ਅੰਮ੍ਰਿਤਸਰ – ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ‘ਚ ਹੋਈ ਵੱਡੀ ਜਿੱਤ ਤੋਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ‘ਵਿਜੈ ਯਾਤਰਾ’ ਕੱਢੀ ਅਤੇ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਯਾਤਰਾ ‘ਚ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਦੇਖਣ ਅਤੇ ਮਾਣ ਵਧਾਉਣ ਲਈ ਪੰਜਾਬ ਦੇ ਕੋਨੇ- ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ ਅਤੇ ਥਾਂ – ਥਾਂ ਫੁੱਲ ਬਰਸਾ ਕੇ ਲੋਕਾਂ ਨੇ ਦੋਵੇਂ ਆਗੂਆਂ ਦਾ ਸਵਾਗਤ ਕੀਤਾ।
ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ”ਲਵ ਯੂ ਪੰਜਾਬ, ਆਪਨੇ ਕਮਾਲ ਕਰ ਦਿੱਤਾ। ਪੂਰੀ ਦੁਨੀਆਂ ਵਿੱਚ ਅਜਿਹਾ ਇਨਕਲਾਬ ਸਿਰਫ਼ ਪੰਜਾਬੀ ਹੀ ਕਰ ਸਕਦੇ ਹਨ। ਅੱਜ ਪੂਰੇ ਵਿਸ਼ਵ ‘ਚ ਪੰਜਾਬ ਦੇ ਇਨਕਲਾਬ ਦੀ ਚਰਚਾ ਹੋ ਰਹੀ ਹੈ। ਦੁਨੀਆਂ ਨੂੰ ਪਤਾ ਸੀ ਕਿ ਪੰਜਾਬ ਦੇ ਲੋਕ ਇਨਕਲਾਬੀ ਹੁੰਦੇ ਹਨ। ਇਨਾਂ ਚੋਣਾ ‘ਚ ਇਸ ਨੂੰ ਫਿਰ ਤੋਂ ਸਿੱਧ ਕਰ ਦਿੱਤਾ। ਸਾਰੇ ਵੱਡੇ ਆਗੂ ਜੋ ਖੁਦ ਨੂੰ ਕਦਾਵਰ ਅਤੇ ਨਾ ਹਾਰਨ ਵਾਲੇ ਸਮਝਦੇ ਸਨ, ਆਪਨੇ ਸਾਰਿਆਂ ਦਾ ਹੰਕਾਰ ਤੋੜ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਦਹਾਕਿਆਂ ਬਾਅਦ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਸਾਡਾ ਭਗਵੰਤ ਮਾਨ ਕੱਟੜ ਇਮਾਨਦਾਰ ਹੈ। ਪੰਜਾਬ ਦੀ ਸਰਕਾਰ ਇਮਾਨਦਾਰ ਸਰਕਾਰ ਹੋਵੇਗੀ। ਜੇ ਸਾਡਾ ਕੋਈ ਵੀ ਵਿਧਾਇਕ ਜਾਂ ਮੰਤਰੀ ਗਲਤ ਕੰਮ ਕਰੇਗਾ ਜਾਂ ਸੱਤਾ ਦਾ ਦੁਰਪ੍ਰਯੋਗ ਕਰੇਗਾ ਤਾਂ ਉਸ ਦੇ ਖ਼ਿਲਾਫ਼ ਤੁਰੰਤ ਕਾਰਵਾਈ ਹੋਵੇਗੀ। 16 ਮਾਰਚ ਨੂੰ ਖਟਕੜ ਕਲਾਂ ਵਿੱਚ ਕੇਵਲ ਭਗਵੰਤ ਮਾਨ ਹੀ ਨਹੀਂ ਪੰਜਾਬ ਦੇ ਸਾਰੇ ਲੋਕ ਮੁੱਖ ਮੰਤਰੀ ਬਣਨਗੇ। ਸਭ ਨੂੰ ਅਪੀਲ ਹੈ ਕਿ ਆਪ ਸਾਰੇ ਸਹੁੰ ਚੁੱਕ ਸਮਾਗਮ ਦੀ ਸ਼ੋਭਾ ਵਧਾਉਣ ਲਈ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਭੂਮੀ ਖਟਕੜ ਕਲਾਂ ‘ਚ ਪਹੁੰਚੋਂ ਅਤੇ ਇਸ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਹੋ ਕੇ ਨਵਾਂ ਪੰਜਾਬ ਬਣਾਉਣ ਦੀ ਸ਼ੁਰੂਆਤ ਕਰੋ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਤਰੱਕੀ ਦੇ ਮਾਰਗ ‘ਤੇ ਲੈ ਕੇ ਜਾਵੇਗੀ ਅਤੇ ਰੰਗਲਾ ਪੰਜਾਬ ਬਣਾਏਗੀ। ਇੱਕ ਇੱਕ ਸਰਕਾਰੀ ਪੈਸਾ ਲੋਕਾਂ ‘ਤੇ ਖਰਚ ਕਰਾਂਗੇ। ਜਨਤਾ ਦੇ ਪੈਸੇ ਨਾਲ ਜਨਤਾ ਦੇ ਕੰਮ ਹੋਣਗੇ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਹਨ, ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ। ਥੋੜਾ ਸਮਾਂ ਲੱਗ ਸਕਦਾ ਹੈ, ਪਰ ਕੋਈ ਗਰੰਟੀ ਅਧੂਰੀ ਨਹੀਂ ਰਹੇਗੀ।
ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨਾਂ (ਲੋਕਾਂ) ਨੇ ਇਤਿਹਾਸ ਰਚ ਦਿੱਤਾ। ਸਾਰੀਆਂ ਰਿਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਆਪਸ ਵਿੱਚ ਮਿਲ ਗਈਆਂ ਸਨ, ਪਰ ਪੰਜਾਬ ਦੇ ਇਨਕਲਾਬੀ ਲੋਕ ਇਨਾਂ ਖ਼ਿਲਾਫ਼ ਇੱਕਠੇ ਹੋ ਗਏ ਅਤੇ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੂੰ ਜਿੱਤਾ ਦਿੱਤਾ। ਮਾਨ ਨੇ ਕਿਹਾ ਕਿ 20 ਦਿਨ ਭੁੱਖ ਹੜਤਾਲ ਕਰਕੇ ਅਤੇ ਲੰਬਾ ਸੰਘਰਸ਼ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਸੀ। ਲੋਕਾਂ ਵੱਲੋਂ ਦਿੱਤੇ ਚੰਦੇ ‘ਤੇ ਦਿੱਲੀ ‘ਚ ਚੋਣ ਲੜੀ ਅਤੇ ਸਰਕਾਰ ਬਣਾਈ। ਦੇਸ਼ ਦੀ ਰਾਜਨੀਤੀ ਤੋਂ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਖ਼ਤਮ ਕਰ ਕੇ ਆਮ ਲੋਕਾਂ ਦੀ ਭਲਾਈ ਦੀ ਰਾਜਨੀਤੀ ਕਰਨਾ ਹੀ ਆਮ ਆਦਮੀ ਪਾਰਟੀ ਦਾ ਉਦੇਸ਼ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਅਤੇ ਉਨਾਂ ਦੀ ਸੁਰੱਖਿਆ ਪੱਕੀ ਕਰੇਗੀ। ਆਮ ਲੋਕਾਂ ਦੀ ਸੁਰੱਖਿਆ ਲਈ ਹੀ ਸਰਕਾਰ ਬਣਨ ਤੋਂ ਪਹਿਲਾਂ ਹੀ 122 ਆਗੂਆਂ ਦੀ ਸਕਿਉਰਟੀ ਵਾਪਸ ਲਈ ਗਈ ਹੈ। ਇਸ ਫ਼ੈਸਲੇ ਨਾਲ ਸੈਂਕੜੇ ਪੁਲੀਸ ਮੁਲਾਜ਼ਮ ਆਗੂਆਂ ਦੀ ਸੁਰੱਖਿਆ ਛੱਡ ਕੇ ਜਨਤਾ ਦੀ ਸੁਰੱਖਿਆ ਵਿੱਚ ਲੱਗ ਗਏ ਹਨ ਅਤੇ 17 ਪੁਲੀਸ ਦੀਆਂ ਗੱਡੀਆਂ ਆਗੂਆਂ ਤੋਂ ਮੁਕਤ ਹੋ ਗਈਆਂ। ਹੁਣ ਪੁਲੀਸ ਦੇ ਜਵਾਨ ਆਗੂਆਂ, ਮੰਤਰੀਆਂ ਦੀਆਂ ਕੋਠੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਕਰਨ ਦੀ ਥਾਂ ਜਨਤਾ ਦੀ ਸੁਰੱਖਿਆ ਵਿੱਚ ਤਾਇਨਾਤ ਹੋਣਗੇ। ਪੁਲੀਸ ਕੇਵਲ ਪੁਲੀਸ ਦਾ ਕੰਮ ਕਰੇਗੀ ਅਤੇ ਆਮ ਲੋਕਾਂ ਲਈ ਸੁਰੱਖਿਅਤ ਮਹੌਲ ਤਿਆਰ ਕਰੇਗੀ। ਮਾਨ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ। ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਹੈ। ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਬਚਾਅ ਕੇ ਰੱਖਣਾ ਹੈ ਅਤੇ ਉਸ ਨੂੰ ਅੱਗੇ ਵਧਾਉਣਾ ਹੈ। ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਆਪਣੇ ਮਹਾਨ ਆਜ਼ਾਦੀ ਘੋਲਾਟੀਆਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਉਨਾਂ ਦੀ ਕਰਾਂਤੀ ਨੂੰ ਇੱਕ ਇੱਕ ਵਿਅਕਤੀ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਨੂੰ ਰਾਜ ਭਵਨ ਤੋਂ ਕੱਢ ਕੇ ਸ਼ਹੀਦਾਂ ਦੀ ਭੂਮੀ ਖਟਕੜ ਕਲਾਂ ‘ਚ ਲੈ ਕੇ ਜਾ ਰਹੇ ਹਾਂ। ਮਾਨ ਨੇ ਲੋਕਾਂ ਨੂੰ ਇਸ ਇਤਿਹਾਸਕ ਦਿਨ ਮੌਕੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਬਿਹਤਰੀ ਲਈ ਪ੍ਰਣ ਲੈਣ ਲਈ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ‘ਆਪ’ ਹੀ ਹੈ, ਜਿਸ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕਰਵਾ ਕੇ ਰੀਤ ਨੂੰ ਤੋੜਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਰਾਜ ਭਵਨ ਵਿਖੇ ਅਜਿਹੇ ਸਮਾਗਮ ਕਰਵਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ਼ ਸਾਡੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ। ਲੋਕਾਂ ਦਾ ਧੰਨਵਾਦ ਕਰਦਿਆਂ ਮਾਨ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ‘ਆਪ’ ਦੀ ਅਹਿਮੀਅਤ ਨੂੰ ਘਟਾ ਕੇ ਨਵੀਂ ਸਰਕਾਰ ਬਣਾਉਣ ਲਈ ਕਮਰ ਕੱਸ ਰਹੀਆਂ ਸਨ ਪਰ ਲੋਕਾਂ ਦੀ ਏਕਤਾ ਨੇ ‘ਆਪ’ ਦੇ ਹੱਕ ‘ਚ 92 ਸੀਟਾਂ ਦੇ ਵੱਡੇ ਫਤਵੇ ਨਾਲ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਭਗਵੰਤ ਮਾਨ ਨੇ ਹਰ ਪੰਜਾਬ ਵਾਸੀਆਂ ਨੂੰ ਸਹੁੰ ਚੁੱਕ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ। ਸਾਰੇ ਪੰਜਾਬੀਆਂ ਨੇ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਉਥੇ ਪਹੁੰਚ ਕੀਤੀ। ਭਗਤ ਸਿੰਘ ਦੀ ਸੋਚ ਨੂੰ ਸਲਾਮ ਕਰਨਾ ਬਣਦਾ ਹੈ ਅਤੇ ਉਸ ਦੀ ਸੋਚ ਦੀ ਮਹਿਕ ਘਰ-ਘਰ ਪਹੁੰਚਾਉਣੀ ਪੈਂਦੀ ਹੈ। ਸੋਗੰਧ ਸਿਰਫ਼ ਉਹ ਨਹੀਂ ਹੈ, ਹਰ ਕੋਈ ਇਸ ਨੂੰ ਸੰਭਾਲੇਗਾ ਅਤੇ ਹਰ ਕੋਈ ਮੁੱਖ ਮੰਤਰੀ ਬਣੇਗਾ।
ਇਸ ਰੋਡ ਸ਼ੋਅ ਤੋਂ ਪਹਿਲਾਂ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮਤੀਰਥ ਵਿਖੇ ਮੱਥਾ ਟੇਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲਿਆਂਵਾਲਾ ਬਾਗ ਵਿਖੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਨੇ ਦੁਰਗਿਆਨਾ ਮੰਦਿਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੱਫੀ ਪਾਈ। ਅਖੀਰ ਕੇਜਰੀਵਾਲ ਭਗਵੰਤ ਮਾਨ ਰਾਮਤੀਰਥ ਗਏ ਅਤੇ ਉਥੋਂ ਕਚਹਿਰੀ ਚੌਕ ਪਹੁੰਚੇ ਅਤੇ ‘ਆਪ’ ਦੇ ਜੇਤੂ ਜਲੂਸ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਕਰੀਬ 2 ਵਜੇ ਕਚਿਹਰੀ ਚੌਕ ਤੋਂ ਰੋਡ ਸ਼ੋਅ ਸ਼ੁਰੂ ਹੋਇਆ। ਵਿਧਾਨ ਸਭਾ ਚੋਣਾਂ-2022 ਦੌਰਾਨ ਹਾਲ ਹੀ ਵਿੱਚ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕੱਢੇ ਗਏ ਰੋਡ ਸ਼ੋਅ ਦੌਰਾਨ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਲੋਕਾਂ ਦਾ ਹੜ੍ਹ ਆ ਗਿਆ। ਸੜਕਾਂ ਦੇ ਦੋਵੇਂ ਪਾਸੇ ਖੜ੍ਹੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਸਨ ਅਤੇ ਜੋਸ਼ ਨਾਲ ‘ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ ਅਤੇ ਬੋਲੇ ਸੋ ਨਿਹਾਲ…’ ਦੇ ਨਾਅਰੇ ਲਗਾਉਂਦੇ ਹੋਏ ਤਖ਼ਤੀਆਂ, ਝੰਡੇ ਅਤੇ ਤਿਰੰਗੇ ਫੜ ਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਸਥਾਨਕ ਕਚਹਿਰੀ ਚੌਕ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਖੁੱਲ੍ਹੇ ਵਾਹਨ ਵਿੱਚ ਸਵਾਰ ਸਨ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ, ਨਵੇਂ ਚੁਣੇ ਗਏ ਵਿਧਾਇਕ, ਸੀਨੀਅਰ ਆਗੂ ਅਤੇ ਵਲੰਟੀਅਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ। ਇਹ ਰੋਡ ਸ਼ੋਅ 4-ਐੱਸ ਚੌਕ ਵਿਖੇ ਸਮਾਪਤ ਹੋਇਆ। ਸ਼ਾਮ 4 ਵਜੇ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦਾ ਕਾਫਲਾ ਏਅਰਪੋਰਟ ਲਈ ਰਵਾਨਾ ਹੋਇਆ। ਕੇਜਰੀਵਾਲ ਇੱਥੋਂ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋਏ ਜਦਕਿ ਭਗਵੰਤ ਮਾਨ ਸੜਕ ਮਾਰਗ ਰਾਹੀਂ ਸੰਗਰੂਰ ਲਈ ਰਵਾਨਾ ਹੋਏ। ਇਸ ਤੋਂ ਇੱਕ ਘੰਟੇ ਬਾਅਦ ਭਗਵੰਤ ਮਾਨ ਦਿੱਲੀ ਲਈ ਰਵਾਨਾ ਹੋ ਗਏ ਜਿਥੇ ਉਹ ਕੇਜਰੀਵਾਲ ਦੀ ਸਹਿਮਤੀ ਦੇ ਨਾਲ ਪੰਜਾਬ ਦੇ ਨਵੇਂ ਮੰਤਰੀਆਂ ਦੀ ਆਖਰੀ ਸੂਚੀ ਨੂੰ ਤਿਆਰ ਕਰਨਗੇ। ਇਹਨਾਂ ਮੰਤਰੀਆਂ ਨੂੰ ਵੀ ਖਟਕੜ ਕਲਾਂ ਵਿਖੇ 16 ਮਾਰਚ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਦੇ ਵਿੱਚ ਸਹੁੰ ਚਕਾਈ ਜਾਵੇਗੀ।
ਆਪ ਦੇ ਜੇਤੂ ‘ਰੋਡ ਸ਼ੋਅ’ ‘ਤੇ ਵਿਵਾਦਾਂ ਦਾ ਪ੍ਰਛਾਵਾਂ
ਪੰਜਾਬ ‘ਚ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਐਤਵਾਰ ਨੂੰ ਅੰਮ੍ਰਿਤਸਰ ‘ਚ ‘ਜੇਤੂ ਜਲੂਸ’ ਨੂੰ ਸਫਲ ਬਣਾਉਣ ਵਿੱਚ ਸਰਕਾਰੀ ਅਮਲੇ ਤੇ ਮਸ਼ੀਨਰੀ ਦੀ ਦੁਰਵਰਤੋਂ ਦੇ ਵੀ ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਜਿੱਤ ਦੇ ਜਲੂਸ ਦਾ ਸਾਰਾ ਖਰਚਾ ਸੂਬਾ ਸਰਕਾਰ ਨੇ ਚੁੱਕਿਆ ਹੈ। ਇਸ ਤੋਂ ਬਾਅਦ ਭਗਵੰਤ ਮਾਨ ਅਤੇ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹਨ। ਇਸ ਦੌਰਾਨ ਲੋਕਾਂ ਨੂੰ ਰੋਡ ਸ਼ੋਅ ਵਿੱਚ ਲਿਜਾਣ ਲਈ ਰੋਡਵੇਜ਼ ਦੀਆਂ ਬੱਸਾਂ ਦੀ ਵਰਤੋਂ ਕੀਤੀ ਗਈ।
ਕਾਂਗਰਸ ਦੇ ਨਵੇਂ ਚੁਣੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਜਿੱਤ ਦੇ ਜੇਤੂ ਜਲੂਸ’ ‘ਤੇ ਉਂਗਲ ਉਠਾਈ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਪੱਤਰ ਵੀ ਸਾਂਝਾ ਕੀਤਾ ਹੈ। ਮੁੱਖ ਸਕੱਤਰ ਦੇ ਹਵਾਲੇ ਨਾਲ ਇਸ ਪੱਤਰ ਵਿੱਚ ਵਿਸ਼ੇਸ਼ ਸਕੱਤਰ ਮਾਲ ਸਮੇਤ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਪ੍ਰਬੰਧਾਂ ਲਈ ਪੈਸਾ ਖਰਚ ਕਰਨ ਦੇ ਹੁਕਮ ਦਿੱਤੇ ਗਏ ਹਨ। ਖਹਿਰਾ ਵਲੋਂ ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤੇ ਗਏ ਪੱਤਰ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੇ ਲਿਖਿਆ ਗਿਆ ਹੈ ਕਿ ਨਵੀਂ ਸਰਕਾਰ ਦੇ ਵਿਧਾਇਕ ਅਤੇ ਭਵਿੱਖੀ ਮੁੱਖ ਮੰਤਰੀ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕਰਨ ਜਾ ਰਹੇ ਹਨ। ਇਸ ਲਈ ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ 15 ਲੱਖ ਰੁਪਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜ ਦਿੱਤੇ ਹਨ। ਮੁੱਖ ਸਕੱਤਰ ਨੇ ਪੱਤਰ ਵਿੱਚ ਆਦੇਸ਼ ਦਿੱਤੇ ਹਨ ਕਿ ਰੋਡ ਸ਼ੋਅ ਦੇ ਪ੍ਰਬੰਧਾਂ ਲਈ ਪੰਜਾਬ ਦੇ ਸਾਰੇ 23 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਦੇ ਖਾਤੇ ਵਿੱਚ 2-2 ਲੱਖ ਰੁਪਏ ਜਮ੍ਹਾਂ ਕਰਵਾਏ ਜਾਣ। ਰੋਡ ਸ਼ੋਅ ਲਈ ਜਾਣ ਵਾਲੇ ਵਰਕਰਾਂ ਲਈ ਬੱਸਾਂ ਦਾ ਪ੍ਰਬੰਧ ਕਰਨ ਲਈ ਟਰਾਂਸਪੋਰਟ ਸਕੱਤਰ ਨੂੰ ਵੀ ਲਿਖਿਆ ਗਿਆ ਸੀ। ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਮੁੱਖ ਸਕੱਤਰ ਵੱਲੋਂ ਰੋਡ ਸ਼ੋਅ ਦੌਰਾਨ ਮਦਦ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਦੋਸ਼ ਲਾਇਆ ਗਿਆ ਕਿ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਵਿਧਾਇਕ ਰੋਡ ਸ਼ੋਅ ਵਿੱਚ ਜਾਣ ਲਈ ਰੋਡਵੇਜ਼ ਦੀਆਂ ਬੱਸਾਂ ਦੀ ਵਰਤੋਂ ਕਰਦੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਲੋਕਾਂ ਨੂੰ ਅੰਮ੍ਰਿਤਸਰ ਲਿਜਾਣ ਵਾਲੀਆਂ ਪੀਆਰਟੀਸੀ ਦੀਆਂ ਬੱਸਾਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਗਰਾਊਂਡ ਵਿੱਚ ਖੜ੍ਹੀਆਂ ਸਨ। ਰੋਡ ਸ਼ੋਅ ਤੋਂ ਬਾਅਦ ਬੱਸਾਂ ਆਪੋ-ਆਪਣੇ ਸ਼ਹਿਰ ਦੇ ਲੋਕਾਂ ਨੂੰ ਲੈ ਕੇ ਵਾਪਸ ਪਰਤ ਗਈਆਂ। ਟਰਾਂਸਪੋਰਟ ਯੂਨੀਅਨ ਨਾਲ ਸਬੰਧਤ ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਵਰਕਰਾਂ ਨੂੰ ਲੈ ਕੇ ਕਰੀਬ 1000 ਬੱਸਾਂ ਅੰਮ੍ਰਿਤਸਰ ਲਈ ਰਵਾਨਾ ਹੋਈਆਂ।
ਭੁੱਲਥ ਤੋਂ ਕਾਂਗਰਸ ਦੇ ਵਿਧਾਇਕ ਚੁਣੇ ਗਏ ਖਹਿਰਾ ਨੇ ਸਵਾਲ ਉਠਾਇਆ ਕਿ ਇਹ ਸਰਕਾਰੀ ਪੈਸੇ ਦੀ ਸ਼ਰੇਆਮ ਦੁਰਵਰਤੋਂ ਹੈ। ਇੱਕ ਪਾਸੇ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ ਅਤੇ ਉੱਪਰੋਂ ਆਪਣੇ ਪ੍ਰਚਾਰ ਲਈ ਸਰਕਾਰੀ ਖਜ਼ਾਨੇ ਦੇ ਨਾਲ-ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇੱਕ ਟਵੀਟ ਵਿੱਚ ਖਹਿਰਾ ਨੇ ਦੋਸ਼ ਲਾਇਆ ਕਿ ਰੋਡ ਸ਼ੋਅ ਨਿਰੋਲ ਸਿਆਸੀ ਸੀ ਅਤੇ ਪਾਰਟੀ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਸੀ। ਇਹ ਸਭ ਅਸਹਿ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਦਿਆਂ ਕਿਹਾ ਕਿ ਲੋਕਾਂ ਦਾ ਪੈਸਾ ਤੁਰੰਤ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇ। ਇੱਕ ਹੋਰ ਟਵੀਟ ਵਿੱਚ ਖਹਿਰਾ ਨੇ ਕਿਹਾ ਕਿ ਉਹ ਸਮਝਦੇ ਸਨ ਕਿ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਮੁਤਾਬਕ ਵੱਖਰਾ ਕੰਮ ਕਰੇਗੀ। ਉਨ੍ਹਾਂ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ। ਤੁਸੀਂ ਰੋਡ ਸ਼ੋਅ ਲਈ ਟਰਾਂਸਪੋਰਟ ਦੀ ਦੁਰਵਰਤੋਂ ਕਰ ਰਹੇ ਹੋ। ਅਜਿਹਾ ਕਰਕੇ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਰਵਾਇਤੀ ਪਾਰਟੀਆਂ ਵਿੱਚ ਕੋਈ ਫਰਕ ਨਹੀਂ ਹੈ।
ਮਾਨ ਨੇ ਪੰਜਾਬ ਦੀ ਪੱਗ ਦਿੱਲੀ ਦੇ ਪੈਰਾਂ ‘ਚ ਰੱਖੀ: ਪੰਨੂ ਵਲੋਂ ਬਦਲਾ ਲੈਣ ਦੀ ਅਪੀਲ
ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਭਗਵੰਤ ਮਾਨ ਨੂੰ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਵੱਲੋਂ ਧਮਕੀ ਮਿਲੀ ਹੈ। ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਗਵੰਤ ਮਾਨ ਵਲੋਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਪੈਰ ਛੂਹਣ ‘ਤੇ ਇਤਰਾਜ਼ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਨੇ ਪੂਰਾ ਪੰਜਾਬ ਕੇਜਰੀਵਾਲ ਦੇ ਪੈਰੀਂ ਰੱਖ ਦਿੱਤਾ ਹੈ। ਪੰਨੂ ਨੇ ਬਦਲਾ ਲੈਣ ਵਾਲੇ ਨੂੰ 1 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਿੱਖ ਫਾਰ ਜਸਟਿਸ ਜਥੇਬੰਦੀ ਨੂੰ ਇਤਰਾਜ਼ ਹੈ ਕਿ ਉਨ੍ਹਾਂ ਨੇ ਕੇਜਰੀਵਾਲ ਦੇ ਪੈਰ ਕਿਉਂ ਛੂਹੇ। ਗੁਰਪਤਵੰਤ ਪੰਨੂ ਨੇ ਆਪਣੀ ਇੱਕ ਵੀਡੀਓ ਵਿੱਚ ਭਗਵੰਤ ਮਾਨ ‘ਤੇ ਗੁੱਸਾ ਕੱਢਿਆ ਹੈ ਅਤੇ ਇਸਦਾ ਬਦਲਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸਿਰਫ਼ ਆਪਣੀ ਪੱਗ ਹੀ ਕੇਜਰੀਵਾਲ ਦੇ ਪੈਰਾਂ ਵਿੱਚ ਨਹੀਂ ਰੱਖੀ ਸਗੋਂ ਪੂਰੇ ਪੰਜਾਬ ਨੂੰ ਕੇਜਰੀਵਾਲ ਦੇ ਪੈਰਾਂ ਵਿੱਚ ਰੱਖ ਦਿੱਤਾ ਹੈ। ਕੇਜਰੀਵਾਲ ਦਾ ਸੰਦੇਸ਼ ਵੀ ਇੱਥੇ ਹੈ। ਪੰਨੂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਪੰਜਾਬੀਆਂ ਦੇ ਸਵੈਮਾਣ ਨੂੰ ਵੰਗਾਰਿਆ ਹੈ। ਇਸ ਦਾ ਬਦਲਾ ਲੈਣਾ ਪਵੇਗਾ। ਇਸ ਦੇ ਲਈ ਉਸ ਨੇ 13 ਮਾਰਚ ਅਤੇ 16 ਮਾਰਚ ਨੂੰ ਸਹੀ ਦੱਸਿਆ ਹੈ ਅਤੇ ਬਦਲਾ ਲੈਣ ਵਾਲੇ ਨੂੰ ਉਹ 1 ਲੱਖ ਡਾਲਰ ਦਾ ਇਨਾਮ ਦੇਣਗੇ।
ਵਰਨਣਯੋਗ ਹੈ ਕਿ 11 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ‘ਆਪ’ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਏ ਸਨ। ਉਹ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦੇਣ ਆਏ ਸਨ। ਜਿੱਥੇ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ ਸੀ। ਹਾਲਾਂਕਿ ਮਾਨ ਨੇ ਕੇਜਰੀਵਾਲ ਦੇ ਪੈਰ ਛੂਹ ਕੇ ਜੱਫੀ ਪਾ ਲਈ ਲਈ ਸੀ।