Poetry Geet Gazal

ਮਹਿੰਦਰ ਸਿੰਘ ਮਾਨ, ਨਵਾਂ ਸ਼ਹਿਰ

ਇਹੋ ਜਹੀ ਆਜ਼ਾਦੀ

ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ,
ਥੋੜ੍ਹਾ ਕੰਮ ਹੋਇਆ ਵੇਖ ਮਾਲਕ ਜਾਂਦਾ ਏ ਖਿੱਝ,
ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪਿੰਡ, ਪਿੰਡ ਖੁੱਲ੍ਹ ਗਏ ਨੇ ਸ਼ਰਾਬ ਦੇ ਠੇਕੇ,
ਸ਼ਰਾਬੀ ਪਤੀਆਂ ਤੋਂ ਅੱਕ ਪਤਨੀਆਂ ਤੁਰੀ ਜਾਣ ਪੇਕੇ,
ਸੁਪਨੇ ਪੜ੍ਹਨ ਦੇ ਬੱਚਿਆਂ ਦੇ ਪੂਰੇ ਕੌਣ ਕਰੇ?
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਮੁੱਠੀ ਭਰ ਪਰਿਵਾਰਾਂ ਦਾ ਇੱਥੇ ਰੱਖਿਆ ਜਾਏ ਖਿਆਲ,
ਉਨ੍ਹਾਂ ਨੂੰ ਮਿਲੇ ਸਭ ਕੁੱਝ, ਬਾਕੀ ਵਜਾਣ ਖਾਲੀ ਥਾਲ,
ਅੱਕੀ ਜਨਤਾ ਪਤਾ ਨਹੀਂ ਕਿਹੜੇ ਰਾਹ ਤੁਰ ਪਵੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਹਰ ਮਹਿਕਮੇ ਚੋਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ,
ਪਹਿਲਾਂ ਲੱਗਿਆਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ,
ਬੇਰੁਜ਼ਗਾਰ ਮੁੰਡੇ, ਕੁੜੀਆਂ ਤੇ ਕੋਈ ਤਰਸ ਨਾ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪੂਰੀ ਮਿਹਨਤ ਕਰਕੇ ਕਿਸਾਨ ਫਸਲ ਉਗਾਵੇ,
ਔਖਾ ਹੋ ਕੇ ਉਹ ਮੰਡੀ ‘ਚ ਫਸਲ ਲੈ ਕੇ ਜਾਵੇ,
ਹੋਵੇ ਡਾਢਾ ਨਿਰਾਸ਼, ਜਦ ਉੱਥੇ ਪੂਰਾ ਮੁੱਲ ਨਾ ਮਿਲੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਕਹਿੰਦੇ ਆਇਆ ਪੰਦਰਾਂ ਅਗਸਤ, ਖੁਸ਼ੀਆਂ ਮਨਾਓ,
ਸਭ ਕੁੱਝ ਭੁੱਲ ਕੇ, ਸਾਰੇ ਰਲ ਭੰਗੜੇ ਪਾਓ,
ਢਿੱਡੋਂ ਭੁੱਖੇ ਢਿੱਡ ਭਰਨ ਲਈ ਜਾਣ ਕਿਸ ਦੇ ਘਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।

——————00000———————

ਰੱਖੜੀ ਦਾ ਤਿਉਹਾਰ

ਸਾਲ ਪਿੱਛੋਂ ਅੱਜ ਆਇਆ ਹੈ ਰੱਖੜੀ ਦਾ ਤਿਉਹਾਰ।
ਭੈਣ ਮੇਰੇ ਰੱਖੜੀ ਬੰਨ੍ਹਣ ਲਈ ਹੋ ਗਈ ਹੈ ਤਿਆਰ।
ਰੱਖੜੀ ਬੰਨ੍ਹਾਉਣ ਲਈ ਮੈਂ ਗੁੱਟ ਕੀਤਾ ਹੈ ਭੈਣ ਅੱਗੇ।
ਉਸ ਨੇ ਬੜੇ ਪਿਆਰ ਨਾਲ ਇਹ ਬੰਨ੍ਹੀ ਹੈ ਮੇਰੇ ਗੁੱਟ ਉੱਤੇ।
ਉਸ ਨੂੰ ਮੈਂ ਔਖੇ ਵੇਲੇ ਕੰਮ ਆਉਣ ਦਾ ਦੁਆਇਆ ਹੈ ਵਿਸ਼ਵਾਸ।
ਉਸ ਨੇ ਵੀ ਮੇਰੀ ਲੰਬੀ ਉਮਰ ਦੀ ਰੱਬ ਅੱਗੇ ਕੀਤੀ ਹੈ ਅਰਦਾਸ।
ਅੱਜ ਕਲ੍ਹ ਭੈਣਾਂ ਦੀਆਂ ਰੱਖੜੀਆਂ ਹੋਈਆਂ ਲੈਣ-ਦੇਣ ਦੀਆਂ ਮੁਥਾਜ।
ਲੈਣ-ਦੇਣ ਪਿੱਛੇ ਪੈ ਰਹੇ ਨੇ ਭੈਣਾਂ-ਭਰਾਵਾਂ ਦੇ ਦਿਲਾਂ ‘ਚ ਪਾਟ।
ਸ਼ਾਲਾ! ਸਾਡੇ ਭੈਣ-ਭਰਾ ‘ਚ ਬਣੇ ਨਾ ਖ਼ੁਦਗਰਜ਼ੀ ਰੋੜਾ।
ਸਾਰੀ ਉਮਰ ਮਿਲ ਕੇ ਰਹੀਏ, ਸਾਡਾ ਪਿਆਰ ਨਾ ਹੋਵੇ ਥੋੜ੍ਹਾ।

——————00000———————

 

ਧੀਆਂ

ਪੁੱਤਾਂ ਨਾਲੋਂ ਪਹਿਲਾਂ ਆਵਣ ਧੀਆਂ,
ਮਾਵਾਂ ਨੂੰ ਦੇਖ ਮੁਸਕਾਵਣ ਧੀਆਂ।
ਹਰ ਕੰਮ ‘ਚ ਉਨ੍ਹਾਂ ਦਾ ਹੱਥ ਵਟਾ ਕੇ,
ਮਾਪਿਆਂ ਦੇ ਦਿਲਾਂ ਤੇ ਛਾਵਣ ਧੀਆਂ।
ਪਿੱਪਲਾਂ ਥੱਲੇ ਰੌਣਕ ਲੱਗ ਜਾਵੇ,
ਜਦ ਪੀਂਘਾਂ ਚੜ੍ਹਾਵਣ ਧੀਆਂ।
ਵੀਰਾਂ ਦੇ ਗੁੱਟਾਂ ਤੇ ਬਿਨਾਂ ਲਾਲਚ ਤੋਂ,
ਸੋਹਣੀਆਂ ਰੱਖੜੀਆਂ ਸਜਾਵਣ ਧੀਆਂ।
ਪੁੱਤਾਂ ਨਾਲੋਂ ਵੱਧ ਪੜ੍ਹ , ਲਿਖ ਕੇ,
ਉਨ੍ਹਾਂ ਨੂੰ ਰਾਹ ਦਰਸਾਵਣ ਧੀਆਂ।
ਚੰਗੇ, ਚੰਗੇ ਅਹੁਦਿਆਂ ਤੇ ਲੱਗ ਕੇ,
ਆਪਣੇ ਫਰਜ਼ ਨਿਭਾਵਣ ਧੀਆਂ।
ਸਜੇ ਹੋਏ ਪੇਕੇ ਘਰ ਨੂੰ ਛੱਡ ਕੇ,
ਸਹੁਰਾ ਘਰ ਸਜਾਵਣ ਧੀਆਂ।
ਪੇਕੇ ਘਰ ਜੇ ਕੋਈ ਦੁਖੀ ਹੋਵੇ,
ਪੇਕੇ ਘਰ ਝੱਟ ਆਵਣ ਧੀਆਂ।
ਪੁੱਤ ਵੰਡਾਵਣ ਖੇਤ ਤੇ ਦੌਲਤ,
ਪਰ ਦੁੱਖਾਂ ਨੂੰ ਵੰਡਾਵਣ ਧੀਆਂ।

——————00000———————

ਨੰਬਰ ਵੰਨ ਸਟੇਟ

ਪੰਜਾਬ ਦੀ ਧਰਤੀ ਤੇ ਨਸ਼ਿਆਂ ਦਾ ਦਰਿਆ ਹੈ ਵਗ ਰਿਹਾ,
ਸਰਵਣ ਵਰਗੇ ਪੁੱਤਾਂ ਨੂੰ ਆਪਣੇ ਲਪੇਟੇ ਵਿੱਚ ਹੈ ਲੈ ਰਿਹਾ।
ਬੁਢਾਪੇ ਵਿੱਚ ਜਿੰਨ੍ਹਾਂ ਪੁੱਤਾਂ ਨੇ ਸੰਭਾਲਣਾ ਸੀ ਮਾਂ – ਬਾਪ ਨੂੰ,
ਉਹ ਨਸ਼ਿਆਂ ਦੇ ਟੀਕੇ ਲਾ ਕੇ ਧੋਖਾ ਦੇ ਰਹੇ ਆਪਣੇ ਆਪ ਨੂੰ।
ਉਹ ਨਸ਼ੇ ਲਈ ਪੈਸੇ ਲੈਣ ਲਈ ਮਾਂ -ਬਾਪ ਨੂੰ ਤੰਗ ਕਰ ਰਹੇ,
ਜ਼ਿਆਦਾ ਨਸ਼ੇ ਕਰਕੇ ਉਹ ਭਰ ਜਵਾਨੀ ਵਿੱਚ ਹੀ ਮਰ ਰਹੇ।
ਆਪਣੇ ਮਾਂ -ਬਾਪ ਨੂੰ ਧੱਕੇ ਖਾਣ ਲਈ ਛੱਡ ਕੇ ਜਾ ਰਹੇ ਨੇ,
ਆਪਣੀਆਂ ਭੈਣਾਂ ਪ੍ਰਤੀ ਫਰਜ਼ ਨਿਭਾਏ ਬਿਨਾਂ ਹੀ ਜਾ ਰਹੇ ਨੇ।
ਮੇਰੇ ਪੰਜਾਬ ਦੇ ਨੌਜਵਾਨੋ,ਸੰਭਲਣ ਦਾ ਵੇਲਾ ਹੈ ਹਾਲੇ,
ਇਹ ਪੰਜਾਬ ਤੁਹਾਡਾ ਹੈ, ਨਾ ਕਰੋ ਇਸ ਨੂੰ ਗੈਰਾਂ ਦੇ ਹਵਾਲੇ।
ਪੀਉ ਦੁੱਧ, ਖਾਉ ਮੱਖਣ ਤੇ ਫਲ ਤਾਜ਼ੇ, ਕਰੋ ਵਰਜਿਸ਼ਾਂ,
ਖੇਡੋ ਕਬੱਡੀ ਤੇ ਫੁੱਟਬਾਲ, ਕਰੋ ਦਿਲ ਲਾ ਕੇ ਪੜ੍ਹਾਈਆਂ।
ਬਣਾ ਦਿਉ ਦੇਸ਼ ਦਾ ਨੰਬਰ ਵੰਨ ਸੂਬਾ ਆਪਣੇ ਪੰਜਾਬ ਨੂੰ,
ਕਰ ਦਿਉ ਸਾਕਾਰ ਸਰਦਾਰ ਭਗਤ ਸਿੰਘ ਦੇ ਖਾਬ ਨੂੰ।

——————00000———————

ਬਾਪ

ਬੱਚਿਆਂ ਲਈ ਸਭ ਕੁੱਝ ਕਰੇ,ਜੋ ਦਿਨ ਦੇਖੇ,ਨਾ ਰਾਤ।
ਏਨਾ ਕੁੱਝ ਬੱਚਿਆਂ ਲਈ ਕਰ ਸਕਦਾ ਕੇਵਲ ਇੱਕ ਬਾਪ।
ਗਰਮੀ ਤੇ ਸਰਦੀ ਵਿੱਚ ਵੀ ਉਹ ਘਰ ਨਹੀਂ ਬਹਿੰਦਾ।
“ਮੇਰੇ ਬੱਚੇ ਭੁੱਖੇ ਸੌਣ ਨਾ,”ਉਹ ਰੱਬ ਨੂੰ ਇਹੋ ਕਹਿੰਦਾ।
ਉਹ ਵਿਹਲਾ ਬਹਿ ਕੇ ਨਾ ਸਮਾਂ ਕਦੇ ਬਰਬਾਦ ਕਰੇ।
ਆਪਣੇ ਬੱਚਿਆਂ ਨੂੰ ਕਿਰਤ ਕਰਨ ਲਈ ਤਿਆਰ ਕਰੇ।
ਹੱਕ ਬੇਗਾਨਾ ਨਾ ਖਾਣ ਬਾਰੇ ਬੱਚਿਆਂ ਨੂੰ ਸਮਝਾਵੇ।
ਜੇ ਉਹ ਗਲਤ ਰਾਹ ਤੇ ਤੁਰ ਪੈਣ,ਤਾਂ ਸਖਤੀ ਦਿਖਾਵੇ।
ਲੋੜ ਪੈਣ ਤੇ ਘੂਰੇ ਉਨ੍ਹਾਂ ਨੂੰ, ਨਾਲੇ ਰੱਜ ਕੇ ਕਰੇ ਪਿਆਰ।
ਉਹ ਸਦਾ ਹੱਸਦੇ, ਖੇਡਦੇ ਰਹਿਣ,ਇਹ ਉਸ ਦਾ ਖ਼ਾਬ।
ਸ਼ਾਲਾ! ਬੱਚਿਆਂ ਤੋਂ ਕਦੇ ਨਾ ਵਿੱਛੜੇ ਉਨ੍ਹਾਂ ਦਾ ਬਾਪ।
ਜੀਵਨ ਦਾ ਪੰਧ ਮੁਕਾਵਣ ਲਈ, ਸੇਧਾਂ ਦੇਈ ਜਾਵੇ ਆਪ।

——————00000———————

ਗ਼ਜ਼ਲ

‘ਨਾ ਰੱਖੀਂ ਯਾਦ ਮੈਨੂੰ’ ਕਹਿ ਗਿਆ ਹੈ,
ਉਹ ਤਾਂ ਹੀ ਮੇਰੇ ਮਨ ਤੋਂ ਲਹਿ ਗਿਆ ਹੈ।
ਕਿਸੇ ਮੰਜਿਲ ਤੇ ਉਸ ਨੇ ਪਹੁੰਚਣਾ ਕੀ,
ਜੋ ਰਾਹੀ ਰਾਹ ਦੇ ਵਿੱਚ ਹੀ ਬਹਿ ਗਿਆ ਹੈ।
ਕਦੇ ਉਹ ਪੁੱਤ ਵਧ ਨ੍ਹੀ ਸਕਦਾ ਅੱਗੇ,
ਕਮਾਈ ਪਿਉ ਦੀ ਤੇ ਜੋ ਬਹਿ ਗਿਆ ਹੈ।
ਤਜਾਰਤ ਪਿਆਰ ਨੂੰ ਜੋ ਸਮਝਦਾ ਸੀ,
ਉਹ ਕੱਲਾ ਜ਼ਿੰਦਗੀ ਵਿੱਚ ਰਹਿ ਗਿਆ ਹੈ।
ਉਹ ਹਰ ਵੇਲੇ ਦਿਸੇ ਚਿੰਤਾ ‘ਚ ਡੁੱਬਿਆ,
ਉਦ੍ਹੇ ਦਿਲ ਵਿੱਚ ਕੁਝ ਤਾਂ ਬਹਿ ਗਿਆ ਹੈ।
ਉਦ੍ਹਾ ਤੇਰੇ ਬਿਨਾਂ ਸਰਨਾ ਨਹੀਂ ਸੀ,
ਉਹ ਤਾਂ ਹੀ ਜ਼ੁਲਮ ਤੇਰਾ ਸਹਿ ਗਿਆ ਹੈ।
ਉਦੋਂ ਦਾ ਭਾਰ ਲੱਗੇ ਉਹ ਪੁੱਤਾਂ ਨੂੰ,
ਜਦੋਂ ਦਾ ਮੰਜੀ ਤੇ ਪਿਉ ਬਹਿ ਗਿਆ ਹੈ।

——————00000———————
ਪਾਣੀ ਬਚਾਉ
ਜੇ ਧਰਤੀ ਹੇਠੋਂ ਯਾਰੋ, ਮੁੱਕ ਗਿਆ ਪਾਣੀ,
ਬਚਣਾ ਨਾ ਫਿਰ ਇੱਥੇ ਕੋਈ ਜੀਵਤ ਪ੍ਰਾਣੀ।
ਪਾਣੀ ਬਿਨਾਂ ਦਿਸਣੇ ਨਾ ਹਰੇ,ਭਰੇ ਰੁੱਖ,
ਜਿਹੜੇ ਮਨੁੱਖ ਨੂੰ ਦਿੰਦੇ ਨੇ ਯਾਰੋ,ਸੌ ਸੁੱਖ।
ਬੀਜੋ ਕਿਰਸਾਨੋ ਘੱਟ ਪਾਣੀ ਵਾਲੀਆਂ ਫਸਲਾਂ,
ਜੇ ਜੀਵਤ ਰੱਖਣੀਆਂ ਆਣ ਵਾਲੀਆਂ ਨਸਲਾਂ।
ਨਹਾਣ ਤੇ ਕਪੜੇ ਧੋਣ ਲਈ ਘੱਟ ਵਰਤੋ ਪਾਣੀ,
ਗੱਡੀਆਂ ਤੇ ਸਕੂਟਰਾਂ ਉੱਤੇ ਨਾ ਬਹੁਤਾ ਸੁੱਟੋ ਪਾਣੀ।
ਨਦੀਆਂ ਤੇ ਦਰਿਆਵਾਂ ਦਾ ਪਾਣੀ ਰੱਖੋ ਸਾਫ,
ਇਨ੍ਹਾਂ ਵਿੱਚ ਸੁੱਟੋ ਨਾ ਕੂੜਾ ਤੇ ਲਿਫਾਫੇ ਆਪ।
ਸਾਫ ਪਾਣੀ ਫਸਲਾਂ ਤੇ ਪੰਛੀਆਂ ਦੇ ਆਏਗਾ ਕੰਮ,
ਇਸ ਨਾਲ ਖਰਾਬ ਨਹੀਂ ਹੋਵੇਗਾ ਕਿਸੇ ਦਾ ਚੰਮ।
ਇਸ ਤੋਂ ਪਹਿਲਾਂ ਕਿ ਬਹੁਤ ਮਹਿੰਗਾ ਪਾਣੀ ਹੋ ਜਾਵੇ,
ਇਸ ਤੋਂ ਪਹਿਲਾਂ ਕਿ ਇਹ ਪਹੁੰਚ ਤੋਂ ਬਾਹਰ ਹੋ ਜਾਵੇ,
ਪਾਣੀ ਬਚਾਣਾ ਸ਼ੁਰੂ ਕਰ ਦਿਉ ਤੁਸੀਂ ਅੱਜ ਤੋਂ ਹੀ,
ਸਭ ਨੂੰ ਜੀਵਤ ਰੱਖਣ ਲਈ ਸੋਚੋ ਅੱਜ ਤੋਂ ਹੀ।

——————00000———————
ਰਲ ਕੇ ਰਹੋ
ਉਸ ਸੱਸ ਨੇ ਮਾਂ ਕੀ ਬਣਨਾ
ਜੋ ਨੂੰਹ ਨੂੰ ਹਰ ਵੇਲੇ ਸਤਾਈ ਜਾਵੇ।
ਜਿਹੜਾ ਵੀ ਕੰਮ ਉਹ ਕਰਕੇ ਹਟੇ
ਉਸ ਦੇ ਐਵੇਂ ਨੁਕਸ ਗਿਣਾਈ ਜਾਵੇ।
ਉਸ ਨੂੰਹ ਨੇ ਧੀ ਕੀ ਬਣਨਾ
ਜੋ ਸੱਸ ਨੂੰ ਖੂੰਜੇ ਲਾਈ ਜਾਵੇ।
ਆਪ ਖਾਵੇ ਪਰੌਂਠੇ ਬਣਾ ਕੇ
ਸੱਸ ਨੂੰ ਸੁੱਕੀਆਂ ਰੋਟੀਆਂ ਖੁਆਈ ਜਾਵੇ।
ਉਸ ਧੀ ਨੇ ਚੰਗੀ ਨੂੰਹ ਕੀ ਬਣਨਾ
ਜੋ ਪੇਕਿਆਂ ‘ਚ ਇੱਜ਼ਤ ਲੁਟਾਈ ਜਾਵੇ।
ਆਪਣੇ ਬਾਪ ਦੀ ਪੱਗ ਨੂੰ ਦਾਗ ਲਾ ਕੇ
ਆਪਣੀ ਬਦਨਾਮੀ ਕਰਾਈ ਜਾਵੇ।
ਉਸ ਨਾਰ ਨੇ ਚੰਗੀ ਪਤਨੀ ਕੀ ਬਣਨਾ
ਜੋ ਪਤੀ ਨੂੰ ਖਰੀਆਂ, ਖੋਟੀਆਂ ਸੁਣਾਈ ਜਾਵੇ।
ਆਪ ਰਹੇ ਗੁੱਸੇ ਵਿੱਚ ਹਰ ਵੇਲੇ
ਤੇ ਦੂਜਿਆਂ ਨੂੰ ਗੁੱਸਾ ਚੜ੍ਹਾਈ ਜਾਵੇ।
ਉਸ ਨੇਤਾ ਨੇ ਚੰਗਾ ਨੇਤਾ ਕੀ ਬਣਨਾ
ਜੋ ਆਪਣੀਆਂ ਗੱਲਾਂ ਛੁਪਾਈ ਜਾਵੇ।
ਪਹਿਲਾਂ ਲੜਾਈ ਕਰਾ ਕੇ ਲੋਕਾਂ ਵਿੱਚ
ਫੇਰ ਰਲ ਕੇ ਰਹੋ ਦਾ ਪਾਠ ਪੜ੍ਹਾਈ ਜਾਵੇ।
——————00000———————

ਟੱਪੇ

ਦੋ ਵੇਲੇ ਦੀ ਰੋਟੀ ਵੀ ਨਹੀਂ ਮਿਲਣੀ
ਵਧਦੀ ਮਹਿੰਗਾਈ ਤੋਂ ਇਹ ਲੱਗ ਰਿਹਾ ਏ।
ਬੱਚਾ ਖਿਡੌਣਿਆਂ ਨਾਲ ਖੇਡ ਰਿਹਾ ਏ,
ਉਹ ਵੱਡਾ ਹੋ ਕੇ ਚੰਗੇ ਕੰਮ ਕਰੇ
ਰੱਬ ਅੱਗੇ ਸਾਡੀ ਇਹੋ ਦੁਆ ਏ।
ਪਤੀਲੇ ਵਿੱਚ ਦੁੱਧ ਪਿਆ ਏ,
ਮਾਂ-ਪਿਉ ਨਾਲ ਵੱਧ, ਘੱਟ ਬੋਲ ਕੇ
ਪੁੱਤ ਨੇ ਬਹੁਤ ਕੁੱਝ ਗੁਆ ਲਿਆ ਏ।
ਬੰਦਾ ਹਰੇ ਰੁੱਖ ਕੱਟੀ ਜਾਂਦਾ ਏ,
ਇੱਕ ਮੂਰਖਪੁਣਾ ਉਹ ਹੋਰ ਕਰੇ
ਨਵੇਂ ਰੁੱਖ ਲਾਣੋਂ ਵੀ ਹਟੀ ਜਾਂਦਾ ਏ।
ਘਰਾਂ ‘ਚ ਆਰ ਓ ਰੱਖ ਲਏ ਨੇ,
ਪੀਣ ਲਈ ਸਾਫ ਪਾਣੀ ਲੈਣ ਲਈ
ਪਾਣੀ ਦੇ ਹਜ਼ਾਰਾਂ ਲਿਟਰ ਗੁਆ ਲਏ ਨੇ।
ਲੋਕ ਅੰਦਰ ਵੜਕੇ ਬੈਠੇ ਹੋਏ ਨੇ,
ਬਾਹਰ ਜੋ ਮਰਜ਼ੀ ਹੋਈ ਜਾਵੇ
ਇਨ੍ਹਾਂ ਨੇ ਦਿਲ ਪੱਥਰ ਕੀਤੇ ਹੋਏ ਨੇ।

——————00000———————

 ਟੱਪੇ

ਚਿੜੀ ਕੋਠੇ ਤੋਂ ਉੱਡ ਚੱਲੀ,
ਨਾਰੀ ਦੀਆਂ ਹੋਰ ਵੀ ਲੋੜਾਂ ਨੇ
ਉਸ ਨੂੰ ਰੋਟੀ ਚਾਹੀਦੀ ਨ੍ਹੀ ਕੱਲੀ।
ਕਾਂ ਇੱਧਰ, ਉੱਧਰ ਉੱਡਦਾ ਪਿਆ,
ਮਾਂ-ਪਿਉ ਚਿੰਤਾ ‘ਚ ਰਹਿਣ ਡੁੱਬੇ
ਉਨ੍ਹਾਂ ਨੂੰ ਨਸ਼ਈ ਪੁੱਤ ਨੇ ਮਾਰ ਲਿਆ।
ਹਾਲੇ ਵਰਖਾ ਰੁੱਤ ਨਾ ਆਈ ਏ,
ਤਾਂ ਹੀ ਛੋਟੇ, ਛੋਟੇ ਬੂਟਿਆਂ ਦੀ
ਪੱਤੀ,ਪੱਤੀ ਮੁਰਝਾਈ ਏ।
ਪਾਣੀ ਖੂਹਾਂ ਦੇ ਸੁੱਕ ਗਏ ਨੇ,
ਖਬਰੇ ਹਾਕਮ ਨੇ ਕਦ ਜਾਗਣਾ
ਮਹਿੰਗਾਈ ਤੋਂ ਸਾਰੇ ਅੱਕੇ ਪਏ ਨੇ।
ਚਿੱਟੀਆਂ ਕਪਾਹ ਦੀਆਂ ਫੁੱਟੀਆਂ ਨੇ,
ਜਿਨ੍ਹਾਂ ਜੀਵਨ ‘ਚ ਮਿਹਨਤ ਕੀਤੀ
ਉਨ੍ਹਾਂ ਮੌਜ,ਬਹਾਰਾਂ ਲੁੱਟੀਆਂ ਨੇ।
ਕੰਡੇ ਤਿੱਖੇ ਲੱਗੇ ਨੇ ਬੇਰੀਆਂ ਨੂੰ,
ਉਨ੍ਹਾਂ ਨੂੰ ਪੈਣੇ ਨਾ ਜੀਵਨ ‘ਚ ਘਾਟੇ
ਜਿਹੜੇ ਮੰਨਣਗੇ ਗੱਲਾਂ ਮੇਰੀਆਂ ਨੂੰ।

——————00000———————
 ਗ਼ਜ਼ਲ

ਜਿਸ ਦਿਨ ਕੱਠੇ ਹੋ ਗਏ ਢਾਰੇ,
ਦਿੱਸਣੇ ਨਾ ਫਿਰ ਮਹਿਲ ਮੁਨਾਰੇ।
ਮਹਿੰਗਾ ਹੋਈ ਜਾਵੇ ਸਭ ਕੁਝ,
ਤੂੰ ਕਿਉਂ ਚੁੱਪ ਬੈਠੀ ਸਰਕਾਰੇ?
ਹੰਕਾਰੀ ਹਾਕਮ ਕੀ ਜਾਣੇ,
ਕਿੱਦਾਂ ਲੋਕੀਂ ਕਰਨ ਗੁਜ਼ਾਰੇ?
ਇਹਨਾਂ ਨੇਤਾਵਾਂ ਪਿੱਛੇ ਲੱਗ,
ਨਾ ਝਗੜੋ ਆਪਸ ਵਿੱਚ ਸਾਰੇ।
ਹੋਰਾਂ ਨੂੰ ਭੰਡਣ ਇਹ ਨੇਤਾ,
ਕੁੱਝ ਨਾ ਬੋਲਣ ਆਪਣੇ ਬਾਰੇ।
ਅੱਜ ਕੱਲ੍ਹ ਨੇਤਾ ਵੋਟਾਂ ਲੈਂਦੇ,
ਲਾ ਜਨਤਾ ਨੂੰ ਵੱਡੇ ਲਾਰੇ।
ਮੁੜ ਉਸ ਨੇ ਹਾਕਮ ਨ੍ਹੀ ਬਣਨਾ,
ਜਿਸ ਨੇ ਸੂਲੀ ਚਾੜ੍ਹੇ ਸਾਰੇ।
ਉਹ ਸਭ ਕੁਝ ਕਰ ਸਕਦੀ ‘ਮਾਨਾ’,
ਜੇ ਨਾ ਜਨਤਾ ਹਿੰਮਤ ਹਾਰੇ।

——————00000———————

ਗ਼ਜ਼ਲ

‘ਨਾ ਰੱਖੀਂ ਯਾਦ ਮੈਨੂੰ’ ਕਹਿ ਗਿਆ ਹੈ,
ਉਹ ਤਾਂ ਹੀ ਮੇਰੇ ਮਨ ਤੋਂ ਲਹਿ ਗਿਆ ਹੈ।
ਕਿਸੇ ਮੰਜਿਲ ਤੇ ਉਸ ਨੇ ਪਹੁੰਚਣਾ ਕੀ,
ਜੋ ਰਾਹੀ ਰਾਹ ਦੇ ਵਿੱਚ ਹੀ ਬਹਿ ਗਿਆ ਹੈ।
ਕਦੇ ਉਹ ਪੁੱਤ ਵਧ ਨ੍ਹੀ ਸਕਦਾ ਅੱਗੇ,
ਕਮਾਈ ਪਿਉ ਦੀ ਤੇ ਜੋ ਬਹਿ ਗਿਆ ਹੈ।
ਤਜਾਰਤ ਪਿਆਰ ਨੂੰ ਜੋ ਸਮਝਦਾ ਸੀ,
ਉਹ ਕੱਲਾ ਜ਼ਿੰਦਗੀ ਵਿੱਚ ਰਹਿ ਗਿਆ ਹੈ।
ਉਹ ਹਰ ਵੇਲੇ ਦਿਸੇ ਚਿੰਤਾ ‘ਚ ਡੁੱਬਿਆ,
ਉਦ੍ਹੇ ਦਿਲ ਵਿੱਚ ਕੁਝ ਤਾਂ ਬਹਿ ਗਿਆ ਹੈ।
ਉਦ੍ਹਾ ਤੇਰੇ ਬਿਨਾਂ ਸਰਨਾ ਨਹੀਂ ਸੀ,
ਉਹ ਤਾਂ ਹੀ ਜ਼ੁਲਮ ਤੇਰਾ ਸਹਿ ਗਿਆ ਹੈ।
ਉਦੋਂ ਦਾ ਭਾਰ ਲੱਗੇ ਉਹ ਪੁੱਤਾਂ ਨੂੰ,
ਜਦੋਂ ਦਾ ਮੰਜੀ ਤੇ ਪਿਉ ਬਹਿ ਗਿਆ ਹੈ।

——————00000———————

ਗ਼ਜ਼ਲ

ਕਰਕੇ ਧੋਖਾ ਉਸਤਾਦਾਂ ਦੇ ਨਾਲ,
ਅੱਜ ਕੱਲ੍ਹ ਦੇ ਚੇਲੇ ਕਰੀ ਜਾਣ ਕਮਾਲ।
ਪੁੱਛਿਆ ਨਾ ਕਿਸੇ ਵੀ ਉਹਨਾਂ ਨੂੰ ਉੱਥੇ,
ਜੋ ਪੁੱਛਣ ਗਏ ਸਨ ਰੋਗੀ ਦਾ ਹਾਲ।
ਅੱਜ ਕੱਲ੍ਹ ਚੁਸਤ ਬੜੇ ਨੇ ਦੁਕਾਨਾਂ ਵਾਲੇ,
ਮਿੱਠੇ ਬਣ ਕੇ ਵੇਚਣ ਨਕਲੀ ਮਾਲ।
ਰੋਟੀ ਲਈ ਹਾਂ ਥਾਂ ਥਾਂ ਰੁਲਦੇ ਫਿਰਦੇ,
ਵਿਛੜੇ ਦਿਲਦਾਰ ਦਾ ਆਵੇ ਕਿਵੇਂ ਖਿਆਲ?
ਬੇਈਮਾਨ ਪੇਸ਼ ਨਹੀਂ ਦਿੰਦੇ ਜਾਣ,
ਹੈ ਨ੍ਹੀ ਇੱਥੇ ਕਿਸੇ ਵਸਤੂ ਦਾ ਕਾਲ।
ਪੱਕੇ ਬਣਾਵਣ ਵਾਲੇ ਥੱਲੇ ਸੌਣ,
ਪਰ ਪੱਕਿਆਂ ਵਿੱਚ ਐਸ਼ਾਂ ਕਰਨ ਦਲਾਲ।

——————00000———————

ਅਮਨ ਤੇ ਜੰਗ

ਜੰਗ ਨਾਲ
ਕਦੇ ਕੋਈ ਮਸਲਾ
ਹੱਲ ਨਹੀਂ ਹੁੰਦਾ।
ਜੰਗ ਨਾਲ
ਕੇਵਲ ਤਬਾਹੀ ਹੁੰਦੀ ਹੈ।
ਆਲੀਸ਼ਾਨ ਕੋਠੀਆਂ
ਤੇ ਵੱਡੀਆਂ, ਵੱਡੀਆਂ ਫੈਕਟਰੀਆਂ
ਢਹਿ ਢੇਰੀ ਹੋ ਜਾਂਦੀਆਂ ਹਨ।
ਦੋਹਾਂ ਪਾਸਿਆਂ ਦੇ ਜਵਾਨ
ਆਪਣੀਆਂ ਕੀਮਤੀ ਜਾਨਾਂ ਤੋਂ
ਹੱਥ ਧੋ ਬੈਠਦੇ ਹਨ,
ਜੋ ਕਿਸੇ ਦੇ ਪੁੱਤ,
ਕਿਸੇ ਦੇ ਪਤੀ,
ਕਿਸੇ ਦੇ ਭਰਾ
ਤੇ ਕਿਸੇ ਦੇ ਪਿਉ ਹੁੰਦੇ ਹਨ।
ਉਪਜਾਊ ਧਰਤੀ
ਬੰਜ਼ਰ ਬਣ ਜਾਂਦੀ ਹੈ।
ਅਨੇਕਾਂ ਬੱਚੇ, ਔਰਤਾਂ ਤੇ ਮਨੁੱਖ
ਅਪਾਹਜ ਹੋ ਜਾਂਦੇ ਹਨ,
ਜਿਨ੍ਹਾਂ ਦਾ ਬਾਕੀ ਬਚਦਾ ਜੀਵਨ
ਨਰਕ ਬਣ ਜਾਂਦਾ ਹੈ।
ਹਰ ਮਸਲੇ ਦਾ ਹੱਲ
ਗੱਲਬਾਤ ਨਾਲ ਹੁੰਦਾ ਹੈ।
ਗੱਲਬਾਤ ਤਾਂ ਹੀ ਸੰਭਵ ਹੈ
ਜੇ ਅਮਨ ਹੋਵੇ
ਤੇ ਅਮਨ ਲਈ
ਸਿਆਣਪ ਤੇ ਸੂਝ,ਬੂਝ
ਜਰੂਰੀ ਹੈ।
ਅਮਨ ਬਿਨਾਂ
ਮਨੁੱਖ ਦੀ ਹੋਂਦ ਤੇ
ਖਤਰਾ ਬਣਿਆ ਰਹੇਗਾ,
ਜੋ ਕਿਸੇ ਲਈ ਵੀ
ਠੀਕ ਨਹੀਂ ਹੈ।

——————00000———————

ਗ਼ਜ਼ਲ

ਸ਼ਹਿਰ ਵਿੱਚ ਸਾਡਾ ਕੋਈ ਵਾਕਿਫ਼ ਨਹੀਂ,

ਸਾਡਾ ਸੌਖਾ ਲੰਘਣਾ ਜੀਵਨ ਨਹੀਂ।

ਉਸ ਨੂੰ ਦੇਵੇ ਧੁੱਪ ਧਨਵਾਨਾਂ ਸਮਾਨ,

ਫਰਕ ਕਰਦਾ ਕਾਮੇ ਨਾ’ ਸੂਰਜ ਨਹੀਂ।

ਇਸ ਦੇ ਵਿੱਚ ਵੀ ਸੋਹਣਾ ਕੰਵਲ ਖਿੜ ਪਵੇ,

ਹੁੰਦਾ ਏਨਾ ਮਾੜਾ ਵੀ ਚਿੱਕੜ ਨਹੀਂ।

ਉਹ ਤਰੱਕੀ ਕਰ ਨਹੀਂ ਸਕਦਾ ਕਦੇ,

ਜਿਸ ਦਾ ਯਾਰੋ ਕੋਈ ਵੀ ਦੁਸ਼ਮਣ ਨਹੀਂ।

ਯਾਦ ਤੈਨੂੰ ਨਾ ਕਦੇ ਕੀਤਾ ਹੋਵੇ,

ਮੇਰਾ ਦਿਲ ਯਾਰਾ! ਏਨਾ ਪੱਥਰ ਨਹੀਂ।

ਬੈਠਾ ਬੈਠਾ ਪਹੁੰਚ ਜਾਵੇ ਦੂਰ ਤੱਕ,

ਯਾਰੋ, ਦਿਲ ਲਈ ਕੁੱਝ ਵੀ ਮੁਸ਼ਕਿਲ ਨਹੀਂ।

ਖਾ ਲਿਆ ਹੁੰਦਾ ਕਦੋਂ ਦਾ ਬਿਰਹਾ ਨੇ,

ਮੈਂ ਜੇ ਕੀਤਾ ਹੁੰਦਾ ਦਿਲ ਪੱਥਰ ਨਹੀਂ।

ਸ਼ਾਂਤ ਹੋਵੇ ਨਾ ਜੇ ਕਰ ਦਿਲ ਦੀ ਨਦੀ,

ਉਸ ਸਮੇਂ ਫੁਰਦੀ ਕੋਈ ਕਵਿਤਾ ਨਹੀਂ।

——————00000———————

ਸ਼ਹੀਦ ਭਗਤ ਸਿੰਘ ਦੇ ਵਾਰਿਸ ਕਹਾਣ ਦਾ

ਤੁਹਾਨੂੰ ਕੋਈ ਹੱਕ ਨਹੀਂ
ਕਿਉਂਕਿ ਤੁਸੀਂ ਤਾਂ ਅਕਸਰ ਚੁੱਪ ਚਾਪ
ਵੇਖਦੇ ਰਹਿੰਦੇ ਹੋ:
ਡੇਰਿਆਂ ਵਿੱਚ ਬੈਠੇ ਉਨ੍ਹਾਂ ਬਾਬਿਆਂ ਨੂੰ
ਜੋ ਹਜ਼ਾਰਾਂ ਮਨੁੱਖਾਂ ਤੇ ਔਰਤਾਂ ਨੂੰ
“ਮੌਤ ਪਿੱਛੋਂ ਤੁਹਾਨੂੰ ਸਵਰਗ ਮਿਲੇਗਾ”
ਦਾ ਲਾਰਾ ਲਾ ਕੇ
ਉਨ੍ਹਾਂ ਦੇ ਸਾਰੇ ਧਨ ਅਤੇ ਜਾਇਦਾਦ ਨੂੰ
ਲੁੱਟ ਰਹੇ ਨੇ।
ਹੋਟਲਾਂ ‘ਚ ਕੰਮ ਕਰਦੇ ਤੇ ਭੀਖ ਮੰਗਦੇ
ਉਨ੍ਹਾਂ ਹਜ਼ਾਰਾਂ ਬੱਚਿਆਂ ਨੂੰ
ਜਿਨ੍ਹਾਂ ਨੇ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ।
ਅਮੀਰਾਂ ਦੇ ਘਰਾਂ ਵਿੱਚ
ਜੂਠੇ ਭਾਂਡੇ ਮਾਂਜਦੀਆਂ,ਪੋਚੇ ਲਾਂਦੀਆਂ
ਤੇ ਗੰਦੇ ਕਪੜੇ ਧੋਂਦੀਆਂ ਮਜਬੂਰ ਔਰਤਾਂ ਨੂੰ।
ਆੜ੍ਹਤੀਆਂ ਵਲੋਂ ਮੰਡੀਆਂ ਵਿੱਚ ਦਿਨ ਦਿਹਾੜੇ
ਕਿਸਾਨਾਂ ਦੀ ਹੁੰਦੀ ਲੁੱਟ ਨੂੰ।
ਠੇਕੇਦਾਰਾਂ ਵਲੋਂ ਮਜ਼ਦੂਰਾਂ ਤੋਂ
ਅੰਨ੍ਹੇ ਵਾਹ ਕੰਮ ਲੈਣ ਨੂੰ
ਤੇ ਠਾਣਿਆਂ ਵਿੱਚ
ਅਗਾਂਹਵਧੂ ਵਿਚਾਰਾਂ ਵਾਲੇ ਨੌਜਵਾਨਾਂ ਤੇ
              ਪੁਲਿਸ ਵਲੋਂ ਹੁੰਦੇ ਅੰਨ੍ਹੇ ਤਸ਼ਦੱਦ ਨੂੰ।
ਏਸੇ ਲਈ ਮੈਂ ਕਹਿੰਦਾ ਹਾਂ
ਸ਼ਹੀਦ ਭਗਤ ਸਿੰਘ ਦੇ ਵਾਰਿਸ ਕਹਾਣ ਦਾ
ਤੁਹਾਨੂੰ ਕੋਈ ਹੱਕ ਨਹੀਂ
ਤੁਹਾਨੂੰ ਕੋਈ ਹੱਕ ਨਹੀਂ।
——————00000———————
ਪੈਸਾ

ਰੁਕੇ ਹੋਏ ਕੰਮ ਕਰਾਏ ਪੈਸਾ,

ਵੈਰੀ ਨੂੰ ਮੀਤ ਬਣਾਏ ਪੈਸਾ।
ਉਸ ਦਾ ਚਿਹਰਾ ਖਿੜੇ ਫੁੱਲ ਵਾਂਗ,
ਜਿਸ ਦੀ ਜੇਬ ‘ਚ ਆਏ ਪੈਸਾ।
ਇਸ ਦਾ ਨਸ਼ਾ ਬਹੁਤ ਹੀ ਮਾੜਾ,
ਖ਼ੁਦਾ ਨੂੰ ਵੀ ਭੁਲਾਏ ਪੈਸਾ।
ਜਿੱਥੇ ਬੰਦਾ ਕੰਮ ਨਾ ਆਏ,
ਉੱਥੇ ਕੰਮ ਆਏ ਪੈਸਾ।
ਜਦ ਵੱਧ ਜਾਵੇ ਹੱਦੋਂ ਵੱਧ,
ਰਾਤਾਂ ਦੀ ਨੀਂਦ ਚੁਰਾਏ ਪੈਸਾ।
ਉਸ ਨੂੰ ਕਰੇ ਕੱਖੋਂ ਹੌਲਾ,
ਜਿਸ ਦੇ ਕੋਲੋਂ ਜਾਏ ਪੈਸਾ।
ਇਸ ਬਿਨਾਂ ਨਾ ਕੋਈ ਪੁੱਛੇ,
ਬੰਦੇ ਦੀ ਬੁੱਕਤ ਵਧਾਏ ਪੈਸਾ।
ਹਰ ਖੁਸ਼ੀ ਤੇ ਹਰ ਗ਼ਮੀ ਮੌਕੇ,
ਬੰਦੇ ਦਾ ਸਾਥ ਨਿਭਾਏ ਪੈਸਾ।

——————00000———————

ਮਾਂ ਬੋਲੀ ਪੰਜਾਬੀ

ਜਦ ਸਾਡੀ ਸਭ ਦੀ ਮਾਂ ਬੋਲੀ ਪੰਜਾਬੀ ਹੈ,
ਫਿਰ ਇਸ ਨੂੰ ਬੋਲਣ ਵਿੱਚ ਕੀ ਖਰਾਬੀ ਹੈ?
ਇਹ ਸ਼ਹਿਦ ਨਾਲੋਂ ਮਿੱਠੀ, ਨਾ ਇਸ ਵਰਗਾ ਹੋਰ ਕੋਈ,
ਇਸੇ ਲਈ ਮੈਂ ਇਦ੍ਹੇ ਲਈ ਬੈਠਾਂ ਦਿਲ ‘ਚ ਪਿਆਰ ਲਕੋਈ।
ਇਦ੍ਹੇ ਗਿੱਧੇ,ਭੰਗੜੇ, ਟੱਪੇ ਤੇ ਬੋਲੀਆਂ ਸਭ ਨੂੰ ਮੋਹ ਲੈਂਦੇ ਨੇ,
ਇਸੇ ਲਈ ਵਾਹ ਪੰਜਾਬੀ ਵਾਹ ਪੰਜਾਬੀ ਸਾਰੇ ਕਹਿੰਦੇ ਨੇ।
ਜਦ ਬੱਚਿਆਂ ਨੂੰ ਇਦ੍ਹੇ ‘ਚ ਸੁਣਾਉਣ ਲੋਰੀਆਂ ਮਾਵਾਂ,
ਉਨ੍ਹਾਂ ਲਈ ਬਣ ਜਾਵਣ ਮਾਵਾਂ ਹੋਰ ਵੀ ਠੰਢੀਆਂ ਛਾਵਾਂ।
ਇਦ੍ਹੇ ‘ਚ ਰਚੀ ਗੁਰੂਆਂ ਤੇ ਭਗਤਾਂ ਨੇ ਆਪਣੀ ਬਾਣੀ,
ਜਿਸ ਨੂੰ ਪੜ੍ਹ ਕੇ ਤਰ ਗਏ ਹੁਣ ਤੱਕ ਲੱਖਾਂ ਪ੍ਰਾਣੀ ।
ਇਸ ਨੂੰ ਭੁਲਾਉਣ ਵਾਲਿਆਂ ਵਰਗਾ ਅਭਾਗਾ ਨਾ ਕੋਈ,
ਆਣ ਘਰਾਂ ਨੂੰ ਮੁੜ ਉਹ ਸਾਰੇ, ਇਹ ਮੇਰੀ ਅਰਜ਼ੋਈ।
ਮੈਂ ਇਦ੍ਹੇ ‘ਚ ਰਚਦਾ ਹਾਂ ਕਵਿਤਾ, ਗ਼ਜ਼ਲ ਤੇ ਗੀਤ,
ਸ਼ਾਲਾ! ਇਸੇ ਕੰਮ ‘ਚ ਮੇਰੀ ਸਾਰੀ ਉਮਰ ਜਾਵੇ ਬੀਤ।

——————00000———————

ਵੋਟਾਂ ਆਈਆਂ ਨੇ
ਸੋਚ ਸਮਝ ਕੇ ਬਟਨ ਦਬਾਇਓ, ਵੋਟਾਂ ਆਈਆਂ ਨੇ।
ਫਿਰ ਨਾ ਪਿੱਛੋਂ ਲੋਕੋ ਪਛਤਾਇਓ, ਵੋਟਾਂ ਆਈਆਂ ਨੇ।
ਮੁਫਤ ਕਣਕ ਤੇ਼ ਮੋਬਾਈਲ ਫ਼ੋਨ ਦੇਣ ਵਾਲਿਆਂ ਨੂੰ,
ਰੁਜ਼ਗਾਰ ਦੇ ਅਰਥ ਸਮਝਾਇਓ, ਵੋਟਾਂ ਆਈਆਂ ਨੇ।
ਦਾਰੂ ਦੀਆਂ ਬੋਤਲਾਂ ਤੇ ਅਫੀਮ ਵੰਡਣ ਵਾਲਿਆਂ ਨੂੰ,
ਆਪਣੇ ਪੁੱਤਾਂ ਦਾ ਵਾਸਤਾ ਪਾਇਓ, ਵੋਟਾਂ ਆਈਆਂ ਨੇ।
ਧਰਮਾਂ ਤੇ ਜ਼ਾਤਾਂ ਦੇ ਨਾਂ ਲੈ ਕੇ ਵੋਟਾਂ ਮੰਗਣ ਵਾਲਿਆਂ ਨੂੰ,
ਬਾਹਰ ਦਾ ਰਸਤਾ ਦਿਖਾਇਓ, ਵੋਟਾਂ ਆਈਆਂ ਨੇ।
ਵੋਟ ਉਸ ਨੂੰ ਪਾਇਓ,ਜੋ ਤੁਹਾਡੀ ਵੋਟ ਦਾ ਹੱਕਦਾਰ ਹੋਵੇ,
ਜਣੇ, ਖਣੇ ਨੂੰ ਮੂੰਹ ਨਾ ਲਾਇਓ, ਵੋਟਾਂ ਆਈਆਂ ਨੇ।
ਸੋਹਣੀਆਂ ਸ਼ਕਲਾਂ ਦੇਖ ਕੇ ਨਾ ਪਸੀਜ ਜਾਇਓ,
ਕੰਮ ਕਰਨ ਵਾਲਿਆਂ ਨੂੰ ਹੀ ਜਿਤਾਇਓ, ਵੋਟਾਂ ਆਈਆਂ ਨੇ।
ਜਿੱਤਣ ਪਿੱਛੋਂ ਜਿਨ੍ਹਾਂ ਦੇ ਦਰਸ਼ਨ ਦੁਰਲੱਭ ਹੋ ਜਾਂਦੇ ਨੇ,
ਉਨ੍ਹਾਂ ਦੇ ਗਲਾਂ ‘ਚ ਹਾਰ ਨਾ ਪਾਇਓ, ਵੋਟਾਂ ਆਈਆਂ ਨੇ।
ਵੋਟਾਂ ਦੇ ਦਿਨਾਂ ‘ਚ ਸਾਰੇ ਚੰਗੇ ਬਣ ਕੇ ਦੱਸਦੇ ਨੇ,
ਅਸਲ ਚੰਗਿਆਂ ਨੂੰ ਅੱਗੇ ਲਿਆਇਓ, ਵੋਟਾਂ ਆਈਆਂ ਨੇ।
——————00000———————

ਵੋਟਾਂ

ਪੰਜਾਂ ਸਾਲਾਂ ਪਿੱਛੋਂ ਆਵਣ ਵੋਟਾਂ,
ਗਲੀ ਗਲੀ ਫਿਰਾਵਣ ਵੋਟਾਂ।
ਕਿਸੇ ਨੂੰ ਭਾਅ ਜੀ,ਕਿਸੇ ਨੂੰ ਭੈਣ ਜੀ,
ਕਿਸੇ ਨੂੰ ਮਾਤਾ ਜੀ ਕਹਾਵਣ ਵੋਟਾਂ।
ਕਿਸੇ ਨੂੰ ਅਫੀਮ, ਕਿਸੇ ਨੂੰ ਦਾਰੂ,
ਕਿਸੇ ਨੂੰ ਨੋਟ ਦੁਆਵਣ ਵੋਟਾਂ।
ਨੇਤਾਵਾਂ ਦੀ ਆਕੜ ਭੰਨ ਕੇ,
ਗਰੀਬਾਂ ਦਾ ਮੁੱਲ ਵਧਾਵਣ ਵੋਟਾਂ।
ਛੋਟੇ, ਵੱਡੇ ਦਾ ਫਰਕ ਮਿਟਾ ਕੇ,
ਸਭ ਅੱਗੇ ਹੱਥ ਜੁੜਾਵਣ ਵੋਟਾਂ।
ਖਬਰੇ ਨਤੀਜਾ ਕਿਹੋ ਜਿਹਾ ਆਣਾ,
ਸਭ ਦੀ ਨੀਂਦ ਚੁਰਾਵਣ ਵੋਟਾਂ।
ਹਾਰਿਆਂ ਦਾ ਮੁੜ ਖੜ੍ਹਨਾ ਔਖਾ,
ਏਨਾ ਖਰਚ ਕਰਾਵਣ ਵੋਟਾਂ।
ਨੇਤਾ ਨਾ ਪਛਾਨਣ ਕਿਸੇ ਨੂੰ,
‘ਮਾਨ’ ਜਦ ਪੈ ਜਾਵਣ ਵੋਟਾਂ।

——————00000———————

ਵੋਟਰ

ਆਪਣੀ ਕੀਮਤ ਜਾਣ ਵੋਟਰਾ
ਆਪਣੀ ਕੀਮਤ ਜਾਣ।
ਸੋਚ ਜ਼ਰਾ, ਕਿਉਂ ਨੇਤਾ ਮੁੜ ਮੁੜ
ਤੇਰੇ ਘਰ ਦੇ ਗੇੜੇ ਲਾਣ।
ਦੇਖ ਦਫਤਰਾਂ ‘ਚ ਕਿਵੇਂ
ਫੈਲਿਆ ਭ੍ਰਿਸ਼ਟਾਚਾਰ।
ਚਾਰ ਦਿਨ ਪਹਿਲਾਂ ਦਿੱਤੀ ਫਾਈਲ
ਦਫਤਰਾਂ ਵਿਚੋਂ ਜਾਏ ਗੁਆਚ।
‘ਪਾਣੀ ਜੀਵਨ ਦਾ ਆਧਾਰ ਹੈ’
ਕਹਿੰਦੇ ਲੋਕ ਸਿਆਣੇ।
ਪਰ ਪਾਣੀ ਦੀ ਇਕ ਇਕ ਬੂੰਦ ਨੂੰ
ਤਰਸਣ ਗਰੀਬਾਂ ਦੇ ਨਿਆਣੇ।
ਦੇਖ ਕਿਸਾਨਾਂ ਦੀ ਫਸਲ
ਕਿਵੇਂ ਮੰਡੀ ਵਿੱਚ ਹੈ ਰੁਲਦੀ।
ਕੌਡੀਆਂ ਦੇ ਭਾਅ ਖਰੀਦਣ ਆੜ੍ਹਤੀ
ਫਸਲ ਮਹਿੰਗੇ ਮੁੱਲ ਦੀ।
ਰੋਜ਼ ਵਰਤੋਂ ਦੀਆਂ ਚੀਜ਼ਾਂ ਦੇ ਭਾਅ
ਅਸਮਾਨੀ ਜਾ ਚੜ੍ਹੇ।
ਦੁਕਾਨਦਾਰਾਂ ਤੋਂ ਉਨ੍ਹਾਂ ਦੇ ਭਾਅ ਸੁਣ ਕੇ
ਗਾਹਕ ਰਹਿ ਜਾਣ ਖੜ੍ਹੇ ਦੇ ਖੜ੍ਹੇ।
ਦੇਖ ਕਿਵੇਂ ਡਿਗਰੀਆਂ ਲੈ ਕੇ
ਵਿਹਲੇ ਫਿਰਦੇ ਨੌਜਵਾਨ।
ਨੌਕਰੀ ਨਾ ਮਿਲਣ ਦੇ ਗ਼ਮ ‘ਚ
ਉਹ ਨਸ਼ੇ ਲੱਗ ਪਏ ਖਾਣ।
ਹੁਣ ਚੋਣ ਮੈਦਾਨ ਹੈ ਭਖਿਆ
ਤੇਰਾ ਵੱਧ ਗਿਆ ਹੈ ਮੁੱਲ।
ਸੌ,ਦੋ ਸੌ ਦੇ ਲਾਲਚ ਵਿੱਚ
ਨੇਤਾਵਾਂ ਦੇ ਕਾਰੇ ਜਾਈਂ ਨਾ ਭੁੱਲ।
ਜੋ ਤੇਰੀਆਂ ਸਮੱਸਿਆਵਾਂ ਨੂੰ
ਹੱਲ ਕਰਨ ਦੀ ਸਹੁੰ ਖਾਂਦੇ ਨੇ ਹੁਣ।
ਆਪਣੇ ਹੱਕ ਦੀ ਵਰਤੋਂ ਕਰਕੇ
ਤੂੰ ਉਨ੍ਹਾਂ ਨੂੰ ਲਈਂ ਚੁਣ।

——————00000———————

ਸਾਲ ਨਵਾਂ

ਅਮੀਰ-ਗਰੀਬ ਵਿੱਚ ਪਾੜਾ ਘਟਾਏ ਸਾਲ ਨਵਾਂ।

ਹਰ ਘਰ ਖੁਸ਼ੀਆਂ ਲੈ ਕੇ ਆਏ ਸਾਲ ਨਵਾਂ।

ਪਿਛਲੇ ਸਾਲ ਬਥੇਰਾ ਤੰਗ ਕੀਤਾ ਹੈ ਮਹਿੰਗਾਈ ਨੇ,

ਇਸ ਤੋਂ ਛੁਟਕਾਰਾ ਦੁਆਏ ਸਾਲ ਨਵਾਂ।

ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ,

ਖੁਸ਼ੀ ਖੁਸ਼ੀ ਉਨ੍ਹਾਂ ਦੇ ਘਰ ਪੁਚਾਏ  ਸਾਲ ਨਵਾਂ।

ਧਰਮਾਂ ਤੇ ਜ਼ਾਤਾਂ ਦੇ ਨਾਂ ਤੇ ਜੋ ਲੜਾਂਦੇ ਲੋਕਾਂ ਨੂੰ,

ਉਨ੍ਹਾਂ ਨੂੰ ਸਿੱਧੇ ਰਸਤੇ ਪਾਏ ਸਾਲ ਨਵਾਂ।

ਆਪਣੇ ‘ਤੇ ਹੀ ਕਰੋੜਾਂ ਖਰਚਣ ਵਾਲਿਆਂ ਨੂੰ,

ਗਰੀਬਾਂ ਦੀਆਂ ਝੁੱਗੀਆਂ ਦਿਖਾਏ ਸਾਲ ਨਵਾਂ।

ਪਹਿਲਾਂ ਉਨ੍ਹਾਂ ਦੀ ਇੱਜ਼ਤ ਮਿੱਟੀ ‘ਚ ਰੁਲੀ ਹੈ,

ਹੁਣ ਧੀਆਂ-ਭੈਣਾਂ ਦੀ ਇੱਜ਼ਤ ਬਚਾਏ ਸਾਲ ਨਵਾਂ।

ਜਿਹੜੇ ਜਨਤਾ ਨੂੰ ਬਿਲਕੁਲ ਟਿੱਚ  ਸਮਝਦੇ ਨੇ,

ਉਨ੍ਹਾਂ ਨੂੰ ਖੁੱਡੇ ਲਾਈਨ ਲਾਏ ਸਾਲ ਨਵਾਂ।

ਪਿਛਲੇ ਸਾਲ ਜੋ ਭੁੱਲ ਗਏ ਸਨ ਪਿਆਰ ਕਰਨਾ,

ਉਨ੍ਹਾਂ ਨੂੰ ਪਿਆਰ ਕਰਨਾ ਸਿਖਾਏ ਸਾਲ ਨਵਾਂ।

ਵੱਡਿਆਂ ਦਾ ਨਿਰਾਦਰ ਕਰਨ ਵਾਲਿਆਂ ਨੂੰ,

ਉਨ੍ਹਾਂ ਦਾ ਆਦਰ ਕਰਨਾ ਸਿਖਾਏ ਸਾਲ ਨਵਾਂ।

‘ਮਾਨ’ਸੁਸਤੀ ਨਾ ਅੱਗੇ ਵਧਣ ਦੇਵੇ ਬੰਦੇ ਨੂੰ,

ਸੱਭ ਦੀ ਸੁਸਤੀ ਦੂਰ ਭਜਾਏ ਸਾਲ ਨਵਾਂ।

——————00000———————

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ

20-21 ਦਸੰਬਰ 1704 ਈ: ਦੀ ਵਿਚਕਾਰਲੀ ਰਾਤ ਨੂੰ ਗੁਰੂ ਜੀ ਤੇ ਸਿੰਘਾਂ ਨੇ ਅਨੰਦ ਪੁਰ ਛੱਡ ਦਿੱਤਾ।
ਉਨ੍ਹਾਂ ਦੇ ਕੀਰਤ ਪੁਰ ਪਹੁੰਚਣ ਤੋਂ ਪਹਿਲਾਂ ਹੀ ਪਿੱਛੋਂ ਦੁਸ਼ਮਣ ਫੌਜਾਂ ਨੇ ਹਮਲਾ ਕਰ ਦਿੱਤਾ।
21 ਦਸੰਬਰ 1704 ਈ: ਦੀ ਸਵੇਰ ਨੂੰ ਸਰਸਾ ਨਦੀ ਕੰਢੇ ਭਿਆਨਕ ਜੰਗ ਹੋਈ।
ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦੇ ਪਰਿਵਾਰ ਦੀ ਤਿੰਨ ਹਿੱਸਿਆਂ ‘ਚ ਵੰਡ ਹੋਈ।
ਅਨੰਦ ਪੁਰ ਛੱਡਣ ਵੇਲੇ ਗੁਰੂ ਜੀ ਦੇ ਨਾਲ 1500 ਸਿੰਘ ਸਨ।
ਸਰਸਾ ਨਦੀ ਪਾਰ ਕਰਨ ਪਿੱਛੋਂ ਉਨ੍ਹਾਂ ਨਾਲ ਕੇਵਲ 40 ਸਿੰਘ ਸਨ।
ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਨਾਲ ਦਿੱਲੀ ਪਹੁੰਚ ਗਏ।
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਸਰਸਾ ਨਦੀ ਕੰਢੇ ਚਲਦੇ ਮੋਰਿੰਡੇ ਪਹੁੰਚ ਗਏ।
ਉੱਥੋਂ ਉਨ੍ਹਾਂ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ।
ਘਰ ਜਾ ਕੇ ਗੰਗੂ ਨੇ ਲਾਲਚ ਵੱਸ ਮੋਰਿੰਡੇ ਦੇ ਠਾਣੇਦਾਰ ਨੂੰ ਇਹ ਦੱਸਿਆ,
“ਮੇਰੇ ਘਰ ਵਿੱਚ ਠਹਿਰੇ ਹੋਏ ਨੇ ਗੁਰੂ ਜੀ ਦੀ ਮਾਤਾ ਤੇ ਛੋਟੇ ਸਾਹਿਬਜ਼ਾਦੇ।
ਉਨ੍ਹਾਂ ਨੂੰ ਫੜ ਕੇ ਲੈ ਜਾਉ ਤੇ ਸੂਬਾ ਸਰਹੰਦ ਦੇ ਕਰ ਦਿਉ ਹਵਾਲੇ।”
ਥਾਣੇਦਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹੰਦ ਦੇ ਹਵਾਲੇ ਕਰ ਦਿੱਤਾ।
ਪਹਿਲੀ ਰਾਤ ਉਨ੍ਹਾਂ ਨੂੰ ਠੰਢੇ ਬੁਰਜ ਵਿੱਚ ਰੱਖਿਆ ਗਿਆ।
ਦੂਜੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।
ਉਨ੍ਹਾਂ ਨੂੰ ਦੀਨ ਕਬੂਲ ਕਰਨ ਲਈ ਕਈ ਲਾਲਚ ਦਿੱਤੇ ਤੇ ਡਰਾਇਆ ਗਿਆ।
ਪਰ ਉਹ ਘਬਰਾਏ ਨਾ, ਸਗੋਂ ਉਨ੍ਹਾਂ ਆਪਣੇ ਦਾਦੇ ਵਾਂਗ ਹੌਸਲਾ ਰੱਖਿਆ।
ਦੀਵਾਨ ਸੁੱਚਾ ਨੰਦ ਨੇ ਸੂਬਾ ਸਰਹੰਦ ਨੂੰ ਕਾਫੀ ਭੜਕਾਇਆ।
ਤੇ ਕਾਜ਼ੀ ਪਾਸੋਂ ਉਨ੍ਹਾਂ ਵਿਰੁੱਧ ਮੌਤ ਦਾ ਫਤਵਾ ਜਾਰੀ ਕਰਵਾਇਆ।
27 ਦਸੰਬਰ 1704 ਈ:ਨੂੰ ਉਨ੍ਹਾਂ ਨੂੰ ਫਿਰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।
ਉਨ੍ਹਾਂ ਤੇ ਦੀਨ ਕਬੂਲ ਕਰਨ ਲਈ ਫਿਰ ਦਬਾਅ ਪਾਇਆ ਗਿਆ।
ਉਨ੍ਹਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਤੇ ਮਾਤਾ ਗੁਜਰੀ ਦਾ ਉਪਦੇਸ਼ ਜ਼ਿਹਨ ‘ਚ ਰੱਖਿਆ।
ਫਿਰ ਫੁੱਲਾਂ ਵਰਗੇ ਕੋਮਲ ਬੱਚਿਆਂ ਨੂੰ ਕੰਧ ਵਿੱਚ ਚਿਣਆ ਜਾਣ ਲੱਗਾ।
ਕੰਧ ਹੋ ਨਾ ਜਾਵੇ ਟੇਢੀ ਕਿਤੇ ਇਸ ਦਾ ਵੀ ਧਿਆਨ ਰੱਖਿਆ ਜਾਣ ਲੱਗਾ।
ਜਦ ਉਨ੍ਹਾਂ ਦੇ ਮੋਢਿਆਂ ਤੱਕ ਆਈ,ਤਾਂ ਇਹ ਡਿਗ ਪਈ।
ਡਿਗ ਕੇ ਇਹ ਚੰਦਰੀ ਉਨ੍ਹਾਂ ਨੂੰ ਬੇਹੋਸ਼ ਕਰ ਗਈ।
ਹੁਣ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ।
ਸਾਸ਼ਲ ਬੇਗ ਤੇ ਬਾਸ਼ਲ ਬੇਗ ਜੱਲਾਦਾਂ ਨੇ ਉਨ੍ਹਾਂ ਨੁੰ ਗੋਡਿਆਂ ਹੇਠ ਲੈ ਲਿਆ।
ਉਨ੍ਹਾਂ ਨੇ ਉਨ੍ਹਾਂ ਦੇ ਸੀਨਿਆਂ ‘ਚ ਖ਼ੰਜ਼ਰ ਚੋਭੇ ਤੇ ਫਿਰ ਹੌਲੀ ਹੌਲੀ ਜ਼ਿਬਹ ਕੀਤਾ।
ਉਨ੍ਹਾਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਨੇ ਵਾਹਿਗੁਰੂ ਦਾ ਧੰਨਵਾਦ ਕੀਤਾ।
ਵਾਹਿਗੁਰੂ ਦਾ ਜਾਪ ਕਰਦਿਆਂ ਉਨ੍ਹਾਂ ਨੇ ਆਪਣਾ ਸਰੀਰ ਤਿਆਗ ਦਿੱਤਾ।

——————00000———————


ਜੋ ਤੁਰ ਗਿਆ ਸੀ 

ਜੋ ਤੁਰ ਗਿਆ ਸੀ ਕਲ੍ਹ ਕਹਿ ਕੇ ਚੰਨ ਬੇਨੂਰ ਮੈਨੂੰ ,

ਅੱਜ ਓਹੀ ਪੁੱਛੇ  ਆ  ਕੇ  ਆਪਣਾ  ਕਸੂਰ  ਮੈਨੂੰ ।

ਇਹ ਦਿੰਦੀ ਹੈ  ਸਹਾਰਾ  ਮਾਰੂਥਲਾਂ ’ਚ  ਸਭ  ਨੂੰ ,

ਲਗਦੀ  ਹੈ  ਚੰਗੀ  ਤਾਂ  ਹੀ  ਲੰਬੀ  ਖਜੂਰ  ਮੈਨੂੰ ।

ਨਾ ਪੀਤੀ ਹੈ  ਕਦੇ, ਨਾ  ਮੈਂ  ਪੀਣੀ  ਲੋਚਦਾ  ਹਾਂ ,

ਪੀ   ਕੇ  ਸ਼ਰਾਬ  ਕੀ  ਚੜ੍ਹਨਾ  ਹੈ  ਸਰੂਰ  ਮੈਨੂੰ ।

ਤੂੰ ਗਲਤ ਰਸਤੇ ਤੇ ਭੁਲ ਕੇ ਵੀ ਤੁਰੀਂ  ਨਾ  ਯਾਰਾ ,

ਸੁਣ   ਕੇ  ਸਲਾਹ  ਮੇਰੀ, ਐਵੇਂ  ਨਾ  ਘੂਰ  ਮੈਨੂੰ ।

ਇੱਛਾ ਨਾ  ਕੋਈ  ਮੇਰੀ, ਮਿੱਤਰ  ਤੇਰਾ  ਬਣਾਂ  ਮੈਂ ,

ਇੱਛਾ  ਹੈ, ਆਪਣਾ  ਵੈਰੀ  ਸਮਝੀਂ  ਜਰੂਰ  ਮੈਨੂੰ ।

ਭਾਵੇਂ ਗ਼ਮਾਂ ਨੂੰ ਜਰਨੇ  ਖਾਤਰ  ਮੈਂ  ਸਖ਼ਤ  ਲੱਗਾਂ ,

ਪਰ ਮੈਂ ਪੱਥਰ  ਨਹੀਂ  ਹਾਂ, ਨਾ  ਰੱਖੋ  ਦੂਰ  ਮੈਨੂੰ ।

ਜੇ ਕਰ ਇਨ੍ਹਾਂ ’ਚੋਂ ਲਭਦੇ ਨਾ ਗਲਤੀਆਂ ਅਲੋਚਕ ,

ਕਰਦੇ  ਨਾ  ਸ਼ਿਅਰ  ਮੇਰੇ, ਯਾਰੋ  ਮਸ਼ਹੂਰ  ਮੈਨੂੰ ।

——————00000———————

ਅੱਜ ਕਲ੍ਹ 

ਪਹਿਲੇ ਵਰਗੀ ਹੁਣ ਨਹੀਂ ਗੱਲ ਬਾਤ ਅੱਜ ਕਲ੍ਹ ,
ਘਰ ‘ਚ ਆਵੇ ਨਾ ਕੋਈ ਬਾਰਾਤ ਅੱਜ ਕਲ੍ਹ ।
ਘੁੰਮ ਕੇ ਦਿਨ ਸਾਰਾ ਥੱਕ ਜਾਂਦੇ ਨੇ ਸਾਰੇ ,
ਰਾਤ ਨੂੰ ਪਾਏ ਨਾ ਕੋਈ ਬਾਤ ਅੱਜ ਕਲ੍ਹ ।
ਲੋੜ ਹੁੰਦੀ ਹੈ ਜਦੋਂ ਫਸਲਾਂ ਨੂੰ ਇਸ ਦੀ ,
ਹੁੰਦੀ ਨਾ ਯਾਰੋ ਉਦੋਂ ਬਰਸਾਤ ਅੱਜ ਕਲ੍ਹ ।
ਕੱਲਾ ਕੋਈ ਘਰ ਤੋਂ ਬਾਹਰ ਨ੍ਹੀ ਜਾ ਸਕਦਾ ,
ਮਾੜੇ ਹੋ ਗਏ ਨੇ ਏਨੇ ਹਾਲਾਤ ਅੱਜ ਕਲ੍ਹ ।
ਆਸ ਅੱਜ ਕਲ੍ਹ ਰੱਖੋ ਨਾ ਯਾਰਾਂ ਤੋਂ ਬਹੁਤੀ ,
ਕਿਉਂ ਕਿ ਇਹ ਸੁਣਦੇ ਨਾ ਚੱਜਦੀ ਬਾਤ ਅੱਜ ਕਲ੍ਹ ।
ਚਾਰੇ ਪਾਸੇ ਨ੍ਹੇਰਾ ਹੈ ਤੇ ਕੁਝ ਦਿਸੇ ਨਾ ,
ਖ਼ਬਰੇ ਕਾਲੀ ਕਿਉਂ ਹੈ ਹਰ ਇਕ ਰਾਤ ਅੱਜ ਕਲ੍ਹ ?
ਕੁਝ ਤਾਂ ਮਾੜਾ ‘ਮਾਨ’ ਨਾ’ ਲੱਗਦਾ ਹੈ ਹੋਇਆ ,
ਉਹ ਕਰੇ ਨਾ ਚੱਜ ਨਾ’ ਗੱਲ ਬਾਤ ਅੱਜ ਕਲ੍ਹ ।

——————00000———————

ਦੀਵਾਲੀ

ਅੱਜ ਮੇਰੇ ਦੇਸ਼ ਦੇ ਲੋਕ
ਖੁਸ਼ੀਆਂ ਦਾ ਤਿਉਹਾਰ
ਦੀਵਾਲੀ ਮਨਾ ਰਹੇ ਨੇ।
ਪਟਾਕੇ,ਆਤਿਸ਼ਬਾਜ਼ੀਆਂ
ਅਤੇ ਅਨਾਰ ਚਲਾ ਰਹੇ ਨੇ।
ਬੇਵੱਸ ਪੰਛੀਆਂ ਤੇ ਜਾਨਵਰਾਂ ਨੂੰ
ਡਰਾ ਰਹੇ ਨੇ।
ਪਟਾਕਿਆਂ ਦੀ ਆਵਾਜ਼
ਅਤੇ ਧੂੰਏਂ ਨਾਲ
ਵਾਤਾਵਰਣ ਨੂੰ ਹੋਰ ਦੂਸ਼ਿਤ ਕਰਨ ਵਿੱਚ
ਯੋਗਦਾਨ ਪਾ ਰਹੇ ਨੇ ।
ਇਹ ਲੋਕ ਅੱਗ ਵਿੱਚ
ਕਰੋੜਾਂ ਰੁਪਏ ਫੂਕ ਰਹੇ ਨੇ।
ਨਕਲੀ ਮਠਿਆਈਆਂ ਖਾ ਕੇ ਵੀ
ਖੁਸ਼ੀ ਮਨਾ ਰਹੇ ਨੇ।
ਸਵੇਰ ਹੋਣ ਤੱਕ ਇਨ੍ਹਾਂ ਚੋਂ
ਬਹੁਤ ਸਾਰੇ ਲੋਕ
ਬੀਮਾਰ ਹੋ ਕੇ
ਹਸਪਤਾਲਾਂ ’ਚ ਪਹੁੰਚ ਜਾਣਗੇ।
ਘਰ ਵਾਪਸ ਪਹੁੰਚਣ ਲਈ
ਹਸਪਤਾਲਾਂ ਦੇ ਹਜ਼ਾਰਾਂ ਰੁਪਏ ਦੇ ਬਿੱਲ
ਅਦਾ ਕਰਨਗੇ । ਹੇ ਮੇਰੇ ਦੇਸ਼ ਦੇ
ਅਗਿਆਨੀ ਲੋਕੋ
ਹਾਲੇ ਵੀ ਵੇਲਾ ਹੈ
ਸੰਭਲ ਜਾਉ।
ਨਕਲੀ ਮਠਿਆਈਆਂ
ਖਾਣ ਤੋਂ ਤੋਬਾ ਕਰੋ
ਤੇ ਆਪਣੀ ਸਿਹਤ ਬਚਾਉ।
ਪਟਾਕੇ,ਆਤਿਸ਼ਬਾਜ਼ੀਆਂ
ਅਤੇ ਅਨਾਰਾਂ ਤੋਂ
ਵਾਤਾਵਰਣ ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉ।
ਬੇਵੱਸ ਪੰਛੀਆਂ ਤੇ ਜਾਨਵਰਾਂ
‘ਤੇ ਤਰਸ ਕਰੋ
ਤੇ ਚਰੱਸੀ ਲੱਖ ਜੂਨਾਂ ‘ਚੋਂ
ਉੱਤਮ ਹੋਣ ਦਾ ਸਬੂਤ ਦਿਉ।

——————00000———————

 ਮੇਰੇ ਰਾਹ ਵਿੱਚ ਔਕੜ / ਗ਼ਜ਼ਲ

ਹਰ ਕਦਮ ਤੇ ਭਾਵੇਂ ਮੇਰੇ ਰਾਹ ਵਿੱਚ ਔਕੜ ਖੜੀ ਹੈ ,
ਫਿਰ ਵੀ ਮੈਂ ਅੱਗੇ ਕਦਮ ਰੱਖਾਂਗਾਂ , ਮੇਰੀ ਇਹ ਅੜੀ ਹੈ ।

ਸੱਚ ਬੋਲਣ ਵਾਲੇ ਖ਼ਬਰੇ ਕਿੱਥੇ ਗਾਇਬ ਹੋ ਗਏ ਨੇ ,
ਝੂਠ ਬੋਲਣ ਵਾਲਿਆਂ ਦੀ ਚੜ੍ਹ ਮਚੀ ਅੱਜਕਲ੍ਹ ਬੜੀ ਹੈ ।

ਰੱਬ ਦੇ ਰੰਗਾਂ ਦਾ ਇਸ ਜਗ ਵਿੱਚ ਹੈ ਕਿਸ ਨੇ ਭੇਤ ਪਾਇਆ ,
ਔੜ ਲਾਂਦਾ ਹੈ ਕਦੇ ਉਹ ਤੇ ਕਦੇ ਲਾਂਦਾ ਝੜੀ ਹੈ ।

ਆਪਣੇ ਜੀਵਨ ਦੇ ਬਿਤਾ ਕੇ ਸਾਲ ਚਾਲੀ ਜਾਣਿਆ ਹੈ ,
ਇੱਥੇ ਧਨਵਾਨਾਂ ਤੇ ਬੇਈਮਾਨਾਂ ਦੀ ਚਲਦੀ ਬੜੀ ਹੈ ।

ਮੇਰੇ ਕੋਲੋਂ ਆਸ ਰੱਖੇਗਾ ਕਿਵੇਂ ਸਤਿਕਾਰ ਦੀ ਉਹ ,
ਮੇਰੇ ਚਾਵਾਂ ਦੀ ਕਲੀ ਜਿਸ ਦੇ ਦਗੇ ਸਦਕਾ ਸੜੀ ਹੈ ।

ਕਿਸ ਤਰ੍ਹਾਂ ਭੁਲ ਜਾਵਾਂ ਮੈਂ ਉਹਨਾਂ ਨੂੰ ਕੇਵਲ ਤੇਰੇ ਕਰਕੇ ,
ਜਿਹਨਾਂ ਨੇ ਔਖੇ ਦਿਨਾਂ ਦੇ ਵਿੱਚ ਮੇਰੀ ਉਂਗਲ ਫੜੀ ਹੈ ।

ਲੋੜ ਸੀ ਜਦ ਤੇਰੀ ਗੋਡੇ ਗੋਡੇ ਮੇਰੀ ਜ਼ਿੰਦਗੀ ਨੂੰ ,
ਇਕ ਦਿਆਲੂ ਸਾਥੀ ਸਦਕਾ ਬੀਤ ਚੁੱਕੀ ਉਹ ਘੜੀ ਹੈ ।

——————00000———————

ਮੇਰੇ ਦਿਲ ਵਿੱਚ / ਗ਼ਜ਼ਲ

ਮੇਰੇ ਦਿਲ ਵਿੱਚ ਜਗ ਰਿਹੈ ਯਾਰੋ, ਚਿਰਾਗ ।
ਮੈਨੂੰ ਡਸ ਸਕਦਾ ਨਹੀਂ ਹਨੇਰੇ ਦਾ ਨਾਗ ।

ਰੁਲਦੇ ਨੇ ਉਹ ਜੋਤਸ਼ੀ ਸੜਕਾਂ ਤੇ ਆਪ ,
ਦੱਸਦੇ ਨੇ ਜੋ ਹੱਥਾਂ ਤੋਂ ਲੋਕਾਂ ਦੇ ਭਾਗ ।

ਭਾਲ ਲੈਂਦੇ ਜੇ ਤੁਸੀਂ ਇਕ ਗਲਿਆ ਸੇਬ ,
ਸਾਰੇ ਵਧੀਆ ਸੇਬਾਂ ਨੂੰ ਲਗਦੀ ਨਾ ਲਾਗ ।

ਇਹ ਕਿਸੇ ਦੇ ਆਣ ਬਾਰੇ ਕੁਝ ਨਾ ਜਾਣੇ ,
ਢਿੱਡੋਂ ਭੁੱਖਾ ਕਰ ਰਿਹੈ ਕਾਂ, ਕਾਂ ਇਹ ਕਾਗ ।

ਐਵੇਂ ਨਾ ਬੈਠੇ ਰਹੋ ਬਣ ਕੇ ਨਿਕੰਮੇ ,
ਕੋਸ਼ਿਸ਼ਾਂ ਦੇ ਹੱਥ ਹੈ ਕਿਸਮਤ ਦੀ ਵਾਗ ।

ਸੰਘਰਸ਼ ਦੇ ਢੋਲ ਤੇ ਲੱਗੀ ਹੈ ਚੋਟ ,
ਹੁਣ ਚਿਰਾਂ ਤੋਂ ਸੁੱਤੇ ਕਾਮੇ ਪੈਣੇ ਜਾਗ ।

——————00000———————

 ਜਦ ਤੋਂ ਯਾਰੋ / ਗ਼ਜ਼ਲ

ਜਦ ਤੋਂ ਯਾਰੋ ਸਾਲ ਨਵਾਂ ਇਹ ਚੜ੍ਹਿਆ ਹੈ,
ਸਾਨੂੰ ਗਿਰਝਾਂ ਵਾਂਗ ਗ਼ਮਾਂ ਨੇ ਫੜਿਆ ਹੈ।

ਖੋਰੇ ਕਿਹੜਾ ਇਸ ਬਾਗ ’ਚ ਆ ਵੜਿਆ ਹੈ,
ਹਰ ਬੂਟੇ ਦਾ ਪੱਤਾ ਪੱਤਾ ਝੜਿਆ ਹੈ।

ਜਿਸ ਦੇ ਮੂੰਹ ਤੇ ਰਹਿੰਦੀ ਸੀ ਮੁਸਕਾਨ ਸਦਾ,
ਖੋਰੇ ਅੱਜ ਉਹ ਕਿਉਂ ਗੁੱਸੇ ਵਿੱਚ ਸੜਿਆ ਹੈ?

ਕਿਹੜੇ ਨੂੰ ਪੂਜਾਂ, ਕਿਹੜੇ ਨੂੰ ਛੱਡਾਂ ਮੈਂ?
ਇੱਥੇ ਹਰ ਇਕ ਨੇ ਰੱਬ ਆਪਣਾ ਘੜਿਆ ਹੈ।

ਜਦ ਵੀ ਸਾਡੇ ਸਿਰ ਤੇ ਆਫਤ ਆਈ ਹੈ,
ਸਾਡੇ ਨਾ’ ਕੋਈ ਟਾਵਾਂ ਹੀ ਖੜਿਆ ਹੈ।

ਤੂੰ ਤੱਕ ਕੇ ਨ੍ਹੈਰੇ ਨੂੰ ਛੱਡ ਨਾ ਦਿਲ ਐਵੇਂ,
ਹਿੰਮਤ ਅੱਗੇ ਕਿਹੜਾ ਨ੍ਹੇਰਾ ਅੜਿਆ ਹੈ?

ਉਸ ਵਰਗਾ ਹੋਰ ਨਹੀਂ ਕੋਈ ਬਣ ਸਕਦਾ,
ਜਿਹੜਾ ਲੋਕਾਂ ਖਾਤਰ ਫਾਂਸੀ ਚੜ੍ਹਿਆ ਹੈ।

——————00000———————

ਜੇ ਨਾ ਪਾਂਦਾ ਮੈਂ / ਗ਼ਜ਼ਲ

ਜੇ ਨਾ ਪਾਂਦਾ ਮੈਂ ਆਪਣੇ ਦਿਲ ਦੀ ਗੱਲ ਤੇ ਪਰਦਾ ,
ਖੌਰੇ ਕਿਸ ਕਿਸ ਕੋਲ ਖਲੋ ਕੇ ਉਹ ਇਸ ਨੂੰ ਕਰਦਾ ।

ਲੱਗਦਾ ਹੈ ਉਸ ਬੰਦੇ ਦੀ ਮੱਤ ਗਈ ਹੈ ਮਾਰੀ ,
ਜਿਸ ਨੂੰ ਕੋਈ ਵੀ ਫਿਕਰ ਨਹੀਂ ਹੈ ਆਪਣੇ ਘਰ ਦਾ ।

ਜੇ ਚਿੜੀਆਂ ਦੀ ਡਾਰ ਇਕੱਠੀ ਉਸ ਨੂੰ ਨਾ ਫੜਦੀ ,
ਤਾਂ ਬਾਜ਼ ਹਰੇਕ ਚਿੜੀ ਨੂੰ ਮਰਨੇ ਜੋਗੀ ਕਰਦਾ ।

ਗ਼ਮ ਦੇ ਖ਼ਾਰਾਂ ਦੀ ਪੀੜਾ ਵੀ ਜਰ ਕੇ ਵੇਖ ਜ਼ਰਾ ,
ਯਾਰਾ, ਖੁਸ਼ੀਆਂ ਦੇ ਫੁੱਲਾਂ ਤੇ ਕਿਉਂ ਜਾਏਂ ਮਰਦਾ ?

ਦਿਲ ਮੇਰੇ ਵਿੱਚ ਹਾਲੇ ਵੀ ਆਸ਼ਾ ਦਾ ਦੀਪ ਜਗੇ ,
ਭਾਵੇਂ ਅੱਜ ਤੱਕ ਮੈਂ ਹਰ ਇਕ ਖੇਡ ਰਿਹਾ ਹਾਂ ਹਰਦਾ ।

——————00000———————

 ਤੇਰੇ ਗ਼ਮ ਦੀ ਅੱਗ /ਗ਼ਜ਼ਲ

ਤੇਰੇ ਗ਼ਮ ਦੀ ਅੱਗ ’ਚੋਂ ਬਚ ਕੇ ਨਿਕਲ ਜਾਵਾਂਗਾ ਮੈਂ,
ਪਰ ਤੂੰ ਇਹ ਨਾ ਸੋਚ ਕਿ ਇਸ ਵਿੱਚ ਜਲ ਜਾਵਾਂਗਾ ਮੈਂ।

ਮੈਂ ਹਾਂ ਦਰਿਆ ਵਾਂਗਰ ਤੇ ਤੂੰ ਏਂ ਵਾਂਗ ਨਦੀ ਦੇ,
ਛੱਡ ਰਾਹ ਆਪਣਾ, ਤੇਰੇ ’ਚ ਕਿਵੇਂ ਰਲ ਜਾਵਾਂਗਾ ਮੈਂ?

ਜਿਸ ਦੇ ਦੁੱਖ ਦੇ ਦਿਨਾਂ ਵਿੱਚ ਮੈਂ ਜਿਸ ਦਾ ਸਾਥ ਦੇਣਾ ਹੈ,
ਉਸ ਦੇ ਦੁੱਖ ਦੇ ਦਿਨਾਂ ਵਿੱਚ ਕਿੰਜ ਬਦਲ ਜਾਵਾਂਗਾ ਮੈਂ?

ਮੈਂ ਤਾਂ ਮੰਜ਼ਿਲ ਪਾਣ ਦਾ ਨਿਸਚਾ ਕੀਤਾ ਹੋਇਆ ਹੈ,
ਇਸ ਨੂੰ ਪਾਣ ਲਈ ਹਰ ਚੀਜ਼ ਮਸਲ ਜਾਵਾਂਗਾ ਮੈਂ।

ਲੱਖਾਂ ਸੱਟਾਂ ਖਾ ਕੇ ਮੈਂ ਤਾਂ ਬਣਿਆਂ ਹਾਂ ਪੱਥਰ,
ਕਿੰਜ ਨਿਰਾਸ਼ਾ ਦੀ ਧੁੱਪ ਨਾਲ ਪਿਘਲ ਜਾਵਾਂਗਾ ਮੈਂ?

ਧੋਖੇਬਾਜ਼ਾਂ ਦੇ ਵਿੱਚ ਹੁਣ ਤੇਰਾ ਨਾਂ ਵੀ ਬੋਲੂ,
ਮੇਰਾ ਕੀ ਏ,ਇਸ ਵਾਰ ਵੀ ਸੰਭਲ ਜਾਵਾਂਗਾ ਮੈਂ।

——————00000———————

ਤੇਰੇ ਦਿੱਤੇ ਗ਼ਮ / ਗ਼ਜ਼ਲ

ਤੇਰੇ ਦਿੱਤੇ ਗ਼ਮ ਹੌਲੀ ਹੌਲੀ ਜਰ ਜਾਵਾਂਗਾ,
ਪਰ ਇਹ ਨਾ ਸੋਚੀਂ , ਤੇਰੇ ਬਾਝੋਂ ਮਰ ਵਾਵਾਂਗਾ।

ਮੈਂ ਪੱਥਰ ਹਾਂ,ਮਿੱਟੀ ਦੀ ਕੰਧ ਨਹੀਂ ਹਾਂ ਯਾਰੋ,
ਮੈਂ ਦੁੱਖਾਂ ਦੇ ਪਾਣੀ ਨਾਲ ਕਿਵੇਂ ਖ਼ਰ ਜਾਵਾਂਗਾ?

ਮੇਰੇ ਕੋਲ ਭਰੋਸਾ, ਹਿੰਮਤ ਤੇ ਤਦਬੀਰਾਂ ਨੇ,
ਕਿਹੜਾ ਪਾਗਲ ਆਖੇ, ਮੈਂ ਮੰਜ਼ਿਲ ਹਰ ਜਾਵਾਂਗਾ।

ਤਲਖੀ ਦੇ ਅੰਗਾਰਾਂ ਕੋਲੋਂ ਮੈਂ ਤਾਂ ਡਰਿਆ ਨਾ,
ਦੁਬਿਧਾ ਦੇ ਜੁਗਨੂੰ ਕੋਲੋਂ ਕਦ ਮੈਂ ਡਰ ਜਾਵਾਂਗਾ।

ਹਾਲੇ ਮੈਂ ਅਣਖਿੜਿਆ ਫੁੱਲ ਹਾਂ, ਪਰ ਜਦ ਵੀ ਖਿੜਿਆ,
ਨਾਲ ਸੁਗੰਧੀ ਦੇ ਚਾਰ ਚੁਫੇਰਾ ਭਰ ਜਾਵਾਂਗਾ।

ਜੇ ਕਰ ਕੋਲ ਮੇਰੇ ਧਨ , ਦੌਲਤ ਨ੍ਹੀ ਤਾਂ ਕੀ ਹੋਇਆ,
ਗ਼ਜ਼ਲਾਂ ਰਾਹੀਂਂ ਆਪਣਾ ਨਾਂ ਰੌਸ਼ਨ ਕਰ ਜਾਵਾਂਗਾ।

——————00000———————

ਪਾਏ ਜੋ ਰਾਹੋਂ , ਕੁਰਾਹੇ / ਗ਼ਜ਼ਲ

ਪਾਏ ਜੋ ਰਾਹੋਂ , ਕੁਰਾਹੇ ਜਾਨੋਂ ਪਿਆਰੇ ਯਾਰ ਨੂੰ ,
ਦੱਸੋ ਕੀ ਰਾਹ ਦੱਸੇਗਾ ਉਹ ਬਾਕੀ ਦੇ ਸੰਸਾਰ ਨੂੰ ।

ਉਸ ਨੂੰ ਖ਼ੁਦ ਹੀ ਮਾਰਿਆ ਹੈ ਦਾਜ ਦੇ ਲਾਲਚੀਆਂ ਨੇ ,
ਜ਼ਹਿਰ ਖਾ ਕੇ ਮਰਨ ਦੀ ਕੀ ਲੋੜ ਸੀ ਮੁਟਿਆਰ ਨੂੰ ।

ਸਾਰੀਆਂ ਚੀਜ਼ਾਂ ਦੀ ਕੀਮਤ ਵਧ ਰਹੀ ਹੈ ਦਿਨ-ਬ-ਦਿਨ ,
ਖਾਲੀ ਹੱਥੀਂ ਕਾਮੇ ਕੀ ਲੈਣਾ ਜਾ ਕੇ ਬਾਜ਼ਾਰ ਨੂੰ ।

ਹੁੰਦਾ ਹੈ ਕਾਬਿਲ ਲੋਕਾਂ ਦੇ ਪਿਆਰ ਦਾ ਉਹ ਡਾਕਟਰ ,
ਜੋ ਸਦਾ ਵਧੀਆ ਦਵਾ ਦਿੰਦਾ ਹੈ ਹਰ ਬੀਮਾਰ ਨੂੰ ।

ਜਿਸ ਦੇ ਵਿੱਚ ਸੱਚ , ਝੂਠ ਦਾ ਕੀਤਾ ਨਿਤਾਰਾ ਹੁੰਦਾ ਹੈ ,
ਲੋਕ ਪੜ੍ਹਦੇ ਨੇ ਬੜੇ ਚਾਅ ਨਾਲ ਉਸ ਅਖ਼ਬਾਰ ਨੂੰ ।

ਤਾਂ ਕਿ ਮੇਰੇ ਕੋਲ ਨਾ ਫ਼ਿਕਰਾਂ ਦਾ ਰਾਖਸ਼ ਆ ਸਕੇ ,
ਮੈਂ ਹਮੇਸ਼ਾ ਕੋਲ ਰੱਖਾਂ ਆਸ਼ਾ ਦੀ ਤਲਵਾਰ ਨੂੰ ।

ਕੁਝ ਪਲਾਂ ਦੇ ਵਿੱਚ ਤੰੂ ਇਸ ਦੇ ਨਾਲ ਖ਼ੁਦ ਸੜ ਜਾਣਾ ਹੈ ,
ਦਿਲ ਦੇ ਵਿੱਚੋਂ ਕੱਢ ਦੇ ਯਾਰਾ , ਘਿਰਣਾ ਦੇ ਅੰਗਾਰ ਨੂੰ ।

———————00000———————

ਜੋ ਕੁਝ ਵੀ ਕਹਿਣਾ/ ਗ਼ਜ਼ਲ

ਜੋ ਕੁਝ ਵੀ ਕਹਿਣਾ ਗ਼ਜ਼ਲਾਂ ਰਾਹੀਂ ਕਹਿ ਜਾਵਾਂਗਾ ,
ਠੱਗਾਂ ਦੀ ਹਿੱਕ ’ਚ ਖੰਜ਼ਰ ਵਾਂਗਰ ਲਹਿ ਜਾਵਾਂਗਾ ।

ਵੱਗ ਲੈ ਜਿੰਨਾ ਵੀ ਵਗਣਾ ਤੰੂ ਗ਼ਮ ਦੇ ਤੂਫ਼ਾਨਾ ,
ਮੈਂ ਤਾਂ ਪਰਬਤ ਹਾਂ , ਤੈਥੋਂ ਕਿੱਦਾਂ ਢਹਿ ਜਾਵਾਂਗਾ ।

ਮੈਂ ਮੰਜ਼ਲ ਪਾਣੇ ਦਾ ਨਿਸਚਾ ਕੀਤਾ ਹੋਇਆ ਹੈ ,
ਮੈਂ ਇਸ ਨੂੰ ਪਾਣੇ ਖ਼ਾਤਰ ਸਭ ਕੁਝ ਸਹਿ ਜਾਵਾਂਗਾ ।

ਉਹ ਜੰਜੀਰਾਂ ਥੋੜੇ੍ਹ ਚਿਰ ਵਿੱਚ ਹੀ ਖੁਲ੍ਹ ਜਾਣਗੀਆਂ ,
ਮੈਂ ਜੋਸ਼ ’ਚ ਆ ਕੇ ਨਾਲ ਜਿਨ੍ਹਾਂ ਦੇ ਖਹਿ ਜਾਵਾਂਗਾ ।

ਹਾਲੇ ਤਾਂ ਮੈਂ ਬਹੁਤ ਸਫਰ ਤੈਅ ਕਰਨਾ ਹੈ ਯਾਰੋ ,
ਮੈਂ ਥੱਕ ਕੇ ਰੁੱਖਾਂ ਥੱਲੇ ਕਿੱਦਾਂ ਬਹਿ ਜਾਵਾਂਗਾ ।

ਖ਼ੌਰੇ ਕਿਹੜਾ ਦੰਡ ਮਿਲੇਗਾ ਮੈਨੂੰ ਉਸ ਵੇਲੇ ,
ਮੈਂ ਹਾਜ਼ਰ ਲੋਕਾਂ ਵਿੱਚ ਸੱਚ ਜਦੋਂ ਕਹਿ ਜਾਵਾਂਗਾ ।

———————00000———————

ਨਫਰਤ ਦੇ ਆਰੇ / ਗ਼ਜ਼ਲ

ਕਰਦੇ ਨੇ ਜੋ ਨਿੱਤ ਕਾਲੇ ਕਾਰੇ,
ਉਹ ਇੱਥੇ ਜਾਂਦੇ ਨੇ ਸਤਿਕਾਰੇ।
ਜਿੱਤ ਗਏ ਜੋ ਚੋਣਾਂ ਧੋਖੇ ਨਾ’,
ਉਹਨਾਂ ਦੇ ਹੋ ਗਏ ਵਾਰੇ ਨਿਆਰੇ।
ਝੂਠੇ ਲਾਰੇ ਸੁਣ ਕੇ ਹਾਕਮ ਦੇ,
ਖ਼ੁਸ਼ ਹੋਈ ਜਾਵਣ ਲੋਕੀਂ ਸਾਰੇ।
ਅਗਲੇ ਤੋਂ ‘ਕੱਠੇ ਨਹੀਂ ਹੋ ਸਕਣੇ,
ਜੋ ਇਸ ਹਾਕਮ ਨੇ ਪਾਏ ਖਿਲਾਰੇ।
ਖਬਰੇ ਕਿਸ ਕਿਸ ਨੇ ਜ਼ਖ਼ਮੀ ਹੋਣਾ,
ਹਰ ਥਾਂ ਚੱਲਦੇ ਨਫਰਤ ਦੇ ਆਰੇ।
ਇਸ ਨੂੰ ਜੋ ਸਿੱਧੇ ਰਸਤੇ ਪਾਏ,
ਇਹ ਦੁਨੀਆਂ ਉਸ ਦੇ ਪੱਥਰ ਮਾਰੇ।
ਜਿੱਥੇ ਦੇਖਣ, ਉੱਥੇ ਸੌਂ ਜਾਵਣ,
ਜੋ ਸਿਰਾਂ ‘ਤੇ ਚੁੱਕਦੇ ਬੱਠਲ ਭਾਰੇ।
ਕੁਝ ਨਹੀਂ ਬਦਲੇਗਾ ਇੱਥੇ ਉਦੋਂ ਤੱਕ,
ਜਦ ਤੱਕ ਹੁੰਦੇ ਨਹੀਂ ‘ਕੱਠੇ ਸਾਰੇ।

———————00000———————

ਤੁਹਾਨੂੰ ਕੋਈ ਹੱਕ ਨਹੀਂ

ਤੁਸੀਂ ਤਾਂ ਡੇਰਿਆਂ ’ਚ ਬੈਠੇ
ਉਨ੍ਹਾਂ ਪਖੰਡੀ ਬਾਬਿਆਂ ਨੂੰ
ਵੇਖਣ ਦੇ ਆਦੀ ਹੋ ਗਏ ਹੋ
ਜੋ ਹਜ਼ਾਰਾਂ ਔਰਤਾਂ ਤੇ ਮਰਦਾਂ ਨੂੰ
“ਮੌਤ ਪਿਛੋਂ ਤੁਹਾਨੂੰ
ਸਵਰਗ ਮਿਲੇਗਾ”
ਦਾ ਲਾਰਾ ਲਾ ਕੇ
ਉਨ੍ਹਾਂ ਦੇ ਸਾਰੇ ਧਨ
ਅਤੇ ਜਾਇਦਾਦ ਨੂੰ
ਦੋਹੀਂ ਹੱਥੀਂ ਲੁੱਟ ਰਹੇ ਨੇ ।
ਤੁਸੀਂ ਤਾਂ ਹੋਟਲਾਂ ’ਚ
ਕੰਮ ਕਰਕੇ
ਤੇ ਭੀਖ ਮੰਗਦੇ
ਉਨ੍ਹਾਂ ਹਜ਼ਾਰਾਂ ਬੱਚਿਆਂ ਨੂੰ
ਵੇਖਣ ਦੇ ਆਦੀ ਹੋ ਗਏ ਹੋ
ਜਿਨ੍ਹਾਂ ਨੇ ਕਦੇ
ਸਕੂਲ਼ ਦਾ ਮੂੰਹ
ਨਹੀਂ ਵੇਖਿਆ
ਤੇ ਜਿਨ੍ਹਾਂ ਨੂੰ ਦੋ ਵੇਲੇ ਦੀ ਰੋਟੀ
ਤੇ ਤਨ ਢੱਕਣ ਨੂੰ ਕਪੜਾ
ਨਸੀਬ ਨਹੀਂ ਹੁੰਦਾ।
ਤੁਸੀਂ ਤਾਂ ਆੜ੍ਹਤੀਆਂ ਵਲੋਂ
ਮੰਡੀ ’ਚ ਦਿਨ ਦਿਹਾੜੇ
ਕਿਸਾਨਾਂ ਦੀ ਹੁੁੰਦੀ ਲੁੱਟ ਨੂੰ
ਵੇਖਣ ਦੇ ਆਦੀ ਹੋ ਗਏ ਹੋ।
ਤੁਸੀਂ ਤਾਂ ਠਾਣਿਆਂ ’ਚ
ਅਗਾਂਹ ਵਧੂ ਵਿਚਾਰਾਂ ਵਾਲੇ
ਨੌਜਵਾਨਾਂ ਤੇ ਪੁਲਿਸ ਵਲੋਂ
ਹੁੰਦੇ ਅੰਨੇ੍ਹ ਤਸ਼ੱਦਦ ਨੂੰ
ਵੇਖਣ ਦੇ ਆਦੀ ਹੋ ਗਏ ਹੋ
ਅਤੇ ਤੁਸੀਂ ਮੀਡੀਏੇ ਵਲੋਂ
ਵੱਖ ਵੱਖ ਫਿਰਕਿਆਂ ‘ਚ
ਨਫਰਤ ਫੈਲਾਣ ਨੂੰ
ਵੇਖਣ ਦੇ ਆਦੀ ਹੋ ਗਏ ਹੋ।
ਏਸੇ ਲਈ ਮੈਂ ਕਹਿੰਦਾ ਹਾਂ
ਕਿ ਸ਼ਹੀਦ ਭਗਤ ਸਿੰਘ ਦੇ
ਵਾਰਸ ਕਹਾਣ ਦਾ
ਤੁਹਾਨੂੰ ਕੋਈ ਹੱਕ ਨਹੀਂ ,
ਤੁਹਾਨੂੰ ਕੋਈ ਹੱਕ ਨਹੀਂ ।

———————00000———————

ਸਾਰਿਆਂ ਦਾ ਅੰਨਦਾਤਾ

ਸਾਡਾ ਸਾਰਿਆਂ ਦਾ ਅੰਨਦਾਤਾ ਕਿਸਾਨ ਹੈ,
ਪਰ ਇਹ ਗੱਲ ਸਮਝਦਾ ਨਾ ਹੁਕਮਰਾਨ ਹੈ।
ਖੇਤਾਂ ਵਿੱਚ ਉਹ ਦਿਨ-ਰਾਤ ਕੰਮ ਕਰੇ,
ਆਪਣੇ ਢਿੱਡ ਦਾ ਵੀ ਨਾ ਉਹ ਫ਼ਿਕਰ ਕਰੇ।
ਜਦ ਤੱਕ ਫਸਲ ਉਸ ਦੇ ਘਰ ਨਾ ਆਵੇ,
ਉਸ ਦੇ ਖਰਾਬ ਹੋਣ ਦੀ ਉਸ ਨੂੰ ਚਿੰਤਾ ਸਤਾਵੇ।
ਜਦ ਉਸ ਦੀ ਫਸਲ ਮੰਡੀ ਦੇ ਵਿੱਚ ਰੁਲੇ,
ਹੁਕਮਰਾਨ ਤੇ ਉਸ ਨੂੰ ਡਾਢਾ ਗੁੱਸਾ ਚੜ੍ਹੇ।
ਕੌਡੀਆਂ ਦੇ ਭਾਅ ਉਸ ਨੂੰ ਇਹ ਵੇਚਣੀ ਪਵੇ,
ਲਾਗਤ ਦਾ ਮੁੱਲ ਵੀ ਨਾ ਉਸ ਨੂੰ ਮਿਲੇ।
ਕਰਜ਼ਾ ਲੈ ਕੇ ਉਹ ਫਸਲ ਬੀਜੇ ਤੇ ਵੱਢੇ,
ਇਹ ਨਾ ਮੁੜੇ,ਤਾਂ ਉਹ ਖ਼ੁਦਕੁਸ਼ੀ ਕਰੇ।
ਹੁਣ ਨਵਾਂ ਹੀ ਪੰਗਾ ਪਾ ਦਿੱਤਾ ਹੁਕਮਰਾਨ ਨੇ,
ਤਿੰਨ ਖੇਤੀ ਕਨੂੰਨ ਬਣਾ ਦਿੱਤੇ ਬੇਈਮਾਨ ਨੇ।
ਉਸ ਨੂੰ ਚੰਗੇ ਲੱਗਣ ਕਾਰਪੋਰੇਟ ਘਰਾਣੇ,
ਕਿਸਾਨ ਨੂੰ ਲੁੱਟ ਕੇ ਉਹ ਹੋਰ ਅਮੀਰ ਬਣਾਣੇ।
ਆਓ ਸਾਰੇ ਰਲ ਕੇ ਕਿਸਾਨ ਨੂੰ ਬਚਾਈਏ,
ਉਸ ਨੂੰ ਬਚਾਣ ਵਿੱਚ ਆਪਣਾ ਹਿੱਸਾ ਪਾਈਏ।
ਵੇਲਾ ਬੀਤ ਗਿਆ ਫਿਰ ਹੱਥ ਨਹੀਂ ਆਣਾ,
ਵੇਲਾ ਸੰਭਾਲ ਲਓ, ਪਿੱਛੋਂ ਪਏ ਨਾ ਪਛਤਾਣਾ।

———————00000———————

ਨਵੇਂ ਸਾਲ ਨੂੰ

ਨਵਿਆਂ ਸਾਲਾ, ਜੇ ਤੂੰ ਆ ਹੀ ਗਿਆਂ
ਤਾਂ ਕੁਝ ਕਰਕੇ ਦਿਖਾ।
ਹਚਕੋਲੇ ਖਾਂਦੇ ਦੇਸ਼ ਨੂੰ
ਤਰੱਕੀ ਦੀ ਪਟੜੀ ਤੇ ਚੜ੍ਹਾ।
ਰੁਜ਼ਗਾਰ ਲਈ ਕੋਈ ਬਾਹਰ ਨਾ ਜਾਵੇ
ਸਭ ਨੂੰ ਰੁਜ਼ਗਾਰ ਇੱਥੇ ਹੀ ਦੁਆ।
ਭੁੱਖਾ ਕੋਈ ਨਾ ਸੌਂਵੇ ਰਾਤ ਨੂੰ
ਸਭ ਨੂੰ ਦੋ ਡੰਗ ਦੀ ਰੋਟੀ ਦੁਆ।
ਸਰਹੱਦਾਂ ਤੇ ਕੋਈ ਹੋਵੇ ਨਾ ਲੜਾਈ
ਸਰਹੱਦਾਂ ਤੇ ਸ਼ਾਂਤੀ ਵਰਤਾ।
ਇਕ, ਦੂਜੇ ਨਾਲ ਕੋਈ ਨਾ ਝਗੜੇ
ਸਭ ਨੂੰ ਇਕ ਥਾਂ ਬਿਠਾ।
ਦੇਸ਼ ਦੇ ਵਿਕਾਊ ਮੀਡੀਆ ਨੂੰ
ਕੁਝ ਸੱਚ ਬੋੋਲਣਾ ਸਿਖਾ।
ਕੋਰੋਨਾ,ਕੋਰੋਨਾ ਹੋਈ ਜਾਂਦੀ
ਇਸ ਤੋਂ ਸਭ ਨੂੰ ਬਚਾ।
ਖੇਤੀ ਦੇ ਤਿੰਨ ਕਨੂੰਨਾਂ ਤੋਂ
ਕਿਸਾਨਾਂ ਦਾ ਖਹਿੜਾ ਛੱਡਾ।
ਉਨ੍ਹਾਂ ਤੇ ਹੁੰਦੇ ਜ਼ੁੱਲਮ ਬਥੇਰੇ
ਗਰੀਬਾਂ ਦੀ ਅਣਖ ਜਗਾ।
ਧੀਆਂ, ਭੈਣਾਂ ਹਰ ਇਕ ਦੇ ਘਰ
ਦਰਿੰਦਿਆਂ ਤੋਂ ਇਨ੍ਹਾਂ ਨੂੰ ਬਚਾ।
“ਭਾਰਤ ਦੇਸ਼ ਕੱਲਾ ਉਨ੍ਹਾਂ ਦਾ ਨਹੀਂ
ਇਹ ਸਭ ਦਾ ਸਾਂਝਾ ਆ।”
ਗੱਦੀ ਦੇ ਭੁੱਖੇ ਨੇਤਾਵਾਂ ਦੇ ਖਾਨੇ ‘ਚ
ਇਹ ਗੱਲ ਚੱਜ ਨਾ ਪਾ।
ਨਵਿਆਂ ਸਾਲਾ, ਜੇ ਤੂੰ ਆ ਹੀ ਗਿਆਂ
ਤਾਂ ਕੁਝ ਕਰਕੇ ਦਿਖਾ।

———————00000———————

ਸਾਲ ਨਵਾਂ

ਅਮੀਰ-ਗਰੀਬ ਵਿੱਚ ਪਾੜਾ ਘਟਾਏ ਸਾਲ ਨਵਾਂ।
ਹਰ ਘਰ ਖੁਸ਼ੀਆਂ ਲੈ ਕੇ ਆਏ ਸਾਲ ਨਵਾਂ।
ਪਿਛਲੇ ਸਾਲ ਬਥੇਰਾ ਤੰਗ ਕੀਤਾ ਹੈ ਮਹਿੰਗਾਈ ਨੇ,
ਇਸ ਤੋਂ ਛੁਟਕਾਰਾ ਤੋਂ ਦੁਆਏ ਸਾਲ ਨਵਾਂ।
ਉਨ੍ਹਾਂ ਦੀਆਂ ਜੜ੍ਹਾਂ ਵੱਢਣ ਵਾਲੇ ਤਿੰਨ ਕਨੂੰਨਾਂ ਤੋਂ,
ਕਿਸਾਨਾਂ ਨੂੰ ਰਾਹਤ ਦੁਆਏ ਸਾਲ ਨਵਾਂ।
ਧਰਮਾਂ ਤੇ ਜ਼ਾਤਾਂ ਦੇ ਨਾਂ ਤੇ ਜੋ ਲੜਾਂਦੇ ਲੋਕਾਂ ਨੂੰ,
ਉਨ੍ਹਾਂ ਨੂੰ ਸਿੱਧੇ ਰਸਤੇ ਪਾਏ ਸਾਲ ਨਵਾਂ।
ਮੰਦਰਾਂ ਤੇ ਬੁੱਤਾਂ ‘ਤੇ ਕਰੋੜਾਂ ਖਰਚਣ ਵਾਲਿਆਂ ਨੂੰ,
ਗਰੀਬਾਂ ਦੀਆਂ ਝੁੱਗੀਆਂ ਦਿਖਾਏ ਸਾਲ ਨਵਾਂ।
ਪਹਿਲਾਂ ਉਨ੍ਹਾਂ ਦੀ ਇੱਜ਼ਤ ਮਿੱਟੀ ‘ਚ ਰੁਲੀ ਹੈ,
ਹੁਣ ਧੀਆਂ-ਭੈਣਾਂ ਦੀ ਇੱਜ਼ਤ ਬਚਾਏ ਸਾਲ ਨਵਾਂ।
ਜਨਤਾ ਨੂੰ ਟਿੱਚ ਸਮਝਦੇ ਜਿਹੜੇ ਨੇਤਾ,
ਉਨ੍ਹਾਂ ਨੂੰ ਖੁੱਡੇ ਲਾਈਨ ਲਾਏ ਸਾਲ ਨਵਾਂ।
ਪਿਛਲੇ ਸਾਲ ਜੋ ਭੁੱਲ ਗਏ ਸਨ ਪਿਆਰ ਕਰਨਾ,
ਉਨ੍ਹਾਂ ਨੂੰ ਪਿਆਰ ਕਰਨਾ ਸਿਖਾਏ ਸਾਲ ਨਵਾਂ।
ਵੱਡਿਆਂ ਦਾ ਨਿਰਾਦਰ ਕਰਨ ਵਾਲਿਆਂ ਨੂੰ,
ਉਨ੍ਹਾਂ ਦਾ ਆਦਰ ਕਰਨਾ ਸਿਖਾਏ ਸਾਲ ਨਵਾਂ।
‘ਮਾਨ’ਸੁਸਤੀ ਨਾ ਅੱਗੇ ਵਧਣ ਦੇਵੇ ਬੰਦੇ ਨੂੰ,
ਸੱਭ ਦੀ ਸੁਸਤੀ ਦੂਰ ਭਜਾਏ ਸਾਲ ਨਵਾਂ।

———————00000———————

ਵਹਿਮ
ਦਿੱਲੀ ਦੇ ਹਾਕਮਾ
ਇਹ ਵਹਿਮ ਹੈ ਤੈਨੂੰ
ਕਿ ਅਸੀਂ ਤੇਰੇ ਕੋਲੋਂ
ਕੁਝ ਮੰਗਣ ਲਈ
ਦਿੱਲੀ ਦੀਆਂ ਹੱਦਾਂ ਤੇ
ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨਾਲ
ਕੜਾਕੇ ਦੀ ਠੰਡ ਵਿੱਚ
ਲਾਈ ਬੈਠੇ ਹਾਂ ਧਰਨੇ।
ਤੈਨੂੰ ਸ਼ਾਇਦ ਇਹ ਪਤਾ ਨਹੀਂ
ਕਿ ਅਸੀਂ ਵੱਟ ਪਿੱਛੇ
ਕਰ ਦਿੰਦੇ ਹਾਂ ਕਤਲ
ਕਿਉਂ ਕਿ ਸਾਨੂੰ ਆਪਣੇ ਖੇਤ
ਆਪਣੀ ਮਾਂ ਤੋਂ ਵੀ ਵੱਧ
ਹੁੰਦੇ ਨੇ ਪਿਆਰੇ,
ਪਰ ਤੂੰ ਤਾਂ
ਤਿੰਨ ਖੇਤੀ ਕਨੂੰਨ ਬਣਾ ਕੇ
ਸਾਡੇ ਖੇਤਾਂ ਨੂੰ ਹੀ
ਨਿਗਲ ਲੈਣ ਦੀ
ਰਚੀ ਹੈ ਸਾਜ਼ਿਸ਼।
ਪਰ ਤੇਰੀ ਇਹ ਸਾਜ਼ਿਸ਼
ਅਸੀਂ ਕਿਸੇ ਵੀ ਹਾਲਤ ਵਿੱਚ
ਨਹੀਂ ਹੋਣ ਦੇਵਾਂਗੇ ਸਫਲ।
ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ
ਆਪਣੀਆਂ ਜਾਨਾਂ ਹੀ
ਕਿਉਂ ਨਾ ਵਾਰਨੀਆਂ ਪੈ ਜਾਣ।
———————00000———————

ਗੁਰੂ ਨਾਨਕ ਨੂੰ

ਗੁਰੂ ਨਾਨਕ ਜੀ,ਤੂੰ ਕੌਡੇ ਰਾਖਸ਼ ਨੂੰ ਸੱਚ ਦਾ ਮਾਰਗ ਦਰਸਾਇਆ ਸੀ।
ਸੱਜਣ ਠੱਗ ਨੂੰ ਵੀ ਕਰਿਤ ਕਰਨਾ ਤੇ ਵੰਡ ਛਕਣਾ ਸਖਾਇਆ ਸੀ।
ਪਰ ਤੇਰੇ ਜਾਣ ਪੱਿਛੋਂ ਗੁਰੁ ਜੀ, ਬਡ਼ਾ ਕੁਝ ਬਦਲ ਗਆਿ ਹੈ ਇੱਥੇ।
ਹੱਕ ਦੀ ਖਾਣ ਵਾਲਆਿਂ ਨੂੰ ਮਾਲਕ ਭਾਗੋ ਝੁਕਾ ਰਹਾ ਆਪਣੇ ਅੱਗੇ।
ਮੁਡ਼ ਫਰਿ ਰਾਜਆਿਂ ਦੀਆਂ ਜਨਮ ਦਾਤੀਆਂ ਦਾ ਅਪਮਾਨ ਹੋ ਰਹਾ।
ਉਨ੍ਹਾਂ ਦਾ ਅਪਮਾਨ ਰੋਕਣ ਲਈ ਇੱਥੇ ਕੋਈ ਨਹੀਂ ਦਸਿ ਰਹਾ।
ਇਕ ਦੂਜੇ ਨੂੰ ਦੱਸਣ ਲਈ ਨਾਮ ਤਾਂ ਬਥੇਰਾ ਜਪਆਿ ਜਾ ਰਹਾ।
ਪਰ ਨਮਿਰਤਾ,ਚੰਗਆਿਈ ਤੇ ਸਦਾਚਾਰ ਨੂੰ ਭੁਲਾਇਆ ਜਾ ਰਹਾ।
ਵੱਖ ਵੱਖ ਧਰਮਾਂ ਵਾਲੇ ਇਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ ਨੇ।
ਉਹ ਇਕ ਦੂਜੇ ਦੇ ਧਰਮ ਗ੍ਰੰਥਾਂ ਨੂੰ ਟੱਿਚ ਸਮਝਣ ਲੱਗ ਪਏ ਨੇ।
ਜ਼ਾਲਮਾਂ,ਪਾਪੀਆਂ ਤੇ ਝੂਠਆਿਂ ਨੂੰ ਸਰਿ ਤੇ ਚੁੱਕਆਿ ਜਾ ਰਹਾ।
ਰਹਮਿ-ਦਲਾਂ,ਈਮਾਨਦਾਰਾਂ ਤੇ ਸੱਚਆਿਂ ਨੂੰ ਖੂੰਜੇ ਲਾਇਆ ਜਾ ਰਹਾ।
ਕਰਿਤ ਕਰੋ ਤੇ ਵੰਡ ਛਕੋ ਦੇ ਸਧਾਂਤ ਹੋ ਗਏ ਬਹੁਤ ਪੁਰਾਣੇ।
ਗਰੀਬਾਂ ਨੂੰ ਲੁੱਟ ਕੇ ਧਨ, ਦੌਲਤ ਕੱਠੀ ਕਰਨੀ ਜ਼ੋਰਾਵਰ ਜਾਣੇ।
ਤੇਰੇ ਦਰਸਾਏ ਰਸਤੇ ਤੇ ਜੇ ਕਰ ਚੱਲਆਿ ਨਾ ਹੁਣ ਵੀ ਮਨੁੱਖ,
ਬਣੇਗੀ ਨਰਕ ਜ਼ੰਿਦਗੀ, ਨਾ ਕੋਈ ਉਸ ਨੂੰ ਮਲਿਣਾ ਸੁੱਖ।

———————00000———————

ਖੁਸ਼ੀਆਂ ਦਾ ਤਿਉੇਹਾਰ

ਖੁਸ਼ੀਆਂ ਦਾ ਤਿਉਹਾਰ ਦੀਵਾਲੀ ਹੈ ਆਇਆ,
ਇਸ ਨੇ ਬਹੁਤੇ ਲੋਕਾਂ ਨੂੰ ਫਿਕਰਾਂ ‘ਚ ਹੈ ਪਾਇਆ।
ਕੋਰੋਨਾ ਨੇ ਇਨ੍ਹਾਂ ਨੂੰ ਬੇਰੁਜ਼ਗਾਰ ਹੈ ਕੀਤਾ,
ਉੱਤੋਂ ਸਰਕਾਰਾਂ ਨੇ ਇਨ੍ਹਾਂ ਦਾ ਖੂਨ ਹੈ ਪੀਤਾ।
ਬੱਚੇ ਇਨ੍ਹਾਂ ਦੇ ਮੰਗਣ ਆਤਿਸ਼ਬਾਜ਼ੀਆਂ ਤੇ ਪਟਾਕੇ,
ਮਿੰਨਤਾਂ, ਤਰਲੇ ਕਰਨ ਇਨ੍ਹਾਂ ਕੋਲ ਆ ਕੇ।
ਨਾਲੇ ਮੰਗਣ ਕਲਾ ਕੰਦ, ਰਸ ਗੁੱਲੇ ਤੇ ਬਰਫੀ,
ਉਹ ਦੇਖਣ ਨਾ ਇਨ੍ਹਾਂ ਦੀ ਜੇਬ ਖਾਲੀ।
ਸਾਰੇ ਕੱਠੇ ਹੋ ਕੇ ਬੱਚਿਆਂ ਨੂੰ ਸਮਝਾਓ,
ਧੂੰਏਂ ਤੋਂ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਓ।
ਨਕਲੀ ਮਠਿਆਈਆਂ ਨਾ ਘਰਾਂ ‘ਚ ਲਿਆਓ,
ਹਸਪਤਾਲਾਂ ‘ਚ ਜਾ ਕੇ ਧੱਕੇ ਖਾਣ ਤੋਂ ਬਚ ਜਾਓ।
ਜੋ ਕੁਝ ਬਣਾਣਾ ਹੈ, ਘਰੇ ਹੀ ਬਣਾਓ,
ਘਰ ਦਾ ਬਣਿਆ ਖਾ ਕੇ ਖੁਸ਼ੀਆਂ ਮਨਾਓ।

———————00000———————

ਰਾਵਣ
ਰਾਵਣ ਲੰਕਾ ਦਾ ਸ਼ਕਤੀਸ਼ਾਲੀ ਰਾਜਾ ਸੀ।
ਉਹ ਬੁੱਧੀਮਾਨ ਤੇ ਚਾਰ ਵੇਦਾਂ ਦਾ ਗਿਆਤਾ ਸੀ।
ਉਸ ਦੀ ਭੈਣ ਦਾ ਨੱਕ ਲਛਮਣ ਨੇ ਵੱਢ ਦਿੱਤਾ ਸੀ।
ਇਸੇ ਕਰਕੇ ਉਸ ਨੇ ਸੀਤਾ ਨੂੰ ਅਗਵਾ ਕੀਤਾ ਸੀ।
ਉਸ ਨੇ ਦਸ ਮਹੀਨੇ ਸੀਤਾ ਨੂੰ ਆਪਣੀ ਕੈਦ ‘ਚ ਰੱਖਿਆ ਸੀ।
ਪਰ ਉਸ ਦੀ ਇੱਜ਼ਤ ਵੱਲ ਅੱਖ ਚੁੱਕ ਕੇ ਨਹੀਂ ਤੱਕਿਆ ਸੀ।
ਉਸ ਨੇ ਬੜੀ ਬਹਾਦਰੀ ਨਾਲ ਰਾਮ ਨਾਲ ਯੁੱਧ ਕੀਤਾ ਸੀ।
ਯੁੱਧ ਵਿੱਚ ਉਸ ਦਾ ਸਾਰਿਆਂ ਨੇ ਸਾਥ ਦਿੱਤਾ ਸੀ।
ਉਸ ਦੇ ਇਕ ਭਾਈ ਭਵੀਸ਼ਣ ਨੇ ਉਸ ਦਾ ਸਾਥ ਛੱਡਿਆ ਸੀ।
ਉਸ ਦੇ ਰਾਹੀਂ ਹੀ ਰਾਮ ਨੇ ਉਸ ਨੂੰ ਜਾਨੋਂ ਮਾਰਿਆ ਸੀ।
ਕਿੰਨੇ ਸਾਲਾਂ ਤੋਂ ਲੋਕ ਉਸ ਦਾ ਪੁਤਲਾ ਬਣਾ ਰਹੇ ਨੇ।
ਉਸ ‘ਚ ਪਟਾਕੇ ਤੇ ਆਤਿਸ਼ ਬਾਜ਼ੀਆਂ ਰੱਖ ਅੱਗ ਲਾ ਰਹੇ ਨੇ।
ਜਾਣ ਬੁਝ ਕੇ ਉਹ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੇ ਨੇ।
ਬੱਚਿਆਂ,ਬੀਮਾਰਾਂ ਤੇ ਬਜ਼ੁਰਗਾਂ ਦਾ ਜੀਣਾ ਮੁਹਾਲ ਕਰ ਰਹੇ ਨੇ।
ਹਰ ਸਾਲ ਦੇ ਪਿੱਛੋਂ ਉਹ ਮੁੜ ਜਿਉਂਦਾ ਹੋ ਜਾਂਦਾ ਹੈ।
ਤੇ ਪੁਤਲੇ ਫੂਕਣ ਵਾਲਿਆਂ ਨੂੰ ਇਹ ਸੁਨੇਹਾ ਦੇ ਜਾਂਦਾ ਹੈ:
ਜੇ ਕਰ ਤੁਸੀਂ ਜਿਉਂਦੇ ਰਹਿਣਾ ਹੈ ਸੰਸਾਰ ਅੰਦਰ।
ਸਾਹ ਲਈ ਸ਼ੁੱਧ ਹਵਾ ਛੱਡ ਦਿਓ ਸੰਸਾਰ ਅੰਦਰ।

———————00000———————

ਹਾਕਮ ਤੇ ਲੋਕ

ਹਾਕਮ ਨੂੰ ਕੁਰਸੀ ਤੇ ਬਿਠਾ ਕੇ, ਲੋਕ ਬੜੇ ਪਛਤਾਣ।
ਉਸ ਦੇ ‘ਕਾਰੇ’ ਤੱਕ ਕੇ, ਉਸ ਨੂੰ ਮਾੜਾ ਬੋਲੀ ਜਾਣ।

ਉਹ ਦੇਸ਼ ਦੀਆਂ ਵਸਤਾਂ ਮਾਲਕ ਬਣ ਕੇ ਵੇਚੀ ਜਾਵੇ,
ਉਹ ਲੋਕਾਂ ਲਈ ਕੁਝ ਨਾ ਕਰੇ, ਜੋ ਭੁੱਖ ਨਾਲ ਮਰੀ ਜਾਣ।

ਉਹ ਲੋਕਾਂ ਨੂੰ ਜਾਦੂਗਰ ਵਾਂਗੂੰ ਉਲਝਾਈ ਜਾਵੇ,
ਸੱਭ ਵਸਤਾਂ ਦੇ ਭਾਅ ਯਾਰੋ, ਅਸਮਾਨੀ ਚੜ੍ਹਦੇ ਜਾਣ।

ਉਹ ਪਰਦੇਸਾਂ ਦੇ ਵਿੱਚ ਘੁੰਮਣ ਲਈ ਪੈਸੇ ਕੱਢ ਲਵੇ,
ਪਰ ਲੋਕਾਂ ਦੀ ਵਾਰੀ ਤਾਂ, ਉਸ ਦੇ ਛੁੱਟ ਪਸੀਨੇ ਜਾਣ।

ਮੰਦਰ ਬਣਵਾਣ ਲਈ ਧਨ ਦੀ ਘਾਟ ਨਹੀਂ ਉਸ ਕੋਲ,
ਲੋਕਾਂ ਦੇ ਘਰ ਬਣਵਾਣ ਲਈ ਹੱਥ ਖੜੇ ਹੋ ਜਾਣ।

“ਉਸ ਤੋਂ ਕੁਰਸੀ ਖੋਹ ਕੇ ਕਿਸੇ ਸੁਲਝੇ ਨੇਤਾ ਨੂੰ ਦਈਏ,”
ਅੱਕੇ ਲੋਕੀਂ ਕਹਿੰਦੇ, “ਚੋਣਾਂ ਛੇਤੀ ਛੇਤੀ ਆਣ।”

———————00000———————

ਕਵਿਤਾ – ਰੱਖੜੀ ਦਾ ਤਿਉਹਾਰ

ਸਾਲ ਪਿੱਛੋਂ ਅੱਜ ਆਇਆ ਹੈ ਰੱਖੜੀ ਦਾ ਤਿਉਹਾਰ।
ਭੈਣ ਮੇਰੇ ਰੱਖੜੀ ਬੰਨ੍ਹਣ ਲਈ ਹੋ ਗਈ ਹੈ ਤਿਆਰ।
ਰੱਖੜੀ ਬੰਨ੍ਹਾਉਣ ਲਈ ਮੈਂ ਗੁੱਟ ਕੀਤਾ ਹੈ ਭੈਣ ਅੱਗੇ।
ਉਸ ਨੇ ਬੜੇ ਪਿਆਰ ਨਾਲ ਇਹ ਬੰਨ੍ਹੀ ਹੈ ਮੇਰੇ ਗੁੱਟ ਉੱਤੇ।
ਉਸ ਨੂੰ ਮੈਂ ਔਖੇ ਵੇਲੇ ਕੰਮ ਆਉਣ ਦਾ ਦੁਆਇਆ ਹੈ ਵਿਸ਼ਵਾਸ।
ਉਸ ਨੇ ਵੀ ਮੇਰੀ ਲੰਬੀ ਉਮਰ ਦੀ ਰੱਬ ਅੱਗੇ ਕੀਤੀ ਹੈ ਅਰਦਾਸ।
ਅੱਜ ਕਲ੍ਹ ਭੈਣਾਂ ਦੀਆਂ ਰੱਖੜੀਆਂ ਹੋਈਆਂ ਲੈਣ-ਦੇਣ ਦੀਆਂ ਮੁਥਾਜ।
ਲੈਣ-ਦੇਣ ਪਿੱਛੇ ਪੈ ਰਹੇ ਨੇ ਭੈਣਾਂ-ਭਰਾਵਾਂ ਦੇ ਦਿਲਾਂ ‘ਚ ਪਾਟ।
ਸ਼ਾਲਾ! ਸਾਡੇ ਭੈਣ-ਭਰਾ ‘ਚ ਬਣੇ ਨਾ ਖ਼ੁਦਗਰਜ਼ੀ ਰੋੜਾ।
ਸਾਰੀ ਉਮਰ ਮਿਲ ਕੇ ਰਹੀਏ, ਸਾਡਾ ਪਿਆਰ ਹੋਵੇ ਨਾ ਥੋੜ੍ਹਾ।
———————00000———————

ਗੀਤ – ਰੱਖੜੀ ਬੰਨ੍ਹਾਈਂ ਵੀਰਿਆ

ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
ਪੂਰਾ ਇਕ ਸਾਲ ਹੋ ਗਿਆ ਮੇਰਾ ਵਿਆਹ ਹੋਏ ਨੂੰ,
ਪੂਰੇ ਛੇ ਮਹੀਨੇ ਹੋ ਗਏ ਤੈਨੂੰ ਮੇਰੇ ਘਰ ਆਏ ਨੂੰ,
ਅੱਜ ਕੋਈ ਮੈਨੂੰ ਲਾਰਾ ਨਾ ਤੂੰ ਲਾਈਂ ਵੀਰਿਆ।
ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
ਜੀਜਾ ਤੇਰਾ ਵੀਰਿਆ ਬੜਾ ਹੀ ਲਾਈਲੱਗ ਆ,
ਆਪਣੀ ਮਾਂ ਤੇ ਭੈਣ ਦੇ ਕਹੇ ਤੇ ਬਣ ਜਾਂਦਾ ਅੱਗ ਆ,
ਆ ਕੇ ਉਸ ਨੂੰ ਕੁਝ ਤਾਂ ਸਮਝਾਈਂ ਵੀਰਿਆ। ਅੱਜ ਮੇਰੇ
ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
ਮੈਂ ਤਾਂ ਭੁੱਖੀ ਹਾਂ ਵੀਰਿਆ ਵੇ ਤੇਰੇ ਪਿਆਰ ਦੀ,
ਲਾਜ ਰੱਖ ਲਈਂ ਤੂੰ ਵੀਰਿਆ ਵੇ ਮੇਰੇ ਇੰਤਜ਼ਾਰ ਦੀ,
ਭਾਵੇਂ ਮੇਰੇ ਲਈ ਤੂੰ ਕੁਝ ਨਾ ਲਿਆਈਂ ਵੀਰਿਆ।
ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
ਘਰ ਭੈਣ ਦਾ ਵਸਾਉਣ ਲਈ ਰੱਖ ਗੇੜੇ ਉੱਤੇ ਗੇੜਾ,
ਉਸ ਤੇ ਰੱਖੀਂ ਅੱਖ, ਮਾਹੌਲ ਖਰਾਬ ਕਰੇ ਜਿਹੜਾ,
ਮੇਰੀਆਂ ਗੱਲਾਂ ਦਾ ਗੁੱਸਾ ਨਾ ਮਨਾਈਂ ਵੀਰਿਆ।
ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
———————00000———————

ਕਵਿਤਾ – ਜ਼ਹਿਰ

ਪੈਂਤੀ ਸਾਲ ਪਹਿਲਾਂ
ਤੂੰ ਮੇਰੇ ਨਾਲੋਂ ਸਭ ਰਿਸ਼ਤੇ
ਇਹ ਕਹਿ ਕੇ ਤੋੜ ਦਿੱਤੇ ਸਨ
ਕਿ ਮੈਂ ਇਕ ਕਵੀ ਹਾਂ
ਤੇ ਮੈਂ ਤੈਨੂੰ ਜੀਵਨ ਵਿੱਚ
ਖੁਸ਼ੀਆਂ ਨਹੀਂ ਦੇ ਸਕਦਾ।
ਸੱਚ ਜਾਣੀ ਉਸ ਵੇਲੇ
ਮੇਰੀ ਜ਼ਿੰਦਗੀ ਵਿੱਚ
ਹਨੇਰਾ ਛਾ ਗਿਆ ਸੀ।
ਮੈਂ ਇਕ ਸਾਲ
ਇਸ ਹਨੇਰੇ ਵਿੱਚ ਟੱਕਰਾਂ ਮਾਰਦਾ ਰਿਹਾ।
ਪਰ ਮੈਂ ਸਬਰ ਰੱਖਿਆ
ਤੇ ਫਿਰ ਮੈਨੂੰ ਇਕ ਉੱਚੀ,

ਲੰਮੀ ਤੇ ਸੂਝਵਾਨ ਮੁਟਿਆਰ ਦਾ ਸਾਥ ਮਿਲ ਗਿਆ।
ਜਿਸ ਨੇ ਮੈਨੂੰ ਸੰਭਾਲਿਆ
ਤੇ ਹੌਸਲਾ ਦਿੱਤਾ।
ਉਹ ਜ਼ਿੰਦਗੀ ਦੇ ਸਫਰ ਵਿੱਚ
ਮੇਰੇ ਮੋਢੇ ਨਾਲ ਮੋਢਾ
ਜੋੜ ਕੇ ਤੁਰ ਪਈ
ਤੇ ਹੁਣ ਵੀ ਤੁਰ ਰਹੀ ਹੈ।
ਤੇਰਾ ਤੋੜ ਵਿਛੋੜੇ ਦਾ ਮੈਨੂੰ ਦਿੱਤਾ ਜ਼ਹਿਰ
ਮੇਰਾ ਜੀਵਨ ਰੱਖਿਅਕ ਬਣ ਗਿਆ।

———————00000———————

ਗੀਤ  – ਜਿਉਂਦਾ ਵੱਸਦਾ ਰਹਿ

ਕੋਈ ਕਹਿੰਦਾ ਤੂੰ ਚੀਨ ਤੋਂ ਆਇਆ,
ਕੋਈ ਕਹਿੰਦਾ ਤੂੰ ਹੋਰ ਦੇਸ਼ਾਂ ਤੋਂ ਆਇਆ,
ਜਿੱਥੋਂ ਵੀ ਤੂੰ ਆਇਆ
ਆਪਣੇ ਮੂੰਹੋਂ ਕਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।
ਮਾਸਕ ਤੇ ਸੈਨੇਟਾਈਜ਼ਰ ਬਣਾਉਣ ਵਾਲੇ ਖੁਸ਼ ਨੇ,
ਕਮਾਈ ਕਰਕੇ ਭਰੀਆਂ ਜੇਬਾਂ ਸੱਭ ਨੇ,
ਇਨ੍ਹਾਂ ਦੇ ਦਿਲਾਂ ‘ਚ ਰੱਬ ਵਾਂਗ
ਤੂੰ ਗਿਆ ਏਂ ਬਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।
ਜੋ ਨਾ ਮੂੰਹ ਤੇ ਮਾਸਕ ਲਾਉਂਦੇ,
ਪੁਲਿਸ ਵਾਲੇ ਉਨ੍ਹਾਂ ਨੂੰ ਆ ਘੇਰਾ ਪਾਉਂਦੇ,
੫੦੦ ਰੁਪਏ ਜੁਰਮਾਨਾ ਕਰਕੇ
ਉਨ੍ਹਾਂ ਦੀ ਚੰਗੀ ਲਾਉਣ ਤਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।
ਹਾਕਮ ਕਹਿੰਦਾ ਸੀ ਖ਼ਜ਼ਾਨਾ ਹੈ ਖਾਲੀ,
ਤਨਖਾਹਾਂ ਨਾ ਦੇਣ ਦਾ ਕਰਦਾ ਸੀ ਬਹਾਨਾ,
ਜੁਰਮਾਨੇ ਨਾਲ ਭਰਦਾ ਦੇਖ ਇਸ ਨੂੰ
ਚੁੱਪ ਕਰਕੇ ਗਿਆ ਹੈ ਬਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।
ਮਰਦੇ ਲੋਕ ਹੋਰ ਬੀਮਾਰੀਆਂ ਨਾਲ ਨੇ,
ਪਰ ਤੇਰਾ ਨਾਂ ਕਰੀ ਜਾਂਦੇ ਬਦਨਾਮ ਨੇ,
ਆਪਣੀ ਈਨ ਮਨਾ ਲਈ ਤੂੰ
ਸ਼ੱਭ ਦੇ ਮੂੰਹ ਤੇ ਰਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।
ਗਰੀਬਾਂ ਨੂੰ ਤੂੰ ਕਿਉਂ ਫੜੀ ਜਾਵੇਂ,
ਅਮੀਰਾਂ ਤੋਂ ਤੂੰ ਕਿਉੇਂ ਡਰੀ ਜਾਵੇਂ,
ਵੀਹ,ਪੱਚੀ ਕਰੋੜਪਤੀਆਂ ਦੇ
ਗਲਾਂ ‘ਚ ਜਾ ਕੇ ਬਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।
———————00000———————

ਗ਼ਜ਼ਲ – ਜਿਹੜੇ ਕੀਮਤ ਸਮਝਦੇ ਨੇ

ਜਿਹੜੇ ਕੀਮਤ ਸਮਝਦੇ ਨੇ ਤਦਬੀਰਾਂ ਦੀ,
ਉਹ  ਦੇਖੇ ਨ੍ਹੀ ਪੂਜਾ ਕਰਦੇ ਪੀਰਾਂ ਦੀ।

ਦੁੱਖਾਂ ਤੇ ਗ਼ਮਾਂ ਦੇ ਦਿਨ ਨਾ ਹਮੇਸ਼ਾ ਰਹਿਣੇ,
ਐਵੇਂ ਨਾ ਝੜੀ ਲਾਓ ਨੈਣੋਂ ਨੀਰਾਂ ਦੀ।

ਮੱਥੇ ਤੇ ਹੱਥ ਧਰ ਕੇ ਨਾ ਬੈਠੋ ਐਵੇਂ,
ਤਦਬੀਰਾਂ ਦੇ ਹੱਥ ਡੋਰ ਹੈ ਤਕਦੀਰਾਂ ਦੀ।

ਫਿਰ ਹਰ ਕੋਈ ਜਾਨ ਬਚਾ ਕੇ ਭੱਜ ਜਾਏ,
ਜਦ ਚੱਜ ਨਾ’ ਵਰਤੋਂ ਹੋਵੇ ਸ਼ਮਸ਼ੀਰਾਂ ਦੀ।

ਜਦ ਚਾਰ ਚੁਫੇਰੇ ਕੁਝ ਵੀ ਨਜ਼ਰ ਨਾ ਆਵੇ,
ਤਾਂ ਫਿਰ ਕੰਮ ਆਵੇ ਛਾਂ ਜੰਡ ਕਰੀਰਾਂ ਦੀ।

ਫਿਰ ਪਿਆਰ ਦੀਆਂ ਬਾਤਾਂ ਕਿਉਂ ਪਾਂਦੇ ਹੋ ਤੁਸੀਂ?
ਜੇ ਕਰ ਇੱਜ਼ਤ ਕਰ ਨ੍ਹੀ ਸਕਦੇ ਹੀਰਾਂ ਦੀ।

ਖੋਰੇ ਗਰੀਬਾਂ ਨੂੰ ਸਮਝ ਕਦੋਂ ਹੈ ਆਣੀ?
ਉਨ੍ਹਾਂ ਵਿੱਚ ਫੁੱਟ ਪਾਣ ਦੀ ਚਾਲ ਅਮੀਰਾਂ ਦੀ।

———————00000———————

ਕਵਿਤਾ – ਮੇਰਾ ਵੱਡਾ ਵੀਰ 
ਮੈਨੂੰ ਦਾਖਲ ਕਰਵਾ ਕੇ ਪਹਿਲੀ ਕਲਾਸ ਵਿੱਚ,
ਤੂੰ ਵੱਡਾ ਵੀਰ ਹੋਣ ਦਾ ਫਰਜ਼ ਨਿਭਾਇਆ।
ਤੂੰ ਕਰਕੇ ਐੱਮ.ਡੀ.ਐੱਸ.ਤੱਕ ਪੜ੍ਹਾਈ,
ਮੈਨੂੰ ਪੜ੍ਹਨ ਦਾ ਰਸਤਾ ਦਿਖਾਇਆ।
ਘਰ ਦੀ ਹਾਲਤ ਸੁਧਾਰਨ ਲਈ,
ਤੂੰ ਅੱਡੀ,ਚੋਟੀ ਦਾ ਜ਼ੋਰ ਲਾਇਆ।
ਤੂੰ ਹਰ ਕਿਸੇ ਦੀ ਸਹਾਇਤਾ ਕੀਤੀ,
ਨਾ ਦੇਖਿਆ ਆਪਣਾ,ਪਰਾਇਆ।
ਤੂੰ ਪੜ੍ਹਾਈ ਕਰਵਾ ਕੇ ਆਪਣੇ ਬੱਚਿਆਂ ਨੂੰ,
ਆਪਣੇ ਮੁਕਾਮ ਤੱਕ ਉਨ੍ਹਾਂ ਨੂੰ ਪਹੁੰਚਾਇਆ।
ਤੂੰ ਦਿਨ-ਰਾਤ ਮਿਹਨਤ ਕਰਕੇ,
ਡੈਂਟਲ ਵਿਭਾਗ ‘ਚ ਉੱਚਾ ਅਹੁਦਾ ਪਾਇਆ।
ਕੋਈ ਪੁੱਛਦਾ ਨਹੀਂ ਸੀ ਡੈਂਟਲ ਵਿਭਾਗ ਨੂੰ,
ਤੂੰ ਯਤਨ ਕਰਕੇ ਇਸ ਨੂੰ ਚੋਟੀ ਤੇ ਪਹੁੰਚਾਇਆ।
ਹਰ ਸਾਲ ਥਾਂ, ਥਾਂ ਲੱਗਦੇ ਕੈਂਪ ਦੰਦਾਂ ਦੇ,
ਤੇਰੀ ਪਾਈ ਪਿਰਤ ਨੂੰ ਸਭ ਨੇ ਅੱਗੇ ਵਧਾਇਆ।
ਮੁੜ ਫਿਰ ਵੰਡੀ ਨਾ ਮਹਿਕ ਇਸ ਨੇ,
੨੦੧੪ ‘ਚ ਇਹ ਫੁੱਲ ਏਦਾਂ ਮੁਰਝਾਇਆ।
ਕੀਤੇ ਕੰਮ ਤੂੰ ਸਭ ਦੇ ਬਿਨਾਂ ਭੇਦ ਭਾਵ ਤੋਂ ,
ਮੈਥੋਂ ਜਾਵੇਂ ਨਾ ਤੂੰ ਵੀਰਿਆ, ਭੁਲਾਇਆ।
———————00000———————

ਕਵਿਤਾ – ਮਾਵਾਂ 

ਦੁਨੀਆਂ ਦੀ ਇਸ ਧਰਤੀ ਉੱਤੇ
ਰੱਬ ਨੇ ਲਾਏ ਨੇ ਸੋਹਣੇ ਬੂਟੇ ਮਾਵਾਂ ਦੇ ।
ਹਰ ਇਕ ਨੂੰ ਇਹਨਾਂ ਤੋਂ
ਮਿਲਦੇ ਨੇ ਖੁਲ੍ਹੇ ਗੱਫੇ ਛਾਵਾਂ ਦੇ ।
ਜਦੋਂ ਯਾਰ ਛੱਡ ਜਾਂਦੇ ਨੇ
ਇਨਸਾਨ ਨੂੰ ਕਰਕੇ ਬੇਸਹਾਰਾ ।
ਉਦੋਂ ਡੰਗੋਰੀ ਬਣ ਕੇ
ਮਾਵਾਂ ਦਿੰਦੀਆਂ ਨੇ ਸਹਾਰਾ ।
ਆਪਣੇ ਦਿਲ ‘ਚ ਲੁਕਾ ਕੇ ਲੱਖਾਂ ਗ਼ਮ
ਮਾਵਾਂ ਵੰਡਣ ਖੁਸ਼ੀਆਂ ਦੇ ਪਤਾਸੇ ।
ਪਲਾਂ ਵਿਚ ਖਿੜਾ ਦਿੰਦੀਆਂ ਨੇ
ਮਾਵਾਂ , ਚਿਹਰੇ ਉਦਾਸੇ ।
ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ
ਕਿ ਬਦਲਣੀਆਂ ਸੌਖੀਆਂ ਨਹੀਂ ਤਕਦੀਰਾਂ ।
ਪਰ ਪੁੱਤਰਾਂ ਦੀ ਸੁਖਾਵੀਂ ਜ਼ਿੰਦਗੀ ਲਈ
ਮਾਵਾਂ ਬੈਠ ਕੇ ਸੋਚਣ ਤਦਬੀਰਾਂ ।
ਬੇਸ਼ੱਕ ਪੁੱਤਰ ਦੇਣ ਮਾਵਾਂ ਨੂੰ
ਕੌੜੇ ਬੋਲਾਂ ਦੇ ਜ਼ਾਲਮ ਖ਼ਾਰ ।
ਤਾਂ ਵੀ ਮਾਵਾਂ ਦੇਣ ਉਹਨਾਂ ਨੂੰ
ਮਿੱਠੇ ਬੋਲਾਂ ਦੇ ਸੋਹਣੇ ਹਾਰ ।
ਮਾਵਾਂ ਦੇ ਹੁੰਦਿਆਂ ਕੋਈ ਤੋੜ ਨਾ ਸਕੇ
ਜੀਵਨ ਦੀ ਸੁੰਦਰ ਰਬਾਬ ।
‘ਜ਼ਿੰਦਗੀ ਵਿਚ ਕਦੇ ਹਾਰ ਹੋਏ ਨਾ’
ਇਹ ਮਾਵਾਂ ਦੇ ਖ਼ਾਬ ।
ਜਿਹੜੇ ਆਪਣੀਆਂ ਮਾਵਾਂ ਦਾ
ਕਰਦੇ ਨਹੀਂ ਸਤਿਕਾਰ ।
ਉਹਨਾਂ ਦੇ ਜੀਵਨ-ਬਾਗ ‘ਚ
ਆਏ ਨਾ ਕਦੇ ਬਹਾਰ ।
ਜਿਹੜੇ ਆਪਣੀਆਂ ਮਾਵਾਂ ਤੋਂ
ਲੈਂਦੇ ਨਹੀਂ ਪਿਆਰ ।
‘ਮਾਨ’ ਉਹਨਾਂ ਲਈ ਉਜਾੜ ਹੈ
ਇਹ ਖੂਬਸੂਰਤ ਸੰਸਾਰ ।
———————00000———————

ਗ਼ਜ਼ਲ – ਸਾਡੇ ਘਰ ਵਿੱਚ
ਸਾਡੇ ਘਰ ਵਿੱਚ ਜਾਣੇ ਨਾ ਕੋਈ ਨਾਮ ਸ਼ਰਾਬਾਂ ਦੇ,
ਤਾਂ ਹੀ ਸਾਡੇ ਚਿਹਰੇ ਰਹਿਣ ਖਿੜੇ ਵਾਂਗ ਗੁਲਾਬਾਂ ਦੇ।

ਅੱਜ ਕਲ੍ਹ ਲੋਕ ਇਨ੍ਹਾਂ ਨੂੰ ਪੜ੍ਹਨੇ ਦੀ ਹਿੰਮਤ ਨ੍ਹੀ ਕਰਦੇ,
ਕਿੰਨਾ ਕੁਝ  ਲਿਖਿਆ ਹੈ ਕਵੀਆਂ ਨੇ ਵਿੱਚ ਕਿਤਾਬਾਂ ਦੇ।

ਹੁਣ ਆਪਣੇ ਸੋਹਣੇ ਮੁੱਖ ਬਚਾਣੇ ਆ ਗਏ ਨੇ ਸਾਨੂੰ,
ਜਿੰਨੇ ਮਰਜ਼ੀ ਵਾਰ ਇਨ੍ਹਾਂ ਤੇ ਕਰ ਲਉ ਤੇਜ਼ਾਬਾਂ ਦੇ।

ਇਕ ਦੂਜੇ ਦੇ ਗਲ ਲੱਗ ਕੇ ਬੜੀਆਂ ਰੋਈਆਂ ਪੰਖੜੀਆਂ,
ਜਦ ਗੱਪੀ ਨੇਤਾ ਤੇ ਸੁੱਟੇ ਗਏ ਫੁੱਲ ਗੁਲਾਬਾਂ ਦੇ।

ਪਾਣੀ ਦੀ ਇਕ ਬੂੰਦ ਇਨ੍ਹਾਂ ਵਿੱਚ ਦਿਸੇ ਨਾ ਉਹਨਾਂ ਨੂੰ,
ਕੀ ਕਰਨ ਪਰਿੰਦੇ ਬਹਿ ਕੇ ਲਾਗੇ ਖੁਸ਼ਕ ਤਲਾਬਾਂ ਦੇ।

ਸਾਡੇ ਬੇਚੈਨ ਦਿਲਾਂ ਨੂੰ ਤਾਂ ਹੀ ਸ਼ਾਂਤੀ ਮਿਲਣੀ ਹੈ,
ਜਦ ਜੇਲ੍ਹਾਂ ਵਿੱਚ ਸੁੱਟੇ ਗਏ ਕਾਤਲ ਸਾਡੇ ਖ਼ਾਬਾਂ ਦੇ।

ਦੋ ਵੇਲੇ ਦੀ ਰੋਟੀ ਸਾਨੂੰ ਮਿਲਦੀ ਮਿਹਨਤ ਕਰਕੇ,
ਸਾਡੇ ਉੱਤੇ ਚੱਲ ਨਹੀਂ ਸਕਦੇ ਜ਼ੋਰ ਨਵਾਬਾਂ ਦੇ।
———————00000———————

ਚੰਗਾ, ਮੰਦਾ ਬੋਲ ਕੇ
ਚੰਗਾ, ਮੰਦਾ ਬੋਲ ਕੇ ਸੰਸਾਰ ਨੂੰ,
ਯਾਦ ਕਰ ਲੈਂਦੇ ਹਾਂ ਵਿਛੜੇ ਯਾਰ ਨੂੰ।

ਝੂਠ ਕੇਵਲ ਵਧਦਾ ਹੈ ਕੁਝ ਚਿਰ ਲਈ,
ਸੱਚ ਹੀ ਪਰ ਜਿੱਤਦਾ ਆਖ਼ਰਕਾਰ ਨੂੰ।

ਤੋੜਿਆ ਹੈ ਸੱਭ ਦਾ ਮਹਿੰਗਾਈ ਨੇ ਲੱਕ,
ਲੈਣ ਕੀ ਜਾਵੇ ਕੋਈ ਬਾਜ਼ਾਰ ਨੂੰ।

ਇਹ ਜ਼ਮਾਨਾ ਕੈਸਾ ਯਾਰੋ ਆ ਗਿਆ,
ਤਰਸਦੇ ਮਾਤਾ- ਪਿਤਾ ਸਤਿਕਾਰ ਨੂੰ।

ਕੰਮ ਸਾਰੇ ਗੱਪਾਂ ਵਿੱਚ ਹੋ ਜਾਂਦੇ ਨੇ,
ਕੌਣ ਹੱਥਾਂ ਵਿੱਚ ਫੜੇ ਅੰਗਾਰ ਨੂੰ।

ਘਰ ‘ਚ ਚੋਰੀ ਹੋਣ ਤੋਂ ਬਚ ਜਾਣੀ ਸੀ,
ਨੀਂਦ ਜੇ ਆਂਦੀ ਨਾ ਪਹਿਰੇਦਾਰ ਨੂੰ।

ਕਿਉਂ ਜਵਾਨੀ ਵਿੱਚ ਉਹ ਲੱਗਦਾ ਨਸ਼ਿਆਂ ਨੂੰ?
ਨੌਕਰੀ  ਜੇ ਮਿਲਦੀ ਬੇਰੁਜ਼ਗਾਰ ਨੂੰ।
———————00000———————

ਚਾਰੇ ਪਾਸੇ
ਚਾਰੇ ਪਾਸੇ ਸੁੱਟੀ ਜਾਵੇਂ ਗੰਦਗੀ,
ਕੀ ਕਰੇਗੀ ਤੇਰੀ ਰੱਬ ਦੀ ਬੰਦਗੀ।

ਕੋਈ ਚੰਗਾ ਕੰਮ ਕਰਕੇ ਦੇਖ ਲੈ,
ਬੈਠਾ ਦੇਖੀ ਨਾ ਜਾ ਦੁਨੀਆ ਰੰਗਲੀ।

ਗੋਰਿਆਂ ਤੋਂ ਕਾਲੇ ਕਿਹੜਾ ਘੱਟ ਨੇ,
ਸਿਫਤ ਕਰ ਨਾ ਉਨ੍ਹਾਂ ਦੇ ਹੀ ਰੰਗ ਦੀ।

ਪੁੱਤ ਮੱਥੇ ਤੇ ਪਾ ਲੈਂਦਾ ਤਿਊੜੀਆਂ,
ਕੋਲ ਬੈਠੀ ਮਾਂ ਜਦੋਂ ਹੈ ਖੰਘਦੀ।

ਇਸ ਨੇ ਕਰ ਦੇਣਾ ਹੈ ਸਭ ਕੁਝ ਹੀ ਤਬਾਹ,
ਖਬਰ ਝੂਠੀ ਹੋਵੇ ਯਾਰੋ, ਜੰਗ ਦੀ।

ਫਸਲ ਵਧੀਆ ਹੁੰਦੀ ਸਾਡੇ ਖੇਤਾਂ ਵਿੱਚ,
ਜੇ ਇਨ੍ਹਾਂ ਵਿੱਚ ਵਰ੍ਹ ਕੇ ਬੱਦਲੀ ਲੰਘਦੀ।

ਦੇਸ਼ ਦੇ ਰਖਵਾਲਿਆਂ ਦੀ ਇੱਛਾ ਸੀ :
ਕਾਮੇ ਨੂੰ ਰੋਟੀ ਮਿਲੇ ਦੋ ਡੰਗ ਦੀ।

———————00000———————

ਮੇਰੇ ਪਿਤਾ

ਤੂੰ ਪਹਿਲੀ ਵਾਰ ਉਂਗਲ ਫੜ ਕੇ
ਮੈਨੂੰ ਤੁਰਨਾ ਸਿਖਾਇਆ।
ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ
ਅੱਡੀ ਚੋਟੀ ਦਾ ਜ਼ੋਰ ਲਾਇਆ।
ਜਦ ਵੀ ਕੋਈ ਰੋੜਾ ਬਣ ਕੇ
ਖੜਾ ਹੋਇਆ ਮੇਰੇ ਅੱਗੇ,
ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ
ਉਸ ਨੂੰ ਲਾਇਆ ਆਪਣੇ ਅੱਗੇ।
ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ
ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ।
ਪਰ ਇਹ ਬਹੁਤ ਕੰਮ ਆਇਆ
ਸੁਆਰਨ ਲਈ ਮੇਰਾ ਅੱਗਾ।
ਤੇਰੇ ਸਹਿਯੋਗ ਤੇ ਸੇਧ ਨਾਲ
ਮੈਂ ਪੁੱਜਾ ਆਪਣੇ ਮੁਕਾਮ ਤੱਕ।
ਤੇਰੇ ਕਰਕੇ ਹੀ ਮਿਲੀਆਂ ਨੇ
ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ।
ਤੇਰੀ ਵਧਦੀ ਉਮਰ ਨੇ ਮੈਨੂੰ
ਹੈ ਡਾਢਾ ਫ਼ਿਕਰਾਂ ਵਿੱਚ ਪਾਇਆ।
ਡਰਦਾ ਹਾਂ ਕਿਤੇ ਖੋਹ ਨਾ ਲਵੇ
ਰੱਬ ਮੇਰੇ ਕੋਲੋਂ ਇਹ ਸਰਮਾਇਆ।
ਮਿਲਦਾ ਰਹੇ ਮੈਨੂੰ ਤੇਰਾ ਪਿਆਰ
ਰੱਬ ਅੱਗੇ ਕਰਾਂ ਇਹੋ ਦੁਆਵਾਂ।
‘ਮਾਨ’ਮੈਂ ਤੇਰੇ ਨਾਲ ਰਹਾਂ
ਸਦਾ ਬਣ ਕੇ ਤੇਰਾ ਪ੍ਰਛਾਵਾਂ।

———————00000———————

ਗ਼ਜ਼ਲ – ਇੱਕੋ ਹੈ 
ਇੱਕੋ ਹੈ ਭਗਵਾਨ ਤੇ ਅੱਲਾ,
ਫੜ ਲੈ ਆਪਣੇ ਮਨ ਦਾ ਪੱਲਾ।

ਤੇਰੇ ਨਾਲ ਕਿਸੇ ਨ੍ਹੀ ਜਾਣਾ,
ਜਿਸ ਦਾ ਮਰਜ਼ੀ ਫੜ ਲੈ ਪੱਲਾ।

ਬੱਚਿਆਂ ਨੇ ਕਦੇ ਖੁਸ਼ ਨ੍ਹੀ ਹੋਣਾ,
ਜਿੰਨਾ ਮਰਜ਼ੀ ਭਰ ਲੈ ਗੱਲਾ।

ਹਿੰਮਤ ਦਾ ਤੂੰ ਲੜ ਨਾ ਛੱਡੀਂ,
ਜੇ ਦੁੱਖਾਂ ਨੇ ਬੋਲਿਆ ਹੱਲਾ।

ਲੂਣ ਨਾ ਛਿੜਕਾਈਂ ਭੁੱਲ ਕੇ ਵੀ,
ਜ਼ਖ਼ਮ ਕਿਸੇ ਦਾ ਦੇਖ ਕੇ ਅੱਲਾ।

ਲੋਪ ਪਲਾਂ ਵਿੱਚ ਇਹ ਹੋ ਜਾਏ,
ਮਾਇਆ ਦੇਖ ਕੇ ਹੋ ਨਾ ਝੱਲਾ।

ਕੱਲਾ ਜਾਣ ਤੇ ਅੱਖ ਭਰੀਂ ਨਾ,
ਜੱਗ ਤੇ ਤੂੰ ਆਇਆ ਸੀ ਕੱਲਾ।

———————00000———————

ਕਵਿਤਾ  – ਮੁੰਡੇ ਨਸ਼ੇ ਦੇ ਆਦੀ

ਲ਼ੱਤ ਮਾਰ ਕੇ ਦੁੱਧ ਤੇ ਘਿਉ ਨੂੰ,
ਮੁੰਡੇ ਨਸ਼ੇ ਦੇ ਆਦੀ ਹੋਏ ਬੇਲੀ।
ਉੱਥੋਂ ਕੱਢ ਲਂੈਦੇ ਨੇ ਝੱਟ ਪੈਸੇ,
ਜਿੱਥੇ ਪਿਉ ਨੇ ਹੋਣ ਲਕੋਏ ਬੇਲੀ।
ਕਿਤੇ ਮਾਂ ਨੂੰ ਜ਼ਖ਼ਮੀ ਕੀਤਾ ਨਸ਼ੇ ਕਰਕੇ,
ਕਿਤੇ ਪਿਉ ਨਾਲ ਵੱਧ, ਘੱਟ ਹੋਏ ਬੇਲੀ।
ਆਪ ਰੁਲਦੇ, ਮਾਂ-ਪਿਉ ਨੂੰ ਰੋਲਦੇ,
ਜ਼ਮੀਨਾਂ ਵੇਚ ਕੇ ਵਿਹਲੇ ਹੋਏ ਬੇਲੀ।
ਜਦ ਮਿਲੇ ਨਾ ਪੈਸੇ ਉਧਾਰੇ ਕਿਸੇ ਤੋਂ,
ਬੱਚਿਆਂ ਵਾਂਗ ਉੱਚੀ ਉੱਚੀ ਰੋਏ ਬੇਲੀ।
ਆਪੇ ਹੰਝੂ ਇਨ੍ਹਾਂ ਨੇ ਗਲ ਪਾਏ,
ਕਿਹੜਾ ਇਨ੍ਹਾਂ ਦੀਆਂ ਅੱਖਾਂ ਧੋਏ ਬੇਲੀ।
ਕਈ ਮਰੇ ਨਸ਼ੇ ਦੀ ਘਾਟ ਕਰਕੇ,
ਕਈ ਵੱਧ ਨਸ਼ੇ ਦੀ ਡੋਜ਼ ਨਾਲ ਮੋਏ ਬੇਲੀ।
ਕਿਵੇਂ ਨਸ਼ਿਆਂ ਨੂੰ ਪਏ ਠਲ੍ਹ ਇੱਥੇ,
ਜਦ ਨੇਤਾ ਨਸ਼ਾ ਤਸਕਰਾਂ ਨਾਲ ਰਲੇ ਹੋਏ ਬੇਲੀ।

———————00000———————

ਕਵਿਤਾ – ਆਮਦਨ ਦੇ ਹੋਰ ਸਾਧਨ

ਜਿੰਨਾ ਚਿਰ ਲੱਗਾ ਰਿਹਾ ਕਰਫਿਊ,
ਕਿਸੇ ਕੀਤੀ ਨਾ ਸ਼ਰਾਬ ਦੀ ਗੱਲ ਬੇਲੀ।
ਘਰਾਂ ‘ਚ ਬੰਦ ਹੋ ਕੇ ਬੈਠੇ ਰਹੇ ਸਾਰੇ,
ਕੋਰੋਨਾ ਤੋਂ ਬਚਾਉਣ ਲਈ ਖੱਲ ਬੇਲੀ।
ਏਨਾ ਡਰ ਪੈਦਾ ਕਰ ਦਿੱਤਾ ਕੋਰੋਨਾ ਦਾ,
ਕੋਈ ਆਇਆ ਨਾ ਕਿਸੇ ਕੋਲ ਚੱਲ ਬੇਲੀ।
ਰੁੱਸ ਕੇ ਕਿੱਥੇ ਜਾਣਾ ਸੀ ਇਕ ਦੂਜੇ ਨਾਲ,
ਪਤੀ, ਪਤਨੀ ਨੇ ਮਿਹਣੇ ਲਏ ਝੱਲ ਬੇਲੀ।
ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਦੇਵਾਂ ਕਿਵੇਂ?
ਇਸ ਦਾ ਸੋਚਣ ਲੱਗਾ ਹਾਕਮ ਹੱਲ ਬੇਲੀ।
ਦਿੱਤੀ ਉਸ ਨੂੰ ਸਲਾਹ ਸਾਰੇ ਸਾਥੀਆਂ ਨੇ,
ਸ਼ਰਾਬ ਦੇ ਠੇਕੇ ਖੋਲ੍ਹ ਕੇ ਬਣਨੀ ਗੱਲ ਬੇਲੀ।
ਜਦੋਂ ਖਰੀਦਣੀ ਸ਼ਰਾਬ ਲੋਕਾਂ ਨੇ ਧੜਾ ਧੜ,
ਪੈਸਾ ਖ਼ਜ਼ਾਨੇ ‘ਚ ਆ ਜਾਣਾ ਚੱਲ ਬੇਲੀ।
ਹਟਿਆ ਕਰਫਿਊ, ਖੁਲ੍ਹ ਗਏ ਸ਼ਰਾਬ ਦੇ ਠੇਕੇ,
ਸ਼ਰਾਬ ਬੈਠ ਗਈ ਘਰਾਂ ਨੂੰ ਮੱਲ ਬੇਲੀ।
ਜਿੱਥੇ ਸੁੱਖ, ਸ਼ਾਂਤੀ ਸੀ ਕਈ ਦਿਨਾਂ ਤੋਂ,
ਉੱਥੇ ਕੁੱਟ-ਮਾਰ ਦਾ ਦੌਰ ਪਿਆ ਚੱਲ ਬੇਲੀ।
ਆਮਦਨ ਦੇ ਹੋਰ ਸਾਧਨ ਲੱਭ ਕੇ ਹਾਕਮ,
ਲੋਕਾਂ ਦੇ ਵਿੱਚ ਚੰਗਾ ਸੁਨੇਹਾ ਘੱਲ ਬੇਲੀ।

———————00000———————

ਕਵਿਤਾ – ਨੂੰਹਾਂ
ਸੱਭ ਕੁਝ ਛੱਡ ਕੇ ਨਵੇਂ ਘਰ ਆਵਣ ਨੂੰਹਾਂ,
ਨਾ ਚਾਹੁੰਦਿਆਂ ਹੋਇਆਂ ਵੀ ਮੁਸਕਾਵਣ ਨੂੰਹਾਂ।
ਪਤੀਆਂ ਨੂੰ ਕਰਦੀਆਂ ਹੱਦੋਂ ਵੱਧ ਪਿਆਰ,
ਸੱਸ-ਸਹੁਰੇ ਦੇ ਵੀ ਪੈਰੀਂ ਹੱਥ ਲਾਵਣ ਨੂੰਹਾਂ।
ਪਹਿਲਾਂ ਦੇਖਣ ਘਰ ਵਿੱਚ ਕਿਸ ਚੀਜ਼ ਦੀ ਘਾਟ,
ਫਿਰ ਉਹ ਚੀਜ਼ ਬਾਜ਼ਾਰ ਤੋਂ ਲਿਆਵਣ ਨੂੰਹਾਂ।
ਦਾਜ ਨੇ ਕਈ ਵਸਦੇ ਘਰ ਉਜਾੜ ਦਿੱਤੇ,
ਦਿਉਰਾਂ ਨੂੰ ਦਾਜ ਨਾ ਮੰਗਣ ਲਈ ਮਨਾਵਣ ਨੂੰਹਾਂ।
ਸੱਸ-ਸਹੁਰੇ ਦਾ ਵੰਸ਼ ਅੱਗੇ ਚਲਾਵਣ ਲਈ,
ਉਨ੍ਹਾਂ ਦੀ ਇੱਛਾ ਤੇ ਫੁੱਲ ਚੜ੍ਹਾਵਣ ਨੂੰਹਾਂ।
ਈਰਖਾ ਦੀ ਅੱਗ ਵਿੱਚ ਪਾਣੀ ਪਾ ਕੇ,
ਭਰਾਵਾਂ-ਭਰਾਵਾਂ ‘ਚ ਪਿਆਰ ਵਧਾਵਣ ਨੂੰਹਾਂ।
ਪਤੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ,
ਆਪਣੇ ਘਰਾਂ ਨੂੰ ਜੰਨਤ ਬਣਾਵਣ ਨੂੰਹਾਂ।
ਬੱਚਿਆਂ ਨੂੰ ਚੰਗੇ ਅਹੁਦਿਆਂ ਤੇ ਪਹੁੰਚਾਵਣ ਲਈ,
ਖ਼ੂਬ ਮਿਹਨਤ ਕਰਨ ਦਾ ਗੁਰ ਸਮਝਾਵਣ ਨੂੰਹਾਂ।

———————00000———————

ਟੱਪੇ – ਪੱਖਾ ਕਮਰੇ ਵਿੱਚ

ਪੱਖਾ ਕਮਰੇ ਵਿੱਚ ਚੱਲਦਾ ਏ,
ਉਸ ਨੂੰ ਨ੍ਹੀ ਮੰਜ਼ਲ ਮਿਲਣੀ
ਜੋ ਈਰਖਾ ਦੀ ਅੱਗ ‘ਚ ਜਲਦਾ ਏ।
ਅੱਜ ਕਲ੍ਹ ਨਲਕਾ ਨਾ ਕੋਈ ਚੱਲੇ,
ਬੰਦਾ ਵਰਤੇ ਨਾ ਇਸ ਨੂੰ ਚੱਜ ਨਾਲ
ਪਾਣੀ ਧਰਤੀ ਦਾ ਜਾਈ ਜਾਵੇ ਥੱਲੇ।
ਨਦੀਆਂ ‘ਚ ਵਹੇ ਪ੍ਰਦੂਸ਼ਿਤ ਪਾਣੀ,
ਨਾ ਇਹ ਫਸਲਾਂ ਦੇ ਕੰਮ ਆਵੇ
ਨਾ ਇਸ ਨੂੰ ਪੀ ਸਕੇ ਕੋਈ ਪ੍ਰਾਣੀ।
ਨਵੀਂ ਸੜਕ ‘ਚ ਪੈ ਗਏ ਖੱਡੇ,
ਠੇਕੇਦਾਰ ਅਫਸਰਾਂ ਨਾਲ ਮਿਲ ਕੇ
ਕਰ ਗਿਆ ਏ ਘਪਲੇ ਵੱਡੇ।
ਨ੍ਹੇਰੀ ਹਰ ਰੋਜ਼ ਹੀ ਆਈ ਜਾਵੇ,
ਫਸਲਾਂ, ਰੁੱਖਾਂ ਤੇ ਪੰਛੀਆਂ ਤੇ
ਇਸ ਨੂੰ ਤਰਸ ਨਾ ਰਤਾ ਆਵੇ।
ਕੋਰੋਨਾ ਵਾਇਰਸ ਦੇ ਦੇਖੋ ਜਲਵੇ,
ਅਮੀਰਾਂ ਦੇ ਘਰ ਪੱਕਣ ਪਰੌਠੇ
ਚੁੱਲ੍ਹੇ ਗਰੀਬਾਂ ਦੇ ਠੰਢੇ ਪਏ।
ਹਾਕਮ ਮੰਦਰ ਬਣਾਈ ਜਾਵੇ,
ਉਹ ਦੋਵੇਂ ਹੱਥ ਖੜੇ ਕਰ ਦੇਵੇ
ਜਦੋਂ ਜਨਤਾ ਦੀ ਵਾਰੀ ਆਵੇ।

———————00000———————

ਗ਼ਜ਼ਲ – ਹੁੰਦੇ ਨੇ ਸਾਰੇ ਨਸ਼ੇ ਮਾੜੇ

ਹੁੰਦੇ ਨੇ ਸਾਰੇ ਨਸ਼ੇ ਹੀ ਯਾਰੋ ਮਾੜੇ,
ਇਹ ਪਾ ਦਿੰਦੇ ਨੇ ਵਸਦੇ ਘਰਾਂ ‘ਚ ਉਜਾੜੇ।
ਕੋਰੋਨਾ ਨੇ ਡਰਾਏ ਹੋਏ ਆ ਸਾਰੇ,
ਲੱਗਣੇ ਨਾ ਅਜੇ ਇੱਥੇ ਗਾਇਕਾਂ ਦੇ ਅਖਾੜੇ।
ਇਸ ਕੋਰੋਨਾ ਨੇ ਪਤਾ ਨਹੀਂ ਕਦ ਹੈ ਜਾਣਾ,
ਪਰ ਵੱਧ ਗਏ ਨੇ ਇੱਥੇ ਬੱਸਾਂ ਦੇ ਭਾੜੇ।
ਕੋਈ ਵੀ ਇਹਨਾਂ ਨਾਲ ਨਾ ਕਰੇ ਦੁੱਖ, ਸੁੱਖ,
ਹਰ ਘਰ ਵਿੱਚ ਪਾਂਦੇ ਨੇ ਚੁਗਲਖੋਰ ਪੁਆੜੇ।
ਮੰਦਰ ਵਿੱਚ ਪਹੁੰਚ ਕੇ ਬੁੱਤ ਰੱਬ ਬਣ ਜਾਂਦੇ ਨੇ,
ਪਰ ਰੋਟੀ ਲਈ ਤਰਸਣ ਬੁੱਤਾਂ ਦੇ ਘਾੜੇ।
ਇਸ ਦੇ ਬਿਨਾਂ ਵੀ ਸਰਦਾ ਨਹੀਂ ਹੈ ਬੰਦੇ ਦਾ,
ਚਾਹੇ ਹਰ ਥਾਂ ਪਾਏ ਨੇ ਧਨ ਨੇ ਪੁਆੜੇ।
ਦੇਵਾਂਗੇ ਸਜ਼ਾ ਉਹਨਾਂ ਨੂੰ ਸੱਭ ਦੇ ਸਾਮ੍ਹਣੇ,
ਸਾਡੇ ਢਾਰੇ ਯਾਰੋ ਜਿਹਨਾਂ ਨੇ ਸਾੜੇ।

———————00000———————

ਕਵਿਤਾ – ਨੇਤਾ ਅਤੇ ਦਲਿਤ

ਵੋਟਾਂ ਲੈਣ ਲਈ ਉਨ੍ਹਾਂ ਦੀਆਂ,
ਨੇਤਾ ਦਲਿਤਾਂ ਦੇ ਘਰ ਜਾਣ ਬੇਲੀ।
ਰੋਟੀ ਖਾ ਕੇ, ਚਾਹ ਪੀ ਕੇ,
ਉਨ੍ਹਾਂ ਨਾਲ ਪਿਆਰ ਜਤਾਣ ਬੇਲੀ।
“ਤੁਹਾਡੇ ਘਰਾਂ ਦੀ ਸੁਧਾਰਾਂਗੇ ਹਾਲਤ,”
ਹੋਰ ਕਈ ਲਾਰੇ ਲਾਣ ਬੇਲੀ।
ਦੋ ਹਜ਼ਾਰ ਦਾ ਨੋਟ ਦੇਣ ਚੁੱਪ ਕਰਕੇ,
ਜਦੋਂ ਉਨ੍ਹਾਂ ਦੇ ਘਰੋਂ ਜਾਣ ਬੇਲੀ।
ਵੋਟਾਂ ਉਨ੍ਹਾਂ ਦੀਆਂ ਪੁਆਣ ਲਈ,
ਘਰੋਂ ਉਨ੍ਹਾਂ ਨੂੰ ਖਿੱਚ ਲਿਆਣ ਬੇਲੀ।
ਵੋਟਾਂ ਪੈਣ ਪਿੱਛੋਂ ਜਾ ਮੰਦਰ,
ਜਿੱਤ ਲਈ ਅਰਦਾਸ ਕਰਾਣ ਬੇਲੀ।
ਵੋਟਾਂ ਦੀ ਗਿਣਤੀ ਪਿੱਛੋਂ ਜਿੱਤ ਕੇ,
ਖੁਸ਼ੀ ਵਿੱਚ ਢੋਲ ਵਜਾਣ ਬੇਲੀ।
ਦਾਣੇ ਤੇ ਦਾਲਾਂ ਮੁਫਤ ਦੇ ਕੇ,
ਉਨ੍ਹਾਂ ਨੂੰ ਵਿਹਲੜ ਬਣਾਣ ਬੇਲੀ।
ਨੇਤਾਵਾਂ ਦੀ ਇਸ ਪਾਲਿਸੀ ਨਾਲ,
ਦਲਿਤ ਬੇਰੁਜ਼ਗਾਰ ਰਹਿ ਜਾਣ ਬੇਲੀ।
ਆਪਣੀ ਪਾਲਿਸੀ ਨੂੰ ਸਫਲ ਹੁੰਦਾ ਦੇਖ,
ਕੱਠੇ ਹੋ ਕੇ ਨੇਤਾ ਮੁਸਕਾਣ ਬੇਲੀ।
ਆਪ ਹੀ ਦਲਿਤਾਂ ਨੂੰ ਜਾਗਣਾ ਪੈਣਾਂ,
ਕਿਸੇ ਆਣਾ ਨਾ ਉਨ੍ਹਾਂ ਨੂੰ ਜਗਾਣ ਬੇਲੀ।

———————00000———————

ਕਵਿਤਾ – ਮਾੜੀ ਸੰਗਤ ਵਾਲੇ

ਮਾੜੀ ਸੰਗਤ ਵਿੱਚ ਜਿਹੜੇ ਪੈ ਗਏ,
ਉਹ ਸੱਭ ਦੇ ਮਨਾਂ ਤੋਂ ਲਹਿ ਗਏ।
ਮਾੜੀ ਸੰਗਤ ਵਾਲੇ ਹੁੰਦੇ ਨੇ ਕੰਮਚੋਰ,
ਸ਼ਰਾਰਤਾਂ ਬਿਨਾਂ ਉਨ੍ਹਾਂ ਨੂੰ ਸੁੱਝੇ ਨਾ ਕੁਝ ਹੋਰ।
ਮਾੜੀ ਸੰਗਤ ਵਾਲੇ ਰੱਜ ਚੁਗਲੀਆਂ ਕਰਦੇ,
ਚੰਗੀ ਸੰਗਤ ਵਾਲਿਆਂ ਨੂੰ ਦੇਖ ਕੇ ਸੜਦੇ।
ਮਾੜੀ ਸੰਗਤ ਵਾਲਿਆਂ ਦਾ ਘਰ ਕਦੇ ਨਾ ਵਸੇ,
ਖੁਸ਼ੀਆਂ ਤੇ ਹਾਸੇ ਨਾ ਆਉਣ ਉਨ੍ਹਾਂ ਕੋਲ ਕਦੇ।
ਮਾੜੀ ਸੰਗਤ ਵਾਲਿਆਂ ਦਾ ਭਵਿੱਖ ਨਾ ਕੋਈ,
ਉਨ੍ਹਾਂ ਕੋਲ ਬੈਠ ਕੇ ਹੋਵੇ ਖੁਸ਼ ਨਾ ਕੋਈ।
ਮਾੜੀ ਸੰਗਤ ਵਾਲੇ ਕਰਦੇ ਰੱਜ ਕੇ ਨਸ਼ੇ,
ਉਹ ਕਰਦੇ ਨਾ ਚੱਜਦੀ ਗੱਲ ਕਦੇ।
ਮਾੜੀ ਸੰਗਤ ਵਾਲਿਆਂ ਤੋਂ ਬਚ ਕੇ ਰਹੋ ਸਦਾ,
ਆਪਣੇ ਪਰਿਵਾਰ ਨਾਲ ਸੁਖੀ ਵਸੋ ਸਦਾ।

———————00000———————

Related posts

ਰਾਜਪਾਲ ਕੌਰ ‘ਭਰੀ’

admin

ਚੇਤਨ ਬਿਰਧਨੋ

admin

ਸੁਖਪਾਲ ਸਿੰਘ ਗਿੱਲ, ਅਬਿਆਣਾਂ ਕਲਾਂ

admin