ArticlesAustralia & New ZealandBreaking NewsLatest News

ਪ੍ਰਧਾਨ ਮੰਤਰੀ ਐਲਬਨੀਜ਼ ਵਲੋਂ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ

ਐਂਥਨੀ ਐਲਬਨੀਜ਼, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ।

ਯਾਦਗਾਰੀ ਦਿਵਸ 2026 (Remembrance Day)

ਯਾਦਗਾਰੀ ਦਿਵਸ ਮੌਕੇ ਅਸੀਂ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਸਾਰੇ ਲੋਕਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅੱਜ ਤੋਂ 108 ਸਾਲ ਪਹਿਲਾਂ ਯੂਰਪ ਵਿੱਚ ਪਹਿਲੀ ਵਿਸ਼ਵ ਜੰਗ ਦੌਰਾਨ ਤੋਪਾਂ ਅਤੇ ਬੰਦੂਕਾਂ ਦੀਆਂ ਆਵਾਜ਼ਾਂ ਸ਼ਾਂਤ ਹੋ ਗਈਆਂ ਸਨ।

ਉਸ ਸਮੇਂ ਜੰਗ ਕਾਰਨ ਲੋਕਾਂ ਨੇ ਬਹੁਤ ਦੁੱਖ, ਥਕਾਵਟ ਅਤੇ ਮਾਨਸਿਕ ਤਕਲੀਫ਼ ਸਹੀ ਸੀ। ਪਰ ਜੰਗ ਖ਼ਤਮ ਹੋਣ ਦੀ ਖੁਸ਼ੀ ਵੀ ਸੀ। ਉਸ ਚੁੱਪ ਵਿੱਚ ਇਹ ਉਮੀਦ ਸੀ ਕਿ ਦੁਨੀਆ ਨੂੰ ਮੁੜ ਕਦੇ ਅਜਿਹੀ ਭਿਆਨਕ ਜੰਗ ਦਾ ਸਾਹਮਣਾ ਨਾ ਕਰਨਾ ਪਵੇ।

ਇੱਕ ਸਦੀ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਉਮੀਦ ਅਜੇ ਪੂਰੀ ਨਹੀਂ ਹੋਈ। ਫਿਰ ਵੀ ਅਸੀਂ ਇਸ ਉਮੀਦ ਨੂੰ ਆਪਣੇ ਦਿਲਾਂ ਵਿੱਚ ਪੂਰੀ ਤਾਕਤ ਨਾਲ ਜਿਉਂਦਾ ਰੱਖਦੇ ਹਾਂ।

ਇਹ ਉਮੀਦ ਉਨ੍ਹਾਂ ਪੀੜ੍ਹੀਆਂ ਦੀ ਕੁਰਬਾਨੀ ਵਿੱਚ ਵੱਸਦੀ ਹੈ, ਜਿਨ੍ਹਾਂ ਨੇ ਆਸਟ੍ਰੇਲੀਆ ਦੀ ਸੇਵਾ ਕੀਤੀ। ਯਾਦਗਾਰੀ ਦਿਵਸ ਉਨ੍ਹਾਂ ਸਾਰਿਆਂ ਨੂੰ ਸਮਰਪਿਤ ਹੈ।

ਇਹ ਦਿਵਸ ਉਨ੍ਹਾਂ ਸਾਰੇ ਆਸਟ੍ਰੇਲੀਆਈ ਫੌਜੀਆਂ ਦੀ ਯਾਦ ਵਿੱਚ ਵੀ ਹੈ, ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਇਹ ਉਨ੍ਹਾਂ ਲੋਕਾਂ ਲਈ ਵੀ ਹੈ, ਜੋ ਜੰਗ ਤੋਂ ਘਰ ਤਾਂ ਵਾਪਸ ਆਏ, ਪਰ ਜੰਗ ਦੇ ਦੁੱਖਾਂ ਨੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ।

ਇਹ ਉਨ੍ਹਾਂ ਸਾਰੇ ਪਰਿਵਾਰਾਂ ਲਈ ਹੈ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ। ਦੁਨੀਆ ਦੇ ਹਰ ਉਸ ਕੋਨੇ ਦੀ ਧਰਤੀ ਸਤਿਕਾਰਯੋਗ ਹੈ, ਜਿੱਥੇ ਉਨ੍ਹਾਂ ਨੇ ਆਪਣੇ ਪਿਆਰਿਆਂ ਦੀਆਂ ਜਾਨਾਂ ਕੁਰਬਾਨ ਹੁੰਦੀਆਂ ਦੇਖੀਆਂ।

ਅੱਜ ਜਦੋਂ ਅਸੀਂ ਦੇਸ਼ ਦੀ ਸੇਵਾ ਕਰ ਚੁੱਕੇ ਸਾਰੇ ਲੋਕਾਂ ਨੂੰ ਯਾਦ ਕਰਦੇ ਹਾਂ, ਤਾਂ ਉਨ੍ਹਾਂ ਨੂੰ ਵੀ ਯਾਦ ਕਰਦੇ ਹਾਂ ਜੋ ਅੱਜ ਵੀ ਦੇਸ਼ ਦੀ ਸੇਵਾ ਕਰ ਰਹੇ ਹਨ।

ਅੱਜ ਪੂਰੇ ਆਸਟ੍ਰੇਲੀਆ ਵਿੱਚ, ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਪੇਂਡੂ ਕਸਬਿਆਂ ਤੱਕ, ਲੋਕ ਇਕੱਠੇ ਹੋ ਕੇ ਸ਼ਰਧਾ ਅਤੇ ਧੰਨਵਾਦ ਨਾਲ ਉਨ੍ਹਾਂ ਨੂੰ ਯਾਦ ਕਰਨਗੇ।

ਅਸੀਂ 1918 ਦੇ ਉਸ ਪਹਿਲੇ ਮੌਨ ਨੂੰ ਵੀ ਯਾਦ ਕਰਾਂਗੇ। ਉਸ ਸਮੇਂ ਜਦੋਂ ਪੱਛਮੀ ਮੋਰਚੇ (Western Front) ਉੱਤੇ ਜੰਗ ਦੀਆਂ ਆਵਾਜ਼ਾਂ ਬੰਦ ਹੋਈਆਂ, ਤਾਂ ਉਸ ਪਵਿੱਤਰ ਚੁੱਪ ਨੂੰ ਸਭ ਤੋਂ ਪਹਿਲਾਂ ਪੰਛੀਆਂ ਦੀ ਚਹਿਕਣ ਦੀ ਆਵਾਜ਼ ਨੇ ਤੋੜਿਆ ਸੀ।

ਜਿਹੜੇ ਫੌਜੀ ਜੰਗ ਦੇ ਉਸ ਭਿਆਨਕ ਮਾਹੌਲ ਤੋਂ ਆਜ਼ਾਦ ਹੋਏ ਸਨ, ਉਨ੍ਹਾਂ ਦੇ ਦਿਲਾਂ ਨੂੰ ਪੰਛੀਆਂ ਦੀ ਇਹ ਮਿੱਠੀ ਆਵਾਜ਼ ਕਿੰਨਾ ਸਕੂਨ ਦੇਣ ਵਾਲੀ ਹੋਵੇਗੀ, ਇਸ ਦਾ ਅਸੀਂ ਸਿਰਫ਼ ਅੰਦਾਜ਼ਾ ਹੀ ਲਗਾ ਸਕਦੇ ਹਾਂ।

ਅਸੀਂ ਉਨ੍ਹਾਂ ਸਾਰਿਆਂ ਨੂੰ ਆਪਣੇ ਦਿਲਾਂ ਵਿੱਚ ਹਮੇਸ਼ਾ ਜਿਉਂਦਾ ਰੱਖਦੇ ਹਾਂ। ਇਸੇ ਤਰ੍ਹਾਂ ਅਸੀਂ ਉਨ੍ਹਾਂ ਸਾਰਿਆਂ ਨੂੰ ਵੀ ਯਾਦ ਕਰਦੇ ਰਹਾਂਗੇ, ਜਿਨ੍ਹਾਂ ਨੇ ਬਾਅਦ ਦੀਆਂ ਪੀੜ੍ਹੀਆਂ ਵਿੱਚ ਦੇਸ਼ ਦੀ ਸੇਵਾ ਕੀਤੀ ਅਤੇ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਮਿਸਾਲ ਬਣੇ ਰਹਿਣਗੇ।

ਅਸੀਂ ਉਨ੍ਹਾਂ ਨੂੰ ਕਦੇ ਨਹੀਂ ਭੁੱਲਾਂਗੇ।

ਐਂਥਨੀ ਐਲਬਨੀਜ਼

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ।

Related posts

ਭਾਰਤ ‘ਚ 2023 ਦੌਰਾਨ ਰੇਲ ਹਾਦਸਿਆਂ ’ਚ 21803 ਲੋਕਾਂ ਦੀ ਜਾਨ ਚਲੀ ਗਈ !

admin

ਈ-ਸਿਮ ਧੋਖਾਧੜੀ: ਸਾਈਬਰ ਧੋਖਾਧੜੀ ਦਾ ਨਵਾਂ ਤਰੀਕਾ

admin

ਅੱਜ ਵਿਸ਼ਵ ਖ਼ੂਨਦਾਨ ਦਿਵਸ ‘ਤੇ ਵਿਸ਼ੇਸ਼: ਖ਼ੂਨ ਦਾਨ – ਮਹਾ ਦਾਨ

admin