ਆਸਟ੍ਰੇਲੀਆ ਵਿੱਚ 1 ਜੁਲਾਈ 2026 ਤੋਂ ਟੈਕਸ, ਤਨਖ਼ਾਹ, ਸਰਕਾਰੀ ਭੱਤਿਆਂ, ਸੁਪਰਐਨੂਏਸ਼ਨ, ਬਿਜਲੀ ਦੇ ਬਿੱਲਾਂ ਅਤੇ ਮੋਬਾਈਲ ਟੈਕਸਟ ਸੁਨੇਹਿਆਂ ਨਾਲ ਜੁੜੇ ਕਈ ਮਹੱਤਵਪੂਰਨ ਬਦਲਾਅ ਲਾਗੂ ਹੋ ਰਹੇ ਹਨ। ਇਨ੍ਹਾਂ ਦਾ ਅਸਰ ਲੱਖਾਂ ਕਰਮਚਾਰੀਆਂ, ਪਰਿਵਾਰਾਂ, ਕਾਰੋਬਾਰਾਂ ਅਤੇ ਰਿਟਾਇਰਮੈਂਟ ਲਈ ਬਚਤ ਕਰਨ ਵਾਲੇ ਲੋਕਾਂ ‘ਤੇ ਪਵੇਗਾ।
ਆਸਟ੍ਰੇਲੀਆ ਦੇ ਵਿੱਚ 1 ਜੁਲਾਈ ਤੋਂ ਹੋਣ ਜਾ ਰਹੇ ਕਈ ਵੱਡੇ ਬਦਲਾਆਂ ਦੀ ਜਾਣਕਾਰੀ ਹੇਠਾਂ ਦਿੱਤੀ ਜਾ ਰਹੀ ਹੈ:
- ਫੇਅਰ ਵਰਕ ਕਮਿਸ਼ਨ ਦੇ ਫੈਸਲੇ ਅਨੁਸਾਰ ਐਵਾਰਡ ਵੇਜ ‘ਤੇ ਕੰਮ ਕਰਨ ਵਾਲੇ ਕਰੀਬ 27 ਲੱਖ ਕਰਮਚਾਰੀਆਂ ਦੀ ਤਨਖ਼ਾਹ ਵਿੱਚ 4æ75 ਫ਼ੀਸਦੀ ਵਾਧਾ ਹੋਵੇਗਾ। ਘੱਟੋ-ਘੱਟ ਤਨਖ਼ਾਹ ਲੈਣ ਵਾਲੇ ਕਰਮਚਾਰੀਆਂ ਦੀ ਤਨਖ਼ਾਹ 6 ਫ਼ੀਸਦੀ ਵਧੇਗੀ।
- ਹੁਣ ਸੁਪਰ ਕੰਟਰੀਬਿਊਸ਼ਨ ਰਕਮ ਹਰ ਤਿੰਨ ਮਹੀਨੇ ਦੀ ਬਜਾਏ ਤਨਖ਼ਾਹ ਵਾਲੇ ਦਿਨ ਹੀ ਜਮ੍ਹਾਂ ਕਰਨਗੇ। ਇਸ ਨਾਲ ਲੰਬੇ ਸਮੇਂ ਵਿੱਚ ਵਿਆਜ ਦੇ ਕਾਰਨ ਕਰਮਚਾਰੀਆਂ ਦੀ ਸੁਪਰ ਬੱਚਤ ਹੋਰ ਵੱਧ ਸਕੇਗੀ।
- 2025 ਦੇ ਫੈਡਰਲ ਬਜਟ ਅਨੁਸਾਰ 18,201 ਤੋਂ 45,000 ਡਾਲਰ ਸਾਲਾਨਾ ਆਮਦਨ ਵਾਲਿਆਂ ਲਈ ਸਭ ਤੋਂ ਘੱਟ ਟੈਕਸ ਦਰ 16 ਫ਼ੀਸਦੀ ਤੋਂ ਘਟਾ ਕੇ 15 ਫ਼ੀਸਦੀ ਕਰ ਦਿੱਤੀ ਜਾਵੇਗੀ। ਇਸ ਨਾਲ ਇੱਕ ਵਿਅਕਤੀ ਹਰ ਸਾਲ 268 ਡਾਲਰ ਤੱਕ ਟੈਕਸ ਦੀ ਬੱਚਤ ਕਰ ਸਕੇਗਾ।
- ਜਿਨ੍ਹਾਂ ਲੋਕਾਂ ਦੇ ਸੁਪਰ ਖਾਤੇ ਵਿੱਚ 3 ਮਿਲੀਅਨ ਡਾਲਰ ਤੋਂ ਵੱਧ ਰਕਮ ਹੈ, ਉਨ੍ਹਾਂ ਨੂੰ ਵਾਧੂ 15 ਫ਼ੀਸਦੀ ਟੈਕਸ ਦੇਣਾ ਹੋਵੇਗਾ। 3 ਮਿਲੀਅਨ ਡਾਲਰ ਤੋਂ ਵੱਧ ਬੈਲੈਂਸ ਵਾਲਿਆਂ ਲਈ ਇਸ ਤੋਂ ਇਲਾਵਾ ਹੋਰ 10 ਫ਼ੀਸਦੀ ਟੈਕਸ ਵੀ ਲਾਗੂ ਹੋਵੇਗਾ।
- ਕੰਮ ਨਾਲ ਜੁੜੇ ਖਰਚਿਆਂ ਲਈ 1,000 ਡਾਲਰ ਤੱਕ ਦੀ ਤੁਰੰਤ ਟੈਕਸ ਛੋਟ ਦਾ ਪ੍ਰਬੰਧ ਕੀਤਾ ਗਿਆ ਹੈ। ਹਾਲਾਂਕਿ ਟੈਕਸਦਾਤਾ ਇਸ ਬਦਲ ਨੂੰ ਜੁਲਾਈ 2027 ਤੋਂ ਚੁਣ ਸਕਣਗੇ।
- ਨਵੇਂ ਮਾਪਿਆਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਦੋ ਹਫ਼ਤਿਆਂ ਦੀ ਵਾਧੂ ਤਨਖ਼ਾਹ ਸਮੇਤ ਮਾਤਾ-ਪਿਤਾ ਛੁੱਟੀ ਮਿਲੇਗੀ। ਇਸ ਨਾਲ ਕੁੱਲ ਛੁੱਟੀ ਵਧ ਕੇ ਛੇ ਮਹੀਨੇ ਹੋ ਜਾਵੇਗੀ।
- ਫੈਮਿਲੀ ਟੈਕਸ ਬੇਨੀਫਿਟ ਮਹਿੰਗਾਈ ਦੇ ਹਿਸਾਬ ਨਾਲ ਵਧਾਇਆ ਜਾਵੇਗਾ। ਨਾਲ ਹੀ ਜੌਬਸੀਕਰ ਅਤੇ ਡਿਸਏਬਿਲਿਟੀ ਸਪੋਰਟ ਪੈਨਸ਼ਨ ਵਰਗੇ ਹੋਰ ਸੈਂਟਰਲਿੰਕ ਭੱਤਿਆਂ ਲਈ ਯੋਗਤਾ ਦੀ ਆਮਦਨ ਸੀਮਾ ਵੀ ਵਧੇਗੀ।
- ਹੁਣ ਟੈਕਸਟ ਸੁਨੇਹੇ ਭੇਜਣ ਵਾਲਿਆਂ ਲਈ ਨਵਾਂ ਸੈਂਡਰ ਆਈਡੀ ਰਜਿਸਟਰ ਨਿਯਮ ਲਾਗੂ ਹੋਵੇਗਾ, ਜਿਸ ਨਾਲ ਜਾਅਲੀ ਅਤੇ ਧੋਖਾਧੜੀ ਵਾਲੇ ਸਪੈਮ ਨੂੰ ਰੋਕਣ ਵਿੱਚ ਮੱਦਦ ਮਿਲੇਗੀ।
- ਫਿਊਲ ਐਕਸਾਈਜ਼ ਵਿੱਚ ਛੋਟ ਹੌਲੀ-ਹੌਲੀ ਖਤਮ ਕੀਤੀ ਜਾ ਰਹੀ ਹੈ। ਇਸ ਕਾਰਨ 1 ਜੁਲਾਈ ਤੋਂ ਤੇਲ ਦੀਆਂ ਕੀਮਤਾਂ ਵਿੱਚ ਲਗਭਗ 16 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ।
- ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਸਾਊਥ-ਈਸਟ ਕੁਈਨਜ਼ਲੈਂਡ ਦੇ ਜ਼ਿਆਦਾਤਰ ਘਰਾਂ ਦੇ ਬਿਜਲੀ ਬਿੱਲ ਘੱਟ ਹੋਣ ਦੀ ਉਮੀਦ ਹੈ। ਜਦਕਿ ਸਾਊਥ ਆਸਟ੍ਰੇਲੀਆ ਦੇ ਕਈ ਘਰਾਂ ਵਿੱਚ ਬਿਜਲੀ ਦੇ ਬਿੱਲਾਂ ਵਿੱਚ ਹਲਕਾ ਵਾਧਾ ਹੋ ਸਕਦਾ ਹੈ।
- ਕੋਲਜ਼ ਅਤੇ ਵੂਲਵਰਥਸ ਨੂੰ ਨਵੇਂ ਕੀਮਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਤਾਂ ਜੋ ਗਾਹਕਾਂ ਤੋਂ ਕਿਸੇ ਵੀ ਸਮਾਨ ਲਈ ਬੇਹੱਦ ਵੱਧ ਕੀਮਤ ਨਾ ਵਸੂਲੀ ਜਾ ਸਕੇ।
- 1 ਬਿਲੀਅਨ ਡਾਲਰ ਤੋਂ ਘੱਟ ਸਾਲਾਨਾ ਟਰਨਓਵਰ ਵਾਲੇ ਛੋਟੇ ਕਾਰੋਬਾਰ ਪਿਛਲੇ ਸਾਲਾਂ ਦੇ ਮੁਨਾਫ਼ੇ ਨੂੰ ਔਫ਼ਸੈੱਟ ਕਰਨ ਦੇ ਲਈ ਟੈਕਸ ਨੁਕਸਾਨ ਨੂੰ ਕੈਰੀ ਬੈਕ ਕਰ ਸਕਣਗੇ।
- ਵਕੀਲਾਂ, ਅਕਾਊਂਟੈਂਟਾਂ, ਕਨਵੇਅੰਸਰਾਂ, ਰੀਅਲ ਐਸਟੇਟ ਏਜੰਟਾਂ ਅਤੇ ਗਹਿਣਿਆਂ ਦੇ ਕਾਰੋਬਾਰੀਆਂ ਨੂੰ ਹੁਣ ਆਪਣੇ ਗਾਹਕਾਂ ਦੀ ਪਛਾਣ ਦੀ ਜਾਂਚ ਲਈ ਰਿਕਾਰਡ ਰੱਖਣ ਦੀ ਪ੍ਰਣਾਲੀ ਹੋਰ ਮਜ਼ਬੂਤ ਕਰਨੀ ਜਰੂਰੀ ਹੋਵੇਗੀ।
- ਰੈਸਟੋਰੈਂਟਾਂ ਨੂੰ ਹੁਣ ਸੀਫੂਡ ‘ਤੇ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਉਹ ਆਸਟ੍ਰੇਲੀਆ ਦਾ ਹੈ, ਵਿਦੇਸ਼ ਤੋਂ ਆਇਆ ਹੈ, ਜਾਂ ਦੋਵਾਂ ਦਾ ਮਿਲਿਆ-ਜੁਲਿਆ ਉਤਪਾਦ ਹੈ।
