ArticlesAustralia & New ZealandWomen's World

ਅੱਜ 1 ਜੁਲਾਈ 2026 ਤੋਂ ਆਸਟ੍ਰੇਲੀਅਨ ਲੋਕਾਂ ਲਈ ਅਸਲ ਬਦਲਾਆਂ ਦੀ ਸ਼ੁਰੂਆਤ ਹੋ ਗਈ !

ਐਂਥਨੀ ਐਲਬਨੀਜ਼, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਫੈਡਰਲ ਸਰਕਾਰ ਅੱਜ 1 ਜੁਲਾਈ 2026 ਤੋਂ ਆਸਟ੍ਰੇਲੀਆ ਦੇ ਲੋਕਾਂ ਲਈ ਰਹਿਣ-ਸਹਿਣ ਦਾ ਖਰਚ ਘਟਾਉਣ ਲਈ ਕਈ ਨਵੇਂ ਕਦਮ ਲਾਗੂ ਕਰ ਰਹੀ ਹੈ। ਇਨ੍ਹਾਂ ਵਿੱਚ ਹੋਰ ਟੈਕਸ ਕਟੌਤੀ, ਪੂਰੇ ਛੇ ਮਹੀਨੇ ਦੀ ਤਨਖਾਹ ਸਮੇਤ ਮਾਪਿਆਂ ਦੀ ਛੁੱਟੀ, ਮੈਡੀਕੇਅਰ ਨੂੰ ਹੋਰ ਮਜ਼ਬੂਤ ਕਰਨਾ ਅਤੇ ਹਸਪਤਾਲਾਂ ਲਈ ਵਧੇਰੇ ਫੰਡ ਮੁਹੱਈਆ ਕਰਵਾਉਣਾ ਸ਼ਾਮਲ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਖਜ਼ਾਨਾ ਮੰਤਰੀ ਜਿਮ ਚਾਲਮਰਸ, ਸਿਹਤ ਮੰਤਰੀ ਮਾਰਕ ਬਟਲਰ, ਰੁਜ਼ਗਾਰ ਅਤੇ ਵਰਕਪਲੇਸ ਰਿਲੇਸ਼ਨ ਦੀ ਮੰਤਰੀ ਅਮਾਂਡਾ ਰਿਸ਼ਵਰਥ ਅਤੇ ਸਮਾਜ ਸੇਵਾਵਾਂ ਦੀ ਮੰਤਰੀ ਤਾਨਿਆ ਪਲੀਬਰਸੇਕ ਨੇ ਇਸ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਅੱਜ 1 ਜੁਲਾਈ 2026 ਤੋਂ ਫੈਡਰਲ ਸਰਕਾਰ ਵਲੋਂ ਦੇਸ਼ਵਾਸੀਆਂ ਨੂੰ ਵਿੱਤੀ ਰਾਹਤ ਪਹੁੰਚਾਉਣ ਦੇ ਲਈ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਇਹਨਾਂ ਦੀ ਜਾਣਕਾਰੀ ਹੇਠਾਂ ਦਿੱਤੀ ਜਾ ਰਹੀ ਹੈ:

  • ਹਰ ਟੈਕਸ ਭਰਨ ਵਾਲੇ ਵਿਅਕਤੀ ਨੂੰ ਇੱਕ ਹੋਰ ਟੈਕਸ ਕਟੌਤੀ ਦਿੱਤੀ ਜਾਵੇਗੀ। ਇਹ ਸਰਕਾਰ ਦੀ 5 ਟੈਕਸ ਕਟੌਤੀਆਂ ਦੀ ਯੋਜਨਾ ਦਾ ਹਿੱਸਾ ਹੈ, ਜਿਸ ਨਾਲ ਆਖ਼ਿਰਕਾਰ ਇੱਕ ਔਸਤ ਕਰਮਚਾਰੀ ਹਰ ਸਾਲ 2,800 ਡਾਲਰ ਤੱਕ ਦੀ ਬੱਚਤ ਕਰ ਸਕੇਗਾ।
  • ਤਨਖਾਹ ਸਮੇਤ ਮਾਪਿਆਂ ਦੀ ਛੁੱਟੀ ਨੂੰ ਵਧਾ ਕੇ ਪੂਰੇ 6 ਮਹੀਨੇ ਕੀਤਾ ਜਾਵੇਗਾ, ਤਾਂ ਜੋ ਨਵੇਂ ਮਾਪੇ ਆਪਣੇ ਨਵੇਂ ਜਨਮੇ ਬੱਚੇ ਨਾਲ ਘਰ ਵਿੱਚ ਹੋਰ ਸਮਾਂ ਬਿਤਾ ਸਕਣ।
  • ਲਗਭਗ 3 ਮਿਲੀਅਨ ਕਰਮਚਾਰੀਆਂ ਦੀ ਤਨਖਾਹ ਵਧਾਉਣ ਲਈ ਘੱਟੋ-ਘੱਟ ਮਜ਼ਦੂਰੀ ਅਤੇ ਐਵਾਰਡ ਮਜ਼ਦੂਰੀ ਵਿੱਚ ਵਾਧੇ ਦਾ ਸਮਰਥਨ ਕੀਤਾ ਜਾਵੇਗਾ।
  • ਛੋਟੇ ਕਾਰੋਬਾਰਾਂ ਲਈ 20,000 ਡਾਲਰ ਦੇ ਤੁਰੰਤ ਐਸੈੱਟ ਰਾਈਟ-ਆਫ਼ ਨੂੰ ਹਮੇਸ਼ਾਂ ਲਈ ਜਾਰੀ ਰੱਖਿਆ ਜਾਵੇਗਾ।
  • ਨਵੇਂ ਲਾਜ਼ਮੀ ਫੂਡ ਅਤੇ ਗ੍ਰੋਸਰੀ ਕੋਡ ਰਾਹੀਂ ਸੁਪਰਮਾਰਕਿਟਾਂ ਵੱਲੋਂ ਵੱਧ ਕੀਮਤਾਂ ਵਸੂਲਣ ‘ਤੇ ਰੋਕ ਲਗਾਈ ਜਾਵੇਗੀ। ਇਸ ਨਾਲ ਵੱਡੇ ਰਿਟੇਲਰ ਗਾਹਕਾਂ ਤੋਂ ਬੇਹੱਦ ਜਿਆਦਾ ਕੀਮਤਾਂ ਨਹੀਂ ਲੈ ਸਕਣਗੇ।
  • ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕਾਂ ਨੂੰ ਆਸਟ੍ਰੇਲੀਆ ਦੀ ਸਿਹਤ ਪ੍ਰਣਾਲੀ ਦਾ ਸਥਾਈ ਹਿੱਸਾ ਬਣਾਇਆ ਜਾਵੇਗਾ, ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਵਧੀਆ ਇਲਾਜ ਮਿਲੇ ਅਤੇ ਹਸਪਤਾਲਾਂ ਤੋਂ ਦਬਾਅ ਘਟੇ।
  • ਰਾਜਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਵਿੱਚ ਮੱਦਦ ਲਈ ਸਰਕਾਰੀ ਹਸਪਤਾਲਾਂ ਨੂੰ 25 ਬਿਲੀਅਨ ਡਾਲਰ ਦੀ ਵਾਧੂ ਫੰਡਿੰਗ ਦਿੱਤੀ ਜਾਵੇਗੀ।
  • ਐਂਡੋਮੀਟ੍ਰਿਓਸਿਸ ਅਤੇ ਪੈਲਵਿਕ ਦਰਦ ਕਲੀਨਿਕਾਂ ਦੀਆਂ ਸੇਵਾਵਾਂ ਦਾ ਵਿਸਥਾਰ ਕਰਕੇ ਹੁਣ ਮੀਨੋਪੌਜ਼ ਅਤੇ ਪੈਰੀਮੀਨੋਪੌਜ਼ ਨਾਲ ਸੰਬੰਧਿਤ ਇਲਾਜ ਅਤੇ ਸਹਾਇਤਾ ਵੀ ਸ਼ਾਮਲ ਕੀਤੀ ਜਾਵੇਗੀ।
  • ਪੈਥੋਲੋਜੀ ਅਤੇ ਡਾਇਗਨੋਸਟਿਕ ਇਮੇਜਿੰਗ ਸੇਵਾ ਦੇਣ ਵਾਲਿਆਂ ਦੇ ਲਈ ‘ਮਾਈ ਹੈੱਲਥ ਰਿਕਾਰਡ’ ‘ਤੇ ਟੈਸਟਾਂ ਦੇ ਨਤੀਜੇ ਅਪਲੋਡ ਕਰਨਾ ਲਾਜ਼ਮੀ ਕੀਤਾ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਬਿਹਤਰ ਅਤੇ ਤੇਜ਼ ਸਿਹਤ ਸੇਵਾਵਾਂ ਮਿਲ ਸਕਣ।
  • ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਨਵੀਂ ਰਾਸ਼ਟਰੀ ਵਾਤਾਵਰਣ ਸੁਰੱਖਿਆ ਏਜੰਸੀ ਸਥਾਪਿਤ ਕੀਤੀ ਜਾਵੇਗੀ।
  • ਸਾਬਕਾ ਫੌਜੀਆਂ (ਵੈਟਰਨਜ਼) ਲਈ ਸੇਵਾਵਾਂ, ਪਹੁੰਚ ਅਤੇ ਸਿਹਤ ਵਿੱਚ ਸੁਧਾਰ ਕਰਨ ਲਈ ਇੱਕ ਨਵੀਂ ਵੈਟਰਨ ਵੈੱਲਬੀਂਗ ਏਜੰਸੀ ਬਣਾਈ ਜਾਵੇਗੀ।
  • ਪੇ-ਡੇਅ ਸੁਪਰ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਕਰਮਚਾਰੀਆਂ ਦਾ ਸੁਪਰਐਨੂਏਸ਼ਨ ਹਰ ਤਨਖਾਹ ਦੇ ਨਾਲ ਜਮ੍ਹਾਂ ਹੋਵੇ। ਇਸ ਨਾਲ ਉਨ੍ਹਾਂ ਦੀ ਬੱਚਤ ‘ਤੇ ਜਲਦੀ ਰਿਟਰਨ ਮਿਲੇਗਾ ਅਤੇ ਸੁਪਰ ਦੀ ਅਦਾਇਗੀ ਨਾ ਹੋਣ ਦੀ ਸੰਭਾਵਨਾ ਵੀ ਘੱਟ ਹੋਵੇਗੀ।
  • ਐਲਬਨੀਜ਼ ਸਰਕਾਰ ਆਸਟ੍ਰੇਲੀਆ ਦੇ ਲੋਕਾਂ ਨੂੰ ਰਹਿਣ-ਸਹਿਣ ਦੇ ਵਧਦੇ ਖਰਚ ਤੋਂ ਰਾਹਤ ਦੇਣ, ਵਧੇਰੇ ਉਤਪਾਦਕ ਅਰਥਵਿਵਸਥਾ ਬਨਾਉਣ, ਟੈਕਸ ਪ੍ਰਣਾਲੀ ਨੂੰ ਹੋਰ ਬਿਹਤਰ ਕਰਨ ਅਤੇ ਘਰਾਂ ਦੀ ਮਾਰਕੀਟ ਨੂੰ ਹੋਰ ਨਿਆਂਪੂਰਨ ਬਣਾਉਣ ਲਈ ਆਪਣਾ ਕੰਮ ਜਾਰੀ ਰੱਖੇਗੀ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਵਾਰੇ ਵਿੱਚ ਆਖਿਆ ਹੈ ਕਿ,”ਮੇਰੀ ਸਰਕਾਰ ਦਾ ਧਿਆਨ ਆਸਟ੍ਰੇਲੀਅਨ ਲੋਕਾਂ ਲਈ ਅਸਲ ਬਦਲਾਅ ਲਿਆਉਣ ‘ਤੇ ਹੈ। ਇਸ ਦਾ ਮਤਲਬ ਹੈ ਕਿ ਨਵੇਂ ਮਾਪਿਆਂ ਨੂੰ ਪੂਰੇ 6 ਮਹੀਨੇ ਦੀ ਤਨਖਾਹ ਸਮੇਤ ਮਾਪਿਆਂ ਦੀ ਛੁੱਟੀ (ਪੇਰੇਂਟਲ ਲੀਵ) ਮਿਲੇਗੀ, ਪਹਿਲੀ ਵਾਰ ਘਰ ਖ੍ਰੀਦਣ ਵਾਲਿਆਂ ਲਈ ਘਰ ਲੈਣਾ ਹੋਰ ਆਸਾਨ ਬਣੇਗਾ ਅਤੇ ਮੈਡੀਕੇਅਰ ਵਿੱਚ ਵੱਡਾ ਨਿਵੇਸ਼ ਕੀਤਾ ਜਾਵੇਗਾ, ਜਿਸ ਵਿੱਚ ਅਰਜੈਂਟ ਕੇਅਰ ਕਲੀਨਿਕਾਂ ਨੂੰ ਸਥਾਈ ਬਣਾਉਣਾ ਵੀ ਸ਼ਾਮਲ ਹੈ। ਅੱਜ 1 ਜੁਲਾਈ 2026 ਤੋਂ ਅਸੀਂ 14 ਮਿਲੀਅਨ ਤੋਂ ਵੱਧ ਟੈਕਸ ਭਰਨ ਵਾਲਿਆਂ ਲਈ ਇੱਕ ਵਾਰ ਫਿਰ ਟੈਕਸ ਘਟਾ ਰਹੇ ਹਾਂ। ਸਾਡੀ ਕੁੱਲ ਟੈਕਸ ਕਟੌਤੀ ਯੋਜਨਾ ਨਾਲ ਔਸਤ ਆਮਦਨ ਵਾਲਾ ਇੱਕ ਆਸਟ੍ਰੇਲੀਅਨ ਕਰਮਚਾਰੀ ਹਰ ਸਾਲ 2,800 ਡਾਲਰ ਤੱਕ ਦੀ ਬੱਚਤ ਕਰੇਗਾ। ਅਸੀਂ ਘੱਟੋ-ਘੱਟ ਮਜ਼ਦੂਰੀ (ਮਿਨੀਮਮ ਵੇਜ਼ ਰੇਟ) ਅਤੇ ਐਵਾਰਡ ਮਜ਼ਦੂਰੀ (ਐਵਾਰਡ ਵੇਜ਼ਸ) ‘ਤੇ ਕੰਮ ਕਰਨ ਵਾਲੇ 3 ਮਿਲੀਅਨ ਮਿਨੀਮਮ ਅਤੇ ਐਵਾਰਡ ਵੇਜ਼ ਕਰਮਚਾਰੀਆਂ ਦੀ ਤਨਖਾਹ ਵਧਾਉਣ ਦਾ ਵੀ ਸਮਰਥਨ ਕੀਤਾ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰ ਛੋਟੀ ਮੱਦਦ ਵੀ ਮਹੱਤਵ ਰੱਖਦੀ ਹੈ।”

ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚਾਲਮਰਜ਼ ਨੇ ਕਿਹਾ ਹੈ ਕਿ, “ਅਸੀਂ ਰਹਿਣ-ਸਹਿਣ ਦੇ ਵਧਦੇ ਖਰਚ ਤੋਂ ਰਾਹਤ ਦੇ ਰਹੇ ਹਾਂ ਅਤੇ ਪਹਿਲੀ ਵਾਰ ਘਰ ਖ੍ਰੀਦਣ ਵਾਲਿਆਂ ਦੀ ਮੱਦਦ ਲਈ ਟੈਕਸ ਪ੍ਰਣਾਲੀ ਵਿੱਚ ਅਸਲ ਬਦਲਾਅ ਕਰ ਰਹੇ ਹਾਂ। ਅਸੀਂ ਤਿੰਨ ਪੜਾਵਾਂ ਵਿੱਚ 5 ਟੈਕਸ ਕਟੌਤੀਆਂ ਲਾਗੂ ਕਰ ਰਹੇ ਹਾਂ, ਜਿਸ ਨਾਲ ਆਸਟ੍ਰੇਲੀਅਨ ਲੋਕਾਂ ਨੂੰ ਵੱਧ ਕਮਾਉਣ ਅਤੇ ਆਪਣੀ ਕਮਾਈ ਦਾ ਵੱਡਾ ਹਿੱਸਾ ਆਪਣੇ ਕੋਲ ਰੱਖਣ ਵਿੱਚ ਮੱਦਦ ਮਿਲੇਗੀ। ਚਾਹੇ ਹਰ ਟੈਕਸ ਭਰਨ ਵਾਲੇ ਲਈ ਟੈਕਸ ਕਟੌਤੀ ਹੋਵੇ, ਕਰਮਚਾਰੀਆਂ ਲਈ ਵਧੀ ਹੋਈ ਤਨਖਾਹ ਹੋਵੇ ਜਾਂ ਤੁਰੰਤ ਐਸੈੱਟ ਰਾਈਟ-ਆਫ਼ ਰਾਹੀਂ ਛੋਟੇ ਕਾਰੋਬਾਰਾਂ ਨੂੰ ਸਹਾਇਤਾ ਹੋਵੇ, ਅਸੀਂ ਹੋਰ ਰਾਹਤ ਦੇ ਰਹੇ ਹਾਂ ਤਾਂ ਜੋ ਰਹਿਣ-ਸਹਿਣ ਦੇ ਵਧਦੇ ਖਰਚ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਆ ਸਕੇ।”

ਆਸਟ੍ਰੇਲੀਆ ਦੇ ਸਿਹਤ ਮੰਤਰੀ ਮਾਰਕ ਬਟਲਰ ਕਿਹਾ ਹੈ ਕਿ, “ਮੈਡੀਕੇਅਰ ਨੂੰ ਮਜ਼ਬੂਤ ਕਰਨ ਲਈ ਸਾਡੇ ਯਤਨ ਫਰੰਟਲਾਈਨ ਸਿਹਤ ਸੇਵਾਵਾਂ ਦੇ ਤਰੀਕੇ ਨੂੰ ਬਦਲ ਰਹੇ ਹਨ ਅਤੇ ਆਸਟ੍ਰੇਲੀਅਨ ਲੋਕਾਂ ਲਈ ਖਰਚ ਘਟਾਉਣ ਵਿੱਚ ਮੱਦਦ ਕਰ ਰਹੇ ਹਨ, ਜੋ ਉਨ੍ਹਾਂ ਦੀ ਸਿਹਤ ਅਤੇ ਉਨ੍ਹਾਂ ਦੀ ਜੇਬ ਦੋਵਾਂ ਲਈ ਫਾਇਦੇਮੰਦ ਹੈ। ਸਾਡੀ ਸਰਕਾਰ ਦੇ ਅਧੀਨ ਅੱਜ 1 ਜੁਲਾਈ 2026 ਤੋਂ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕਾਂ ਸਥਾਈ ਰਹਿਣਗੀਆਂ। ਮਹਿਲਾਵਾਂ ਨੂੰ ਮੀਨੋਪੌਜ਼ ਅਤੇ ਪੈਰੀਮੀਨੋਪੌਜ਼ ਸਹਾਇਤਾ ਤੱਕ ਵਧੇਰੇ ਪਹੁੰਚ ਮਿਲੇਗੀ ਅਤੇ ਆਸਟ੍ਰੇਲੀਅਨ ਮਰੀਜ਼ ‘ਮਾਈ ਹੈੱਲਥ ਰਿਕਾਰਡ’ ਰਾਹੀਂ ਆਪਣੇ ਪੈਥੋਲੋਜੀ ਨਤੀਜੇ ਹੋਰ ਆਸਾਨੀ ਨਾਲ ਵੇਖ ਸਕਣਗੇ। ਅਸੀਂ ਪਿਛਲੀ ਸਰਕਾਰ ਦੇ ਸਮੇਂ ਮੈਡੀਕੇਅਰ ਵਿੱਚ ਹੋ ਰਹੀ ਵੱਡੀ ਗਿਰਾਵਟ ਨੂੰ ਨਾ ਸਿਰਫ਼ ਰੋਕਿਆ ਹੈ, ਬਲਕਿ ਉਸਨੂੰ ਉਲਟਾਅ ਕੇ ਇਸਨੂੰ ਕਾਫ਼ੀ ਮਜ਼ਬੂਤ ਵੀ ਕੀਤਾ ਹੈ।”

ਆਸਟ੍ਰੇਲੀਆ ਦੀ ਰੁਜ਼ਗਾਰ ਅਤੇ ਵਰਕਪਲੇਸ ਰਿਲੇਸ਼ਨਜ਼ ਮੰਤਰੀ ਅਮਾਂਡਾ ਰਿਸ਼ਵਰਥ ਨੇ ਕਿਹਾ ਹੈ ਕਿ, “ਅੱਜ ਤੋਂ ਮਿਲੀਅਨਾਂ ਆਸਟ੍ਰੇਲੀਅਨ ਕਰਮਚਾਰੀਆਂ ਨੂੰ ਆਪਣੀ ਤਨਖਾਹ ਵਿੱਚ ਅਸਲ ਵਾਧਾ ਦੇਖਣ ਨੂੰ ਮਿਲੇਗਾ, ਕਿਉਂਕਿ ਪਹਿਲੀ ਵਾਰ ਘੱਟੋ-ਘੱਟ ਮਜ਼ਦੂਰੀ 1,000 ਡਾਲਰ ਪ੍ਰਤੀ ਹਫ਼ਤਾ ਤੋਂ ਵੱਧ ਹੋ ਜਾਵੇਗੀ। ਅਸੀਂ ਅਸਲ ਤਨਖਾਹ ਵਾਧੇ ਦਾ ਸਮਰਥਨ ਕੀਤਾ ਹੈ ਕਿਉਂਕਿ ਸਾਡਾ ਧਿਆਨ ਕੰਮ ਕਰਨ ਵਾਲੇ ਲੋਕਾਂ ਦੀ ਮੱਦਦ ਕਰਨ ਅਤੇ ਰਹਿਣ-ਸਹਿਣ ਦੇ ਵਧਦੇ ਖਰਚ ਦੇ ਦਬਾਅ ਨੂੰ ਘਟਾਉਣ ‘ਤੇ ਹੈ। ਸਾਡੀ ਸਰਕਾਰ ਵਧੇਰੀ ਤਨਖਾਹ, ਹਰ ਟੈਕਸ ਭਰਨ ਵਾਲੇ ਲਈ ਟੈਕਸ ਕਟੌਤੀ ਅਤੇ ਕੰਮਕਾਜ ਵਾਲੀਆਂ ਥਾਵਾਂ ‘ਤੇ ਮਜ਼ਬੂਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕਰਮਚਾਰੀ ਵੱਧ ਕਮਾਉਣ ਅਤੇ ਆਪਣੀ ਕਮਾਈ ਦਾ ਵੱਡਾ ਹਿੱਸਾ ਆਪਣੇ ਕੋਲ ਰੱਖਣ।”

ਆਸਟ੍ਰੇਲੀਆ ਦੀ ਸੋਸ਼ਲ ਸਰਵਿਸਜ਼ ਮੰਤਰੀ ਟਾਨਿਆ ਪਲਿਬਰਸੈਕ ਨੇ ਕਿਹਾ ਹੈ ਕਿ, “ਸਰਕਾਰ ਦੇ ‘ਪੇਡ ਪੇਰੈਂਟਲ ਲੀਵ’ ਵਿੱਚ ਕੀਤੇ ਗਏ ਬਦਲਾਵਾਂ ਦਾ ਮਤਲਬ ਹੈ ਕਿ ਕੰਮਕਾਜੀ ਮਾਪਿਆਂ ਨੂੰ ਆਪਣੇ ਪ੍ਰੀਵਾਰ ਵਿੱਚ ਨਵੇਂ ਬੱਚੇ ਦੇ ਆਉਣ ‘ਤੇ ਵੱਧ ਛੁੱਟੀ ਅਤੇ ਵੱਧ ਪੈਸੇ ਮਿਲਦੇ ਹਨ। ਇਹ ਲੇਬਰ ਸਰਕਾਰ ਹੀ ਸੀ ਜਿਸਨੇ ਇਸ ਦੇਸ਼ ਵਿੱਚ ‘ਪੇਡ ਪੇਰੈਂਟਲ ਲੀਵ’ ਸ਼ੁਰੂ ਕੀਤੀ ਸੀ ਅਤੇ ਹੁਣ ਐਲਬਨੀਜ਼ ਸਰਕਾਰ ਇਸਨੂੰ ਵਧਾ ਕੇ ਪੂਰੇ ਛੇ ਮਹੀਨੇ ਦੀ ਛੁੱਟੀ ਤੱਕ ਲੈ ਜਾ ਰਹੀ ਹੈ। ਲੇਬਰ ਪਾਰਟੀ ਆਸਟ੍ਰੇਲੀਅਨ ਪ੍ਰੀਵਾਰਾਂ ਦੀ ਮੱਦਦ ਲਈ ਅਸਲ ਬਦਲਾਅ ਲਿਆਉਂਦੀ ਰਹੇਗੀ।”

Related posts

ਭਾਰਤ-ਅਮਰੀਕਾ ਵਲੋਂ ਨਵੀਂ ਪਹਿਲ ‘ਯੂਐਸ-ਇੰਡੀਆ ਕੰਪੈਕਟ’ ਦਾ ਐਲਾਨ !

admin

ਮੌਰਿਸਨ ਨੇ ਚੀਨੀ ਸੋਸ਼ਲ ਮੀਡੀਆ ਵੀਚੈਟ ਤੋਂ ਆਪਣਾ ਕੰਟਰੋਲ ਗੁਆਇਆ

admin

ਪਾਣੀ ਸੰਕਟ ਦਾ ਹੱਲ: ਰਵਾਇਤੀ ਗਿਆਨ ਅਤੇ ਆਧੁਨਿਕ ਤਕਨਾਲੋਜੀ ਦਾ ਸੰਗਮ !

admin