ਡੇਰਾਬਾਬਾਨਾਨਕ – ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਇੱਕ ਮਾਡਲ ਦੇ ਵਲੋਂ ਫੋਟੋਸ਼ੂਟ ਕੀਤੇ ਜਾਣ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਅਸਲ ਦੇ ਵਿੱਚ ਇੱਕ ਪਾਕਿਸਤਾਨੀ ਮਾਡਲ ਦੇ ਵਲੋਂ ਬਿਨਾਂ ਸਿਰ ਢੱਕੇ ਗੁਰਦੁਆਰਾ ਕੰਂਪਲੈਕਸ ਦੇ ਵਿੱਚ ਕਿਸੇ ਇਸ਼ਤਿਹਾਰ ਦੀ ਪ੍ਰਮੋਸ਼ਨ ਦੇ ਲਈ ਫੋਟੋਆਂ ਖਿਚਵਾਈਆਂ ਗਈਆਂ ਅਤੇ ਇਸ ਦੇ ਪਿੱਛੇ ਗੁਰਦੁਆਰਾ ਸਾਹਿਬ ਦੀ ਫੋਟੋ ਵੀ ਨਜ਼ਰ ਆ ਰਹੀ ਹੈ। ਪਾਕਿਸਤਾਨ ਦੇ ਕੱਪੜਿਆਂ ਦੇ ਇੱਕ ਸਟੋਰ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਮਾਡਲ ਦਾ ਫੋਟੋਸ਼ੂਟ ਕਰਵਾਇਆ ਹੈ। ਪਾਕਿਸਤਾਨ ਦੀ ਇਕ ਮਾਡਲ ਵੱਲੋਂ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਔਰਤਾਂ ਦੇ ਕੱਪਡ਼ਿਆਂ ਦੇ ਇਸ਼ਤਿਹਾਰ ਵਿਚ ‘ਨੰਗੇ ਸਿਰ’ ਪੋਜ਼ ਦੇਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਪਾਕਿਸਤਾਨ ’ਚ ’ਮੰਨਤ’ ਨਾਂ ਦਾ ਰੈਡੀ-ਟੂ-ਵੇਅਰ ਔਰਤਾਂ ਦਾ ਆਨਲਾਈਨ ਕੱਪਡ਼ਿਆਂ ਦਾ ਸਟੋਰ ਚਲਾਉਣ ਵਾਲੀ ਔਰਤ ਨੇ ਹਾਲ ਹੀ ’ਚ ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ ’ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ’ਚ ਮਾਡਲ ਨੇ ਨੰਗੇ ਸਿਰ ਆਪਣੀ ਪਿੱਠ ਨਾਲ ਪੋਜ਼ ਦਿੱਤਾ ਸੀ। ਆਨਲਾਈਨ ਸਟੋਰ ਦੇ ਮਾਲਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਨੰਗੇ ਸਿਰ ਵਾਲੀ ਮਾਡਲ ਦੀਆਂ ਕਈ ਬਹੁਤ ਇਤਰਾਜ਼ਯੋਗ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਤਸਵੀਰਾਂ ’ਚ ਮਾਡਲ ਲਾਲ ਸੂਟ ਪਾ ਕੇ ਗੁਰਦੁਆਰਾ ਦਰਬਾਰ ਸਾਹਿਬ ’ਚ ਸਿਰ ਢੱਕੇ ਬਿਨਾਂ ਕੈਮਰੇ ਲਈ ਪੋਜ਼
ਦਿੰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਇਹ ਤਸਵੀਰਾਂ ਇੰਸਟਾਗ੍ਰਾਮ ‘ਤੇ ਪਾ ਦਿੱਤੀਆਂ ਗਈਆਂ। ਸਿੱਖ ਭਾਈਚਾਰੇ ਦੇ ਵਲੋਂ ਇਸ ਉਪਰ ਸਖਤ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਆਪਣੇ ਕਾਰੋਬਾਰ ਲਈ ਧਾਰਮਿਕ ਸਥਾਨ ਦਾ ਅਪਮਾਨ ਕਰਨ ਲਈ ਤਾੜਨਾ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਸਟੋਰ ਨੇ ਇਸ ਮਾਮਲੇ ‘ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇਸ ਘਟਨਾ ਉਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਥੋਂ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਪਵਿੱਤਰ ਸਥਾਨ ਨੂੰ ਪਿਕਨਿਕ ਸਪਾਟ ਨਾ ਬਣਨ ਦਿੱਤਾ ਜਾਵੇ। ਮਾਡਲ ਦੀ ਫੋਟੋ ਪੋਸਟ ਕਰਦੇ ਹੋਏ ਸਿਰਸਾ ਨੇ ਕਿਹਾ- ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ‘ਤੇ ਅਜਿਹਾ ਵਿਵਹਾਰ ਅਤੇ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਂਦੀ। ਉਸ ਨੇ ਪੁੱਛਿਆ ਕਿ ਕੀ ਇਹ ਮਾਡਲ ਪਾਕਿਸਤਾਨ ਵਿਚ ਆਪਣੇ ਧਾਰਮਿਕ ਸਥਾਨ ‘ਤੇ ਅਜਿਹਾ ਫੋਟੋਸ਼ੂਟ ਕਰਵਾ ਸਕਦੀ ਹੈ। ਮਨਜਿੰਦਰ ਸਿਰਸਾ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ। ਪਾਕਿਸਤਾਨ ਦੇ ਲੋਕਾਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਪਿਕਨਿਕ ਸਪਾਟ ਬਣਾਉਣ ਦੇ ਰੁਝਾਨ ਨੂੰ ਤੁਰੰਤ ਬੰਦ ਕੀਤਾ ਜਾਵੇ। ਮਾਡਲ ਨੇ ਸਿੱਖ ਪਰੰਪਰਾ ਅਨੁਸਾਰ ਆਪਣਾ ਸਿਰ ਵੀ ਨਹੀਂ ਢੱਕਿਆ ਸੀ। ਹੋਰ ਸਿੱਖ ਜਥੇਬੰਦੀਆਂ ਨੇ ਵੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਅਜਿਹੇ ਫੋਟੋਸ਼ੂਟ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਅਜਿਹੀਆਂ ਕੁਝ ਵੀਡੀਓਜ਼ ਬਣਾਈਆਂ ਗਈਆਂ ਸਨ। ਸਿੱਖ ਜਥੇਬੰਦੀਆਂ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਇਸ ਤੋਂ ਇਲਾਵਾ ਦੇਸ਼ ਦੇ ਕਈ ਧਾਰਮਿਕ ਸਥਾਨਾਂ ‘ਤੇ ਮਸ਼ਹੂਰ ਹੋਣ ਲਈ ਅਜਿਹੀਆਂ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।
ਵਰਨਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅੰਤਿਮ ਸਮਾਂ ਇਸ ਅਸਥਾਨ ਵਿਖੇ ਬਿਤਾਇਆ ਸੀ। ਕੁੱਝ ਦਿਨ ਪਹਿਲਾਂ ਭਾਰਤ-ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘਾ ਦੂਜੀ ਵਾਰ ਇਸ ਦੇ ਦਰਸ਼ਨਾਂ ਲਈ ਖੋਲਿ੍ਹਆ ਗਿਆ ਹੈ। ਸਿੱਖ ਕੌਮ ਦੇ ਲਈ ਇਹ ਧਾਰਮਿਕ ਸਥਾਨ ਬਹੁਤ ਵੱਡਾ ਮਹੱਤਵ ਰੱਖਦਾ ਹੈ ਅਤੇ ਇਸ ਪਵਿੱਤਰ ਅਸਥਾਨ ਉਪਰ ਅਜਿਹੀ ਸ਼ਰਮਨਾਕ ਘਟਨਾ ਦੇ ਕਰਕੇ ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ।
ਇਸੇ ਦੌਰਾਨ ਪਾਕਿਸਤਾਨੀ ਪੰਜਾਬ ਪੁਲਿਸ ਨੇ ਇਸ ਸਬੰਧੀ ਕਿਹਾ ਹੈ ਕਿ ਉਹਨਾਂ ਵਲੋਂ ਇਸ ਘਟਨਾਂ ਦੀ ਡੂੰਘਾਈ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ: ਅਮਰ ਅਹਿਮਦ ਕੋਲ ਪਹਿਲ ਦੇ ਆਧਾਰ ’ਤੇ ਉਠਾਉਣਗੇ ਅਤੇ ਉਨ੍ਹਾਂ ਨੂੰ ਪੀਐੱਮਯੂ ਸਟਾਫ਼ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਜਾਣੂ ਕਰਵਾਉਣ ਲਈ ਕਹਿਣਗੇ। ਉਨ੍ਹਾਂ ਪਾਕਿਸਤਾਨੀ ਅਧਿਕਾਰੀਆਂ ਨੂੰ ਸਿੱਖ ਮਰਿਆਦਾ ਬਾਰੇ ਉਰਦੂ ਵਿੱਚ ਲਿਖਤੀ ਹਦਾਇਤਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਅਤੇ ਨਾਰੋਵਾਲ ਦੇ ਸਥਾਨਕ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਗੁਰਦੁਆਰਿਆਂ ’ਤੇ ਲਾਗੂ ਸਿੱਖ ਰਹਿਤ ਮਰਿਆਦਾ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ‘ਸਿਰ ਢੱਕਣ ਅਤੇ ਪਵਿੱਤਰ ਸਥਾਨ ਵੱਲ ਪਿੱਠ ਨਾ ਦਿਖਾਉਣ ਬਾਰੇ ਹਦਾਇਤਾਂ ਉਰਦੂ ਅਤੇ ਅੰਗਰੇਜ਼ੀ ਵਿੱਚ ਹੋਣੀਆਂ ਚਾਹੀਦੀਆਂ ਹਨ।
