ਸਬਕ
ਪਤਾ ਹੋਣੈ ਕਿ ਕਾਹਤੋਂ ਪੱਤਰ ਝੜਦੇ ਨੇ।
ਝੜਨੇ ਕਰਕੇ ਨਵੇਂ ਨਵੇਂ ਰੰਗ ਫੜਦੇ ਨੇ।
ਕੌਣ ਹਵਾਵਾਂ ਨੂੰ ਦੱਸੇ ਕਿ ਕਿੰਝ ਵਗਣਾ,
ਆਪੋ ਵਿਚ ਟਕਰਾ ਕੇ ਜੰਗਲ ਸੜਦੇ ਨੇ।
ਲਗਦੇ ਹੁੰਦੇ ਡੁੱਬਦੇ ਪਰ ਉਹ ਡੁੱਬਣ ਨਾ,
ਚੰਨ ਸਿਤਾਰੇ ਸੂਰਜ ਜੋ ਵੀ ਚੜ੍ਹਦੇ ਨੇ।
ਜੀਣ ਜੋਗਿਓ ਕਾਸ਼ ਕਿ ਜੀਣਾ ਆ ਜਾਂਦਾ,
ਕੁਦਰਤ ਤੋਂ ਕਦ ਸਬਕ ਆਦਮੀ ਪੜ੍ਹਦੇ ਨੇ।
ਜੇ ਅਟਕਾਏ ਕਿੰਨਾ ਚਿਰ ਉਹ ਅਟਕਣਗੇ,
ਟਿਭਣੇ ਲਈ ਜੋ ਯਾਰ ਬਹਾਨੇ ਘੜਦੇ ਨੇ।
ਨਾ ਹੀ ਸੁਖੀ ਹੋਵੇ ਖੁਦ ਹੋਰਾਂ ਨੂੰ ਰੱਖੇ,
ਅਜਕਲ ਦੇ ਤਾਂ ਸੁੱਖ ਬੰਦੇ ਦੇ ਲੜਦੇ ਨੇ।
ਜਿਊਣੇ ਤੋਂ ਉਹ ਮੁਨਕਰ ਹੀ ਨੇ ਹੋ ਜਾਂਦੇ,
ਦੇਖ ਚਣੌਤੀ ਨੂੰ ਜੋ ਅੰਦਰ ਵੜਦੇ ਨੇ।
ਵੇਗ ਸਮੇਂ ਦਾ ਸਭ ਨੂੰ ਸਿੱਧੇ ਕਰ ਦਿੰਦਾ,
ਚਿੱਤੋਂ ਵਿੱਤੋਂ ਅੜੀਅਲ ਭਾਵੇਂ ਅੜਦੇ ਨੇ।
ਦਿਲ ਨੂੰ ਦੋਸ਼ ਬਥੇਰੇ ਸਹਿਣੇ ਪੈਂਦੇ ਨੇ,
ਦਿਲ ਤੋਂ ਬਾਹਰੇ ਹੋਏ ਵਹਿਣ ਲੈ ਹੜਦੇ ਨੇ।
ਬਦਲ ਜਾਂਦਾ ਹੈ ਬੰਦਾ, ਬਦਲੇ ਰੌਅ ‘ਢੇਸੀ’,
ਲੜਨੇ ਵਾਲੇ ਨਾਲ ਵੀ ਆ ਕੇ ਖੜ੍ਹਦੇ ਨੇ।
———————00000———————
ਚਣੌਤੀ ਤੇ ਚਣੌਤੀ
ਸੁਰ ਤਾਂ ਆਖ਼ਰ ਕਰਨਾ ਪੈਣਾ , ਬੇਸੁਰ ਹੋਈਆਂ ਤਾਲਾਂ ਨੂੰ।
ਸਦਾ ਸਲਾਮੀ ਹੁੰਦੀ ਏਥੇ , ਪੈਦੀਆਂ ਨਿੱਤ ਧੁਮਾਲਾਂ ਨੂੰ।
ਹਾਨੀ ਵਿਚ ਜਾ ਰਹੀ ਕਿਸਾਨੀ, ਨਿੱਤ ਹੜਤਾਲਾਂ ਹੋ ਰਹੀਆਂ,
ਵਿਗੜੀ ਹੋਈ ਤਕਦੀਰ ਹੈ ਬਣਨੀ , ਸਨਮੁਖ ਹੋ ਸਵਾਲਾਂ ਨੂੰ।
ਪੱਛਮੀਂ ਚਕਾਚੌਂਧ ਪਈ ਕੱਢੇ , ਪੈਰੋਂ ਨਿੱਕੇ ਵੱਡੇ ਨੂੰ,
ਜਲਾਵਤਨ ਹੋ ਰਹੀ ਜਵਾਨੀ , ਆਖਰ ਆਈ ਦਲਾਲਾਂ ਨੂੰ।
ਸੂਬੇ ਦੇ ਵਿਚ ਸਾਜਸ਼ ਤੇ ਕੋਈ , ਕੇਂਦਰ ਦੇ ਵਿਚ ਕਰਦਾ ਏ,
ਦੇਸ਼ ਨਿਕਾਲ਼ਾ ਦੇਣ ‘ਤੇ ਆਏ , ਗੱਭਰੂਆਂ ਨੂੰ ਤੇ ਬਾਲਾਂ ਨੂੰ।
ਸੋਚਣ ਤੇ ਬੋਲਣ ‘ਤੇ ਵੀ ਹੁਣ , ਪਹਿਰੇ ਲੱਗਦੇ ਜਾਂਦੇ ਨੇ,
ਗੋਦੀ ਮੀਡੀਆ ਬੁਰੇ ਝਪੱਟੇ , ਮਾਰੇ ਨੇਕ ਖਿਆਲਾਂ ਨੂੰ।
ਲੱਖਾਂ ਨਹੀਂ ਕਰੋੜਾਂ ਦੇ ਵਿਚ , ਗਿਣਤੀ ਵਿਹਲੜ ਸਾਧਾਂ ਦੀ,
ਰਲ਼ ਕੇ ਬੜੇ ਲੁਟੇਰੇ ਲੁੱਟਦੇ, ਕਿਰਤੀ ਦੀਆਂ ਘਾਲੀਆਂ ਘਾਲਾਂ ਨੂੰ।
ਜਗਤ ਗੁਰੂ ਦਾ ਰੁਤਬਾ ਜੇ , ਭਾਰਤ ਨੂੰ ਸੱਚੀਂ ਹਾਸਲ ਹੈ,
ਕਿਓਂ ਨਹੀਂ ਫੇਰ ਚਣੌਤੀ ਦਿੰਦਾ , ਨਕਟਾਈ ਦੀਆਂ ਚਾਲਾਂ ਨੂੰ।
ਜੀਵਨ ਦੀ ਥਾਣੇਦਾਰੀ ਵੀ , ਉਹਦੇ ਹੱਥ ਹੀ ਰਹਿਣੀ ਹੈ,
ਜੋ ਦਊ ਚਣੌਤੀ ਮਾਰ ਕੇ ਥਾਪੀ , ਮੰਡੀ ਦੇ ਉਛਾਲ਼ਾ ਨੂੰ।
ਬਿਜਲੀਕਰਨ ਦੇ ਦੌਰ ‘ਚ ਸਾਡਾ, ਹੋ ਕੇ ਹੁਣ ਬਿਜਲਈ ਸਰਨਾ,
ਪੱਥਰ ਯੁੱਗ ਨੇ ਮੰਨਿਆਂ ‘ਢੇਸੀ’ , ਪੂਜਿਆ ਬੜਾ ਮਿਸ਼ਾਲਾਂ ਨੂੰ।
———————00000———————
ਪੰਜਾਬ ਤੇ ਪੰਜਾਬੀ
ਤਿਹ ਤਾਂ ਬਥੇਰਾ ਅਉਂਦਾ ਹੈ , ਸਾਨੂੰ ਪੰਜਾਬ ਦਾ।
ਪੰਜਾਬੀਆਂ ਦੇ ਮੋਹ ਭਰੇ , ਅਦਬੋ ਅਦਾਬ ਦਾ।
ਹੋਣੀ ਵੰਗਾਰਨ ਵਾਲੜਾ, ਮੁੱਠੀਆਂ ਰਿਹਾ ਸੀ ਮੀਚਦਾ,
ਵਾਹਘੇ ਨੇ ਜਦ ਪੰਜਾਬ ਸੀ , ਵੰਡਿਆ ਜਨਾਬ ਦਾ।
ਢਾਈ ਗਜ਼ ਸਾਫਾ ਵਟਾ , ਬਣਦਾ ਰਿਹਾ ਪਗਵਟ ਭਰਾ,
ਪੰਜਾਬੀਅਤ ਨੂੰ ਕਾਸ਼ ਨਾ , ਪੱਛਮ ਸਲ੍ਹਾਬਦਾ।
ਜੋ ਕੁੜੀ ਪੋਠੋਹਾਰ ਦੀ, ਟੱਕਰੀ ਸੀ ਕਿਸੇ ਸ਼ਾਇਰ ਨੂੰ,
ਉਹ ਰੰਗ ਮਾਝੇ ਮਾਲਵੇ , ਕਿਥੇ ਹੈ ਦੁਆਬ ਦਾ।
ਉਹ ਮੱਝਾਂ ਚਾਰਨ ਵਾਲੜਾ , ਆਸ਼ਕ ਅਨੋਖਾ ਜੱਗ ਤੋਂ,
ਉਹਦਾ ਪ੍ਰੇਮ ਪੌੰਡਾਂ ਡਾਲਰਾਂ, ਯੂਰੋ ਦੇ ਹੋਇਆ ਸਾਬ੍ਹ ਦਾ।
ਪੰਜਾਬੀਅਤ ਦੇ ਹੁਸਨ ‘ਤੇ, ਜੋ ਨਿਗ੍ਹਾ ਮੈਲ਼ੀ ਪੈ ਗਈ,
ਉਹਨੇ ਪਾਣੀ ਹਾੜਾ ਵੰਡ ਤਾ , ਜਿਹਲਮ ਚਨਾਬ ਦਾ।
ਬਾਬਾ ਨਾਨਕ ਤੇ ਫਰੀਦ ਜੀ,ਵਾਰਿਸ ਤੇ ਬੁੱਲੇ ਦੀ ਅਦਾ,
ਇਹਦਾ ਨਗਮਾ ਸਾਰੇ ਜੱਗ ਤੋਂ, ਰਿਹਾ ਲਾਜਵਾਬ ਦਾ।
ਮੰਡੀ ਦੇ ਫਸਲੀ ਗੇੜ ਨੇ ,ਇਹਦੇ ਜੰਗਲ ਬੇਲੇ ਵਾਹ ਤੇ,
ਫੁੱਲਾਂ ਚੋਂ ਜਿਹੜਾ ਫੁੱਲ ਸੀ, ਖਿੜਿਆ ਗੁਲਾਬ ਦਾ।
ਹਿੰਦੀ ਉਰਦੂ ਦਾ ਇਹਦੀ, ਬੋਲੀ ‘ਤੇ ਦਾਬਾ ਪੈ ਗਿਆ,
ਇਹ ਪੰਨਾ ਜਾਂਦਾ ਮੀਟਦਾ, ਪੰਜਾਬੀ ਦੀ ਕਿਤਾਬ ਦਾ।
‘ਢੇਸੀ’ ਦਾ ਹੋਇਆ ਬਿਸਤਰਾ ਹੁਣ ਗੋਲ ਹੀ ਪੰਜਾਬ ਤੋਂ,
ਕੁਝ ਐਸਾ ਲਹਿਜ਼ਾ ਹੋ ਗਿਆ ਮੋਦੀ ਜਨਾਬ ਦਾ।
———————00000———————
ਅਉਣੇ ਵਾਲਾ
ਅਉਣੇ ਵਾਲੇ ਪਤਾ ਨਹੀਂ ਕਦ ਆਉਣਾ ਦੇਖੋ।
ਸਾਡਾ ਕੰਮ ਆ ਉਹਨੂੰ ਯਾਦ ਕਰਾਉਣਾ ਦੇਖੋ।
ਮਿੱਤਰ ਪਿਆਰਾ ਸਕਾ ਸੋਦਰਾ ਸਾਈਂ ਕਹੀਏ,
ਉਹਦੇ ਬਿਨ ਹੈ ਕਿਹਨੇ ਚਿੱਤ ਵਰਾਉਣਾ ਦੇਖੋ।
ਪੱਥਰਾਂ ਚੋਂ ਵੀ ਬਹੁੜਨਾ ਕਹਿੰਦੇ ਪੈਂਦਾ ਉਹਨੂੰ,
ਦਿਲੋ ਜਾਨ ਨਾਲ ਹੋਵੇ ਜੇਕਰ ਚਹੁਣਾ ਦੇਖੋ।
ਸਹੂਲਤ ਦਰ ਸਹੁਲਤ ਜੋ ਖੋਜਾਂ ਨੇ ਦਿੱਤੀ,
ਛੱਡ ਦਿੱਤਾ ਹੈ ਲੋਕਾ ਕਸਬ ਕਮਾਉਣਾ ਦੇਖੋ।
ਪਹਿਲਾਂ ਨਾਲੋਂ ਪਾਠਾਂ ਦੀ ਵੱਧ ਵਿਕਰੀ ਹੈ,
ਬੰਦੇ ਲਈ ਤਾਂ ਰੱਬ ਹੈ ਨਿਰਾ ਖਡੌਣਾ ਦੇਖੋ।
ਮਹਿੰਗੇ ਮੁੱਲ ਦਾ ਲੱਗਦਾ ਹੈ ਇਹ ਸੌਦਾ ਪੱਤਾ,
ਕਰਮਾ ਦਾ ਜਦ ਪੈਂਦਾ ਕਰਜ਼ ਚਕਾਉਣਾ ਦੇਖੋ।
ਮਾਰੇ ਹੋਏ ਕਾਂ ਕੂੰਘੜੇ ਪੈਣ ਮਿਟੇਣੇ,
ਕਹਿੰਦੇ ਇਹ ਹੈ ਕੀਤੀ ਤੇ ਪਛਤਾਉਣਾ ਦੇਖੋ।
ਜੋਰਾ ਜਰਬੀ ਉਕਾ ਹੀ ਨਾ ਓਥੇ ਚਲਦੀ,
ਹੱਥ ਜੋੜ ਜੋ ਪੈਂਦਾ ਹੈ ਹਥਿਆਉਣਾ ਦੇਖੋ।
ਮਿੱਤਰ ਮਾਰ ਨਹੀਂ ਤਾਂ ਦੱਸੋ ਹੋਰ ਕੀ ਕਹੀਏ,
ਆਪਣੇ ਆਪ ਤੋਂ ਆਪਾ ਪਏ ਬਚਾਉਣਾ ਦੇਖੋ।
ਇੱਕੋ ਹੀ ਉਪਦੇਸ਼ ਬਥੇਰਾ ‘ਢੇਸੀ’ ਲਈ ਹੈ
ਕਿਥੇ ਲਉਣਾ ਕਿੱਥੋਂ ਜੀਅ ਹਟਾੳੇਣਾ ਦੇਖੋ।
———————00000———————
ਦਿਲ
ਤੇਰਾ ਦਿਲ ਜਾਂ ਮੇਰਾ ਦਿਲ।
ਦਿਲ ਲਈ ਹੈ ਬਥੇਰਾ ਦਿਲ।
ਲੋਕੀ ਤਾਜ ਮਹਿਲ ਵੀ ਕਹਿੰਦੇ,
ਮਹਿਲੋਂ ਹੈ ਉਚੇਰਾ ਦਿਲ।
ਪੱਥਰ ਭੰਨ ਕੇ ਨਹਿਰ ਵਗਾਏ,
ਇਹ ਫਰਹਾਦੀ ਜੇਰਾ ਦਿਲ।
ਕੁਝ ਨਾ ਪੁੱਛੋ ਕਿੱਥੇ ਕਿੱਥੇ,
ਲਾ ਲੈਂਦਾ ਹੈ ਡੇਰਾ ਦਿਲ।
ਪ੍ਰਵਾਸੀ ਪਰ ਬਣਿਆ ਰਹਿੰਦਾ,
ਕਰਦਾ ਰਹੇ ਭੂਹੇਰਾ ਦਿਲ।
ਇਮਾਨ ਵਰਜਦਾ ਜਿਥੋਂ ਇਹਨੂੰ,
ਪਾਵੇ ਓਥੇ ਈ ਫੇਰਾ ਦਿਲ।
ਕਿੰਝ ਨਾ ਕੋਈ ਬਾਹਾਂ ਉਲਾਰੂ,
ਪਾ ਲੈਂਦਾ ਜਦ ਘੇਰਾ ਦਿਲ।
ਦਿਲ ਦੇ ਨਾਲ ਦੁਪਹਿਰਾਂ ਸ਼ਾਮਾਂ,
ਲੈ ਕੇ ਆਏ ਸਵੇਰਾ ਦਿਲ।
ਚਾਨਣ ਵੱਤਾ ਹੋਵੇ ਯਾਰੋ,
ਹੋ ਨਾ ਜਾਏ ਹਨੇਰਾ ਦਿਲ।
ਬਣਦਾ ਹੈ ਟੁੱਟ ਟੁੱਟ ਕੇ ‘ਢੇਸੀ’
ਛੱਡ ਨਾ ਜਾਈਂ ਸ਼ੇਰਾ ਦਿਲ।
———————00000———————
ਦਰਦਮੰਦਾਂ ਦੀ ਆਹੀਂ
ਦਰਦਮੰਦਾਂ ਦੀ ਆਹੀਂ ਕਹਿੰਦੇ।
ਕਈ ਵਿਸਮਣਾ ਸਾਹੀਂ ਕਹਿੰਦੇ।
ਰਸਮੀ ਹੀ ਹੁਣ ਹੋਏ ਰਿਸ਼ਤੇ,
ਮਿਲਣਾ ਵਰ੍ਹੇ ਛਮਾਹੀਂ ਕਹਿੰਦੇ
ਬੁੱਲੇ ਲੁੱਟਣ ਦੀ ਕਈ ਕਰਦੇ,
ਜੀਣਾਂ ਕਈ ਮਨਾਹੀਂ ਕਹਿੰਦੇ।
ਟੁੱਟੇ ਦਿਲਾਂ ਤੋਂ ਪੁੱਛ ਕੇ ਦੇਖੋ,
ਜੀਵਨ ਰੋਣਾ ਧਾਹੀਂ ਕਹਿੰਦੇ।
ਹਾਸੇ ਦੀ ਲੋਚਾ ਹੈ ਸਭ ਨੂੰ,
ਰੋਣਾ ਪਊ ਗੁਨਾਹੀਂ ਕਹਿੰਦੇ।
ਸਾਂਭਣ ਵਾਲਾ ਇੱਕੋ ਹੀ ਏ,
ਰਹਿਣਾ ਉਹਦੀ ਬਾਹੀਂ ਕਹਿੰਦੇ।
ਮੰਜ਼ਿਲ ਉਹਨਾ ਮੁਤਾਬਕ ਹੋਊ,
ਤੁਰਨਾ ਜਿਹੜੇ ਰਾਹੀਂ ਕਹਿੰਦੇ,
ਲਾਪਰਵਾਹੀਂ ਗੱਲ ਬਣੇ ਨਾ,
ਬਣਨੀ ਬੇਪਰਵਾਹੀਂ ਕਹਿੰਦੇ।
‘ਢੇਸੀ’ ਸੈਨਤ ਮਿਲਣੀ ਤੈਨੂੰ,
ਰਾਹਗੀਰਾਂ ਦੀ ਰਾਹੀਂ ਕਹਿੰਦੇ।
———————00000———————
ਚਾਦਰ ਅੱਧੋਰਾਣੀ
ਗੱਲ ਹਵਾ ਦੇ ਨਾਲ ਵੀ ਹੋਵੇ , ਪੁੱਛਦੇ ਆਂ ਕੁਝ ਪਾਣੀ ਤੋਂ।
ਜਾਣੂ ਹੋਣਾ ਚਹੁੰਨੇ ਆਂ ਜੋ , ਗੁੱਝੀ ਗੱਲ ਅਨਜਾਣੀ ਤੋਂ।
ਲੈ ਲਈ ਸੀ ਸਕੂਲੀ ਵਿੱਦਿਆ, ਹੋ ਆਏ ਵਿਦਿਆਲੇ ਤੋਂ,
ਵਰਤਾਰੇ ਵਿਸਮਾਦੀ ਸਿੱਖੀਏ, ਕਵਿਤਾ ਅਤੇ ਕਾਹਣੀ ਤੋਂ।
ਨੀਤੀ ਦੀ ਗੱਲ ਸਮਝਣ ਵਾਲੀ, ਕੌਣ ਦੱਸੇ ਬਦਨੀਤੀ ਨੂੰ,
ਨੇਕ ਨੀਤ ਨਾਲ ਬਚ ਹੋਣਾ ਹੈ, ਮਾੜੀ ਨੀਤ ਨਿਮਾਣੀ ਤੋਂ।
ਖੁਲ੍ਹੀ ਪੁਸਤਕ ਹੋ ਜਾਂਦੀ ਹੈ, ਬਣੀ ਬੁਝਾਰਤ ਜ਼ਿੰਦਗੀ ਵੀ,
ਸਬਕ ਲੈਣ ਨੂੰ ਲੈ ਲੈਂਦੇ ਜੋ , ਪੱਤੇ ਪੱਤੇ ਟਾਹਣੀ ਤੋਂ।
ਵਾਹ ਸ਼ਾਮਤ ਕਿ ਕੋਠੀ ਬੰਗਲੇ , ਬੁੱਧੂ ਉੱਕਾ ਜਾਨਣ ਨਾ,
ਛੰਨਾ ਢਾਰੇ ਵੀ ਜਾਣੂ ਸਨ, ਚੰਚਲ ਜੀਅ ਦੀ ਘਾਣੀ ਤੋਂ।
ਸਮਝ ਨਾ ਆਵੇ ਲੇਖਾ ਜੋਖਾ, ਕਿਸ ਖਾਤੇ ਵਿਚ ਪਾ ਦੇਈਏ,
ਜਾਨਣ ਤੋਂ ਵੱਧ ਮਾਣਿਆ ਜੀਵਨ,ਜੋ ਯਾਰਾਂ ਦੀ ਢਾਣੀ ਤੋਂ।
ਗੁਰ ਪੀਰਾਂ ਨੇ ਵਾਰ ਵਾਰ, ਦੁਹਰਾਈ ਹੈ ਬੱਸ ਇੱਕੋ ਗੱਲ,
ਸੋਹਣਿਓਂ ਸੋਹਣਾ ਹੋਵੇ ਬੰਦਾ , ਸੱਚੀ ਗੱਲ ਸਿਆਣੀ ਤੋਂ,
ਬੀਤੇ ਨੂੰ ਕਿਓਂ ਝੂਰਨਾ ‘ਢੇਸੀ’, ਬੀਤੇ ਨੇ ਤਾਂ ਮੁੜਨਾ ਨਾ,
ਮਾਨਣ ਵਾਲੇ ਮਾਣ ਲੈਂਦੇ ਸੁੱਖ, ਚਾਦਰ ਅੱਧੋਰਾਣੀ ਤੋ।
———————00000———————
ਸਾਕਾ ਚਮਕੌਰ
ਦਲ ਵੈਰੀ ਦੇ ਲੱਖਾਂ ਤੋਂ ਕੱਖ ਹੋ ਗਏ, ਉੱਚੀ ਮਮਟੀਓਂ ਚਲਦੇ ਨੇ ਤੀਰ ਦੇਖੋ।
ਮੂੰਹ ਮੋੜਤਾ ਸੀ ਜਰਵਾਣਿਆਂ ਦਾ, ਦਸਮੇਸ਼ ਪਿਤਾ ਦੀ ਰੱਬੀ ਸ਼ਮਸ਼ੀਰ ਦੇਖੋ।
ਲੱਗੇ ਭਾਗ ਚਮਕੌਰ ਨੂੰ ਖਾਲਸੇ ਦੇ , ਕੱਚੀ ਗੜ੍ਹੀ ਸੀ ਤਣੀ ਚਟਾਨ ਵਾਂਗੂੰ,
ਜੈਕਾਰੇ ਮਾਰ ਕੇ ਫਤਹਿ ਬੁਲੰਦ ਕਰਦੇ , ਕਲਗੀਧਰ ਦੇ ਖਾਲਸੇ ਬੀਰ ਦੇਖੋ।
ਜਥੇ ਸਿੰਘਾਂ ਦੇ ਵੈਰੀ ‘ਤੇ ਟੁੱਟ ਪੈਂਦੇ, ਚਾਅ ਚੜ੍ਹਿਆ ਹੈ ਬੜਾ ਸ਼ਹੀਦੀਆਂ ਦਾ,
ਬਾਈਧਾਰ ਨੂੰ ਛਿੜਦਾ ਰਿਹਾ ਕਾਂਬਾ,ਦਹਿਲ ਗਏ ਸੀ ਮੁਗਲੀਆ ਮੀਰ ਦੇਖੋ।
ਦਿੱਤਾ ਥਾਪੜਾ ਅਜੀਤ ਜੁਝਾਰ ਨੂੰ ਵੀ, ਹੱਥੀਂ ਸਜਾ ਕੇ ਜੰਗ ਨੂੰ ਤੋਰ ਦਿੱਤੇ,
ਸਵਾ ਲੱਖ ਨਾਲ ਇੱਕ ਲੜਾਂਵਦੇ ਜੋ,ਗੁਰੂ ਗੋਬਿੰਦ ਸਿੰਘ ਜੱਗ ਦੇ ਪੀਰ ਦੇਖੋ।
ਜਦੋਂ ਹੁਕਮ ਵਜਾ ਕੇ ਖਾਲਸੇ ਦਾ , ਤਾੜੀ ਮਾਰ ਕੇ ਸਤਗੁਰਾਂ ਗੜ੍ਹੀ ਛੱਡੀ,
ਵੈਰੀ ਦਲਾਂ ‘ਚ ਬੜਾ ਘਮਸਾਨ ਮਚਿਆ, ਹੋਏ ਦਿਲੋਂ ਜੋ ਸੀ ਦਲਗੀਰ ਦੇਖੋ।
ਖੰਡੇ ਬਾਟੇ ਦੀ ਪਹੁਲ ਦਾ ਜੌਹਰ ਦੇਖੋ,ਫਤਹਿ ਫਤਹਿ ਹੀ ਸਿੰਘ ਪੁਕਰਦੇ ਨੇ,
ਧਾਂਕ ਸੂਰਿਆਂ ਪੂਰਿਆਂ ਪਾਈ ਐਸੀ,ਜਿਗਰਾ ਜਾਂਦਾ ਚਟਾਨਾ ਨੂੰ ਚੀਰ ਦੇਖੋ।
ਪਿਆਰੇ ਸਿੰਘ ਗੁਰੂ ਗੋਬਿੰਦ ਸਿੰਘ ਦੇ,ਨਾਲ ਪਰਬਤਾਂ ਮੱਥਾ ਨੇ ਲਉਣ ਵਾਲੇ,
ਜਿਹੜਾ ਕਦੀ ਸਹਾਰੇ ਨਾ ਖਾਲਸੇ ਨੂੰ, ਬਿਪਰਵਾਦ ਦੀ ਅੱਖ ਦਾ ਟੀਰ ਦੇਖੋ।
ਨਿਗ੍ਹਾ ਰਹੇ ਸਵੱਲੀ ਗੁਰੂ ਖਾਲਸੇ ‘ਤੇ, ਤਿੱਤਰ ਫੇਰ ਉਡਾਰੀਆਂ ਮਾਰਦੇ ਨੇ,
‘ਢੇਸੀ’ ਖਾਲਸਾਈ ਸ਼ੇਰ ਨੇ ਗਰਜਣਾ ਹੈ,ਜੀਂਦੀ ਸਦਾ ਹੈ ਸਿੱਖੀ ਜ਼ਮੀਰ ਦੇਖੋ।
———————00000———————
ਸ਼ਹਾਦਤ-ਏ-ਸਫ਼ਰ
ਸ਼ਹਾਦਤ ਦੇ ਸਫਰ ‘ਤੇ ਜਿੱਤ ਹੈ ਜੈਕਾਰਿਆਂ ਕਰਕੇ।
ਪਿਆਰੇ ਗੁਰਮੁਖੋ ਸਾਡਾ ਪੰਥ ਹੈ ਗੁਰਪਿਆਰਿਆਂ ਕਰਕੇ।
ਸੀਸ ਦੇਣਾ ਸਿਰੜ ਨਹੀਂ ਹਾਰਨਾ, ਹੈ ਫਤਹਿ ਸਿੱਖੀ ਦੀ,
ਚਾਂਦਨੀ ਚੌਂਕ ਵਿਚ ਨੌਵੇਂ ਗੁਰਾਂ , ਸੀਸ ਵਾਰਿਆ ਕਰਕੇ।
ਦੇਗ ਤੋਂ ਕਾੜ੍ਹ ਨਾ ਹੋਈ , ਨਾ ਰੂੰਅ ਤੋਂ ਸਾੜ ਹੋਈ ਸਿੱਖੀ,
ਸਿੱਖ ਤਾਂ ਹੱਸ ਕੇ ਦੋਫਾੜ ਹੋਇਆ, ਆਰਿਆਂ ਕਰਕੇ।
ਹਿੰਦ ਦੀ ਖੁਲ੍ਹ ਗਈ ਨੀਂਦਰ , ਜਦੋਂ ਚਮਕੌਰ ਸੀ ਗੱਜਿਆ,
ਜੰਗ ਲਈ ਵੱਡੇ ਲਾਲਾਂ ਨੂੰ , ਗੁਰਾਂ ਸ਼ਿੰਗਾਰਿਆ ਕਰਕੇ।
ਕੰਧਾਂ ਜਦ ਤਿੜਕੀਆਂ ਸਰਹੰਦ ਵਿਚ, ਤਾਂ ਮਹਿਲ ਵੀ ਤਿੜਕੇ,
ਗੁਜ਼ਰੀ ਮਾਂ ਦੀਆਂ ਅੱਖਾਂ ਦੇ , ਸੋਹਣੇ ਤਾਰਿਆਂ ਕਰਕੇ।
ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਟੰਗਿਆ ਸੂਬਾ,
ਬਹਾਦਰ ਬੰਦਾ ਸਿੰਘ ਦੇ ਗੱਜਦੇ ਲਲਕਾਰਿਆਂ ਕਰਕੇ।
ਜ਼ੁਲਮ ਦੀ ਰਾਤ ਸੀ ਮੁੱਕੀ , ਹਲੇਮੀ ਚੜ੍ਹ ਗਿਆ ਸੂਰਜ,
ਖਾਲਸਾ ਫੋਜ ਦੇ ਝਲਕਾਰਿਆਂ , ਚਮਕਾਰਿਆਂ ਕਰਕੇ।
ਖਾਲਸਾਈ ਅੱਖ ਵਿਚ ਅੱਖ ਪਾ ਕੇ, ਦੱਸੋ ਕਿਹਨੇ ਤੱਕਣਾ ਹੈ,
ਨਿਸ਼ਾਨੇ ਸਿੱਖੀ ਹੇਠਾਂ ਏਕਾ ਹੈ ਜੇ ਸਾਰਿਆਂ ਕਰਕੇ।
ਸਾਨੂੰ ਖੁਦਦਾਰੀਆਂ ਸਿਰਦਾਰੀਆਂ ਦੀ ਹੋਈ ਹੈ ਬਖਸ਼ਿਸ਼,
ਚੋਜੀ ਪਿਤਾ ਨੇ ਸਰਬੰਸ ਆਪਣਾ ਵਾਰਿਆ ਕਰਕੇ।
ਜੇ ਇਹ ਬਿਪਰੀ ਰੀਤਾਂ ਤੋਂ ‘ਢੇਸੀ’ ਮੁਕਤ ਹੋ ਜਾਵਣ,
ਖਾਲਸਾ ਪੰਥ ਦਾ ਗੌਰਵ ਹੈ ਗੁਰੂਦੁਆਰਿਆਂ ਕਰਕੇ।
———————00000———————
ਧੰਨ ਧੰਨ ਮਾਤਾ ਗੁਜਰ ਕੌਰ ਜੀ
ਮਾਵਾਂ ਚੋਂ ਸਾਡੀ ਗੁਜਰੀ ਮਾਂ ਹੈ । ਰੱਬ ਵਰਗਾ ਇਸ ਮਾਂ ਦਾ ਨਾਂ ਹੈ।
ਸਿਦਕ ਸਬਰ ਤੇ ਚੜ੍ਹਦੀ ਕਲਾ ਦਾ, ਜਜ਼ਬਾ ਮਾਂ ਦੇ ਨਾਮ ਜਮ੍ਹਾ ਹੈ।
ਜ਼ੁਲਮਾਂ ਦੀ ਜਦੋਂ ਅੱਤ ਸੀ ਹੋਈ, ਮੁਗਲੀਆ ਰਾਜ ਦਾ ਘੋਰ ਸਮਾਂ ਹੈ।
ਸਦੀਆਂ ਬੀਤ ਜਾਣ ‘ਤੇ ਸਾਕਾ, ਜਾਪੇ ਸਦਾ ਨਵਾਂ ਨਵਾਂ ਹੈ।
ਨੌਵੇਂ ਪਾਤਸ਼ਾਹ ਨਾਲ ਹਮੇਸ਼ਾਂ, ਨਿੱਠ ਕੇ ਸਾਥ ਨਿਭਾਇਆ ਮਾਤਾ।
ਬਾਬੇ ਦੇ ਬਕਾਲ਼ੇ ਰਹਿੰਦਿਆਂ, ਹਰ ਇੱਕ ਬਚਨ ਪੁਗਾਇਆ ਮਾਤਾ।
ਪੂਰਬ ਦੀ ਫਿਰ ਯਾਤ੍ਰਾ ਦੇ ਵਿਚ, ਰੱਜ ਕੇ ਨਾਮ ਧਿਆਇਆ ਮਾਤਾ।
ਪਟਨੇ ਦੀ ਮੁਬਾਰਕ ਭੋਇੰ, ਗੋਬਿੰਦ ਰਾਏ ਨੂੰ ਜਾਇਆ ਮਾਤਾ।
ਨੌਵੇਂ ਪਾਤਸ਼ਾਹ ਦਿੱਲੀ ਗਏ ਜਦ, ਚਾਂਦਨੀ ਚੌਕ ਦਾ ਸਾਕਾ ਹੋਇਆ।
ਜੈਤਾ ਜੀ ਜਦੋਂ ਸੀਸ ਲਿਆਏ, ਜਾਪੇ ਪੱਤਾ ਪੱਤਾ ਰੋਇਆ।
ਮਾਤਾ ਜੀ ਭਾਣੇ ਵਿਚ ਰਹਿੰਦੇ, ਅੱਖਾਂ ਚੋਂ ਹੰਝੂ ਨਾ ਚੋਇਆ।
ਮੂੰਹ ਮੋੜਨ ਲਈ ਜ਼ਾਲਮਾ ਦਾ ਫਿਰ, ਮਾਤਾ ਹਰ ਵੰਗਾਰ ਨੂੰ ਟੋਹਿਆ।
ਅਨੰਦਪੁਰ ਸਾਹਿਬ ‘ਚ ਕਲਗੀਧਰ ਦੇ ਵਲੋਂ ਸੀ ਫਿਰ ਕਿਲੇ ਬਨਾਉਣਾ।
ਮਾਂ ਨੇ ਡਿੱਠਾ ਲਾਲ ਉਹਦੇ ਨੇ, ਏਥੇ ਖਾਲਸਾ ਪੰਥ ਸਜਾਉਣਾ।
ਸਿਰਾਂ ਦੀ ਮੰਗ ਹੋਣ ‘ਤੇ ਮਾਂ ਨੂੰ, ਸਿੱਖਾਂ ਆ ਸ਼ਿਕਾਇਤਾਂ ਲਉਣਾ।
ਪਿਆਰ ਨਾਲ ਸਮਝਾਉਣਾ ਮਾਂ ਨੇ, ਦੱਸਿਆ ਕੀ ਕ੍ਰਿਸ਼ਮਾ ਵਰਤਾਉਣਾ।
ਖਾਲਸਾ ਪੰਥ ਸਾਜ ਕੇ ਮਾਂ ਦੇ, ਲਾਲ ਨੇ ਕੀਤੇ ਜੌਹਰ ਨਿਆਰੇ।
ਬਾਈ ਧਾਰਾਂ ਨੂੰ ਕੰਬਣੀ ਛਿੜਦੀ, ਵੱਜਦੇ ਗੱਜਦੇ ਜਦੋਂ ਨਗਾਰੇ।
ਮੂਲ ਦੇ ਨਾਲੋਂ ਵਿਆਜ ਪਿਆਰਾ, ਮਾਂ ਨੇ ਪੋਤਰੇ ਬੜੇ ਸੰਵਾਰੇ।
ਅਜੀਤ ਸਿੰਘ, ਜੁਝਾਰ ਸਿੰਘ ਤੇ ਜੋ਼ਰਾਵਰ, ਫਤਹਿ ਸਿੰਘ ਪਿਆਰੇ।
ਅਨੰਦਪੁਰ ਸਾਹਿਬ ਨੂੰ ਛੱਡਣ ਮਗਰੋਂ, ਹੋਇਆ ਸੀ ਪਰਿਵਾਰ ਵਿਛੋੜਾ।
ਮਾਂ ਦੇ ਨਾਲ ਰਸੋਈਆ ਗੰਗੂ, ਛੋਟੇ ਲਾਲਾਂ ਦਾ ਸੀ ਜੋੜਾ।
ਕੁੰਮੇ ਮਾਸ਼ਕੀ ਦੇ ਰਾਤ ਕੱਟੀ, ਸਮੇਂ ਲਿਆ ਅਨੋਖਾ ਮੋੜਾ।
ਪਿੰਡ ਸਹੇੜੀ ਵਲ ਲੈ ਤੁਰਿਆ, ਲੂਣ ਹਰਾਮੀ ਗੰਗੂ ਕੋਹੜਾ।
ਸਾਹਿਬਜ਼ਾਦੇ ਤੇ ਮਾਤਾ ਜੀ ਨੂੰ, ਗੰਗੂ ਆਪਣੇ ਘਰ ਲੈ ਆਇਆ।
ਗਹਿਣੇ ਮੋਹਰਾਂ ਦੇਖ ਮਾਤਾ ਕੋਲ, ਗੰਗੂ ਨੇ ਸੀ ਮਤਾ ਪਕਾਇਆ।
ਮਾਤਾ ਜੀ ਦੀ ਚੋਰੀ ਕਰਕੇ, ਕੋਤਵਾਲੀ ਜਾ ਰੌਲਾ ਪਾਇਆ।
ਫੇਰ ਮੋਰਿੰਡੇ ਦੇ ਥਾਣੇ ਵਿਚ, ਮਾਤਾ ਨੂੰ ਗ੍ਰਿਫਤਾਰ ਕਰਾਇਆ।
ਸਰਹੰਦ ਦੇ ਠੰਢੇ ਬੁਰਜ ‘ਤੇ ਸੀ ਫਿਰ, ਮਾਤਾ ਕੱਟੀਆਂ ਠੰਢੀਆਂ ਰਾਤਾਂ।
ਲਾਲਾਂ ਨੂੰ ਸੁਣਾਉਂਦੇ ਰਹੇ ਸੀ, ਦਾਦਾ ਜੀ ਦੀਆਂ ਮਾਤਾ ਬਾਤਾਂ।
ਬੇਗਮਾਂ ਦੇ ਡੋਲੇ ਤੇ ਲਾਲਾਂ ਜਦ ਠੁਕਰਾਈਆਂ ਸਭ ਸੌਗਾਤਾਂ।
ਕੰਧਾਂ ਵਿਚ ਚਿਣਨੇ ਦਾ ਫਤਵਾ, ਲਾ ਦਿੱਤਾ ਸੀ ਫਿਰ ਕਮਜਾਤਾਂ।
ਠੰਢੇ ਬੁਰਜ ‘ਤੇ ਮੌਤੀ ਮਹਿਰੇ ਨੇ ਲਾਲਾਂ ਨੂੰ ਦੁੱਧ ਪਿਆਇਆ।
ਮਾਂ ਤੋਂ ਥਾਪੜਾ ਲੈ ਕੇ ਲਾਲਾਂ, ਕਚਹਿਰੀਏਂ ਜਾ ਜੈਕਾਰਾ ਲਾਇਆ।
ਗੁਰੂ ਦੇ ਲਾਲਾਂ ਪਾਈ ਸ਼ਹੀਦੀ, ਸੂਬਾ ਫਿਰਦਾ ਰਿਹਾ ਹਲ਼ਕਾਇਆ।
‘ਢੇਸੀ’ ਮਾਤਾ ਨੇ ਸਾਡੇ ਲਈ, ਸਭ ਸਰਬੰਸ ਸ਼ਹੀਦ ਕਰਾਇਆ।
———————00000———————
ਡੇਰਾਵਾਦ
ਡੇਰਿਆਂ ਦੇ ਵਿਚ ਧਰਮ ਦੀ ਥਾਂ ਤੇ, ਦੇਖੋ ਕੀ ਸਰਕਾਰ ਹੋ ਰਿਹਾ।
ਪੰਥ ਦੇ ਧੀਆਂ ਪੁੱਤਰਾਂ ਦੇ ਨਾਲ ਤੌਬਾ ਜੋ ਵਿਭਚਾਰ ਹੋ ਰਿਹਾ।
ਗੁਰਾ ਦੀ ਸੀ ਗ੍ਰਹਿਸਥੀ ਸਿੱਖੀ ਪਰ ਬਿਹੰਗਮ ਹੋ ਗਏ ਬਾਬੇ,
ਕੁਦਰਤ ਦੇ ਵਿਰੋਧੀ ਹੋ ਕੇ, ਦਾਗੀ ਹਰ ਕਿਰਦਾਰ ਹੋ ਰਿਹਾ।
ਕਿਰਤ ਕਰਨੀ, ਨਾਮ ਜਪਣਾ, ਤੇ ਵੰਡ ਛਕਣਾ ਸਿੱਖੀ ਹੈ,
ਵਿਹਲੜਾਂ ਦਾ ਸਿੱਖੀ ‘ਤੇ ਕਬਜਾ, ਪਰ ਹੁਣ ਮਾਰੋ ਮਾਰ ਹੋ ਰਿਹਾ।
ਪੰਥ ਦੇ ਚੌਕੀਦਾਰ ਹੀ ਪੰਥਕ ਵੈਰੀਆਂ ਦੇ ਨਾਲ ਜਾ ਰਲ਼ੇ ਜੋ,
ਖਾਲਸਾਈ ਤਖਤਾਂ ਦੇ ਉੱਤੇ, ਬਿਪਰ ਦਾ ਅਧਿਕਾਰ ਹੋ ਰਿਹਾ।
ਮੰਨ ਕੇ ਦੋਸ਼ ਅਕਾਲੀ ਦਲੀਏ, ਜ਼ੁਰਮ ਫੇਰ ਵੀ ਕਰਦੇ ਰਹਿੰਦੇ,
ਮੀਰੀ ਪੀਰੀ ਦੋਹਾਂ ਦਾ ਹੀ ਰੁਤਬਾ ਤਾਰੋ ਤਾਰ ਹੋ ਰਿਹਾ।
ਵਿਹਲੜ ਸਾਧਾਂ ਨੂੰ ਹੁਣ ਦੇਖੋ, ਅੰਗ ਰਾਖੇ ਦੇਵਣ ਸਰਕਾਰਾਂ,
ਸਿੱਖੀ ਦੀ ਇਜਾਰੇਦਾਰੀ ਦਾ ਬੜਾ ਹੰਕਾਰ ਹੋ ਰਿਹਾ।
ਬਾਣੀ ਗੁਰੂ ਗੁਰੂ ਹੈ ਬਾਣੀ ‘ਤੇ ਹੀ ਪਹਿਰਾ ਦੇਣਾ ਸੀ,
ਬੂਬਨਿਆਂ ਦੇ ਪੈਰੀਂ ਪੈ ਕੇ ਮਿੱਟੀ ਪਰ ਕਿਰਦਾਰ ਹੋ ਰਿਹਾ।
ਕਾਰ ਸੇਵਾ ਦੇ ਬਾਬਿਆਂ ਨੇ ਕੁਝ ਐਸੀ ਕਾਰ ਸੇਵਾ ਹੈ ਕੀਤੀ,
ਸੰਗਮਰਮਰ ਹੀ ਸਿੱਖ ਵਿਰਾਸਤ ਦੇ ਉੱਤੇ ਸਰਦਾਰ ਹੋ ਰਿਹਾ।
ਗੁਰਸਿੱਖਾਂ ਦੀ ਚਰਨ ਧੂੜ ਤਾਂ ਮੱਥੇ ਲਈ ਮੁਬਾਰਕ ਹੈ,
ਵਿਅਕਤੀਵਾਦੀ ਪੂਜਾ ਤੋਂ ਪਰ ‘ਢੇਸੀ’ ਨੂੰ ਇਨਕਾਰ ਹੋ ਰਿਹਾ।
———————00000———————
ਭਾਈ ਮਰਦਾਨਾ ਜੀ 1459 – 1534
ਭਾਈ ਰਬਾਬੀ ਮਰਦਾਨਾ ਜੀ, ਗੁਰੂ ਨਾਨਕ ਦੇ ਮੀਤ ਹੋ ਗਏ।
ਦੁਨੀਆਂ ਭਾਵੇਂ ਡੂਮ ਆਖਦੀ, ਸਤਗੁਰ ਲਈ ਸੰਗੀਤ ਹੋ ਗਏ।
ਸਾਰਾ ਜੀਵਨ ਸਾਥ ਨਿਭਾਇਆ,ਪ੍ਰੀਤਮ ਦੇ ਨਾਲ ਪ੍ਰੀਤ ਹੋ ਗਏ।
ਗੁਰਬਾਣੀ ਨੂੰ ਗਉਦੇ ਗਉਂਦੇ, ਆਪ ਇਲਾਹੀ ਗੀਤ ਹੋ ਗਏ।
ਝੂਮ ਪੈਂਦੀ ਸੀ ਸਾਰੀ ਵਾੜੀ, ਐਸੀ ਰਬਾਬ ਵਜਾਈ ਦੇਖੋ
ਗੁਰੂ ਵਾਂਗ ਹੀ ਅਮਰ ਹੋ ਗਏ, ਗੁਰੂ ਨਾਨਕ ਦੇ ਭਾਈ ਦੇਖੋ
ਸਿੱਖੀ ਦੀ ਸਭ ਤੋਂ ਹੀ ਮਹਿੰਗੀ, ਪਾਈ ਦਾਤ ਸਵਾਈ ਦੇਖੋ
ਸ਼ਬਦ ਸੁਰਤ ਦਾ ਮੇਲ ਹੋ ਗਿਆ, ਐਸੀ ਤਾਲ ਮਿਲਾਈ ਦੇਖੋ
ਸਤਗੁਰ ਸੰਗ ਭਾਈ ਮਰਦਾਨਾ, ਵਰ੍ਹਿਆਂ ਬੱਧੀ ਕਰਨ ਉਦਾਸੀ
ਵਰ੍ਹਿਆਂ ਬੱਧੀ ਰਹਿ ਦੌਰੇ ‘ਤੇ, ਜੀਅ ਨਾ ਹੋਇਆ ਸੀ ਪ੍ਰਵਾਸੀ
ਵਲੀ ਕੰਧਾਰੀ ਜਏ ਹਮਲੇ ਹੋਏ, ਸਤਗੁਰ ਦਿੰਦੇ ਰਹੇ ਦਿਲਾਸੀ
ਭਾਈ ਮਰਦਾਨੇ ਦੇ ਚਿਹਰੇ ‘ਤੇ, ਚੜ੍ਹਿਆ ਰੰਗ ਆਤਮ ਪ੍ਰਗਾਸੀ
ਬ੍ਰਾਹਮਣ, ਜੋਗੀ ਤੇ ਮੁੱਲਾਂ ਜੀ, ਦੇਖਦੇ ਰਹਿ ਗਏ ਸਾਥ ਨੁਰਾਨੀ
ਰੱਬ ਦੇ ਘਰ ਕੋਈ ਊਚ ਨੀਚ ਨਾ, ਉਹ ਕੀ ਜਾਨਣ ਰਾਜ਼ ਰੁਹਾਨੀ
ਧੰਨ ਗੁਰ ਨਾਨਕ ਜੀ ਦੀ ਗੁਰਮਤ, ਸਾਂਝੀ ਹੈ ਸਭ ਦੀ ਇਨਸਾਨੀ
ਗੁਰੂ ਜੀ ਦੀ ਕਿਰਪਾ ਦੇ ਨਾਲ, ਕਿਰਤੀ ਵੀ ਹੋ ਗਏ ਧੰਨਵਾਨੀ
ਭਾਈ ਮਰਦਾਨਾ ਜਏ ਸਿੱਖਾਂ ਦੀ, ਸਿੱਖੀ ਨੂੰ ਹੈ ਲੋੜ ਦੁਬਾਰਾ,
ਸਾਨੂੰ ਸਭ ਨੂੰ ਗਉਣਾ ਆਵੇ, ਗੁਰਸਿੱਖੀ ਦਾ ਰਾਗ ਨਿਆਰਾ
ਸੁਰ ਤਾਲ ਗੁਰਸ਼ਬਦੀ ਸੁਰਤੀ, ਕੁਦਰਤ ਵੀ ਦੇਵੇ ਹੁੰਗਾਰਾ
ਗੁਰਸਿੱਖਾਂ ਦੀਆਂ ਸਾਖੀਆਂ ਪੜ੍ਹ ਕੇ, ਢੇਸੀ ਹੋ ਜਾ ਸਿੱਖ ਨਿਆਰਾ।
———————00000———————
ਹੋਣੀ ਅਨਹੋਣੀ
ਚਹੁੰਦੇ ਤਾਂ ਅਸੀਂ ਸਾਰੇ ਆਂ ਕਿ, ਜ਼ਿੰਦਗੀ ਹੋਵੇ ਸੋਹਣੀ।
ਬੈਠੇ ਸੁੱਤੇ ਕਦੀ ਕਦੀ ਪਰ, ਹੋ ਜਾਂਦੀ ਅਨਹੋਣੀ।
ਮੰਨਿਆਂ ਕਿ ਹਾਲਾਤਾਂ ਦੇ ਵਸ,ਸਮਤਲ ਨਹੀਂ ਹੈ ਜੀਵਨ,
ਸ੍ਰੋਤ ਜਿਹਦਾ ਹੈ ਸਾਡੇ ਅੰਦਰ, ਖੁਸ਼ੀ ਕਿਸੇ ਨਾ ਖੋਹਣੀ।
ਮਾਲਕ ਦੀਆਂ ਅਸੀਸਾਂ, ਸਾਰਾ ਦਿਨ ਹੀ ਹੋਵਣ ਹਾਸਲ,
ਅੰਮ੍ਰਿਤ ਵੇਲੇ ਦਿਨ ਦੀ ਜੇਕਰ, ਹੋਵੇ ਚੰਗੀ ਬੋਹਣੀ।
ਮਨ ਰਾਜੀ ਤੇ ਜੱਗ ਰਾਜੀ, ਸਾਡੇ ਪੁਰਖੇ ਸੱਚੀ ਕਹਿ ਗਏ,
ਕੁਝ ਵੀ ਚੰਗਾ ਲੱਗੇ ਨਾ, ਜੇ ਜੀਅ ਦੀ ਹਾਲਤ ਕੋਹਣੀ।
ਵਿਰਲੇ ਹੀ ਉਡਾਰੂ ਹੁੰਦੇ, ਰੀਂਘਦੇ ਏਥੇ ਬਹੁਤੇ,
ਪ੍ਰੇਮ ਦੇ ਖੰਭਾਂ ਬਿਨ ਇਹ ਜ਼ਿੰਦਗੀ, ਪੈ ਜਾਂਦੀ ਹੈ ਢੋਹਣੀ।
ਸੱਚੇ ਸੁੱਚੇ ਅਰਥਾਂ ਦੇ ਵਿਚ, ਜੇ ਸ਼ਿੰਗਾਰ ਹੈ ਕਰਨਾ,
ਜੀਅ ਦੀ ਬਰਦੀ ਨਿੱਤ ਸੋਹਣਿਓਂ, ਪੈਣੀ ਸਾਨੂੰ ਧੋਣੀ।
ਨਸ਼ਾ ਭਾਲਦਾ ਹਉਮੈ ਚੋਂ ਕੋਈ, ਕੋਈ ਬੋਤਲ ਚੋਂ ਲੱਭੇ,
ਅੰਮ੍ਰਿਤ ਰੂਪੀ ਦਾਰੂ ਤਾਂ, ਵਿਰਲੇ ਨੂੰ ਅਉਂਦੀ ਚੋਣੀ।
ਕਿੰਨੀ ਵੀ ਗੱਲ ਗੁੱਝੀ ਰੱਖੀਏ, ਹੋ ਜਾਣੀ ਹੈ ਪ੍ਰਗਟ,
ਜ਼ਮੀਰ ਦੀ ਤਾਂ ਹਰ ਬੰਦੇ ਨੂੰ ਹੀ, ਪੁਣ ਕੇ ਛੱਡੇ ਪੋਣੀ।
ਨਿਰਪੱਖ ਹੋ ਕੇ ਸੱਚ ਕੱਚ ਦਾ, ਸਦਾ ਨਿਬੇੜਾ ਕਰਦੀ,
ਚਿਰ ਤੋਂ ਆਖੀ ਸਾਈਆਂ ਦੀ, ਕਦੇ ਹੋਵੇ ਨਾ ਚਿਰਕੋਣੀ।
ਮਰਜ਼ੀ ਤੇਰੀ ਗੇੜ ਹੱਸ ਕੇ, ਜਾਂ ਗੇੜਾ ਦੇ ਰੋ ਕੇ,
ਜ਼ਿੰਦਗੀ ਦੀ ਚੱਕੀ ਤਾਂ ‘ਢੇਸੀ’, ਪੈਣੀ ਤੈਨੂੰ ਝੋਣੀ।
———————00000———————
ਵਸੀਅਤ
ਅੱਜ ਕਿਵੇਂ ਵਸੀਅਤ ਬਾਬੇ ਦੀ , ਅਸੀਂ ਆਪਣੇ ਨਾਵੇਂ ਕਰਦੇ ਹਾਂ।
ਗੁਰ ਨਾਨਕ ਦੇ ਸਿੱਖ ਤਾਂ ਕਹੀਏ , ਜੇ ਸਿੱਖਿਆ ਨੂੰ ਚਿੱਤ ਧਰਦੇ ਹਾਂ।
ਗੁਰਾਂ ਸ਼ਬਦ ਨੂੰ ਹੀ ਗੁਰ ਪੀਰ ਕਿਹਾ,ਬਿਨਾ ਸ਼ਬਦ ਕਿਹਾ ਜਗ ਬਉਰਾ ਹੈ,
ਅਸੀਂ ਸ਼ਬਦ ਨੂੰ ਵਿਕਰੀ ‘ਤੇ ਲਾ ਕੇ, ਨਿੱਤ ਗੋਲਕ ਆਪਣੀ ਭਰਦੇ ਹਾਂ।
ਗੁਰਾਂ ਭੁੱਖਿਆਂ ਨੂੰ ਖਵਾਉਣੇ ਲਈ , ਵੀਹਾਂ ਦਾ ਲੰਗਰ ਲਾਇਆ ਸੀ,
ਅਸੀਂ ਰੱਜਿਆਂ ਨੂੰ ਰਜਾਉਣੇ ਲਈ , ਪੀਜ਼ੇ ਤੇ ਬਰਗਰ ਧਰਦੇ ਹਾਂ।
ਅੱਜ ਭਰੇ ਦੀਵਾਨਾ ਵਿਚ ਦੇਖੋ , ਹੱਥ ਪਉਂਦੇ ਹਾਂ ਦਸਤਾਰਾਂ ਨੂੰ,
ਭਾਵੇਂ ਕਹਿੰਦੇ ਹਾਂ ਗੁਰੂ ਹਾਜ਼ਰ ਹੈ , ਪਰ ਇੱਕ ਦੂਜੇ ‘ਤੇ ਵਰ੍ਹਦੇ ਹਾਂ।
ਗੁਰੂ ਨਉਨਿਧ ਨਾਮ ਗਰੀਬੀ ਹੀ , ਸੱਚ ਖੰਡ ਤੋਂ ਲੈ ਕੇ ਆਏ ਸੀ,
ਨਿੱਤ ਕੁਰਸੀ ਖਾਤਰ ਖਹਿਬੜ ਕੇ , ਅਸੀਂ ਜਿੱਤੀ ਬਾਜ਼ੀ ਹਰਦੇ ਹਾਂ।
ਗੁਰਾਂ ‘ਪ੍ਰੇਮ ਖੇਲਣ ਦੇ ਚਾਓ ਨੂੰ’ , ਸਿੱਖੀ ਸਿੱਖਿਆ ਦੀ ਰਮਜ਼ ਕਿਹਾ,
ਸਾਡਾ ਆਪਸ ਵਿਚ ਵਿਰੋਧ ਬੜਾ , ਗੈਰਾਂ ਦੀ ਚੌਂਕੀ ਭਰਦੇ ਹਾਂ।
‘ਫਿਟ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ’ ਪੜ੍ਹੋ।
ਅਸੀਂ ਸ਼ੂਗਰ ਬੀ ਪੀ ਦੇ ਮਾਰੇ , ਪਸ਼ੂਆਂ ਦੇ ਵਾਂਗੂੰ ਚਰਦੇ ਹਾਂ।
ਅਸੀਂ ਵਲੀ ਕੰਧਾਰੀ, ਮਲਕ ਭਾਗੋ , ਹੋਈਏ ਨਾ ਸੱਜਣ ਠੱਗ ਵਰਗੇ,
ਕਿਓਂ ਨਾ ਹੋ ਕੇ ਭਾਈ ਲਾਲੋ ਜਏ , ਸਿਰ ਗੁਰੂ ਦੇ ਚਰਨੀ ਧਰਦੇ ਹਾਂ।
ਗੁਰ ਸਤਗੁਰ ਨੇ ਬਖਸ਼ਿੰਦ ਬੜੇ , ਜੇ ਤੌਬਾ ਕਰੀਏ ਪਾਪਾਂ ਤੋਂ,
‘ਢੇਸੀ’ ਭੁੱਲਾਂ ਬਖਸ਼ਾ ਲਈਏ , ਜੇ ਵਫਾਦਾਰ ਗੁਰੂ ਘਰ ਦੇ ਹਾਂ।
———————00000———————
ਜਾਹਰ ਪੀਰ ਜਗਤ ਗੁਰ ਬਾਬਾ
ਕੋਈ ਆਖੇ ਜਗਤ ਗੁਰੂ ਤੈਨੂੰ , ਕੋਈ ਆਖੇ ਜਾਹਰਾ ਪੀਰ ਬਾਬਾ।
ਹੈ ਪੀਰਾਂ ਦਾ ਤੂੰ ਪੀਰ ਬਾਬਾ , ਤੇ ਮੀਰਾਂ ਦਾ ਹੈ ਮੀਰ ਬਾਬਾ।
ਊੜੇ ਜੂੜੇ ਦੀ ਸਿੱਖਿਆ ਲਈ , ਗੁਰੂ ਨਾਨਕ ਅੰਗਦ ਹੋਏ ਜਦ,
ਭੁੱਖਿਆਂ ਦੀ ਭੁੱਖ ਮਿਟਾਉਣੇ ਲਈ, ਲੰਗਰ ਵਰਤਾਈ ਖੀਰ ਬਾਬਾ।
ਚਹੁੰ ਵਰਣਾ ਨੂੰ ਇੱਕ ਵਰਣ ਕਰਾ, ਸੰਗਤ ਪੰਗਤ ਦੀ ਰੀਤ ਤੋਰੀ,
ਨਤਮਸਤਕ ਹੋ ਤੀਜੀ ਜੋਤੀ ਨੂੰ , ਅਕਬਰ ਨੂੰ ਆਈ ਧੀਰ ਬਾਬਾ।
ਰਾਮ ਦਾਸ ਸਰੋਵਰ ਦੀ ਰਚਨਾ , ਜਦ ਚੌਥੀ ਜੋਤ ‘ਚ ਕੀਤੀ ਤਾਂ,
ਨਾ ਛੂਤ ਛਾਤ ਸੀ ਕੋਈ ਰਹੀ , ਸਭ ਬਣ ਗਏ ਭਾਈ ਵੀਰ ਬਾਬਾ।
ਤੱਤੀ ਤਵੀ ‘ਤੇ ਬੈਠ ਗਿਓਂ , ਫਿਰ ਜੱਗ ਦੀ ਤਪਸ਼ ਮਿਟਾਵਣ ਲਈ,
ਪੋਥੀ ਪ੍ਰਮੇਸ਼ਰ ਆਖੀ ਤਾਂ , ਧਰਮਾ ਦੀ ਮਿਟੀ ਲਕੀਰ ਬਾਬਾ।
ਤੇਰੀ ਬੰਦੀ ਛੋੜ ਦੀ ਆਭਾ ਤੋਂ , ਕੰਬੇ ਸੀ ਰਾਜ ਸਿੰਘਾਸਨ ਫਿਰ,
ਤੁਸਾਂ ਹੱਥ ਭਗੌਤੀ ‘ਤੇ ਰੱਖਿਆ, ਜਦ ਜ਼ੁਲਮ ਦੀ ਹੋਈ ਅਖੀਰ ਬਾਬਾ।
ਤੁਸੀਂ ਵੈਦ ਗੁਰੂ ਹਰਿ ਰਾਏ ਜੀ , ਤੇ ਵਾਤਾਵਰਣ ਦੇ ਪ੍ਰੇਮੀ ਜੀ,
ਬਾਈ ਸੌ ਸੀ ਘੋੜ ਸਵਾਰ ਰੱਖੇ ,ਭੱਥਿਆਂ ਵਿਚ ਚਮਕਣ ਤੀਰ ਬਾਬਾ।
ਜਦ ਬਾਲਾ ਪ੍ਰੀਤ ਬਣਿਓਂ ਤਾਂ , ਗੂੰਗੇ ਬਹਿਰੇ ਵਿਦਵਾਨ ਹੋਏ,
ਰੋਗਾਂ ਸੋਗਾਂ ਦੇ ਘੇਰੇ ਦੀ , ਸੀ ਤੋੜ ਦਿੱਤੀ ਜੰਜੀਰ ਬਾਬਾ,
ਤਦ ਚਾਂਦਨੀ ਚੌਂਕ ‘ਚ ਬੈਠ ਗਿਓਂ, ਕੁਰਬਾਨੀ ਪਾਠ ਪੜ੍ਹਾਵਣ ਲਈ,
ਜੱਗ ਕਹਿਣ ਲੱਗਾ ਹੈ ਧੰਨ ਗੁਰੂ , ਧੰਨ ਤੇਗ ਬਹਾਦਰ ਬੀਰ ਬਾਬਾ।
ਦਸਵੇਂ ਜਾਮੇ ਵਿਚ ਸਤਗੁਰ ਜੀ, ਤੁਸਾਂ ਖਾਲਸਾ ਪੰਥ ਸਜਾ ਦਿੱਤਾ,
ਚਿੜੀਆਂ ਤੋਂ ਬਾਜ ਤੁੜਾਵਣ ਲਈ, ਸੀ ਚਮਕੀ ਫਿਰ ਸ਼ਮਸ਼ੀਰ ਬਾਬਾ,
ਸਭ ਭਗਤਾਂ ਤੇ ਦਸ ਗੁਰੂਆਂ ਦੀ, ਗੁਰੂ ਗ੍ਰੰਥ ਨਿਰੰਜਨੀ ਜੋਤ ਹੋਇਓਂ,
‘ਢੇਸੀ’ ਹੈ ਧੰਨ ਧੰਨ ਸ਼ਬਦ ਗੁਰੂ , ਸ਼ਾਹਾਂ ਦਾ ਸ਼ਾਹ ਅਮੀਰ ਬਾਬਾ।
———————00000———————
ਰਹਿਮਤ
ਕੱਖ ਦਾ ਨਾ ਰਹਿੰਦਾ ਬੰਦਾ, ਆਪਾ ਖੁਆਰ ਕਰਕੇ।
ਸਰਨਾ ਹੈ ਆਦਮੀ ਦਾ ਰੂਹ ਨੂੰ ਸ਼ੁਮਾਰ ਕਰਕੇ।
ਸਾਹਾਂ ਦੀ ਸਾਂਝ ਰੱਖੇ , ਸਾਨੂੰ ਰਿਜ਼ਕ ਵੀ ਉਹ ਦੇਵੇ,
ਕੀ ਕੁਝ ਨਾ ਦੇਵੇ ਕੁਦਰਤ, ਨਿੱਤ ਹੀ ਤਿਆਰ ਕਰਕੇ।
ਜੀਣ ਜੋਗਿਓ ਸੁਣੋ ਜੀ , ਫੇਰ ਜੀਅ ਵੀ ਨਹੀਂਓਂ ਹੋਣਾ,
ਕੁਦਰਤ ਜੇ ਦੂਰ ਹੋ ਗਈ, ਮਾੜੇ ਵਿਹਾਰ ਕਰਕੇ।
ਕਣ ਕਣ ਤੇ ਪੱਤੇ ਪੱਤੇ , ਬਾਹਾਂ ਬੈਠਾ ਜੋ ਉਲਾਰੀ,
ਛੱਡ ਕੇ ਮਸ਼ੀਨੀ ਲਹਿਜ਼ਾ, ਦੇਖੇ ਕੋਈ ਪਿਆਰ ਕਰਕੇ।
ਜਦੋਂ ਬੋਲਿਆ ਪ੍ਰੀਤਮ ਜੀਵਨ ਨੇ ਬੋਲ ਪੈਣਾ,
ਦਿਲੋ ਜਾਨ ਨਾਲ ਕੋਈ ਦੇਖੇ ਪੁਕਾਰ ਕਰਕੇ।
ਇਹ ਜੱਗ ਵਾਲਾ ਮੇਲਾ , ਸਾਨੂੰ ਲੁੱਟਣਾ ਵੀ ਆਵੇ,
ਮਨ ਦੀ ਵਿਚਾਰ ਕਰਕੇ ਜਾਂ ਨਿਰਵਿਚਾਰ ਕਰਕੇ।
ਭੋਗਾਂ ਨੇ ਦੇਖੋ ਕਿੱਦਾਂ , ਭੋਗੇ ਨੇ ਆਦਮੀ ਹੁਣ,
ਡਿਗਦੀ ਹੋਈ ਲਾਰ ਕਰਕੇ ਜਾਂ ਜੀਅ ਗੱਦਾਰ ਕਰਕੇ।
ਸੱਚੀਂ ਦੇ ਹੁਸਨ ਨੂੰ ਵੀ ਕਿਤੇ ਹੁਸਨ ਵਾਲੇ ਜਾਨਣ,
ਜਲਵਾ ਜੋ ਹੁਸਨ ਦਾ ਹੈ ਆਤਮ ਨਿਖਾਰ ਕਰਕੇ।
ਸੱਚ ਪੁੱਛੋ ਉਹਦੇ ਜਿਹਾ ਤਾਂ , ਏਥੇ ਹੋਰ ਨਹੀਂਓਂ ਹੋਣਾ,
ਛੱਡੇ ਨਾ ਰਹਿਮਤਾਂ ਜੋ , ‘ਢੇਸੀ’ ਗੰਵਾਰ ਕਰਕੇ।
———————00000———————
ਚਲਾਣ
ਕਹਿਣ ਨੂੰ ਕਹਿੰਦੇ ਨੇ ਦਿਲ ਦੀ, ਦਿਲ ਵਧੇਰੇ ਜਾਣਦਾ।
ਦਿਲ ਭਲਾ ਕੀ ਜਾਣਦਾ , ਜੇ ਹੋਊਗਾ ਅਨਜਾਣ ਦਾ।
ਦਿਲ ਦੀ ਅਦਾਲਤ ਨਾਲ ਹੀ , ਦਿਲ ਦੇ ਨੇ ਫੈਸਲੇ,
ਥਾਣਾ ਨਾ ਕੋਈ ਵੀ ਬਾਹਰ ਹੈ ,ਰਹਿੰਦਾ ਜੋ ਠਾਣਦਾ।
ਹੱਥੀਂ ਪਾਈ ਜੋ ਜਾਣਦੇ , ਦੰਦਾਂ ਨੇ ਖੋਲ੍ਹਣੀ,
ਰੱਖਦੇ ਖਿਆਲ ਬੜਾ ਉਹ , ਹੁੰਦੇ ਚਲਾਣ ਦਾ।
ਟੁਰਨਾ ਹੋਏ ਦੁਸ਼ਵਦਾਰ ਤੇ , ਥਾਂ ਥਾਂ ‘ਤੇ ਠੋਹਕਰਾਂ,
ਪੈ ਜਾਏ ਗਲ਼ ਸਾਥ ਜੇ , ਮੂਰਖ ਅੰਞਾਣ ਦਾ।
ਆਪ ਮਰੇ ਪਰਲੋ ਹੈ ਜੱਗ , ਸੁਣਿਆ ਬੜੀ ਵੇਰੀ,
ਸਿਰ ਪਈ ਤੇ ਸਮਝਿਆ , ਮਤਲਬ ਅਖਾਣ ਦਾ।
ਹੁੰਦਾ ਹੈ ਜੋ ਹੁੰਦਾ ਰਹੇ , ਤੇਵਰ ਤਕਾਜ਼ਾ ਉਮਰ ਦਾ,
ਜੀਅ ਦੀ ਰਗ਼ ਜੋ ਜਾਣਦਾ,ਉਹ ਭਰ ਜਵਾਨੀ ਮਾਣਦਾ।
ਕੌਡੀਆਂ ਘੱਟੇ ਹੀ ਜਿਹਦੀ ਬੀਤਣੇ ਨੂੰ ਬੀਤਦੀ,
ਲਾਹਾ ਕਿਵੇਂ ਉਹ ਲੈ ਲਊ ਲਾਲਾਂ ਦੀ ਖਾਣ ਦਾ।
ਪੱਤਝੜ ਵੀ ਰਾਹੀਂ ਓਸ ਦੇ , ਕਲੀਆਂ ਬਿਖੇਰ ਦੇਊ,
ਰੂਹ ਦੀ ਵਾੜੀ ਜੋ ਕੋਈ , ਰੱਜ ਰੱਜ ਕੇ ਮਾਣਦਾ।
ਕਦੀ ਤਾਂ ‘ਢੇਸੀ’ ਵੀ ‘ਢੇਸੀ’ ਨੂੰ ਜਚੂ ਰੱਜ ਕੇ,
ਖਾਕ ਆਪਣੇ ਜੀਅ ਦੀ ਰਹਿੰਦਾ ਜੋ ਛਾਣਦਾ,
———————00000———————
ਭੁਆਰਾ
ਪੁੱਛੋ ਨਾ ਜੋ ਜੀਅ ਨੇ ਜੀਅ ਦਾ ਭੁਆਰਾ ਦੇਖਿਆ।
ਜਾਂ ਨਿਕਾਰਾ ਜਾਂ ਕਦੀ ਜਲਵਾ ਜੋ ਜਾਹਰਾ ਦੇਖਿਆ।
ਰਹਿਣ ਵਾਲੇ ‘ਤੇ ਰਿਹਾਇਸ਼ ਦਾ ਹੁੰਦਾ ਹੈ ਮਰਤਬਾ,
ਝੌਂਪੜੀ ਤੋਂ ਵੀ ਕਿਤੇ ਨੀਵਾਂ ਚੌਬਾਰਾ ਦੇਖਿਆ।
ਕਹਿਣ ਨੂੰ ਤਾਂ ਦੇਖੋ ਸ਼ਹਿਰੀ ਹੋ ਗਿਆ ਬੰਦਾ ਬੜਾ,
ਇਹਦੇ ਵਰਗਾ ਜੀਵ ਨਾ ਕੋਈ ਅਵਾਰਾ ਦੇਖਿਆ।
ਸੋਚ ਨੇ ਸਿਰਤੋੜ ਕੋਸ਼ਿਸ਼, ਕੀਤੀ ਜੋ ਵਿਗਿਆਨਕੀ,
ਕਾਢਾਂ ਦਾ ਹਰ ਜੀਅ ਨੇ,ਲੁੱਟਿਆ ਨਜ਼ਾਰਾ ਦੇਖਿਆ।
ਖੋਜੀਆਂ ਦੀ ਖੋਜ ਤੋਂ ਨਹੀਂ ਰੀਸ ਹੋਈ ਉਹਨਾ ਦੀ,
ਸਾਧੂਆਂ ਕਤਰੇ ਚੋਂ ਜੋ ਸਾਗਰ ਨੂੰ ਜਾਹਰਾ ਦੇਖਿਆ।
ਲੈਣ ਤੇ ਹਰ ਦੇਣ ਵਿਚ ਲੋਕੀ ਸਲੀਕੇ ਵਰਤਦੇ,
ਆਸ਼ਕਾਂ ਵਰਗਾ ਨਾ ਪਰ ਪੈਂਦਾ ਖਿਲਾਰਾ ਦੇਖਿਆ।
ਖਾਹ ਮਖਾਹ ਹੋਰਾਂ ‘ਤੇ ਰੋਸੇ ਕਰ ਰਿਹਾ ਬੰਦਾ ਬੜੇ,
ਆਪਣੇ ਅੱਗੇ ਇਹਦਾ ਚਲਦਾ ਨਾ ਚਾਰਾ ਦੇਖਿਆ।
ਨਿੱਕੇ ਹੁੰਦੇ ਹੀ ਬਣਾ ਦਿੱਤੇ ਸੀ ਜੋ ਬੰਦੇ ਉਹਨਾ,
ਬੇਬੇ ਬਾਪੂ ਦਾ ਜਿਹਨਾ ਥੱਪੜ ਕਰਾਰਾ ਦੇਖਿਆ।
ਕਹਿਣਾ ਪਏ ਕਿੱਦਾਂ ਕਹੇ,ਢੇਸੀ ਨੂੰ ਨਹੀਂਓਂ ਅਹੁੜਦਾ,
ਸ਼ਬਦ ‘ਚੋਂ ਜੋ ਸਾਖਸ਼ਾਤ ਪ੍ਰੇਮੀ ਪਿਆਰਾ ਦੇਖਿਆ।
———————00000———————
ਮਸਤੀ
ਗਿੱਝੇ ਹੋਏ ਹਾਂ ਜਿਸ ਤਰਾਂ , ਜੇ ਖੁਸ਼ਗਵਾਰ ਨਾ।
ਖੁਸ਼ੀਆਂ ਦੀ ਖੇਪ ਲਈ ਮਨਾ, ਪਊ ਮਨ ਨੂੰ ਮਾਰਨਾ।
ਦੇਖਣ ਨੂੰ ਜੋ ਵਲੈਤੀਏ , ਨੇ ਕੋਠੀਆਂ ਦੇ ਮਾਲਕ,
ਉਹਨਾ ਨੂੰ ਜਾਪੇ ਕਿਓਂ ਇਵੇਂ , ਏਥੇ ਕੋਈ ਠਾਹਰ ਨਾ।
ਹਸਤੀ ‘ਚ ਮਸਤੀ ਨਾਲ ਹੀ ਫੱਬਦਾ ਹੈ ਜੀਣ ਸਾਡਾ,
ਕਾਹਦਾ ਹੈ ਜਿਊਣਾ ਜੇ ਮਸੀਂ , ਬੁੱਤਾ ਈ ਸਾਰਨਾ।
ਵਾਰਾ ਹੈ ਖਾਂਦਾ ਜੀਣ ਤਾਂ , ਕੁਝ ਆਸ਼ਕਾਂ ਦੇ ਵਾਂਗੂੰ,
ਹੱਸ ਹੱਸ ਕੇ ਬਾਹੀਂ ਜ਼ਿੰਦਗੀ , ਹਰ ਪਲ ਗੁਜ਼ਾਰਨਾ।
ਕਹਿੰਦੇ ਜੋ ਰੱਬ ਮੁਹੱਬਤ,ਉਹਦੇ ਨਾਲ ਨਹੀਂਓਂ ਰਹਿੰਦੇ,
ਗਰਜ਼ਾਂ ਬਿਨਾ ਉਹ ਕਹਿਣਗੇ, ਚੱਲਦਾ ਸੰਸਾਰ ਨਾ।
ਕਰਨਾ ਹੈ ਲੈਣ ਦੇਣ ਜੋ , ਵੱਖ ਖਾਤਾ ਖੋਹਲ ਲਈਏ,
ਵਿਚ ਪ੍ਰੇਮ ਦੇ ਬਿਨ ਪ੍ਰੇਮ ਦੇ, ਹੋਵੇ ਵਿਓਪਾਰ ਨਾ।
ਰੱਬ ਨਾ ਕਰੇ ਹੱਥ ਛਡਣਾ ਪੈ ਜਾਏ ਜੇ ਕਦੀ ਵੀ,
ਪਏ ਅਲਵਿਦਾ ਵੀ ਕਹਿਣੀ ਹੋਏ ਯਾਰ ਮਾਰ ਨਾ।
ਦੇਹਾਂ ਤਾਈਂ ਨਾ ਸੀਮਤ , ਰੂਹਾਂ ਦੀ ਗੱਲ ਹੈ ਸਾਰੀ,
ਸਦਾ ਜਿਹਦੇ ਨਾਲ ਰਹਿਣਾ , ਪੈਂਦਾ ਜੀਅ ਧਾਰਨਾ,
ਅੰਬਰ ਤੋਂ ਤਾਰੇ ਤੋੜਦੀ , ਸਦਾ ਆਸ਼ਕੀ ਮਿਜ਼ਾਜੀ,
ਗੱਲ ਕਹਿਣ ਦੀ ਹੈ ‘ਢੇਸੀ’, ਜੀਵਨ ਨੂੰ ਵਾਰਨਾ।
———————00000———————
ਜਾਂਬਾਜ਼ੀ
ਕਿਸੇ ਦੀ ਕਿਸੇ ਤੇ ਛੱਡ ਕੇ, ਤੂੰ ਆਪਣਾ ਦੇਖ ਲੈ ਸਰਦਾ।
ਤੇਰੇ ਚਿੱਤ ਤੇ ਤੇਰੇ ਵਿਚਕਾਰ , ਦੇਖੀਂ ਰਹੇ ਨਾ ਪਰਦਾ।
ਤੈਨੂੰ ਤਾਂ ਪਤਾ ਹੈ ਕਿ ਪਹਿਲਾਂ ਵਾਲ਼ੀ ਗੱਲ ਨਹੀਂ ਅੱਜਕਲ,
ਬਨੇਰੇ ਤੋਂ ਕਦੀ ਥਹੁ ਲੱਗ ਜਾਂਦਾ ਸੀ ਜਦੋਂ ਘਰ ਦਾ।
ਹੁਣ ਤਾਂ ਹਾਏ ਬਾਏ ਤਕ ਰਹਿ ਗਏ ਨੇ ਲਹੂ ਦੇ ਰਿਸ਼ਤੇ,
ਪੇਸ਼ ਪਰ ਜਾਣ ਨਹੀਂ ਦਿੰਦਾ, ਮਨਾ ‘ਤੇ ਮੋਹ ਦਾ ਗਰਦਾ।
ਪਤਾ ਹੈ ਸੱਚ ਦਾ ਸੱਚ, ਕੱਚ ਦਾ ਕੱਚ ਰਹਿ ਜਾਣਾ ਆਖ਼ਰ,
ਕਿਹੜੇ ਕੰਮ ਨਾਟਕੀ ਦੱਸੋ , ਜੋ ਰਿਸ਼ਤਾ ਅੰਦਰੋਂ ਮਰਦਾ।
ਕਦੀ ਰੰਬਾ ਤੇ ਮੁੰਡਾ ਚੰਡ ਕੇ ਹੀ ਸੂਤ ਅਉਂਦੇ ਸੀ,
ਹੁਣ ਤਾਂ ਹਰ ਕੋਈ ਮਾਪਾ ਨਿਆਣੇ ਤੋਂ ਰਹੇ ਡਰਦਾ।
ਗਲੇ ਨਾਲ ਗਲੇ ਆ ਲੱਗਣ, ਫੇਰ ਅਨਜਾਣੀਆਂ ਬਾਹਾਂ,
ਅੰਦਰਲੇ ਓਪਰੇਪਨ ‘ਤੇ , ਜੋ ਹੱਥ ਧੋ ਕੇ ਰਹੂ ਵਰ੍ਹਦਾ।
ਜਾਨ ਦੇ ਜਾਨੀ ਲਈ ਤਾਂ, ਜਾਨ ਦੀ ਜਾਂਬਾਜ਼ੀ ਚਾਹੀਦੀ,
ਬਹੁਤਾ ਸੋਚ ਕੇ ਕੋਈ ਇਸ਼ਕ ਦੇ ਪਿੜ ਪੱਬ ਨਹੀਂ ਧਰਦਾ।
ਮੁਹੱਬਤ ਸਦਾ ਹੈ ਸੰਭਵ , ਬਦੌਲਤ ਸ਼ਬਦ ਦੇ ਯਾਰੋ,
ਸੁਣ ਕੇ ਤੇ ਸੁਣਾ ਕੇ, ਭਾਗਾਂ ਵਾਲਾ ਰੂਹ ਰਹੇ ਭਰਦਾ।
ਨਸਾਂ ਨਾ ਜੰਮ ਜਾਣ ਦੇਖੀਂ, ਜੀਅ ਦੇ ਨਿੱਘ ਬਿਨਾ ‘ਢੇਸੀ’,
ਕੱਕਰ ਤੇ ਕੋਰੇ ਵਿਚ ਵੀ ਫੇਰ ਤਾਂ, ਤੂੰ ਉੱਕਾ ਨਹੀਂ ਠਰਦਾ।
———————00000———————
ਅੱਖਰ
ਜੀਵਨ ਦਾ ਸਾਰ ਹੈ ਅੱਖਰ, ਰੱਜ ਕੇ ਪਿਆਰਦਾ ਅੱਖਰ।
ਅੱਖਰ ਸੰਸਾਰ ਦਾ ਅੱਖਰ, ਅੱਖਰ ਨਿਰੰਕਾਰ ਦਾ ਅੱਖਰ।
ਕਿਤੇ ਜੇ ਨਾਲ ਅੱਖਰ ਦੇ , ਲਉਣ ਦੀ ਯਾਚ ਆ ਜਾਏ,
ਕਰੇ ਰੰਗੀਨ ਪੱਤਝੜ ਨੂੰ , ਗੁਲੇ ਗੁਲਜ਼ਾਰ ਦਾ ਅੱਖਰ।
ਕਮਾਈ ਲਈ ਵੀ ਇਹਨੂੰ ਵਰਤਿਆ, ਕੋਠੇ ਤੇ ਠੇਕੇ ਨੇ,
ਅੱਖਰ ਨਾ ਹੀ ਅੱਖਰ ਜ਼ਾਤ ਹੈ , ਗੰਵਾਰ ਦਾ ਅੱਖਰ।
ਸਾਂਸਦ ਤੇ ਅਦਾਲਤ ਦੀ ਏਹੋ ਹੀ ਕਾਰਵੀ ਕਰਦਾ,
ਵਣਜ ਵਿਓਪਾਰ ਵਿਚ ਜਾਪੇ, ਨਿਰਾ ਸੰਸਾਰ ਦਾ ਅੱਖਰ।
ਦੋਸ਼ ਅੱਖਰ ਨੂੰ ਨਹੀਂ ਬੰਦਿਆਂ ਨੂੰ ਦੇਣਾ ਹੀ ਵਜ੍ਹਾ ਹੋਵੇ,
ਜਦੋਂ ਵਸ ਪੈ ਕੇ ਬੰਦਿਆਂ ਦੇ , ਇਹ ਬੰਦੇ ਚਾਰਦਾ ਅੱਖਰ।
ਸੱਚ ਜਾਣੋ ਜਾਂ ਨਾ ਜਾਣੋ, ਇਹਦੇ ਹੀ ਵੱਸ ਨੇ ਰਿਸ਼ਤੇ,
ਸਾਂਝਾਂ ਨੂੰ ਤੋੜ ਵੀ ਦਿੰਦਾ , ਜਦੋਂ ਤਕਰਾਰਦਾ ਅੱਖਰ।
ਅਮਨ ਦੀ ਘੁੱਗੀ ਬਣ ਇਹ, ਸ਼ਾਂਤੀ ਦੀ ਬਾਤ ਵੀ ਪਾਵੇ,
ਮੂੰਹੋਂ ਇਹ ਢਾਡੀਆਂ ਦੇ ਰਣ ਲਈ ਵੰਗਾਰਦਾ ਅੱਖਰ।
ਸਨੇਮਾ ਟਾਕੀਆਂ ਤੇ ਲੈਪ ਟੌਪ , ਫੋਨਾ ‘ਚ ਇਹ ਬੋਲੇ,
ਸੋਸ਼ਲ ਸਾਈਟਾਂ ‘ਚ ਕਿਧਰੇ ਡੋਬਦਾ ਤੇ ਤਾਰਦਾ ਅੱਖਰ।
ਵਸਦੇ,ਰਸਦੇ, ਸੁਘੜ,ਸੋਹਣੇ ਜੋ ਹੈ ਪਰਿਵਾਰ ਦਾ ਅੱਖਰ,
ਤੋੜ ਟੱਬਰਾਂ ਨੂੰ ਇਹ ਦੇਵੇ , ਹੋ ਕੇ ਵਿਭਚਾਰ ਦਾ ਅੱਖਰ।
ਪੈਗੰਬਰ,ਪੀਰ ,ਸਤਗੁਰ ,ਰੱਬ ਦਾ ਇਹਨੂੰ ਰੂਪ ਵੀ ਕਹਿੰਦੇ,
ਇਹ ਜੀਂਦੇ ਜੀਅ ਦਏ ਮੁਕਤੀ, ਮੌਤ ਇਨਕਾਰਦਾ ਅੱਖਰ।
ਹੋਏ ਮੰਦਰ,ਹੋਏ ਮਸਜਿਦ, ਗੁਰੂ ਦਾ ਦੁਆਰ ਜਾਂ ਗਿਰਜਾ,
ਖੁਦਾ , ਮੌਲਾ ਤੇ ਈਸਾ ਰਾਮ ਨੂੰ ਜੀਅ ਧਾਰਦਾ ਅੱਖਰ।
ਏਹੋ ਅੰਜੀਲ ਤੇ ਗੁਰੂ ਗ੍ਰੰਥ, ਗੀਤਾ ਵਿਚ ਪਿਆ ਗਾਵੇ,
ਕੁਰਾਨੇ ਪਾਕਿ ਵਿਚ ਇਹ, ਰੂਹ ਨੂੰ ਸਰਸ਼ਾਰਦਾ ਅੱਖਰ।
‘ਢੇਸੀ’ ਤੂੰ ਪਿਆਰ ਪੂਜਾ, ਰੱਬ ਦਾ ਇਹਨੂੰ ਰੂਪ ਹੀ ਜਾਣੀ,
ਨਿਭੂਗਾ ਨਾਲ ਇਹ ਤੇਰੇ, ਸੱਚੀ ਸਰਕਾਰ ਦਾ ਅੱਖਰ।
———————00000———————
ਬੱਲੇ ਬੱਲੇ
ਠਿੱਲ ਜਾ ਤੂੰ ਠਿੱਲ ਜਾ, ਨਾ ਬੈਠ ਕੇ ਕਿਨਾਰੇ ਦੇਖ।
ਮੰਜ਼ਿਲੇ ਮਕਸੂਦ ਲਈ ਤੂੰ ਛੱਲਾਂ ਦੇ ਨਜ਼ਾਰੇ ਦੇਖ।
ਬੱਲੇ ਬੱਲੇ ਵਾਹਵਾ ਵਾਹਵਾ ਉਹਨਾ ਦੀ ਕਰਾਵੇ ਜਿੰਦ,
ਜ਼ਿੰਦਗੀ ਤੋਂ ਜਾਂਦੇ ਜਿਹੜੇ ਵਾਰੇ ਬਲਿਹਾਰੇ ਦੇਖ।
ਠਾਠਾ ਬਾਗਾ ਦੇਖ ਕੇ ਤੂੰ ਭੁੱਲੀਂ ਨਾ ਸੱਚਾਈ ਐਵੇਂ,
ਝੁੱਗੀਆਂ ਦੇ ਨਾਲੋਂ ਖੁਸ਼ ਹੁੰਦੇ ਨਹੀਂ ਚੌਬਾਰੇ ਦੇਖ।
ਜੀਵ ਜੰਤੂਆਂ ਤੋਂ ਖਰੀ ਆਦਮੀ ਦੀ ਜ਼ਾਤ ਤਾਂ ਹੈ,
ਜੇ ਨਾ ਮਨ ਆਦਮੀ ਦਾ ਆਦਮੀ ਨੂੰ ਚਾਰੇ ਦੇਖ।
ਸਾਹ ਸਾਨੂੰ ਦੇਣ ਵਾਲੇ ਰੋਹਬ ਰੁੱਖ ਮਾਰਦੇ ਨਾ,
ਸਾਹਾਂ ਲਈ ਸਰਾਪੇ ਬਣ ਆਪਾਂ ਕਿਓਂ ਹੰਕਾਰੇ ਦੇਖ।
ਜਿਹਨਾ ਨਾਲ ਜੀਅ ਹੋਣਾ ਉਹਨਾ ਨਾਲ ਲਾਈ ਰੱਖ,
ਸਾਗਰਾਂ ਦਾ ਰਾਜ਼ ਹੈ ਕਿ ਹੁੰਦੇ ਨੇ ਉਹ ਖਾਰੇ ਦੇਖ।
ਬੋਲਣੇ ਦਾ ਵਲ ਹੋਵੇ , ਬੋਲ ਪੈਂਦਾ ਰੱਬ ਵੀ,
ਗਲਬਾਤ ਤੇਰੀ ਦੇਖੀਂ , ਕਹਿਰ ਨਾ ਗੁਜ਼ਾਰੇ ਦੇਖ।
ਰੀਝ ਅਤੇ ਨੀਝ ਨਾਲ ਮਿਲੀਂ ਨਿੱਤ ਜ਼ਿੰਦਗੀ ਨੂੰ,
ਚਾਅ ਜੇ ਤੂੰ ਰੱਖਣੇ ਨੇ ਆਪਣੇ ਕੁਆਰੇ ਦੇਖ।
ਦੇਖੀਂ ਤੇਰੀ ਸਾਬਤੀ ਨੂੰ ਐਵੇਂ ਨਾ ਖਿਲਾਰ ਦੇਣ,
ਹੋਰਾਂ ਨੇ ਜੋ ਪਾਏ ਹੋਏ ਐਵੇਂ ਹੀ ਖਿਲਾਰੇ ਦੇਖ।
ਅੱਡੋ ਫਾਟੀ ਹੋ ਕੇ ਪਛਤਾਵੇ ਪੱਲੇ ਰਹਿ ਜਾਂਦੇ,
ਸੰਨ ਸੰਤਾਲੀ ਵਿਚ ਹੋਏ ਬਟਵਾਰੇ ਦੇਖ।
ਲੋਕਾਂ ਦਾ ਕੀ ਲੋਕਾਂ ਨੇ ਤਾਂ ਫੁੱਲਣਾ ਫੁਲਾ ਕੇ ਦੇਖ,
ਬਹੁਤੀ ਦੇਰ ਕੱਢਦੇ ਨਹੀਂ ਹੁੰਦੇ ਇਹ ਗੁਬਾਰੇ ਦੇਖ।
ਸੋਚ ਸਈ ਸਰਦਾਰ ਤੈਨੂੰ ਕਿਓਂ ਨੇ ਲੋਕੀ ਆਖਦੇ,
ਤਵਾਰੀਖ ਤੇਰੀ ਵਿਚ ਵੱਜਦੇ ਜੈਕਾਰੇ ਦੇਖ।
ਖੁਆਰੀ ਤੇ ਖੁਮਾਰੀ ਦਾ ਜੇ ਭੇਤ ਸੱਚੀਂ ਜਾਨਣਾ ਤੂੰ,
ਗੌਲ਼ ਨਾ ਤੂੰ ਖਹਿਬੜਾਂ ਨੂੰ , ਪ੍ਰੀਤ ਜੋ ਪੁਕਾਰੇ ਦੇਖ।
ਕਵਿਤਾ ਦੇ ਨਾਲ ‘ਢੇਸੀ’ ਕਵਿਤਾ ਹੀ ਬਣੀ ਜਾ ਤੂੰ,
ਦੇਣ ਵਾਲੇ ਸਦਾ ਦਿੰਦੇ ਹੁੰਦੇ ਨਹੀਂ ਹੁੰਗਾਰੇ ਦੇਖ।
———————00000———————
ਸੰਨ ਸੰਤਾਲੀ ਵੇਲੇ
ਉੱਨੀ ਸੌ ਸੰਤਾਲੀ ਵੇਲੇ , ਜਦ ਸਾਡਾ ਬਟਵਾਰਾ ਹੋਇਆ।
ਘਰ, ਹਵੇਲੀਆਂ, ਬਾਰਾਂਦਰੀਆਂ, ਕੁੱਲੀ ਤੇ ਹਰ ਢਾਰਾ ਰੋਇਆ।
ਸਾਡੇ ਦਿਲਾਂ ਦੀ ਰਾਏ ਸ਼ੁਮਾਰੀ , ਉਹਨਾ ਨੇ ਕਰਵਾਈ ਹੀ ਨਾ,
ਨਹਿਰੂ ਤੇ ਜਿਨਾਹ ਦਾ ਫੈਸਲਾ, ਲਾਗੂ ਸੀ ਸਾਡੇ ‘ਤੇ ਹੋਇਆ।
ਵੰਡੋ ਰਾਜ ਕਰੋ ਦੀ ਨੀਤੀ ਵਾਲਾ ਫੇਰ ਫਿਰੰਗੀ ਦੇਖੋ,
ਭਾਰਤ ਦਾ ਬਟਵਾਰਾ ਕਰਕੇ, ਲੰਡਨ ਦੇ ਵਿਚ ਜਾ ਖਲੋਇਆ।
ਰਾਤੋ ਰਾਤ ਹੀ ਟੁੱਟੇ ਰਿਸ਼ਤੇ , ਹਮਸਾਏ ਸੀ ਵੈਰੀ ਹੋ ਗਏ,
ਉੱਜੜੇ ਲੋਕਾਂ ਨੇ ਨਾ ਪੁੱਛੋ , ਦਾਗ ਹਿਜ਼ਰ ਦਾ ਕਿੱਦਾਂ ਧੋਇਆ।
ਸਾਂਝ ਲੋਰੀਆਂ ਤੋਂ ਵੈਣਾਂ ਦੀ, ਭੁੱਲ ਗਏ ਫਿਰ ਪੰਜਾਬੀ ਸਾਡੇ,
ਅਣਪਛਾਤੇ ਹੱਥ ਕਿਸੇ ਨੇ , ਬੀ ਨਫਰਤ ਦਾ ਏਦਾਂ ਬੋਇਆ।
ਰੱਤ ਚੋਂਦੀਆ ਘੜੀਆਂ ਦੇ ਵਿਚ, ਰੋ ਰੋ ਕੇ ਜਦ ਸੁੱਕ ਗਏ ਹੰਝੂ,
ਔਖੇ ਵੇਲੇ ਮੱਦਤ ਦੇ ਲਈ,ਵਿਰਲਾ ਹੀ ਕੋਈ ਨਾਲ ਖਲੋਇਆ।
ਪੈਂਹਠ, ਕਹੱਤਰ, ਕਾਰਗਿਲ ਦੇ ਜੰਗ ਜਦੋਂ ਫਿਰ ਹੋਵਣ ਲੱਗੇ,
ਪੁੱਛੋ ਨਾ ਪੰਜਾਬੀ ਪੁੱਤਾਂ , ਖੂਨ ਆਪਣਾ ਕਿੰਨਾ ਚੋਇਆ।
ਮੁੜ ਪੰਜਾਬੀ ਧੜਕਣ ਦੇਖੋ, ਇੱਕ ਦੂਜੇ ਲਈ ਧੜਕਣ ਲੱਗੀ,
ਕਰਤਾਰਪੁਰੀ ਲਾਂਘੇ ਨੇ ਬਾਬੇ ਨਾਨਕ ਦੀ ਮਿੱਟੀ ਨੂੰ ਛੋਹਿਆ।
ਪੌਣੀ ਸਦੀ ਤੋਂ ਅਸੀਂ ਤਾਂ ਆਪਣੇ ਹੱਕਾਂ ਲਈ ਹੀ ਜੂਝ ਰਹੇ ਹਾਂ,
ਦਿੱਲੀ ਨੇ ਪੁੱਛੋ ਨਾ ਕਿੱਦਾਂ, ਸਾਡੇ ਲਈ ਹੈ ਬੂਹਾ ਢੋਇਆ।
ਫਰਿਆਦੀ ਪੰਜਾਬੀ ਸਾਡੇ ਦਿਨੋ ਦਿਨ ਹੁਣ ਬਾਗੀ ਹੋ ਰਹੇ,
ਦਿੱਲੀ ਤੋਂ ਅਜ਼ਾਦੀ ਦਾ ਹੈ ਜਜ਼ਬਾ ਦਿਲਾਂ ‘ਚ ਆਣ ਸਮੋਇਆ।
ਚੜ੍ਹਦੇ ਤੇ ਲਹਿੰਦੇ ਦੇ ਵਾਲੇ , ਸੁਖੀ ਵਸਣ ਪੰਜਾਬੀ ਸਾਡੇ,
‘ਢੇਸੀ’ ਨੇ ਇਹ ਕਵਿਤਾ ਕਹਿ ਕੇ ਵਾਘੇ ਦੇ ਸਦਮੇ ਨੂੰ ਟੋਹਿਆ।
———————00000———————
ਮੋਦੀ ਦਾ ਹੇਜ
ਹੇਜ ਬੜਾ ਸੀ ਜਾਗਿਆ, ਜਿਵੇਂ ਦਿੱਲੀ ਦੇ ਤਾਜਦਾਰ ਦਾ
ਉਹਨੂੰ ਜਾਪਿਆ ਕਿ ਜਿਵੇਂ ਹੈ, ਪੰਜਾਬ ਵਾਜਾਂ ਮਾਰਦਾ
ਕੁਝ ਅੱਟਾ ਸੱਟਾ ਨਾ ਰਿਹਾ, ਰੈਲੀ ਦੇ ਕੀਤੇ ਸ੍ਹਾਬ ਦਾ
ਪੁੱਠਾ ਈ ਪਾਸਾ ਪੈ ਗਿਆ,ਉਹਦੀ ਆਕੜ ਤੇ ਹੰਕਾਰ ਦਾ
ਪੁੱਛੇ ਕਿਸਾਨੀ ਓਸ ਨੂੰ, ਕਿਓਂ ਮਿੰਟਾਂ ਵਿਚ ਤੂੰ ਡੋਲਿਆ
ਅਸੀਂ ਸਾਲ ਭਰ ਉਡੀਕਿਆ, ਤੈਂ ਬੂਹਾ ਨਾ ਸੀ ਖੋਲ੍ਹਿਆ
ਸੱਤ ਸੌ ਗਏ ਮਰਜੀਵੜੇ, ਤੈਂ ਬੋਲ ਤਕ ਨਾ ਬੋਲਿਆ
ਬਣ ਪੂੰਜੀਪਤ ਦਾ ਏਲਚੀ, ਤੂੰ ਪੂਰਾ ਨਾ ਸੀ ਤੋਲਿਆ
ਮੋਦੀ ਨੂੰ ਜਦ ਨਾ ਲੱਗਿਆ, ਸੌਦਾ ਇਹ ਓਹਦੇ ਲਾਭ ਦਾ
ਉਹਨੇ ਫੇਰ ਵਾਟੇ ਛੱਡਤਾ, ਪੈਕਜ ਸੀ ਜੋ ਪੰਜਾਬ ਦਾ
ਓਹਦੀ ਰੱਖਿਆ ਮੁੱਦਾ ਹੋ ਗਈ, ਖੰਭਾਂ ਤੋਂ ਜਿਵੇਂ ਡਾਰ ਦਾ
ਹੁਣ ਭਾਜਪਾ ਦਾ ਟੁੱਟ ਰਿਹਾ,ਸੁਫਨਾ ਸੀ ਜਾਣੋ ਰਾਜ ਦਾ
ਸੁਣਿਆ ਹੈ ਪੰਜਾਬ ਵਲ, ਤੂੰ ਮੁੜ ਕੇ ਮੋਦੀ ਆ ਰਿਹੈਂ
ਹੁਣ ਚੇਤੇ ਕਰ ਸਰਹੰਦ ਨੂੰ,ਮਸਤਕ ਵੀ ਤੂੰ ਨਿਵਾ ਰਿਹੈਂ
ਸੁਣਿਆ ਹੈ ਚੰਡੀਗੜ੍ਹ ਦਾ, ਵਾਇਦਾ ਵੀ ਤੂੰ ਨਿਭਾ ਰਿਹੈਂ
ਜੁਮਲੇ ਤੇ ਜੁਮਲੇ ਛੱਡ ਕੇ, ਲੋਕਾਂ ਨੂੰ ਵੀ ਭਰਮਾ ਰਿਹੈਂ
ਸਦਾ ਚੇਤੇ ਰੱਖੀਂ ਮੋਦੀਆ , ਸਿੱਖ ਕੀਤੀ ਨਹੀਓਂ ਭੁੱਲਦੇ
ਵਕਤੀ ਜੋ ਲਾਰੇ ਲਾ ਰਿਹੈਂ, ਸਿੱਖ ਇਹਨਾ ਤੇ ਨਾ ਡੁਲ੍ਹਦੇ
ਤੈਨੂੰ ਪਤਾ ਹੈ ਕਿ ਕੌਮ ‘ਤੇ , ਝੱਖੜ ਬਥੇਰੇ ਝੁਲੱਦੇ
ਚੰਗਾ ਹੈ ਵਾਜਬ ਸ੍ਹਾਬ ਕਰ,ਤੂੰ ਬਣਦਾ ਫਸਲੀ ਮੁੱਲ ਦੇ
———————00000———————
ਅਜੋਕੀ ਮੀਰੀ ਪੀਰੀ
ਮੀਰਾਂ ਦੇ ਹੈ ਤਾਬਿਆ ਪੀਰੀ, ਤੇ ਧਰਮੀ ਅਸਥਾਨ ਦੁਹਾਈ
ਕੁਨਬਾ ਪ੍ਰਵਰ ਲੋਕਾਂ ਦੀ ਹੁਣ, ਬਣ ਗਈ ਹੈ ਇਹ ਸ਼ਾਨ ਦੁਹਾਈ
ਮੰਦਰ ਮਸਜਿਦ ਗੁਰੂਦੁਆਰੇ , ਹੁੰਦੇ ਪਏ ਹੈਰਾਨ ਦੁਹਾਈ
ਸੱਚੀ ਪੁੱਛੋ ਧਰਮ ਦੇ ਨਾਂ ‘ਤੇ, ਚਲਦੀ ਹੈ ਦੁਕਾਨ ਦੁਹਾਈ
ਪੰਥ ਪੰਜਾਬ ਦਾ ਵਾਸਤਾ ਪਾ ਕੇ, ਮੀਰੀ ਸੰਗਤ ਤੋੜ ਰਹੀ ਹੈ
ਗੁਰੂਆਂ ਦੀ ਸਭ ਕਰੀ ਕਰਾਈ, ਲਾਲਚ ਦੇ ਵਸ ਰੋੜ੍ਹ ਰਹੀ ਹੈ
ਪੰਜਾਬ ਦੀ ਆਭਾ ਉੱਨਤੀ ਨੂੰ ਇਹ, ਪੁੱਠੇ ਪੈਰੀਂ ਤੋਰ ਰਹੀ ਹੈ
ਮੋਹ ਮਾਇਆ ਵਿਚ ਪਰਚੀ ਹੋਈ,ਆਪਣਾ ਖਾਤਾ ਜੋੜ ਰਹੀ ਹੈ
ਅਵਲ ਅੱਲਾ ਨੂਰ ਉਪਾਇਆ , ਦੇ ਜੋ ਨਾਅਰੇ ਮਾਰ ਰਹੇ ਨੇ
ਸਾਂਝੇ ਨੂਰ ਦੀ ਉਪਜ ਨੂੰ ਦੇਖੋ, ਕਰ ਇਹ ਤਾਰੋ ਤਾਰ ਰਹੇ ਨੇ
ਧਰਮ ਕਰਮ ਦਾ ਨਾਮ ਵਰਤ ਕੇ, ਆਪਣਾ ਬੁੱਤਾ ਸਾਰ ਰਹੇ ਨੇ
ਹਰ ਇੱਕ ਪੰਜੀਂ ਸਾਲੀਂ ਇੰਝ ਹੀ, ਬਣਦੇ ਪਏ ਹੁਸ਼ਿਆਰ ਰਹੇ ਨੇ
ਰੋਕਣ ਲਈ ਬੇਅਦਬੀਆਂ ਮੁੜਕੇ, ਝੂਠੀਆਂ ਕਸਮਾਂ ਚੁੱਕਣ ਵਾਲੇ
ਭਾਜਪਾ ਦੇ ਰੱਥ ਉੱਤੇ ਬਹਿ ਕੇ, ਗਲੀ ਗਲੀ ਵਿਚ ਬੁੱਕਣ ਵਾਲੇ
ਗਿਰਗਿਟ ਵਾਂਗੂੰ ਰੰਗ ਬਦਲਦੇ , ਇਹ ਤਾਂ ਨਹੀਂਓਂ ਰੁਕਣ ਵਾਲੇ
ਲੋੜ ਮੁਤਾਬਕ ਇਸ਼ਟ ਬਣਾਉਂਦੇ, ਇਹ ਨੇ ਥਾਂ ਥਾਂ ਝੁਕਣ ਵਾਲੇ
ਪੰਜਾਬ ਦੀ ਖੁਦਦਾਰੀ ਦੇ ਉੱਪਰ, ਕੇਂਦਰ ਕਹੇ ਝੜਾਈ ਕਰਨੀ
ਦਿੱਲੀ ਤੋਂ ਕੋਈ ਝਾੜੂ ਲੈ ਕੇ, ਕਹੇ ਪੰਜਾਬ ਸਫਾਈ ਕਰਨੀ
ਦੇਹਧਾਰੀਆਂ ਦੇ ਉਹ ਪੂਜਕ, ਕਹਿੰਦੇ ਲੋਕ ਭਲਾਈ ਕਰਨੀ
ਪੱਖਪਾਤੀ ਨਾ ਹੋਵੀਂ ‘ਢੇਸੀ’, ਤੂੰ ਕਲਮੀ ਅਗਵਾਈ ਕਰਨੀ
———————00000———————
ਜ਼ਿੰਦਾ ਦਿਲੀ
ਕੈਸਾ ਹੈ ਇਹ ਲੋਕਤੰਤਰ, ਕਿਓਂ ਅਜ਼ਾਦੀ ਸਜ਼ਾ ਹੈ
ਕਿਓਂ ਨਸਲਕੁਸ਼ੀ ਹੋ ਰਹੀ, ਸੋਚੋ ਸਈ ਕੀ ਵਜ੍ਹਾ ਹੈ
ਭਾਵਨਾਵਾਂ ਨਾਲ ਖੇਡਣਾ, ਮੀਰੀ ਤੇ ਪੀਰੀ ਦਗਾ ਹੈ
ਕੁਦਰਤ ਕਰੋਪੀ ਹੋ ਰਹੀ ਤੇ ਫੈਲੀ ਜਾਦੀ ਵਬਾ ਹੈ
ਕੱਟਣੀ ਹੈ ਜੇ ਚੁਰਾਸੀ , ਜੰਗ ਜਾਰੀ ਰਹਿਣ ਦੇ
ਤੇਵਰਾ ‘ਤੇ ਨਜ਼ਰ ਰੱਖ ਤੂੰ ਡੈਮੋਕਰੇਸੀ ਡੈਣ ਦੇ
ਔਖਾ ਤਾਂ ਔਖਾ ਸਹੀ,ਹਾਂ ਸੱਚੋ ਸੱਚ ਹੀ ਕਹਿਣ ਦੇ
ਦੇਸ਼ ਭਗਤੀ ਭਰਮ ਜੇ,ਲਹਿੰਦਾ ਹੈ ਤਾਂ ਲਹਿਣ ਦੇ
ਕੀ ਹੈ ਤੇਰੀ ਹੈਸੀਅਤ, ਜੇ ਹੈ ਗੁਲਾਮੀ ਜ਼ਿੰਦਗੀ
ਤੂੰ ਪਲਟਿਆ ਹੈ ਯੁੱਗ ਨੂੰ,ਭਰਦੀ ਹੈ ਹਾਮੀ ਜ਼ਿੰਦਗੀ
ਰੁੱਖਾਂ ਜਏ ਜੇਰੇ ਨੂੰ ਆਖ਼ਿਰ,ਦਊ ਸਲਾਮੀ ਜ਼ਿੰਦਗੀ
ਹੋ ਜਾਏ ਸੱਚ ਸਰੂਪ ਇਹ, ਨਾ ਹੋਵੇ ਕਾਮੀ ਜ਼ਿੰਦਗੀ
ਇਜ਼ਮਾਂ ਵਾਦਾਂ ਵਾਲਿਆ,ਮਰਜ਼ੀ ਤੇਰੀ ਸੰਵਾਦ ਕਰ
ਸ਼ੀਸ਼ੇ ਵਿਚ ਜਦ ਤੱਕਨੈ,ਤਾਂ ਗੁਰੂ ਨੂੰ ਵੀ ਯਾਦ ਕਰ
ਜੀਅ ਨਾਲ ਹੈ ਜ਼ਿੰਦਗੀ,ਜੀਅ ਨੂੰ ਨਾ ਬਰਬਾਦ ਕਰ
ਤਵਾਰੀਖੀ ਸੇਧ ਲੈ, ਗੁਲਸ਼ਨ ਨੂੰ ਫਿਰ ਆਬਾਦ ਕਰ
ਜ਼ਰਾ ਸੋਚ ਤੇਰੇ ਪੁਰਖਿਆਂ, ਕਿੱਦਾਂ ਸਿਖਾਇਆ ਗੜਕਣਾ
ਬਦੀ ਦੇ ਨਾਲ ਜੂਝਣਾ, ਵੈਰੀ ਦੀ ਅੱਖ ‘ਚ ਰੜਕਣਾ
ਕਰ ਆਰ ਤੇ ਤੂੰ ਪਾਰ ਦੀ, ਵਿਚੇ ਵਿਚਾਲੇ ਫੜਕ ਨਾ
ਕੀ ਹੈ ‘ਢੇਸੀ’ ਜੀਣ ਜੇ, ਜੀਣੇ ‘ਚ ਤੇਰੇ ਮੜਕ ਨਾ
———————00000———————
ਬੇਅਦਬੀਆਂ
ਕੌਣ ਹੈ ਬਈ ਕੌਣ ਹੈ, ਜੋ ਸਾਡੇ ਘਰ ਦਾ ਚੋਰ ਹੈ
ਆਏ ਦਿਨ ਬੇਅਦਬੀਆਂ ਦੀ, ਖਬਰ ਲੱਗਦੀ ਹੋਰ ਹੈ
ਝੱਲਿਆ ਜਾਂਦਾ ਨਹੀਂ , ਤਪ ਤੇਜ ਜੋ ਪੰਜਾਬ ਦਾ
ਉਹ ਵਜ਼ਦ ਚਹੁੰਦੇ ਰੋਕਣਾ, ਬਾਬੇ ਦੇ ਸੁਰ ਅੰਦਾਜ਼ ਦਾ
ਬੀੜਾਂ ‘ਤੇ ਹਮਲੇ ਹੋ ਰਹੇ, ਗਲੀ ਗਲੀ ਵਿਚ ਸ਼ੋਰ ਹੈ
ਕੌਣ ਹੈ ਬਈ ਕੌਣ ਹੈ, ਜੋ ਸਾਡੇ ਘਰ ਦਾ ਚੋਰ ਹੈ
ਜੋ ਦਿੱਲੀ ਦੇ ਨੇ ਧਾੜਵੀ, ਉਹ ਧਾੜਵੀ ਡਰਦੇ ਪਏ
ਕੈਸੀ ਕਮੀਨੀ ਆਏ ਦਿਨ, ਉਹ ਇੱਲਤ ਨੇ ਕਰਦੇ ਪਏ
ਸਿੱਖੀ ਦੇ ਉੱਤੇ ਸੱਚ ਦੀ, ਦੁਖਦੀ ਉਹਨਾ ਨੂੰ ਮੋਹਰ ਹੈ
ਕੌਣ ਹੈ ਬਈ ਕੌਣ ਹੈ, ਜੋ ਸਾਡੇ ਘਰ ਦਾ ਚੋਰ ਹੈ
ਵੈਰੀ ਪਿਆ ਹੈ ਸੋਚਦਾ, ਕਿ ਕਿਓਂ ਏਹੋ ਝੁਕਦਾ ਨਹੀਂ
ਪਾਣੀ ਅਸੀਂ ਸੀ ਖੋਹ ਲਏ,ਪਰ ਕਿਓਂ ਅਜੇ ਸੁੱਕਦਾ ਨਹੀਂ
ਪੰਜਾਬ ਸਿੰਘ ਦੇ ਕਤਲ ਦਾ, ਹੀਲਾ ਬੜਾ ਪੁਰਜ਼ੋਰ ਹੈ
ਕੌਣ ਹੈ ਬਈ ਕੌਣ ਹੈ , ਜੋ ਸਾਡੇ ਘਰ ਦਾ ਚੋਰ ਹੈ
ਪੰਜਾਬ ਵਿਚ ਤਾਂ ਲਗਾਤਾਰ , ਡੇਰੇ ਤੇ ਡੇਰਾ ਖੁਲ੍ਹਦਾ
ਪੰਜਾਬੀਆਂ ਦੀ ਲੁੱਟ ਦਾ , ਝੱਖੜ ਪਿਆ ਹੈ ਝੁਲਦਾ
ਮੀਰ ਦੇ ਨਾਲ ਪੀਰ ਵੀ ਤਾਂ, ਪੁੱਝ ਕੇ ਆਦਮ ਖੋਰ ਹੈ
ਕੌਣ ਹੈ ਬਈ ਕੌਣ ਹੈ, ਜੋ ਸਾਡੇ ਘਰ ਦਾ ਚੋਰ ਹੈ
ਹਰ ਪੰਜੀਂ ਸਾਲੀ ਬਦਲਦੇ , ਝੂਠੇ ਜੋ ਤਾਜਦਾਰ ਨੇ
ਇਹ ਕੁਨਬਾ ਪ੍ਰਵਰ ਲਾਲਚੀ,ਨਿਰਾ ਕੌਮ ਦੇ ਗਲ ਭਾਰ ਨੇ
ਇਹ ਨੀਅਤ ਸਾਨੂੰ ਮਾਰਦੀ, ਜੋ ਬੜੀ ਹੀ ਕਮਜ਼ੋਰ ਹੈ
ਕੌਣ ਹੈ ਬਈ ਕੌਣ ਹੈ , ਜੋ ਸਾਡੇ ਘਰ ਦਾ ਚੋਰ ਹੈ
ਪਹਿਰਾ ਹੈ ਕਿਹੜੇ ਕੰਮ ਦਾ, ਕੁੱਤੀ ਰਲੀ ਜੋ ਚੋਰ ਨਾਲ
ਜੋ ਵਾਅਦੇ ਦਾਅਵੇ ਕਰ ਰਹੇ,ਉਹ ਰਲੇ ਹੋਏ ਨੇ ਹੋਰ ਨਾਲ
ਕਈ ਸੋਚਦੇ ਤਾਂ ਹੋਣਗੇ , ‘ਢੇਸੀ’ ਬੜਾ ਮੂੰਹ ਜ਼ੋਰ ਹੈ
ਕੌਣ ਹੈ ਬਈ ਕੌਣ ਹੈ , ਜੋ ਸਾਡੇ ਘਰ ਦਾ ਚੋਰ ਹੈ
ਆਏ ਦਿਨ ਬੇਅਦਬੀਆਂ ਦੀ, ਖਬਰ ਲੱਗਦੀ ਹੋਰ ਹੈ
———————00000———————
ਮੇਰੇ ਬਾਬੇ ਕਰਕੇ
ਸੋਹਣਾ ਇਹ ਸੰਸਾਰ ਆ ਮੇਰੇ ਬਾਬੇ ਕਰਕੇ
ਜੀਵਨ ਦੀ ਗੁਲਜ਼ਾਰ ਆ ਮੇਰੇ ਬਾਬੇ ਕਰਕੇ
ਨਾ ਹੀ ਕੋਈ ਬਿਗਾਨਾ ਨਾ ਕੋਈ ਵੈਰੀ ਹੈ
ਸਾਰੇ ਹੀ ਦਿਲਦਾਰ ਆ ਮੇਰੇ ਬਾਬੇ ਕਰਕੇ
ਬਹੁ ਪ੍ਰਕਾਰੀ ਕੱਪੜੇ ਤੇ ਕੀ ਗਹਿਣੇ ਗੱਟੇ
ਸੱਚਾ ਸ਼ਬਦ ਸ਼ਿੰਗਾਰ ਆ ਮੇਰੇ ਬਾਬੇ ਕਰਕੇ
ਨੇਕ ਕਮਾਈ ਕਰਨੇ ਦੀ ਉਹ ਸਿੱਖਿਆ ਦਿੰਦੇ
ਕਿਰਤੀ ਹਰ ਸਰਦਾਰ ਆ, ਮੇਰੇ ਬਾਬੇ ਕਰਕੇ
ਜੀਅ ਨਹੀਂ ਹੋਣਾ ਨਾਮ ਬਿਨਾ ਇਹ ਪੱਕੀ ਜਾਣੋ
ਸਿਮਰਨ ਵਾਰੋ ਵਾਰ ਆ ਮੇਰੇ ਬਾਬੇ ਕਰਕੇ
ਧੰਨ ਗੁਰੂ ਧੰਨ ਗੁਰੂ ਪਿਆਰੇ ਕਹਿੰਦੇ ਰਹੀਏ
ਦਿਲ ਜਾਂਦਾ ਬਲਿਹਾਰ ਆ ਮੇਰੇ ਬਾਬੇ ਕਰਕੇ
ਜਾਤ ਰੰਗ ਤੇ ਮਜ਼੍ਹਬ ਨਾਂ ਨਾ ਝਗੜੇ ਹੋਵਣ
ਹਰ ਕੋਈ ਸਵੀਕਾਰ ਆ ਮੇਰੇ ਬਾਬੇ ਕਰਕੇ
ਰੋਗ ਸੋਗ ਭੈ ਭੋਗ ਨਾ ਕੋਈ ਨੇੜੇ ਆਵੇ
ਬਾਣੀ ਦੀ ਗੁੰਜਾਰ ਆ ਮੇਰੇ ਬਾਬੇ ਕਰਕੇ
ਕਾਹਦੇ ਲਈ ਮਨਾ ਝੂਰਨਾ ਹੈ ਤੂੰ ਦੱਸੀਂ ਤਾਂ ਸਹੀ
ਜੀਵਨ ਨਿਰਾ ਈ ਪਿਆਰ ਆ ਮੇਰੇ ਬਾਬੇ ਕਰਕੇ
ਜੀਂਦੇ ਜੀਅ ਮੁਕਤੀ ਦਾ ਮਾਰਗ ਸਤਗੁਰ ਦੱਸਦੇ
ਜਮਾਂ ਨੂੰ ਪੈਂਦੀ ਮਾਰ ਆ ਮੇਰੇ ਬਾਬੇ ਕਰਕੇ
ਸਤਗੁਰ ਜੀ ਨੇ ਦਿੱਤਾ ਹੈ ਜੋ ਸ਼ਬਦੀ ਤੋਹਫਾ
ਜੀਵਨ ਦਾ ਉਪਹਾਰ ਆ ਮੇਰੇ ਬਾਬੇ ਕਰਕੇ
ਸੋਹਣਾ ਇਹ ਸੰਸਾਰ ਆ ਮੇਰੇ ਬਾਬੇ ਕਰਕੇ
ਜੀਵਨ ਦੀ ਗੁਲਜ਼ਾਰ ਆ ਮੇਰੇ ਬਾਬੇ ਕਰਕੇ
———————00000———————
ਬਾਬਾ ਬਖਸ਼ ਦਈਂ
ਸੁਣ ਲੈ ਦਿਲੀ ਪੁਕਾਰ ਬਾਬਾ ਬਖਸ਼ ਦਈਂ
ਇਹ ਬੰਦਾ ਭੁੱਲਣਹਾਰ, ਬਾਬਾ ਬਖਸ਼ ਦਈਂ
ਬਾਣੀ ਦੇ ਨਾਂ ਬਹਿੰਸਾਂ ਜਾਂ ਫਿਰ ਅੱਗਾਂ ਨੇ
ਬੜੇ ਈ ਹੁੰਦੇ ਵਾਰ ਬਾਬਾ ਬਖਸ਼ ਦਈਂ
ਮੁੜ ਗਲ ਲੱਗਣ ਟੁੱਟੀਆਂ ਬਾਹਾਂ ਮਿਹਰ ਕਰੋ
ਹੋਵੇ ਨਾ ਤਕਰਾਰ, ਬਾਬਾ ਬਖਸ਼ ਦਈਂ
ਇੱਕੋ ਪਿਤਾ ਤੇ ਓਸੇ ਦੇ ਅਸੀਂ ਬਾਲਕ ਹਾਂ
ਭੁੱਲ ਜਾਈਏ ਹਰ ਵਾਰ ਬਾਬਾ ਬਖਸ਼ ਦਈਂ
ਬਾਣੀ ਦੀ ਬੇਅਦਬੀ, ਵਿਕਰੀ ਬੰਦ ਹੋਵੇ
ਹੋਵੇ ਨਾ ਵਿਓਪਾਰ ਬਾਬਾ ਬਖਸ਼ ਦਈਂ
ਸਾਰੀ ਦੁਨੀਆਂ ਧਰਮਸਾਲ ਜੇ ਸਾਡੇ ਲਈ
ਤਲਖੀ ਕਿਓਂ ਗੁਰਦੁਆਰ ਬਾਬਾ ਬਖਸ਼ ਦਈਂ
ਪ੍ਰਦੂਸ਼ਣ ਦੀ ਮਾਰ ਹੇਠ ਹੈ ਜੱਗ ਸਾਰਾ
ਤਪਦਾ ਹੈ ਸੰਸਾਰ ਬਾਬਾ ਬਖਸ਼ ਦਈਂ
‘ਢੇਸੀ’ ਨੂੰ ਤੇ ਸਭਨਾ ਨੂੰ ਹੀ ਦਾਨ ਕਰੋ
ਬਾਣੀ ਸ਼ਬਦ ਪਿਆਰ ਬਾਬਾ ਬਖਸ਼ ਦਈਂ
———————00000———————
ਆ ਬਾਬਾ ਆ ਪੰਥ ਦਿਖਾਵਾਂ
ਆ ਬਾਬਾ ਆ ਪੰਥ ਦਿਖਾਵਾਂ
ਹੋ ਰਹੀਆਂ ਨੇ ਬਹੁਤ ਸਲਾਹਵਾਂ
ਸ਼ਤਾਬਦੀਆਂ ਦਾ ਸ਼ੌਂਕ ਬੜਾ ਹੈ
ਮਹਿੰਗੇ ਭਾਅ ‘ਤੇ ਹੋਣ ਦੁਆਵਾਂ
ਸੋਨੇ ਦੀ ਸਿੱਖ ਲੈ ਪਾਲਕੀ
ਢੂੰਢ ਰਹੇ ਤੇਰਾ ਸਿਰਨਾਵਾਂ
ਮਸੀਂ ਹੀ ਲਾਂਘਾ ਖੁਲ੍ਹਿਆ ਕਹਿੰਦੇ
ਹਰ ਕੋਈ ਚਾਹੇ ਤੇਰੇ ਜਾਵਾਂ
ਨਗਰ ਕੀਰਤਨਾਂ ਦੀ ਨਾ ਪੁੱਛੋ
ਭੀੜ ਭੜੱਕਾ ਸ਼ਹਿਰ ਗਿਰਾਵਾਂ
ਤੇਰੇ ਲਾਡਲਿਆਂ ਦੇ ਬਾਬਾ
ਕਿੰਨੇ ਕੁ ਦੀਵਾਨ ਗਿਣਾਵਾਂ
ਬਣੇ ਸ਼ਿੰਗਾਰ ਸਟੇਜਾਂ ਦੇ ਉਹ
ਪੰਥ ਲਈ ਜੋ ਵਾਂਗ ਬਲਾਵਾਂ
ਮਲਕ ਭਾਗੋ ਕਈ ਲੰਗਰ ਲਉਂਦੇ
ਲਾਲੋ ਘੇਰ ਲਏ ਚਿੰਤਾਵਾਂ
ਸੋਸ਼ਲ ਸਾਈਟਾਂ, ਅਨਸੋਸ਼ਲ ਨੇ
ਹਰ ਕੋਈ ਚਾਹੇ ਜ਼ਿੱਦ ਪੁਗਾਵਾਂ
ਜਿਹਨੀਂ ਥਾਈਂ ਤੂੰ ਏਕਾ ਲਿਖਿਆ
ਵਾਈਟ ਵਾਸ਼ ਉਹ ਕੀਤੀਆਂ ਥਾਵਾਂ
ਰੱਬੀ ਨਾਂ ਨੂੰ ਛੱਡ ਕੇ ਹੁਣ ਤਾਂ
ਹਰ ਕੋਈ ਚਾਹੇ ਨਾਮ ਕਮਾਵਾਂ
ਸਿੱਖ ਦਾ ਬਾਬਾ ਜੋਰ ਲੱਗ ਰਿਹੈ
ਸੈਲਫੀ ਕਿਹੜੇ ਥਾਂ ਬਣਾਵਾਂ
ਵਿਰਲਾ ਟਾਵਾਂ ਹੀ ਕੋਈ ਚਾਹੇ
ਆਪ ਜਪਾਂ ਤੇ ਨਾਮ ਜਪਾਵਾਂ
ਦੇਖ ਬਾਬਾ ਇਹ ਮੰਨਦਾ ਨਹੀਂ ਏ
‘ਢੇਸੀ” ਨੂੰ ਕਿੱਦਾ ਪਤਿਆਵਾਂ
———————00000———————
ਦਿੱਲੀ ਅਜੇ ਦੂਰ ਏ
ਮੰਨਿਆਂ ਕਿ ਹਰ ਪਾਸੇ ਜਿੱਤ ਦਾ ਸਰੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ
ਐਮ ਐਸ ਪੀ ਦੀ ਗੱਲ ਵਾਅਦਿਆਂ ਦੇ ਗੋਚਰੇ
ਨਾਅਰੇ ਤੇ ਜੈਕਾਰ ਭਾਵੇਂ ਵੱਜਦੇ ਨੇ ਹੋਕਰੇ।
ਮੰਨਿਆਂ ਪੰਜਾਬ ਬੜਾ ਬੇਪਰਵਾਹਾ ਏ
ਸਾਡੇ ਕਿਰਸਾਨ ਗਲ੍ਹ ਕਰਜ਼ੇ ਦਾ ਫਾਹਾ ਏ।
ਝੂਠੇ ਵਾਅਦਿਆਂ ਲਈ ਮੋਦੀ ਬੜਾ ਮਸ਼ਹੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ
ਦੋਹਰੀ ਲੁੱਟ ਮੰਡੀ ਦੀ ਤਾਂ ਦੇਖੋ ਅਜੇ ਰੁਕੀ ਨਹੀਂ
ਪੂੰਜੀਪਤੀਆਂ ਦੀ ਨੀਅਤ ਵੀ ਤਾਂ ਲੁਕੀ ਛੁਪੀ ਨਹੀਂ।
ਅਡਾਨੀਆਂ ਅੰਬਾਨੀਆਂ ਦੀ ਤੂਤੀ ਪਈ ਏ ਬੋਲਦੀ
ਜਨਤਾ ਗਰੀਬ ਬੜੇ ਦੁੱਖੜੇ ਹੈ ਫੋਲਦੀ।
ਫਿਰਕੂ ਨਸ਼ੇ ਦੇ ਵਿਚ ਰਾਜਧਾਨੀ ਚੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ
ਤਵਾਰੀਖ ਤੌਰ ਤੇ ਨਾ ਝੁਕਦਾ ਪੰਜਾਬ ਏ
ਦਿਨੋ ਦਿਨ ਜਾਂਦਾ ਪਰ ਸੁੱਕਦਾ ਪੰਜਾਬ ਏ।
ਮਨੋ ਜਾਂ ਨਾ ਮੰਨੋ ਪਰ ਗੱਲ ਕੁਝ ਖਾਸ ਏ
ਰਾਂਗਲਾ ਪੰਜਾਬ ਜੋਗਾ ਰਹਿ ਗਿਆ ਪ੍ਰਵਾਸ ਦੇ।
ਝੂਠੀਆਂ ਤਸੱਲੀਆਂ ਤੇ ਝੂਠਾ ਈ ਗਰੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ।
ਮਘਦਾ ਰਹੇ ਚੁੱਲ੍ਹਾ ਸਦਾ ਕਿਰਤੀ ਕਿਸਾਨ ਦਾ
ਹੋਵੇ ਨਾ ਹੈਵਾਨੀ ਕਦੇ ਲਹਿਜ਼ਾ ਇਨਸਾਨ ਦਾ।
ਹੱਕਾਂ ਦੇ ਲਈ ਘੋਲ ਅਜੇ, ਉਵੇਂ ਕਿਵੇਂ ਜਾਰੀ ਏ
ਦੇਸ਼ ਭਰ ਵਿਚ ਵੋਟ ਯੁੱਧ ਦੀ ਤਿਆਰੀ ਏ।
ਚੇਤਨਾ ਜਮਾਤੀ ‘ਢੇਸੀ’ ਰੱਖਣੀ ਜਰੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ।
ਮੰਨਿਆਂ ਕਿ ਹਰ ਪਾਸੇ ਜਿੱਤ ਦਾ ਸਰੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ।
———————00000———————