ArticlesAustralia & New ZealandBreaking NewsLatest News

ਪੇਂਡੂ ਇਲਾਕਿਆਂ ਵਿੱਚ ਪੋਲਿੰਗ ਬੂਥ ਬੰਦ ਕੀਤੇ ਜਾਣ ਕਾਰਨ ਸਥਾਨਕ ਲੋਕਾਂ ਵਿੱਚ ਨਾਰਾਜ਼ਗੀ

ਪੋਲਿੰਗ ਬੂਥ।

ਮੈਲਬੌਰਨ – ਵਿਕਟੋਰੀਆ ਦੀਆਂ ਆਉਣ ਵਾਲੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਕਈ ਪੇਂਡੂ ਇਲਾਕਿਆਂ ਵਿੱਚ ਪੋਲਿੰਗ ਬੂਥ ਬੰਦ ਕੀਤੇ ਜਾਣ ਕਾਰਨ ਸਥਾਨਕ ਲੋਕਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ। ਵਿਕਟੋਰੀਅਨ ਇਲੈਕਟੋਰਲ ਕਮਿਸ਼ਨ ਦੇ ਅੰਕੜਿਆਂ ਮੁਤਾਬਕ 36 ਪੇਂਡੂ ਕਸਬਿਆਂ ਵਿੱਚ ਇਸ ਵਾਰ ਪਿਛਲੀਆਂ 2022 ਦੀਆਂ ਚੋਣਾਂ ਵਾਂਗ ਪੰਜ ਕਿਲੋਮੀਟਰ ਦੇ ਅੰਦਰ ਵੋਟਿੰਗ ਸੈਂਟਰ ਨਹੀਂ ਹੋਵੇਗਾ। ਇਨ੍ਹਾਂ ਵਿੱਚੋਂ ਨੌਂ ਕਸਬਿਆਂ ਦੇ ਲੋਕਾਂ ਨੂੰ ਵੋਟ ਪਾਉਣ ਲਈ ਘੱਟੋ-ਘੱਟ 10 ਕਿਲੋਮੀਟਰ ਜਾਂ ਇਸ ਤੋਂ ਵੱਧ ਸਫ਼ਰ ਕਰਨਾ ਪਵੇਗਾ। ਸਭ ਤੋਂ ਵੱਧ ਮੁਸ਼ਕਲ ਲਾਲਬਰਟ ਦੇ ਲੋਕਾਂ ਨੂੰ ਆਵੇਗੀ, ਜਿੱਥੇ ਵੋਟ ਪਾਉਣ ਲਈ ਲਗਭਗ 24 ਕਿਲੋਮੀਟਰ ਦੂਰ ਕਵਾਂਬਾਟੂਕ ਜਾਣਾ ਪਵੇਗਾ।

ਬੈਂਡੀਗੋ ਦੇ ਪੱਛਮ ਵਿੱਚ ਸਥਿਤ ਬ੍ਰਿਜਵਾਟਰ ਆਨ ਲੋਡਨ, ਟਾਰਨਾਗੁੱਲਾ ਅਤੇ ਮੈਰੋਂਗ ਵਿੱਚ ਵੀ ਪੋਲਿੰਗ ਬੂਥ ਨਹੀਂ ਖੋਲ੍ਹੇ ਜਾਣਗੇ। ਸਥਾਨਕ ਭਾਈਚਾਰਕ ਜਥੇਬੰਦੀਆਂ ਨੇ ਇਸ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਬਜ਼ੁਰਗਾਂ ਅਤੇ ਆਪਣੀ ਗੱਡੀ ਨਾ ਰੱਖਣ ਵਾਲੇ ਲੋਕਾਂ ਨੂੰ ਵੱਡੀ ਮੁਸ਼ਕਲ ਹੋਵੇਗੀ। ਇਸ ਕਸਬੇ ਵਿੱਚ ਲਗਭਗ 30 ਸਾਲਾਂ ਤੋਂ ਵੋਟਿੰਗ ਸੈਂਟਰ ਬਣਦਾ ਆ ਰਿਹਾ ਸੀ। ਇਸ ਵਾਰ ਨੇੜਲੇ ਵੋਟਿੰਗ ਸੈਂਟਰ ਤੱਕ ਪਹੁੰਚਣ ਲਈ ਲੋਕਾਂ ਨੂੰ ਲਗਭਗ 10 ਕਿਲੋਮੀਟਰ ਜਾਣਾ ਪਵੇਗਾ।

ਦੂਜੇ ਪਾਸੇ ਵਿਕਟੋਰੀਅਨ ਇਲੈਕਟੋਰਲ ਕਮਿਸ਼ਨ ਦੇ ਕਮਿਸ਼ਨਰ ਸਵੇਨ ਬਲੂਮਲ ਨੇ ਕਿਹਾ ਕਿ ਹਰ ਚੋਣ ਤੋਂ ਪਹਿਲਾਂ ਵੋਟਿੰਗ ਸੈਂਟਰਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਇਸ ਵਿੱਚ ਇਮਾਰਤਾਂ ਦੀ ਉਪਲਬਧਤਾ, ਪਹੁੰਚ ਦੀ ਸਹੂਲਤ ਅਤੇ ਵੋਟਰਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪਹਿਲਾਂ ਨਾਲੋਂ ਵੱਧ ਵੋਟਿੰਗ ਸੈਂਟਰ ਉਪਲਬਧ ਹਨ ਅਤੇ ਲੋਕਾਂ ਕੋਲ ਅਗਾਊਂ ਵੋਟ ਪਾਉਣ ਦੇ ਵੀ ਕਈ ਵਿਕਲਪ ਹਨ। ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀਆਂ ਦੇਣ ਦੀ ਆਖਰੀ ਤਾਰੀਖ 25 ਨਵੰਬਰ 2026 ਹੈ।

Related posts

6 ਮਈ: ਸਿੰਗਮੰਡ ਫ੍ਰਾਇਡ ਨੂੰ ਯਾਦ ਕਰਦਿਆਂ …

admin

ਅਲਡਟ ਵੀਡੀਓ ਮਾਮਲੇ ‘ਚ ਗ੍ਰਿਫ਼ਤਾਰ ਰਾਜ ਕੁੰਦਰਾ ਨੂੰ ਮੁੰਬਈ ਕੋਰਟ ਤੋਂ ਮਿਲੀ ਜ਼ਮਾਨਤ

Bunty

ਪੰਜਾਬ ਸਰਕਾਰ ਹੰਕਾਰ ਤਿਆਗ ਕੇ ਮੁਲਾਜ਼ਮਾਂ ਦੀ ਗੱਲ ਹਮਦਰਦੀ ਨਾਲ ਸੁਣੇ – ਗਿਆਨੀ ਹਰਪ੍ਰੀਤ ਸਿੰਘ

admin