ਕੈਨਬਰਾ – ਆਸਟ੍ਰੇਲੀਆ ਵਿੱਚ ਮਹਿੰਗਾਈ ਅਤੇ ਰੋਜ਼ਾਨਾ ਵਧ ਰਹੇ ਖਰਚਿਆਂ ਨਾਲ ਜੂਝ ਰਹੇ ਲੋਕਾਂ ਲਈ ਫੈਡਰਲ ਸਰਕਾਰ ਨੇ ਸਿਹਤ ਖੇਤਰ ਵਿੱਚ ਇੱਕ ਵੱਡਾ ਰਾਹਤ ਭਰਿਆ ਐਲਾਨ ਕੀਤਾ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਆਮ ਮਰੀਜ਼ਾਂ ਲਈ Pharmaceutical Benefits Scheme (PBS) ਅਧੀਨ ਮਿਲਣ ਵਾਲੀਆਂ ਦਵਾਈਆਂ ਦੀ ਵੱਧ ਤੋਂ ਵੱਧ ਸਹਿ-ਭੁਗਤਾਨ ਰਕਮ (Co-payment) ਦਹਾਕੇ ਦੇ ਅੰਤ ਤੱਕ 25 ਡਾਲਰ ਹੀ ਰਹੇਗੀ।
ਇਸ ਫੈਸਲੇ ਨਾਲ ਲੱਖਾਂ ਆਸਟ੍ਰੇਲੀਅਨ ਲੋਕਾਂ ਨੂੰ ਦਵਾਈਆਂ ਖਰੀਦਣ ਸਮੇਂ ਆਰਥਿਕ ਰਾਹਤ ਮਿਲਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਸਿਹਤ ਮੰਤਰੀ ਮਾਰਕ ਬਟਲਰ ਨੇ ਇਸ ਯੋਜਨਾ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਇਸ ਫੈਸਲੇ ਨੂੰ ਲਾਗੂ ਕਰਨ ਲਈ ਲਗਭਗ 242.6 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ।
ਆਸਟ੍ਰੇਲੀਆ ਵਿੱਚ PBS ਯੋਜਨਾ ਤਹਿਤ ਸਰਕਾਰ ਵੱਲੋਂ ਕਈ ਜ਼ਰੂਰੀ ਦਵਾਈਆਂ ਦੀ ਕੀਮਤ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਮਰੀਜ਼ਾਂ ਨੂੰ ਦਵਾਈ ਲੈਣ ਸਮੇਂ ਇੱਕ ਨਿਰਧਾਰਤ ਰਕਮ ਖੁਦ ਅਦਾ ਕਰਨੀ ਪੈਂਦੀ ਹੈ, ਜਿਸ ਨੂੰ Co-payment ਕਿਹਾ ਜਾਂਦਾ ਹੈ। ਆਮ ਤੌਰ ‘ਤੇ ਇਹ ਰਕਮ ਹਰ ਸਾਲ 1 ਜਨਵਰੀ ਨੂੰ ਮਹਿੰਗਾਈ ਦਰ (Consumer Price Index) ਦੇ ਅਨੁਸਾਰ ਵਧਾਈ ਜਾਂਦੀ ਹੈ। ਸਰਕਾਰ ਅਨੁਸਾਰ ਪਿਛਲੀ ਲਿਬਰਲ-ਨੈਸ਼ਨਲ ਸਰਕਾਰ ਦੇ ਸਮੇਂ ਆਮ ਮਰੀਜ਼ਾਂ ਲਈ ਇਹ ਰਕਮ 2022 ਵਿੱਚ ਵਧ ਕੇ 42.50 ਡਾਲਰ ਹੋ ਗਈ ਸੀ। ਜੇਕਰ ਉਸ ਸਮੇਂ ਤੋਂ ਬਾਅਦ ਇਹ ਵਾਧਾ ਜਾਰੀ ਰਹਿੰਦਾ ਤਾਂ ਹੁਣ ਇੱਕ ਦਵਾਈ ਦੀ ਪਰਚੀ (Prescription) ਲਈ ਮਰੀਜ਼ਾਂ ਨੂੰ 50 ਡਾਲਰ ਤੋਂ ਵੱਧ ਅਦਾ ਕਰਨੇ ਪੈ ਸਕਦੇ ਸਨ। ਪਰ ਐਲਬਨੀਜ਼ ਸਰਕਾਰ ਨੇ ਇਸ ਰਕਮ ਨੂੰ 25 ਡਾਲਰ ‘ਤੇ ਰੋਕਣ ਦਾ ਫੈਸਲਾ ਕੀਤਾ ਹੈ। ਸਰਕਾਰ ਮੁਤਾਬਕ 2004 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਆਮ ਮਰੀਜ਼ਾਂ ਲਈ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ 25 ਡਾਲਰ ਦੇ ਪੱਧਰ ‘ਤੇ ਰੱਖੀ ਜਾ ਰਹੀ ਹੈ।
ਸਰਕਾਰ ਨੇ ਪਹਿਲਾਂ ਹੀ ਪੈਨਸ਼ਨਰਾਂ ਅਤੇ ਕਨਸੈਸ਼ਨ ਕਾਰਡ ਧਾਰਕਾਂ ਲਈ PBS ਦਵਾਈਆਂ ਦੀ ਸਹਿ-ਭੁਗਤਾਨ ਰਕਮ 7.70 ਡਾਲਰ ‘ਤੇ ਰੋਕਣ ਦਾ ਫੈਸਲਾ ਕੀਤਾ ਹੋਇਆ ਹੈ। ਹੁਣ ਆਮ ਮਰੀਜ਼ਾਂ ਲਈ ਵੀ 25 ਡਾਲਰ ਦੀ ਰਕਮ ਦਹਾਕੇ ਦੇ ਅੰਤ ਤੱਕ ਸਥਿਰ ਰੱਖਣ ਦੀ ਯੋਜਨਾ ਬਣਾਈ ਗਈ ਹੈ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਆਮ ਮਰੀਜ਼ਾਂ ਨੂੰ ਹਰ ਸਾਲ ਦਵਾਈਆਂ ਦੀਆਂ ਕੀਮਤਾਂ ਵਿੱਚ ਮਹਿੰਗਾਈ ਕਾਰਨ ਹੋਣ ਵਾਲੇ ਵਾਧੇ ਦੀ ਚਿੰਤਾ ਨਹੀਂ ਕਰਨੀ ਪਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਜੁਲਾਈ 2022 ਤੋਂ ਸ਼ੁਰੂ ਕੀਤੇ ਗਏ ਸਸਤੀ ਦਵਾਈਆਂ ਦੇ ਸੁਧਾਰਾਂ ਰਾਹੀਂ ਆਸਟ੍ਰੇਲੀਆਈ ਲੋਕਾਂ ਨੂੰ ਹੁਣ ਤੱਕ ਲਗਭਗ 3.3 ਅਰਬ ਡਾਲਰ ਦੀ ਬੱਚਤ ਹੋਈ ਹੈ। ਇਹ ਬੱਚਤ ਲਗਭਗ 50 ਕਰੋੜ ਦਵਾਈਆਂ ਦੀਆਂ ਪਰਚੀਆਂ ‘ਤੇ ਲੋਕਾਂ ਵੱਲੋਂ ਅਦਾ ਕੀਤੀ ਜਾਣ ਵਾਲੀ ਰਕਮ ਘਟਣ ਕਾਰਨ ਹੋਈ ਹੈ। ਸਰਕਾਰ ਵੱਲੋਂ ਪਿਛਲੇ ਕੁਝ ਸਾਲਾਂ ਵਿੱਚ ਕਈ ਅਹਿਮ ਕਦਮ ਚੁੱਕੇ ਗਏ ਹਨ:
ਜਨਵਰੀ 2023 ਵਿੱਚ PBS ਦਵਾਈਆਂ ਦੀਆਂ ਕੀਮਤਾਂ ਵਿੱਚ ਇਤਿਹਾਸਕ ਕਟੌਤੀ ਕੀਤੀ ਗਈ।
ਜੁਲਾਈ 2022 ਵਿੱਚ PBS Safety Net ਦੀ ਹੱਦ 25 ਫ਼ੀਸਦੀ ਘਟਾਈ ਗਈ।
60 ਦਿਨਾਂ ਦੀਆਂ ਦਵਾਈਆਂ ਦੀ ਪਰਚੀਆਂ ਦੀ ਸਹੂਲਤ ਸ਼ੁਰੂ ਕੀਤੀ ਗਈ, ਜਿਸ ਨਾਲ ਮਰੀਜ਼ਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਈ।
2025 ਵਿੱਚ ਕਨਸੈਸ਼ਨ ਕਾਰਡ ਧਾਰਕਾਂ ਲਈ ਪਹਿਲੀ ਵਾਰ ਦਵਾਈਆਂ ਦੀ ਸਹਿ-ਭੁਗਤਾਨ ਰਕਮ ਨੂੰ ਫ੍ਰੀਜ਼ ਕੀਤਾ ਗਿਆ।
1 ਜਨਵਰੀ 2026 ਤੋਂ ਆਮ ਮਰੀਜ਼ਾਂ ਲਈ PBS ਦਵਾਈਆਂ ਦੀ ਵੱਧ ਤੋਂ ਵੱਧ ਸਹਿ-ਭੁਗਤਾਨ ਰਕਮ 25 ਡਾਲਰ ਕੀਤੀ ਗਈ।
ਜੁਲਾਈ 2022 ਤੋਂ ਬਾਅਦ 500 ਤੋਂ ਵੱਧ ਨਵੀਆਂ ਜਾਂ ਸੋਧੀਆਂ ਦਵਾਈਆਂ PBS ਸੂਚੀ ਵਿੱਚ ਸ਼ਾਮਲ ਕੀਤੀਆਂ ਗਈਆਂ।
PBS Safety Net ਦੀ ਹੱਦ ਘਟਾਉਣ ਨਾਲ ਪੈਨਸ਼ਨਰਾਂ ਅਤੇ ਕਨਸੈਸ਼ਨ ਕਾਰਡ ਧਾਰਕਾਂ ਨੂੰ ਵੱਡਾ ਲਾਭ ਮਿਲਿਆ ਹੈ। ਸਰਕਾਰ ਦੇ ਅੰਕੜਿਆਂ ਅਨੁਸਾਰ ਜੁਲਾਈ 2022 ਤੋਂ ਬਾਅਦ 10.6 ਕਰੋੜ ਤੋਂ ਵੱਧ ਦਵਾਈਆਂ ਦੀਆਂ ਪਰਚੀਆਂ ਮਰੀਜ਼ਾਂ ਨੂੰ ਬਿਨਾਂ ਕਿਸੇ ਖਰਚੇ ਦੇ ਦਿੱਤੀਆਂ ਗਈਆਂ ਹਨ। ਇਸ ਦਾ ਖਾਸ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਇਆ ਹੈ ਜਿਨ੍ਹਾਂ ਨੂੰ ਨਿਯਮਤ ਤੌਰ ‘ਤੇ ਕਈ ਦਵਾਈਆਂ ਲੈਣੀਆਂ ਪੈਂਦੀਆਂ ਹਨ।
31 ਅਕਤੂਬਰ 2026 ਤੱਕ ਜੁਲਾਈ 2022 ਤੋਂ ਸਸਤੀ ਦਵਾਈਆਂ ਦੀ ਯੋਜਨਾ ਰਾਹੀਂ ਵੱਖ-ਵੱਖ ਸੂਬਿਆਂ ਵਿੱਚ ਹੋਈ ਬੱਚਤ ਦੇ ਸਰਕਾਰੀ ਅੰਕੜੇ ਇਸ ਤਰ੍ਹਾਂ ਹਨ:
- ACT: 68.9 ਮਿਲੀਅਨ ਡਾਲਰ
- NSW: 1 ਅਰਬ ਡਾਲਰ
- NT: 18.0 ਮਿਲੀਅਨ ਡਾਲਰ
- Queensland: 666.5 ਮਿਲੀਅਨ ਡਾਲਰ
- South Australia: 241.5 ਮਿਲੀਅਨ ਡਾਲਰ
- Tasmania: 79.9 ਮਿਲੀਅਨ ਡਾਲਰ
- Victoria: 844.4 ਮਿਲੀਅਨ ਡਾਲਰ
- Western Australia: 358.3 ਮਿਲੀਅਨ ਡਾਲਰ
ਇਨ੍ਹਾਂ ਅੰਕੜਿਆਂ ਅਨੁਸਾਰ ਨਿਊ ਸਾਊਥ ਵੇਲਜ਼ ਵਿੱਚ ਸਭ ਤੋਂ ਵੱਧ, ਜਦਕਿ ਵਿਕਟੋਰੀਆ ਵਿੱਚ 844.4 ਮਿਲੀਅਨ ਡਾਲਰ ਦੀ ਬੱਚਤ ਦਰਜ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਨੂੰ ਮਹਿੰਗਾਈ ਦੇ ਦਬਾਅ ਤੋਂ ਰਾਹਤ ਦੇਣਾ ਅਤੇ ਭਵਿੱਖ ਲਈ ਇੱਕ ਮਜ਼ਬੂਤ ਸਿਹਤ ਪ੍ਰਣਾਲੀ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਪਰਿਵਾਰਾਂ ਦੇ ਬਜਟ ‘ਤੇ ਵੱਡਾ ਦਬਾਅ ਪਾ ਸਕਦੀਆਂ ਹਨ। ਸਰਕਾਰ ਲੋਕਾਂ ਨੂੰ ਅਸਲ ਆਰਥਿਕ ਰਾਹਤ ਦੇਣ ਅਤੇ Medicare ਵਿੱਚ ਨਿਵੇਸ਼ ਵਧਾਉਣ ਲਈ ਕੰਮ ਕਰ ਰਹੀ ਹੈ।
ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਦਵਾਈਆਂ ਦੀਆਂ ਕੀਮਤਾਂ ਘੱਟ ਕਰਨ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਆਸਟ੍ਰੇਲੀਆਈ ਨਾਗਰਿਕ ਪੈਸਿਆਂ ਦੀ ਕਮੀ ਕਾਰਨ ਆਪਣਾ ਇਲਾਜ ਨਾ ਛੱਡੇ। ਉਨ੍ਹਾਂ ਕਿਹਾ ਕਿ ਸਸਤੀ ਦਵਾਈਆਂ ਨਾਲ ਪਰਿਵਾਰਾਂ ਦੀ ਜੇਬ ਵਿੱਚ ਪੈਸਾ ਬਚੇਗਾ ਅਤੇ ਲੋਕ ਆਪਣੀ ਲੋੜ ਅਨੁਸਾਰ ਇਲਾਜ ਕਰਵਾ ਸਕਣਗੇ।
