
ਵਿਗਿਆਨੀਆਂ ਦੀਆਂ ਅਤੇ ਇਤਹਾਸਕਾਰਾਂ ਵਲੋਂ ਸਾਂਝੇ ਤੌਰ ‘ਤੇ ਸਾਲਾਂ ਬੱਧੀ ਕੀਤੀਆਂ ਗਈਆਂ ਖੋਜਾਂ ਤੋਂ ਸਿੱਧ ਹੋਇਆ ਹੈ ਕਿ ਸੁਧਰੇ ਰੂਪ ਵਿਚੋਂ ਮਾਨਸ ਜਾਤ ਨੇ ਅੰਦਾਜਨ ਅੱਜ ਤੋਂ ਕੋਈ ਦੋ ਲੱਖ ਸਾਲ ਪਹਿਲਾਂ ਦੱਖਣੀ ਅਫਰੀਕਾ ‘ਚ ਜਨਮ ਲਿਆ ਸੀ। ਇੱਥੋਂ ਹੀ ਮਾਨਸ ਜਾਤ ਸਾਰੀ ਦੁਨੀਆਂ ਦੀਆਂ ਧਰਤੀਆਂ ਤੱਕ ਪਹੁੰਚੀ ਹੈ। ਇਸੇ ਹੀ ਤਰ੍ਹਾਂ ਕੋਈ ਪੰਜਾਹ ਹਜਾਰ ਸਾਲ ਪਹਿਲਾਂ ਮਾਨਸ ਅੱਜ ਵਾਲੇ ਅਸਟ੍ਰੇਲੀਆ ਦੀ ਧਰਤੀ ‘ਤੇ ਵੀ ਪਹੁੰਚਿਆ। ਉਸ ਵੇਲੇ ਇਸ ਨੂੰ ਬੇਨਾਮ ਧਰਤੀ ਬਿਨਾ ਨਾਮ ਤੋਂ “ਸਾਹੁਲ” ਨਾਮ ਵਾਲੀ “ਦੱਖਣੀ ਅਣਜਾਣ ਧਰਤੀ” ਵਜੋਂ ਜਾਣਿਆ ਜਾਂਦਾ ਸੀ। ਜਿਸ ਨੂੰ ਅੱਜ ਦੇ ਮਾਨਵ ਨੇ ਅਸਟ੍ਰੇਲੀਆ ਦਾ ਨਾਮ ਦਿੱਤਾ ਹੋਇਆ ਹੈ। ਉਸ ਵੇਲੇ ਇਹ ਹੀਮੋ ਅਸਟ੍ਰੇਲੀਆ ਵਿੱਚ ਯੋਰਪੀਨ ਲੋਕਾਂ ਦੇ ਆਉਣ ਤੱਕ ਜੰਗਲਾਂ, ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾਂ ਘਾਹ ਫੁਸ ਦੀਆਂ ਝੌਪੜੀਆਂ ਜਾਂ ਕੁਲੀਆਂ ਬਣਾ ਕੇ ਜਾਨਵਰਾਂ ਵਾਂਗ ਹੀ ਰਹਿੰਦਾ ਰਿਹਾ ਹੈ। ਆਪਣੀ ਭੁੱਖ ਮਿਟਾਉਣ ਲਈ ਪਸ਼ੂ ਪੰਛੀ ਜਾਂ ਜਾਨਵਰ ਮਾਰ ਕੇ ਖਾਂਦਾ ਸੀ ਜਾਂ ਫਿਰ ਦਰਖਤਾਂ ਦੇ ਪੱਤੇ ਫਲ਼ ਫੁੱਲ ਵਗੈਰਾ ਖਾ ਕੇ ਆਪਣਾ ਪੇਟ ਭਰਦਾ ਰਿਹਾ। ਵਿਗਿਆਨੀਆਂ ਵਲੋਂ ਇਨ੍ਹਾਂ ਮੂਲਵਾਸੀਆਂ ਨੂੰ ਓਬਰਿਜਨਲ ਨਸਲ ਦਾ ਨਾਮ ਦਿੱਤਾ ਗਿਆ ਹੈ।
ਇਨ੍ਹਾਂ ਮੂਲਵਾਸੀਆਂ ਦਾ ਪਿਛੋਕੜ ਜਾਨਣ ਲਈ ਵਰਤਮਾਨ ਵਿਗਿਆਨੀਆਂ ਦੀ ਇੱਕ ਟੀਮ ਵਲੋਂ ਡੀ ਐਨ ਏ ਟੈਸਟ ਕਰਨ ਦਾ ਪ੍ਰੋਗਰਾਮ ਤਿਆਰ ਕੀਤਾ। ਜਿਸ ਟੀਮ ਵਿੱਚ ਕਈ ਹੋਰ ਵਿਗਿਆਨੀਆਂ ਸਮੇਤ ਪ੍ਰੋਫੈਸਰ ਡਾਕਟਰ ਮਾਰਕ ਸਟੋਨਕਿੰਗ ਅਤੇ ਡਾਕਟਰ ਆਰੀਨਾ ਪੁਗਚ ਹੋਰੀਂ ਵੀ ਸ਼ਾਮਲ ਹੋਏ ਸਨ। ਇਨ੍ਹਾਂ ਸਾਰਿਆਂ ਨੇ The Max Planck Institute Evolutionary Anthropology in Leipzig, GERMANY ਵਿਖੇ ਅਸਟ੍ਰੇਲੀਅਨ ਓਵਰਿਜਨਲ ਨਸਲ ਦੇ ਲੋਕਾਂ ਸਮੇਤ ਪਾਪੂਆ ਨਿਊ ਗਿਨੀਅਨ, ਫਿਲਪੀਨੀਅਨ, ਮਾਮਾਨਾਵੀਅਨ, ਇੰਡੋਨੇਸ਼ੀਅਨ, ਸਾਊਥ ਈਸਟ ਏਸ਼ੀਅਨ ਦੇਸਾਂ ਦੇ ਲੋਕਾਂ ਸਮੇਤ ਦੱਖਣੀ ਭਾਰਤੀਆਂ ਸਮੇਤ ਇਨ੍ਹਾਂ ਨਾਲ ਲਗਦੇ ਸਾਰੇ ਦੇਸਾਂ ਦੀ ਵੱਖੋ-ਵੱਖਰੀ ਪਾਪੂਲੇਸ਼ਨ ਵਿਚੋਂ 344 ਲੋਕਾਂ ਦੇ (ਡੀ ਐਨ ਏ) ਟੈਸਟ ਲਈ ਲਏ ਗਏ ਨਮੂਨਿਆਂ ਦਾ ਪ੍ਰਯੋਗਸ਼ਾਲਾ ਵਿੱਚ (ਡੀ ਐਨ ਏ) ਟੈਸਟ ਕੀਤਾ ਗਿਆ। ਜਿਸ ਦੀ ਪੂਰੀ ਰਿਪੋਰਟ ਵਿੱਚ ਸਿੱਧ ਹੋਇਆ ਹੈ ਕਿ ਓਬਰਿਜਨਲਾਂ ਦੀ ਪਿੱਛੋਂ 141ਵੀਂ ਨਸਲ 4246 ਸਾਲ ਪਹਿਲਾਂ ਆਏ ਭਾਰਤੀਆਂ ਦੀ ਨਸਲ ਇਨ੍ਹਾਂ ਵਿੱਚ ਜਜਬ ਹੋ ਗਈ ਹੋਈ ਹੈ। ਇਸ ਰਿਪੋਰਟ ਅਨੁਸਾਰ ਅੱਜ ਦੇ ਓਬਰਿਜਨਲ ਲੋਕਾਂ ਵਿੱਚ 11% ਜੀਵਾਣੂ ਅੰਸ਼ ਭਾਰਤੀ ਨਸਲ ਦਾ ਪਾਇਆ ਗਿਆ। ਇਸ ਟੀਮ ਵਲੋਂ ਜਾਰੀ ਕੀਤੀ ਗਈ ਸੱਟਡੀ ਦੀ ਰਿਪੋਰਟ ਨੂੰ ਜਨਰਲ ਪ੍ਰੋਸੀਡਿੰਗ ਆਫ ਨੈਸ਼ਨਲ ਐਕਾਡਮੀ ਆਫ ਸਾਇੰਸ ਵਲੋਂ 14 ਜਨਵਰੀ 2013 ਨੂੰ ਮੀਡੀਏ ‘ਚ ਪ੍ਰਕਾਸ਼ਿਤ ਕਰਨ ਲਈ ਭੇਜਿਆ ਗਿਆ। ਇਹ ਸਾਰੀ ਰਿਪੋਰਟ ਅਸਟ੍ਰੇਲੀਆ ਸਮੇਤ ਦੁਨੀਆਂ ਦੀਆਂ ਕਈ ਵੱਖ-ਵੱਖ ਅਖਬਾਰਾਂ ਜਿਵੇਂ ‘ਇੰਟਰਨੈਸ਼ਨਲ ਬਿਜਨੈੱਸ ਟਾਈਮਜ਼’, ‘ਡੇਲੀ ਮੇਲ’, ‘ਏੇ ਬੀ ਸੀ ਨਿਊਜ’, ‘ਐਸ ਬੀ ਐਸ’ , ‘ਦਾ ਟੈਲੀਗਰਾਫ’, ‘ਦਾ ਸਿਡਨੀ ਮੋਰਨਿੰਗ ਹੈਲਰਡ’, ‘ਟਾਈਮਜ਼ ਆਫ ਇੰਡੀਆ’, ‘ਦਾ ਕਨਵਰਸੇਸਨ’, ‘ਅਸਟ੍ਰੇਲੀਆ ਜੋਗਰਾਫਿਕ’, ‘ਦਾ ਸੀਕਰ’, ‘ਬੀ ਬੀ ਸੀ’ ਆਦਿ ਸਮੇਤ ਮੀਡੀਏ ਵਿੱਚ ਵੱਖੋ-ਵੱਖਰੇ ਸਮਿਆਂ ‘ਚ ਜਿਵੇਂ ਕਿ 14, 15, 16, ਜਨਵਰੀ 2013 ਨੂੰ ਛੱਪ ਗਈ ਸੀ। ਇਹ ਰਿਪੋਰਟ Max Planck Institute Evolutionary Anthropology in Leipzig, GERMANY ਵਲੋਂ common origin for Sahul (Joint Australia with Papuea New Guinea Land mass) ਦੇ ਅਧਾਰ ‘ਤੇ ਵੱਖੋ-ਵੱਖਰੇ ਖੇਤਰਾਂ ਦੀ ਪਾਪੂਲੇਸ਼ਨ ਵਾਲੇ ਲੋਕਾਂ ਦੇ ਨਮੂਨਿਆਂ ਦਾ ਪ੍ਰਯੋਗਸ਼ਾਲਾ ਵਿੱਚ ਡੀ ਐਨ ਏ ਟੈਸਟ ਕਰਕੇ ਪੇਸ਼ ਕੀਤੀ ਗਈ ਸੀ। ਜਿਹੜੀ ਕਿ ਮੀਡੀਏ ਨੇ ਆਪਣੇ ਵਸੀਲਿਆਂ ਰਾਂਹੀ ਲੋਕਾਂ ਤੱਕ ਪਹੁੰਚਾ ਦਿੱਤੀ।
ਇਸ ਰਿਪੋਰਟ ਅਨੁਸਾਰ ਭਾਰਤੀ ਵੰਸ਼ ਦੇ ਲੋਕਾਂ ਦੇ ਜੀਨ ਜੀਵਨ ਕ੍ਰਿਆ ਸੈੱਲ 4246 ਸਾਲ ਪਹਿਲਾਂ ਅਸਟ੍ਰੇਲੀਅਨ ਮੂਲਵਾਸੀ (ਓਬਰਿਜਨਲ) ਨਸਲ ਦੇ ਲੋਕਾਂ ਵਿੱਚ ਮਿਕਸ ਹੋ ਗਏ ਸਿੱਧ ਹੋਏ।ਇਸ ਰਿਪੋਰਟ ਤੋਂ ਇਹ ਸਾਬਤ ਹੋਇਆ ਹੈ ਕਿ ਦੱਖਣੀ ਭਾਰਤੀ ਨਸਲ ਦੇ ਲੋਕ ਅਸਟ੍ਰੇਲੀਅਨ ਓਬਰਿਜਨਲ ਨਸਲ ਦੇ ਲੋਕਾਂ ਦੀ ਪਿੱਛੇ ਤੋਂ 141ਵੀਂ ਨਸਲ ਵਿੱਚ ਮਿਕਸ ਹੋ ਚੁੱਕੇ ਸਨ। ਵਿਗਿਆਨੀਆਂ ਦੀ ਖੋਜ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਰੀ ਦੁਨੀਆਂ ਸਮੇਤ ਅਸਟ੍ਰੇਲੀਆ ਵਿੱਚ ਵੀ ਅਫਰੀਕਨ ਹੀਮੋ ਪਹੁੰਚਣ ਬਾਅਦ ਇਸ ਧਰਤੀ ‘ਤੇ ਪਹਿਲਾ ਪੈਰ ਧਰਨ ਵਾਲੇ ਭਾਰਤੀ ਹਨ। ਜਦੋਂ ਕਿ ਉਸ ਵੇਲੇ ਅਸਟ੍ਰੇਲੀਆ, ਭਾਰਤ ਸਮੇਤ ਬਹੁਤ ਸਾਰੀ ਦੁਨੀਆਂ ਦੇ ਹਿੱਸਿਆਂ ਵਿੱਚ ਸੱਭਿਅਤਾ ਪ੍ਰਫੁੱਲਤ ਨਹੀਂ ਸੀ ਹੋਈ। ਉਸ ਵੇਲੇ ਇਹ ਦੱਖਣੀ ਭਾਰਤੀ ਵੀ ਇੱਥੋਂ ਦੇ ਮੂਲਵਾਸੀਆਂ ਨਾਲ ਮੇਲ ਮਿਲਾਪ ਕਰਕੇ ਇਨ੍ਹਾਂ ਵਿੱਚ ਹੀ ਜਜਬ ਹੋ ਗਏ। ਇਹ ਵਰਤਾਰਾ ਉਦੋਂ ਤੱਕ ਚਲਦਾ ਰਿਹਾ ਜਦੋਂ ਤੱਕ ਸੋਲਵੀਂ ਸਦੀ ਤੋਂ ਲੈ ਕੇ ਅਠਾਰਵੀਂ ਸਦੀ ਤੱਕ ਦੇ ਯੋਰਪੀਅਨ ਸੱਭਿਅਤਾ ਪ੍ਰਾਪਤ ਲੋਕਾਂ ਨੇ ਦੁਨੀਆਂ ਦੀਆਂ ਨਵੀਆਂ ਧਰਤੀਆਂ ਲੱਭਦਿਆਂ ਨੇ ਇਸ ਅਣਜਾਣ ਦੇਸ ਨੂੰ ਨਹੀ ਸੀ ਲੱਭਿਆ। ਪਹਿਲਾਂ ਇਸ ਖਿੱਤੇ ਦੀ ਧਰਤੀ ਨੂੰ ਬੇਨਾਮੀ ਦੱਖਣੀ ਧਰਤੀ ਵਜੋਂ ਜਾਣਿਆ ਜਾਂਦਾ ਸੀ (ਅਨਨਾਊਨ ਸਾਊਥ ਲੈਂਡ)। ਜਿਸ ਨੂੰ ਬਾਅਦ ‘ਚ ਕਈ ਹੋਰ ਨਾਵਾਂ ਨਾਲ ਵੀ ਪੁਕਾਰਿਆ ਗਿਆ। ਜਿਵੇਂ ਕਿ ਪਾਪੁਆ ਨਿਊ ਗਿਨੀ ਨਾਲ ਜੁੜਿਆ ਹੋਣ ਵੇਲੇ ‘ਸਾਹੁਲ’ ਦਾ ਨਾਮ ਦਿੱਤਾ ਗਿਆ ਸੀ। ਬਾਅਦ ‘ਚ ‘ਨਿਊ ਲੈਂਡ’, ਨਿਊ ਹਾਲੈਂਡ, ਤੇਰਾ ਅਸਟ੍ਰੇਲੀਜ਼ ਇਨੋਗਨੀਟਾ, ਅਨ ਨਾਊਨ ਸਾਊਥ ਲੈਂਡ, ਦੱਖਣੀ ਧਰਤੀ, ਭਾਰਤੀ ਪੰਜਾਬੀਆਂ ਵਲੋਂ ਤੇਲੀਆ ਅਤੇ ਹੁਣ ਵਰਤਮਾਨ ਦੁਨੀਆਂ ਨੇ ਇਸ ਧਰਤੀ ਨੂੰ ਅਸਟ੍ਰੇਲੀਆ ਦਾ ਨਾਮ ਦਿੱਤਾ ਹੋਇਆ ਹੈ।
ਇਨ੍ਹਾਂ ਲੋਕਾਂ ਦੇ ਰੰਗ ਰੂਪ ਸ਼ਕਲਾਂ ਅਤੇ ਦਖਣੀ ਭਾਰਤ ਦੀਆਂ ਕਈ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਵੀ ਲੋਕਾਂ ਨਾਲ ਮਿਲਦੇ ਜੁਲਦੇ ਹਨ। ਹਾਲੇ ਤਾਂ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਇਹ ਨਸਲ ਚੁਰਾਈ ਹੋਈ ਨਸਲ ਹੈ। ਅਸਲੀ ਨਸਲ ਨਾਲੋਂ ਬੋਲੀ ਰੀਤੀ ਰਿਵਾਜ ਅਤੇ ਧਾਰਮਿਕ ਪੂਜਾ ਦੇ ਢੰਗ ਤਰੀਕੇ ਵਗੇਰਾ ਤਾਂ ਸੱਭ ਕੁੱਝ ਹੀ ਡਾਢਿਆਂ ਨੇ ਗੁਆ ਦਿੱਤੇ ਸਨ। ਜਦੋਂ ਇਨ੍ਹਾਂ ਦੇ ਚੌਦਾਂ ਸਾਲ ਤੱਕ ਦੇ ਬੱਚਿਆਾਂਂ ਨੂੰ ਜਬਰਦਸਤੀ ਚੁੱਕ ਲਿਆ ਅਤੇ ਉੱਤਲੀ ਉਮਰ ਵਾਲਿਆਂ ਨੂੰ ਮੁਕਾ ਦਿੱਤਾ ਸੀ। ਇਸ ਕਰਕੇ ਇਨ੍ਹਾਂ ਲੋਕਾਂ ਦਾ ਜਿਹੜਾ ਅਸਲੀ ਕਲਚਰ, ਵਿਰਸਾ ‘ਤੇ ਬੋਲੀ ਵਗੈਰਾ ਤਾਂ ਸੱਭ ਗੁਆਚ ਗਿਆ ਹੋਇਆ ਹੈ। ਹੁਣ ਤਾਂ ਉਨ੍ਹਾਂ ਵਿਚੋਂ ਬਚੇ ਹੋਏ ਕੁੱਝ ਅੰਸ਼ ਹੀ ਹਨ। ਇਨ੍ਹਾਂ ਵਰਤਮਾਨ ਖੋਜਾਂ ਦੇ ਅਧਾਰ ‘ਤੇ ਇਹ ਸਾਬਤ ਹੋਇਆ ਹੈ ਕਿ ਸੰਸਾਰ ਵਿੱਚ ਮਾਨਸ ਜਾਤ ਦੇ ਹੋ ਚੁੱਕੇ ਪਸਾਰੇ ਬਾਅਦ ਅਸਟ੍ਰੇਲੀਆ ਦੀ ਧਰਤੀ ‘ਤੇ ਪੱਥਰ ਕਾਲ ਵੇਲੇ ਦੀ ਕਿਸੇ ਸੱਭਿਅਕ ਤਕਨੀਕ ਨੂੰ ਜਾਨਣ ਵਾਲੇ ਪਹਿਲੇ ਪਹੁੰਚੇ ਭਾਰਤੀ ਹਨ ਨਾ ਕਿ ਯੋਰਪ ਤੋਂ ਸੋਲਵੀਂ ਸਤਾਰਵੀਂ ਸਦੀ ‘ਚ ਪਹੁੰਚੇ ਪਹਿਲੇ ਡੱਚ ਜਾਂ ਬ੍ਰਿਟਿਸ਼ ਤੋਂ 1770 ਪਹੁੰਚਿਆ ਕੈਪਟਨ ਜੇਮਜ਼ ਕੁੱਕ।ਜਿਸ ਨੇ ਇਸ ਧਰਤੀ ‘ਤੇ ਪਹਿਲਾ ਪੈਰ ਧਰਨ ਦਾ ਦਾਅਵਾ ਕੀਤਾ ਹੋਇਆ ਹੈ। ਇਸ ਨੇ ਵਾਪਿਸ ਜਾ ਕੇ ਬ੍ਰਿਟਿਸ਼ ਸਰਕਾਰ ਨੂੰ ਇਸ ਧਰਤੀ ਵਾਰੇ ਦਸਿਆ।ਜਿਹੜੀ ਕਿ ਪਹਿਲਾਂ ਹੀ ਇਹੋ ਜਹੀਆਂ ਧਰਤੀਆਂ ‘ਤੇ ਕਬਜਾ ਕਰਨ ਦੀ ਤਾਕ ਵਿੱਚ ਰਹਿੰਦੀ ਸੀ। ਬ੍ਰਿਟਿਸ਼ ਸਰਕਾਰ ਨੇ ਅਸਟ੍ਰੇਲੀਆ ਦੀ ਧਰਤੀ ‘ਤੇ ਆਪਣੇ ਰਾਜ ਹੇਠਲੇ ਅਪਰਾਧੀ ਕਿਸਮ ਦੇ ਅਪਰਾਧੀ ਲੋਕਾਂ ਨੂੰ ਕਾਲੇ ਪਾਣੀ ਦੀ ਸਜਾ ਦੇਣ ਲਈ ਕੈਪਟਨ ਓਰਥਰ ਫਿਲਿਪਸ ਦੀ ਰਹਿਨੁਮਾਈ ਹੇਠ ਗਿਆਰਾਂ ਬੇੜੇ 1788 ਵਿੱਚ ਭੇਜੇ।ਇਨ੍ਹਾਂ ਬੇੜਿਆਂ ਵਿੱਚ ਕਲੋਨੀਆਂ ਬਨਾਉਂਣ ਵਾਲਾ ਕੁੱਝ ਸਮਾਨ ਅਤੇ 1500 ਦੇ ਕਰੀਬ ਇਨਸਾਨ ਸਨ।ਜਿਨ੍ਹਾਂ ਵਿੱਚ ਪੰਦਰਾਂ ਅਫਸਰ ਸਨ ਤੇ 778 ਅਪਰਾਧੀ ਕਿਸਮ ਦੇ ਲੋਕ ਸਨ ਜਿਨ੍ਹਾਂ ਵਿੱਚ 14 ਅਪਰਾਧੀ ਕਿਸਮ ਦੇ ਬੱਚੇ ਵੀ ਸਨ ਅਤੇ 192 ਅਪਰਾਧੀ ਕਿਸਮ ਦੀਆਂ ਜਨਾਨੀਆਂ ਅਤੇ 586 ਅਪਰਾਧੀ ਕਿਸਮ ਦੇ ਆਦਮੀ ਸਨ ਅਤੇ ਹੋਰ ਕਾਮੇ ਸਨ। ਜਿਨ੍ਹਾਂ ਨੇ ਅਸਟ੍ਰੇਲੀਆ ਦੀ ਸਟੇਟ ਨਿਊ ਸਊਥ ਵੇਲਜ਼ ਦੀ ਧਰਤੀ ਵਿਖੇ ਪਹੁੰਚ ਕੇ 26 ਜਨਵਰੀ 1788 ਨੂੰ ਆਪਣੀ ਬ੍ਰਿਟਿਸ਼ ਸਰਕਾਰ ਦਾ ਝੰਡਾ ਗੱਡ ਕੇ ਸਾਰੀ ਦੁਨੀਆਂ ਨੂੰ ਸੁਨੇਹਾ ਦਿੱਤਾ ਕਿ ਇਹ ਬਿਨਾ ਨਾਮ ਵਾਲੀ ਦੱਖਣੀ ਪਾਸੇ ਵਾਲੀ ਵਿਹਲੀ ਪਈ ਧਰਤੀ ਅਸੀਂ ਲੱਭੀ ਹੈ।ਅੱਜ ਤੋਂ ਬਾਅਦ ਇਸ ਧਰਤੀ ਦੇ ਅਸਲੀ ਮਾਲਕ ਅਸੀਂ ਹਾਂ ਅਤੇ ਇਹ ਧਰਤੀ ਬ੍ਰਿਟਿਸ਼ ਸਰਕਾਰ ਦਾ ਹਿੱਸਾ ਹੈ। ਜਿਸ ‘ਤੇ ਉਹੀ ਲੋਕ ਅੱਜ ਤੱਕ ਕਬਜਾ ਕਰੀ ਬੇਠੇ ਹਨ ਇਸ ਧਰਤੀ ਦੇ ਅਸਲੀ ਮਾਲਕਾਂ ਨਾਲ ਤਾਂ ਇਨ੍ਹਾਂ ਲੋਕਾਂ ਨੇ ਜਾਨਵਰਾਂ ਵਰਗਾ ਸਲੂਕ ਕੀਤਾ ਸੀ। ਜਿਨ੍ਹਾਂ ਨੂੰ ਵੋਟ ਪਾਉਂਣ ਦਾ ਅਧਿਕਾਰ ਵੀ ਮਸਾਂ ਬਾਕੀ ਦੁਨੀਆਂ ਦੇ ਦਬਾਓ ਕਾਰਨ ਸਾਰੇ ਅਸਟ੍ਰੇਲੀਆ ਵਿੱਚ 1967 ਵਿੱਚ ਹੀ ਦਿੱਤਾ ਗਿਆ ਹੈ। ਹਜਾਰਾਂ ਸਾਲਾਂ ਤੋਂ ਇਸ ਧਰਤੀ ‘ਤੇ ਰਹਿ ਰਹੇ ਇਨ੍ਹਾਂ ਲੋਕਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਸਮੇਤ ਹੋਰ ਹੱਕ ਵੀ ਦੁਨੀਆਂ ਦੇ ਦਬਾਓ ਪਾਉਂਣ ‘ਤੇ ਮਸਾਂ ਹੀ 179 ਸਾਲਾਂ ਦੀ ਬੜੀ ਜਦੋ ਜਹਿਦ ਕਰਨ ਬਾਅਦ ਮਿਲੇ ਹਨ।
ਦੂਜੇ ਪਾਸੇ ਵਿਗਿਆਨੀਆਂ ਦੀ ਕੀਤੀ ਗਈ ਖੋਜ ਇਹ ਦਰਸਾਉਂਦੀ ਹੈ ਕਿ ਇਹ ਦੇਸ 4246 ਸਾਲ ਪਹਿਲਾਂ ਸੱਭ ਤੋਂ ਪਹਿਲਾਂ ਭਾਰਤੀਆਂ ਨੇ ਲੱਭਿਆ ਸੀ।ਜਿਹੜੇ ਕਿ ਓਬਰਿਜਨਲ ਲੋਕਾਂ ਵਿੱਚ ਹੀ ਜਜਬ ਹੋ ਗਏ। ਜਿਨਾਂ ਵਿੱਚ 11% ਜੀਨ ਭਾਰਤੀ ਨਸਲ ਦਾ ਹਿੱਸਾ ਹਨ। ਜੇ ਕਿਧਰੇ ਚੋਰੀ ਕੀਤੀ ਨਸਲ ਤੋਂ ਪਹਿਲੀਆਂ ਨਸਲਾਂ ਨੂੰ ਮਾਰਿਆ ਨਾ ਜਾਂਦਾ ਤਾਂ ਅੱਜ ਹੋਰ ਵੀ ਬਹੁਤ ਸਾਰੀਆਂ ਸਚਾਈਆਂ ਸਾਹਮਣੇ ਆ ਸਕਦੀਆਂ ਸਨ। ਜਿਹੜੀਆਂ ਕਿ ਜੁਲਮ ਦੀ ਭੇਟ ਚੜ੍ਹ ਗਈਆਂ ਹਨ।
ਅਸਟ੍ਰੇਲੀਆ ਦੇ ਵਿਕਾਸ ਵਿੱਚ ਸੱਭ ਤੋਂ ਵੱਧ ਹਿੱਸਾ ਪਾਉਣ ਵਾਲੇ ਪੰਜਾਬੀਆਂ ‘ਤੇ ਭਾਰਤੀਆਂ ਸਮੇਤ ਬਹੁਤ ਸਾਰੀਆਂ ਕਈ ਹੋਰ ਕੌਮਾਂ ਜਿਨ੍ਹਾਂ ਨੂੰ ਜਲੀਲ ਕਰਨ ਦਾ ਵਰਤਾਰਾ ਸ਼ੁਰੂ ਹੋ ਗਿਆ ਹੈ। ਜਦ ਕਿ ਇਸ ਦੇਸ਼ ਦੇ ਵਿਕਾਸ ਲਈ ਬਹੁਤ ਔਖੇ ‘ਤੇ ਸਖਤ ਮਹਿਨਤ ਨਾਲ ਜੰਗਲ ਕੱਟ ਕੇ ਫਸਲਾਂ ਲੈਣ ਯੋਗ ਜਮੀਨ ਬਣਾਈ। ਇਸ ਤੋਂ ਇਲਾਵਾ ਸੱਭ ਤੋਂ ਵੱਧ ਔਖੇ ‘ਤੇ ਸਖਤ ਸਰੀਰਕ ਕੰਮ ਕਰ ਕੇ ਦੇਸ਼ ਦੇ ਇੱਕ ਥਾਂ ਤੋਂ ਦੂਜੇ ਥਾਂ ਜਾਣ ਲਈ ਸੜਕਾਂ ਦੇ ਨਿਰਮਾਣ ਵਿਚ ਯੋਗਦਾਨ ਪਾਇਆ। ਇਨ੍ਹਾਂ ਵਲੋਂ ਹੀ ਰੇਲ ਗੱਡੀਆਂ ਦੀਆਂ ਲਾਈਨਾਂ ਦੇ ਟਰੈਕ ਵਿਛਾਏ ਗਏ। ਘੋੜਾ ਗੱਡੀਆਂ ਰਾਹੀਂ ਹਾਕਰ ਵਜੋਂ ਖਾਣ ਪੀਣ ਦਾ ਸਮਾਨ ਜਿੱਥੇ ਨਹੀਂ ਪਹੁੰਚ ਸਕਦਾ ਸੀ ਉੱਥੇ ਪਹੁੰਚਾਉਂਦੇ ਰਹੇ। ਹੁਣ ਇਨ੍ਹਾਂ ਪੰਜਾਬੀਆਂ ਦੀ ਸ਼ਾਨ ਵਾਰੇ ਵੀ ਬਹੁਤ ਭੱਦੇ ਤੰਜ ਕਸਣ ਦੇ ਨਾਲ ਹੀ ਇਨ੍ਹਾਂ ਨੂੰ ਬਾਹਰ ਕੱਢਣ ਦੀਆਂ ਸਾਜਸ਼ਾਂ ਵੀ ਘੜੀਆਂ ਜਾ ਰਹੀਆਂ ਹਨ। ਇਹ ਵੀ ਉਨ੍ਹਾਂ ਲੋਕਾਂ ਵਲੋਂ ਜਿਹੜੇ ਇਸ ਦੇਸ਼ ਵਿੱਚ ਆਪ ਵੀ ਬਾਹਰੋਂ ਆਏ ਹੋਏ ਹਨ। ਉਹ ਇਸ ਦੇਸ਼ ‘ਤੇ ਅਪਣਾ ਹੀ ਹੱਕ ਜਮਾ ਕੇ ਬਾਕੀਆਂ ਨੂੰ ਬਾਹਰ ਕੱਢਣ ਸਮੇਤ ਹੋਰ ਕੋਈ ਵੀ ਨਾ ਇੱਥੇ ਆ ਸਕੇ ਦੀਆਂ ਵਿਊਂਤਾਂ ਬਣਾ ਰਹੇ ਹਨ। ਇਸ ਤੋਂ ਇਲਾਵਾ ਇੱਥੋਂ ਦੇ ਪ੍ਰਵਾਸੀ ਨਿਯਮਾਂ ਵੀ ਤਬਦੀਲੀਆਂ ਵਾਲੇ ਕਨੂੰਨ ਘੜ੍ਹ ਕੇ ਅਪਣੀਆਂ ਹੀ ਕੁਰਸੀਆਂ ਨੂੰ ਸਦਾ ਲਈ ਪੱਕਾ ਕਰਨ ਦੇ ਯਤਨਾਂ ਵਿੱਚ ਹਨ। ਇਸ ਸੱਭ ਕੁੱਝ ਦੇ ਨਾਲ ਹੀ ਭਾਰਤੀਆਂ ਸਮੇਤ ਪੰਜਾਬੀਆਂ ਅਤੇ ਹੋਰ ਕੌਮਾਂ ਨੂੰ ਵੀ ਸਮਾਂ ਇਹ ਕਹਿ ਰਿਹਾ ਹੈ ਜਰਾ ਬਚ ਕੇ ‘ਤੇ ਸੰਭਲ-ਸ਼ੰਭਲ ਕੇ ਕਦਮ ਰੱਖੋ।
