ਮੈਲਬੌਰਨ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਸੋਮਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਵਰਚੁਅਲ ਸਿਖਰ ਵਾਰਤਾ ਕੀਤੀ। ਇਸ ਵਾਰਤਾ ਦੌਰਾਨ ਸਕੌਟ ਮੌਰਿਸਨ ਨੇ ਕਿਹਾ ਕਿ ਰੂਸ ਦੇ ਯੂਕ੍ਰੇਨ ‘ਤੇ ‘ਭਿਆਨਕ’ ਹਮਲੇ ਤੋਂ ਬਾਅਦ ਜੰਗ ਪ੍ਰਭਾਵਿਤ ਦੇਸ਼ ਵਿੱਚ ਹੋਈਆਂ ਮੌਤਾਂ ਲਈ ਉਨ੍ਹਾਂ ਨੂੰ (ਰੂਸ ਨੂੰ) ਜਵਾਬਦੇਹ ਠਹਿਰਾਉਣ ਦੀ ਲੋੜ ਹੈ। ਸਕੌਟ ਮੌਰਿਸਨ ਨੇ ਯੂਕ੍ਰੇਨ ਸੰਕਟ ‘ਤੇ ਕਵਾਡ ਦੇਸ਼ਾਂ ਦੇ ਨੇਤਾਵਾਂ ਦੀ ਹਾਲ ਹੀ ਵਿੱਚ ਹੋਈ ਬੈਠਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਨੇ “ਭਾਰਤੀ ਪ੍ਰਸ਼ਾਂਤ ਖੇਤਰ” ਲਈ ਵਿਕਾਸ ਦੇ “ਪ੍ਰਭਾਵ ਅਤੇ ਨਤੀਜਿਆਂ” ‘ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਯੂਰਪ ਦੀ ਗੰਭੀਰ ਸਥਿਤੀ ਤੋਂ ਅਸੀਂ ਦੁਖੀ ਹਾਂ, ਹਾਲਾਂਕਿ ਸਾਡਾ ਧਿਆਨ ਇੰਡੋ-ਪੈਸੀਫਿਕ ਖੇਤਰ ‘ਤੇ ਜ਼ਿਆਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਵਿਭਿੰਨ ਖੇਤਰਾਂ ਵਿਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਸਬੰਧਾਂ ਵਿਚ ਕਾਫੀ ਤਰੱਕੀ ਦੇਖੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਲਈ ਗੱਲਬਾਤ ਦੇ ਸਿੱਟੇ ‘ਤੇ ਪਹੁੰਚਣਾ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਭਾਈਵਾਲੀ ਇੱਕ ਮੁਕਤ, ਖੁੱਲ੍ਹੇ ਅਤੇ ਸਮਾਵੇਸ਼ੀ ਇੰਡੋ-ਪੈਸੀਫਿਕ ਖੇਤਰ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖਣਿਜ, ਜਲ ਪ੍ਰਬੰਧਨ ਅਤੇ ਨਵਿਆਉਣਯੋਗ ਊਰਜਾ ਦੇ ਮਹੱਤਵਪੂਰਨ ਖੇਤਰਾਂ ‘ਚ ਸਹਿਯੋਗ ਤੇਜ਼ੀ ਨਾਲ ਵਧ ਰਿਹਾ ਹੈ।ਉਹਨਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਦੋਵਾਂ ਦੇਸ਼ਾਂ ਦਰਮਿਆਨ ਸਾਲਾਨਾ ਸਿਖਰ ਸੰਮੇਲਨਾਂ ਲਈ ਇੱਕ ਸਿਸਟਮ ਸਥਾਪਿਤ ਕਰ ਰਹੇ ਹਾਂ।
ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਸੋਮਵਾਰ ਨੂੰ ਵਰਚੁਅਲ ਸ਼ਿਖਰ ਸੰਮੇਲਨ ਤੋਂ ਬਾਅਦ ਇਸ ਮਹੀਨੇ ਦੇ ਅੰਤ ਤੱਕ ਦੋਵਾਂ ਦੇਸ਼ਾਂ ਵਿਚਾਲੇ ਇਕ ਛੋਟਾ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵਣਜ ਅਤੇ ਉਦਯੋਗ ਮੰਤਰਾਲੇ ਦੇ ਸੂਤਰਾਂ ਅਨੁਸਾਰ ਆਸਟ੍ਰੇਲੀਆ ਨਾਲ ਮਿੰਨੀ ਵਪਾਰ ਸਮਝੌਤੇ ਨੂੰ ਲੈ ਕੇ ਕਈ ਮੁੱਦਿਆਂ ‘ਤੇ ਆਪਸੀ ਸਮਝੌਤਾ ਹੋਇਆ ਹੈ। ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਆਈਪੀਏ) ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦੇ ਕਈ ਦੌਰ ਪੂਰੇ ਹੋ ਚੁੱਕੇ ਹਨ ਪਰ ਸੀਆਈਪੀਏ ਤੋਂ ਪਹਿਲਾਂ ਦੋਵੇਂ ਦੇਸ਼ ਮਿੰਨੀ ਸਮਝੌਤਾ ਕਰਨਾ ਚਾਹੁੰਦੇ ਹਨ। ਆਸਟ੍ਰੇਲੀਆ ਨਾਲ ਇਸ ਵਪਾਰਕ ਸੌਦੇ ਦਾ ਭਾਰਤੀ ਫਾਰਮਾ ਨਿਰਯਾਤ ਨੂੰ ਕਾਫੀ ਫਾਇਦਾ ਮਿਲ ਸਕਦਾ ਹੈ। ਪਿਛਲੇ ਮਹੀਨੇ, ਭਾਰਤੀ ਫਾਰਮਾ ਨਿਰਯਾਤਕਾਂ ਦੀ ਇਕ ਟੀਮ ਨੇ ਵੀ ਆਸਟ੍ਰੇਲੀਆ ਦਾ ਦੌਰਾ ਕੀਤਾ ਤਾਂ ਜੋ ਭਾਰਤੀ ਫਾਰਮਾ ਲਈ ਆਸਟ੍ਰੇਲੀਅਨ ਬਾਜ਼ਾਰ ਤਕ ਵਧੇਰੇ ਪਹੁੰਚ ਦੇਣ ਦੇ ਤਰੀਕਿਆਂ ‘ਤੇ ਚਰਚਾ ਕੀਤੀ ਜਾ ਸਕੇ। ਫਾਰਮਾ ਨਿਰਯਾਤਕਾਂ ਨੇ ਕਿਹਾ ਕਿ ਆਸਟ੍ਰੇਲੀਆ ਦਾ ਫਾਰਮਾ ਬਾਜ਼ਾਰ 12 ਬਿਲੀਅਨ ਡਾਲਰ ਦਾ ਹੈ ਅਤੇ ਇਸ ‘ਚ ਜੈਨਰਿਕਸ ਦੀ ਹਿੱਸੇਦਾਰੀ ਸਿਰਫ 13 ਫੀਸਦੀ ਹੈ। ਇਸ ਕਾਰਨ ਆਸਟ੍ਰੇਲੀਆ ਵਿਚ ਦਵਾਈ ਦੀ ਕੀਮਤ ਬਹੁਤ ਜ਼ਿਆਦਾ ਹੈ। ਫਾਰਮਾ ਬਰਾਮਦਕਾਰਾਂ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ‘ਚ ਭਾਰਤ ਨੇ ਆਸਟ੍ਰੇਲੀਆ ਨੂੰ ਸਿਰਫ 316 ਮਿਲੀਅਨ ਡਾਲਰ ਦੀ ਦਵਾਈ ਦਾ ਨਿਰਯਾਤ ਕੀਤਾ, ਜਦੋਂ ਕਿ ਵਿਸ਼ਵ ਪੱਧਰ ‘ਤੇ ਜੈਨਰਿਕ ਦਵਾਈਆਂ ਦੇ ਨਿਰਯਾਤ ‘ਚ ਭਾਰਤ ਦਾ ਵੱਡਾ ਹਿੱਸਾ ਹੈ। ਆਸਟ੍ਰੇਲੀਆ ਵਿੱਚ ਭਾਰਤੀ ਜੈਨਰਿਕ ਦਵਾਈ ਨੂੰ ਹੁਣ ਤੱਕ ਬਹੁਤ ਘੱਟ ਮਾਨਤਾ ਮਿਲੀ ਹੈ। ਅਜਿਹੀ ਸਥਿਤੀ ਵਿੱਚ, ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸੌਦਾ ਭਾਰਤੀ ਫਾਰਮਾ ਨਿਰਯਾਤ ਦੇ ਵਾਧੇ ਦੀ ਵੱਡੀ ਸੰਭਾਵਨਾ ਨੂੰ ਦਰਸਾਉਂਦਾ ਹੈ। ਭਾਰਤ ਲਿਬਾਸ, ਫੁਟਵੀਅਰ, ਚਮੜੇ ਦੀਆਂ ਵਸਤੂਆਂ ਵਰਗੇ ਉਤਪਾਦਾਂ ਲਈ ਆਸਟ੍ਰੇਲੀਅਨ ਬਾਜ਼ਾਰ ਤੱਕ ਆਸਾਨ ਪਹੁੰਚ ਬਣਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਨਿਰਯਾਤ ਵਿੱਚ ਵਾਧਾ ਹੋਣ ਨਾਲ ਰੁਜ਼ਗਾਰ ਵਿੱਚ ਵਾਧਾ ਹੋਵੇਗਾ। ਸਾਲ 2020 ਵਿੱਚ, ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਵਸਤੂਆਂ ਅਤੇ ਸੇਵਾਵਾਂ ਦੋਵਾਂ ਦਾ ਵਪਾਰ 24.4 ਬਿਲੀਅਨ ਡਾਲਰ ਸੀ। ਇਹਨਾਂ ਵਿੱਚੋਂ, ਵਸਤੂਆਂ ਦਾ ਕਾਰੋਬਾਰ $12 ਬਿਲੀਅਨ ਸੀ। ਆਸਟ੍ਰੇਲੀਆ ਦੀ ਨਜ਼ਰ ਭਾਰਤੀ ਵਿਦਿਆਰਥਣਾਂ ‘ਤੇ ਹੈ ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ‘ਚ ਪੜ੍ਹਨ ਲਈ ਬੁਲਾਉਣਾ ਚਾਹੁੰਦਾ ਹੈ।