਦੇਸ਼) ਤੇ ਪੰਚਕੂਲਾ (ਚੰਡੀਗੜ੍ਹ ਨੇੜੇ) ਨਸ਼ਿਆਂ ਦੀਆਂ ਫੈਕਟਰੀਆਂ ਲਾਈਆਂ ਗਈਆਂ, ਜਿਥੇ ਕਿ ਚਿੱਟਾ ਤੇ ਹੋਰ ਸਿੰਥੈਟਿਕ ਡਰੱਗ ਬਣਾਕੇ ਪੰਜਾਬ ਨੂੰ ਸਪਲਾਈ ਕੀਤੇ ਜਾਣ ਲੱਗੇ। ਦਿੱਲੀ ਦਰਬਾਰ ਅੱਗੇ ਨਤਮਸਤਕ ਹੋ ਸਰਕਾਰਾਂ ਨੇ ਵੱਧ ਤੇਂ ਵੱਧ ਨੌਜਵਾਨ ਚਿੱਟੇ ‘ਤੇ ਲਾਏ ਜਾਣ ਲਈ ਉਪਰ ਤੋਂ ਲੈ ਕੇ ਹੇਠਾਂ ਤਕ ਲੀਡਰਾਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ‘ਚਿੱਟੇ’ ਵਿਚ ਗਲਤਾਨ ਕਰਨ ਦੇ ਬਕਾਇਦਾ ਟਾਸਕ ਦਿੱਤੇ ਗਏ। ਇਸ ਮਕਸਦ ਵਾਸਤੇ ਪਾਰਟੀ ਮੀਟਿੰਗਾਂ, ਰੈਲੀਆਂ, ਖੇਡ ਟੂਰਨਾਮੈਂਟਾਂ, ਚੋਣ ਰੈਲੀਆਂ ਆਦ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਕੱਠਾ ਕਰਕੇ ‘ਚਿੱਟੇ’ ਦੀ ਲਤ ਲਾਈ ਜਾਂਦੀ ਰਹੀ। ਆਪਣੇ ਪੰਚਾਂ-ਸਰਪੰਚਾਂ ਤਕ ਨੂੰ ਪਿੰਡਾਂ ਵਿਚ ਨੌਜਵਾਨਾਂ ਨੂੰ ਚਿੱਟੇ Ḕਤੇ ਲਾਉਣ ਦੇ ਜ਼ੁਬਾਨੀ ਹੁਕਮ ਕੀਤੇ ਗਏ। ਇਸ ਕਾਰਣ ਵੱਡੀ ਪੱਧਰ Ḕਤੇ ਨੌਜਵਾਨ ਚਿੱਟੇ ਤੇ ਹੋਰ ਸਿੰਥੈਟਿਕ ਡਰੱਗ ਦੀ ਵਰਤੋਂ ਕਰਨ ਲੱਗ ਪਏ। ਵਗਦੀ ਗੰਗਾ ਵਿੱਚ ਕਈ ਪੁਲਿਸ ਅਫਸਰ ਵੀ ਆਪਣਾ ਫ਼ਰਜ਼ ਭੁੱਲਕੇ ਹੱਥ ਧੋਂਦੇ ਰਹੇ। ਇਸੇ ਵਜ੍ਹਾ ਕਰਕੇ ਪੰਜਾਬ ਵਿਚ ਚਿੱਟੇ ਦਾ ਕਾਰੋਬਾਰ ਏਨਾ ਫੈਲਾ ਦਿੱਤਾ ਕਿ ਇਸਨੇ ਡੂੰਘੀਆਂ ਜੜ੍ਹਾਂ ਜਮਾ ਲਈਆਂ। ਚਿੱਟੇ ਦੇ ਡਿਸਟਰੀਬਿਉਟਰ, ਰਿਟੇਲਰ ਤੇ ਪੈਡਲਰ ਤੱਕ ਪੈਦਾ ਹੋ ਗਏ। ਅੱਜ ਜਿਥੇ ਲੱਖਾਂ ਨੌਜਵਾਨ ਚਿੱਟੇ ਦਾ ਸ਼ਿਕਾਰ ਹਨ, ਓਥੇ ਹਜ਼ਾਰਾਂ ਚਿੱਟਾ ਵੇਚਣ ਵਾਲੇ ਵੀ ਹਨ ਅਤੇ ਅੱਜ ਪੰਜਾਬ ਦੇ ਹਰ ਗਲ਼ੀ ਮੁਹੱਲੇ ਵਿਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ। ਸ਼ਾਇਦ ਸਰਕਾਰਾਂ ਨੂੰ ਵੀ ਕੇਂਦਰੀ ਏਜੰਸੀਆਂ ਨੇ ਇਹ ਸਮਝਾ ਦਿੱਤਾ ਹੈ ਕਿ Ḕਚਿੱਟੇ ਦਾ ਕਾਰੋਬਾਰ’ ਪੰਜਾਬੀਆਂ ਨੂੰ ਕਾਬੂ ਕਰਕੇ ਰੱਖਣ ਦੀ ‘ਸਰਕਾਰੀ ਨੀਤੀ’ ਦਾ ਇਕ ਹਿੱਸਾ ਹੈ, ਇਸ ਲਈ ਇਧਰ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ।
ਜਦੋਂ 2022 ਵਿੱਚ ਝਾੜੂ ਦੀ ਸਰਕਾਰ ਆਈ, ਉਸਨੂੰ ਵੀ ਸ਼ਾਇਦ ਕੇਂਦਰੀ ਏਜੰਸੀਆਂ ਨੇ ਇਹ ਮੂਲਮੰਤਰ ਸਮਝਾ ਦਿੱਤਾ ਕਿ ‘ਚਿੱਟਾ ਪੰਜਾਬੀਆਂ ਨੂੰ ਕਾਬੂ ਵਿੱਚ ਰੱਖਣ’ ਲਈ ਜਰੂਰੀ ਲੋੜ ਹੈ, ਇਸ ਲਈ ਇਹ ਬੰਦ ਨਹੀਂ ਹੋਣਾ ਚਾਹੀਦਾ । ਝਾੜੂ ਵਾਲਿਆਂ ਨੂੰ ਤਾਂ ਵੈਸੇ ਵੀ ਪੰਜਾਬੀਆਂ ਨਾਲ ਕੋਈ ਮੋਹ ਨਹੀਂ ਸੀ, ਉਤੋਂ ਇਹ ਕੁਰਸੀ ਤੇ ਪੈਸੇ ਦੇ ਭੁੱਖੇ ਸੀ, ਇਸ ਲਈ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਾਅਰੇ ਦੇ ਬਾਵਜੂਦ , ਚਿੱਟੇ ਦਾ ਕਾਰੋਬਾਰ ਕਈ ਗੁਣਾਂ ਹੋਰ ਵੱਧ ਗਿਆ ਹੈ। ਅੱਜ ਚਿੱਟਾ ਹਰ ਕਿਸੇ ਦੇ ਕੰਟਰੋਲ ਤੋਂ ਬਾਹਰ ਹੋਇਆ ਪਿਆ ਹੈ। ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤਕ, ਮੁੰਡਿਆਂ ਤੋਂ ਲੈ ਕੇ ਕੁੜੀਆਂ ਤਕ ‘ਚਿੱਟਾ’ ਪੀਣ ਨੂੰ ‘ਸ਼ਾਨ’ ਸਮਝਣ ਲੱਗ ਪਏ ਹਨ। ਸਕੂਲਾਂ ਤੱਕ ਦੇ ਬੱਚੇ ਨਸ਼ਿਆਂ ਵਿਚ ਗਲਤਾਨ ਹੋ ਰਹੇ ਹਨ। ਜੇਕਰ ਕੋਈ ਰੋਕਣ ਦੀ ਮਾੜੀ ਮੋਟੀ ਕੋਸ਼ਿਸ਼ ਵੀ ਕਰਦਾ ਹੈ ਤਾਂ ਓਸਦਾ ਘਰ ਭੰਨ ਦਿੰਦੇ ਹਨ। ਨਸ਼ਾ ਤਸਕਰਾਂ ਨੂੰ ਅਸਲੇ ਦੇ ਲਾਇਸੈਂਸ ਦਿੱਤੇ ਹੋਏ ਹਨ ਤੇ ਉਹ ਰੋਕਣ ਵਾਲਿਆਂ ਦਾ ਕਤਲ ਕਰ ਰਹੇ ਹਨ। ਜੇਕਰ ਕੋਈ ਪੁਲ਼ਸ ਕੋਲ਼ ਜਾਂਦਾ ਹੈ ਤਾਂ ਓਹ ਸੁਣਦੀ ਹੀ ਨਹੀਂ।
ਇਹ ਉਹੀ ਕਾਰਪੋਰੇਟੀ ਨੀਤੀ ਦਾ ਮਾਡਲ ਹੈ ਜੋ 1849 ਵਿਚ ‘ਸਿੱਖ ਰਾਜ’ ਖਤਮ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਵਿਚ ਲਾਗੂ ਕੀਤਾ ਸੀ, ਜਦੋਂ ਕਿ ਉਨਾਂ ‘ਸ਼ਰਾਬ’ ਨੂੰ ਆਮਦਨ ਦਾ ਮੁੱਖ ਜ਼ਰੀਆ ਬਣਾ ਦਿਤਾ ਸੀ। ਅੱਜ ਵੀ ਸ਼ਰਾਬ ਸਰਕਾਰੀ ਖਜਾਨਾ ਭਰਨ ਦਾ ਮੁੱਖ ਸਰੋਤ ਹੈ। ਦਿਲਚਸਪ ਗੱਲ ਇਹ ਕਿ ਜਦੋਂ ਕਰੋਨਾ ਵੇਲ਼ੇ ਸਾਰਾ ਕੁੱਝ ਬੰਦ ਕਰ ਦਿੱਤਾ ਗਿਆ ਸੀ, ਓਦੋਂ ਸ਼ਰਾਬ ਦੇ ਠੇਕੇ ਖੁੱਲ੍ਹੇ ਸਨ ਅਤੇ ਠੇਕੇ Ḕਤੇ ਜਾਣ ਦੀ ਪੂਰੀ ਖੁੱਲ੍ਹ ਸੀ। ਸੋਚਣ ਵਾਲੀ ਗੱਲ ਹੈ ਕਿ ਜਿਹੜੀ ਸਰਕਾਰ ਦੇ ਖਜਾਨੇ ਨਸ਼ਿਆਂ ਨਾਲ ਭਰੇ ਜਾਣਗੇ, ਉਥੇ ਨਸ਼ੇ ਕਿਵੇਂ ਬੰਦ ਹੋ ਸਕਣਗੇ? ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਇਸ ਧਰਤੀ ਦੀ ਰਾਖੀ ਲਈ ਸਿੱਖਾਂ ਦਾ ਬੇਥਾਹ ਖੂਨ ਡੁੱਲ੍ਹਿਆ ਹੈ। ਇਹ ਧਰਤੀ ਸਿੱਖੀ ਦੀਆਂ ਬਾਤਾਂ ਪਾਉਂਦੀ ਹੈ ਪਰ ਅੰਗਰੇਜ਼ਾਂ ਨੇ ਆਪਣੀ ਕਾਰਪੋਰੇਟੀ ਸੋਚ ਨਾਲ ਪੰਜਾਬੀਆਂ ਨੂੰ ਕਾਬੂ ਵਿਚ ਰੱਖਣ ਲਈ ‘ਸ਼ਰਾਬ’ ਨੂੰ ‘ਸ਼ੋਸ਼ਲ ਸਿੰਬਲ’ ਬਣਾਕੇ ਰੱਖ ਦਿੱਤਾ। ਅੱਜ ਇਹ ਸ਼ਰਾਬ ਦੇ ਨਾਲ-ਨਾਲ ਚਿੱਟੇ ਅਤੇ ਹੋਰ ਮੈਡੀਕਲ ਨਸ਼ਿਆਂ ਦੇ ਰੂਪ ਵਿੱਚ ਖੂਬ ਵਧਿਆ-ਫੁੱਲਿਆ ਹੈ।
ਨਸ਼ਾ ਸਦੀਆਂ ਤੋਂ ਲੋਕਾਂ ਨੂੰ ਜਿਸਮਾਨੀ ਤੌਰ ਤੇ ਗੁਲਾਮ ਬਣਾਕੇ ਰੱਖਣ ਦਾ ਇਕ ਸਾਧਨ ਰਿਹਾ ਹੈ। ਸੰਨ 1839 ਤੋਂ 1860 ਤਕ ਕਾਰਪੋਰੇਟਾਂ ਦੇ ਚੀਨ ਦੇ ਨਾਲ ਚੱਲੇ ‘ਅਫੀਮ ਯੁੱਧਾਂ’ ਦਾ ਵੀ ਇਹੀ ਕਾਰਣ ਸੀ। ਓਸ ਸਮੇਂ ਚੀਨ ਦੇ ਲੋਕ ਅਫੀਮ ਦਾ ਸੇਵਨ ਬਹੁਤ ਕਰਦੇ ਸਨ। ਇਸ ਲਈ ਉਥੇ ਕਾਰਪੋਰੇਟ ਲੋਕਾਂ ਵੱਲੋਂ ਅਫੀਮ ਦਾ ਵਰਤਾਰਾ ਵਰਤਾਇਆ ਗਿਆ, ਜਦਕਿ ਪੰਜਾਬ ਵਿਚ ਸ਼ਰਾਬ ਦਾ ਸੇਵਨ ਜ਼ਿਆਦਾ ਹੋਣ ਕਰਕੇ ਕਾਰਪੋਰੇਟ ਲੋਕਾਂ ਨੇ ਸ਼ਰਾਬ ਨੂੰ ‘ਸਰਕਾਰੀ ਨੀਤੀ’ ਦਾ ਹਿੱਸਾ ਬਣਾਇਆ। ਹੁਣ ਤੱਕ ਦੁਨੀਆਂ ਭਰ ਵਿਚ ਨਸ਼ਿਆਂ ਤੋਂ ਨਿਰਲੇਪ ਰਹਿਣ ਲਈ ਸਭ ਤੋਂ ਕਾਰਗਰ ਤਰੀਕਾ ‘ਸਿੱਖੀ ਲਹਿਰ’ ਰਹੀ ਹੈ, ਜਿਸਨੇ ਰੱਬੀ ਗੁਣਾਂ ਤੇ ਅੰਮ੍ਰਿਤ ਸੰਚਾਰ ਰਾਹੀਂ ਮਨੁੱਖਤਾ ਨੂੰ ਸਰੀਰਿਕ ਆਜ਼ਾਦੀ ਬਖਸ਼ਿਸ਼ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਪਤਨ ਦਾ ਕਾਰਣ ਵੀ ਇਹੀ ਸੀ ਕਿ ਉਹ ਸਿੱਖੀ ਤੋਂ ਦੂਰ ਹੋ ਕੇ ਸ਼ਰਾਬ ਦਾ ਆਦੀ ਹੋ ਗਿਆ ਸੀ।
ਨਸ਼ਿਆਂ ਤੋਂ ਬਚਕੇ ਰਹਿਣ ਦਾ ਇਕੋ ਇਕ ਸਫਲ ਮੂਲਮੰਤਰ ਹੈ, Ḕਗੁਰੂ ਨਾਲ ਜੁੜਨਾḔ। ਅੱਜ ਲੋੜ ਗੁਰਬਾਣੀ ਨਾਲ ਜੁੜਕੇ ਅੰਮ੍ਰਿਤਧਾਰੀ ਹੋਣ ਦੀ ਹੈ। ਇਸ ਤੋਂ ਵੀ ਅੱਗੇ ਸ਼ਸ਼ਤਰਧਾਰੀ ਤੇ ਰਣਨੀਤਕ ਤੌਰ ਤੇ ਗਿਆਨਵਾਨ ਹੋ ਕੇ ‘ਖਾਲਸੇ ਦਾ ਰਾਜ’ ਕਾਇਮ ਕਰਨ ਲਈ, ਹੁਣ ਸਮਾਂ ਆ ਗਿਆ ਹੈ ਕਿ ਵਿਉਂਤਬੱਧ ਸੰਘਰਸ਼ ਆਰੰਭਿਆ ਜਾਵੇ। ਜੇਕਰ ਪੰਜਾਬੀਆਂ ਨੇ ਗੁਰੂ ਸਾਹਿਬ ਜੀ ਦੀ ਸੋਚ ਮੁਤਾਬਕ ਸ਼ਾਂਤੀ ਨਾਲ਼ ਰਹਿਣਾ ਹੈ ਅਤੇ ਤਰੱਕੀ ਕਰਨੀ ਹੈ, ਤਾਂ ਪੰਜਾਬ ਵਿੱਚੋਂ ਨਸ਼ਿਆਂ, ਬਿਮਾਰੀਆਂ, ਕਤਲੋਗਾਰਤ ਅਤੇ ਗੁੰਡਾਗਰਦੀ ਦਾ ਖਾਤਮਾ ਕਰਨਾ ਹੀ ਹੋਵੇਗਾ। ਇਸ ਲਈ ਮਾਪਿਆਂ, ਅਧਿਆਪਕਾਂ ਅਤੇ ਪੰਚਾਇਤਾਂ ਦੀ ਜਿੰਮੇਵਾਰੀ ਹੈ ਕਿ ਬੱਚਿਆਂ ਨੂੰ ਸੇਧ ਦੇਣ ਅਤੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਨਸ਼ੇ ਵੇਚਣ ਵਾਲੇ ਲੋਕਾਂ ਖਿਲਾਫ ਵੱਡੀ ਲਾਮਬੰਦੀ ਕਰਨੀ ਵੀ ਬਹੁਤ ਜਰੂਰੀ ਹੈ।
