ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਜਲਦੀ ਹੀ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਆਪਣੇ ਪਰਿਵਾਰ ਲਈ ਇੱਕ ਨਵਾਂ ਆਲੀਸ਼ਾਨ ਘਰ ਬਨਾਉਣ ਜਾ ਰਹੇ ਹਨ। ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ ਨੇ ਇਸ ਬਹੁ-ਮੰਜ਼ਿਲਾ ਰਿਹਾਇਸ਼ੀ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨੂੰ ਲੈਕੇ ਸਲਮਾਨ ਅਤੇ ਉਸਦਾ ਬਾਕੀ ਪ੍ਰੀਵਾਰ ਬਹੁਤ ਉਤਸਕ ਹੈ। ਨਵਾਂ ਘਰ ਸਮੁੰਦਰੀ ਕੰਢੇ ‘ਤੇ ਸਥਿਤ ਹੋਵੇਗਾ ਅਤੇ ਅਦਾਕਾਰ ਦੇ ਮੌਜੂਦਾ ਘਰ ਗਲੈਕਸੀ ਅਪਾਰਟਮੈਂਟਸ ਤੋਂ ਥੋੜ੍ਹੀ ਦੂਰੀ ‘ਤੇ ਬਣਾਇਆ ਜਾਵੇਗਾ। ਇਹ ਜ਼ਮੀਨ ਸਲਮਾਨ ਖਾਨ ਦੀ ਮਾਂ ਸਲਮਾ ਖਾਨ ਦੇ ਨਾਮ ‘ਤੇ ਰਜਿਸਟਰਡ ਹੈ।
ਰਿਪੋਰਟਾਂ ਦੇ ਅਨੁਸਾਰ ਜਿਸ ਜਗਾਹ ਨਵੀਂ ਇਮਾਰਤ ਬਣਾਈ ਜਾਵੇਗੀ ਉਥੇ ਪਹਿਲਾਂ 1956 ਤੋਂ ਪਹਿਲਾਂ ਬਣਿਆ ਦੋ ਮੰਜ਼ਿਲਾ ਘਰ ਸੀ। ਇਹ ਜਾਇਦਾਦ ਖਰੀਦਣ ਤੋਂ ਬਾਅਦ ਪਰਿਵਾਰ ਨੇ ਇਸਦੀ ਖਸਤਾ ਹਾਲਤ ਕਾਰਨ ਇਸਨੂੰ ਢਾਹ ਦਿੱਤਾ ਸੀ। ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਨਵੀਂ ਇਮਾਰਤ ਹੁਣ ਉਸੇ ਜਗ੍ਹਾ ‘ਤੇ ਹੀ ਬਣਾਈ ਜਾਵੇਗੀ। ਨਵੀਂ ਇਮਾਰਤ ਵਿੱਚ ਇੱਕ ਗਰਾਊਂਡ ਫਲੋਰ, ਸਟੀਲਟ ਪਾਰਕਿੰਗ ਅਤੇ ਛੇ ਮੰਜ਼ਿਲਾਂ ਇਮਾਰਤ ਹੋਵੇਗੀ। ਉਸਾਰੀ ਦਾ ਕੰਮ ਸਾਚ ਡਿਵੈਲਪਰਸ ਦੁਆਰਾ ਕੀਤਾ ਜਾਵੇਗਾ। ਬੀਐਮਸੀ ਨੇ ਕਥਿਤ ਤੌਰ ‘ਤੇ ਅਕਤੂਬਰ 2025 ਵਿੱਚ ਇਸ ਪ੍ਰੋਜੈਕਟ ਲਈ ਮੁੱਢਲੀ ਇਜਾਜ਼ਤ (ਆਈਓਡੀ) ਜਾਰੀ ਕੀਤੀ ਸੀ। ਇਹ ਨਵਾਂ ਘਰ ਮੁੱਖ ਸੜਕ ਤੋਂ ਦੂਰ ਇੱਕ ਸ਼ਾਂਤ ਖੇਤਰ ਵਿੱਚ ਸਥਿਤ ਹੋਵੇਗਾ ਜਿਸ ਨਾਲ ਸਲਮਾਨ ਖਾਨ ਅਤੇ ਉਸਦੇ ਪਰਿਵਾਰ ਨੂੰ ਪਹਿਲਾਂ ਨਾਲੋਂ ਵੱਧ ਸੁਰੱਖਿਆ ਅਤੇ ਨਿੱਜਤਾ ਮਿਲੇਗੀ। ਇਸ ਪ੍ਰੋਜੈਕਟ ਦੌਰਾਨ ਕੋਈ ਵੀ ਰੁੱਖ ਨਹੀਂ ਕੱਟਿਆ ਜਾਵੇਗਾ। ਇਸ ਦੀ ਬਜਾਏ, ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਕੰਪਲੈਕਸ ਅਤੇ ਆਲੇ ਦੁਆਲੇ ਦੇ ਖੇਤਰ ਵਿੱਚ ਸਥਾਨਕ ਪ੍ਰਜਾਤੀਆਂ ਦੇ ਨਵੇਂ ਰੁੱਖ ਲਗਾਏ ਜਾਣਗੇ। ਹਾਲਾਂਕਿ ਸਲਮਾਨ ਖਾਨ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਸ ਨਵੇਂ ਘਰ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋ ਸਕਦਾ ਹੈ।
ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ 2024 ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਗਲੈਕਸੀ ਅਪਾਰਟਮੈਂਟਸ ਦੇ ਬਾਹਰ ਗੋਲੀਬਾਰੀ ਕੀਤੀ ਸੀ। ਜਾਂਚ ਨੇ ਕਥਿਤ ਤੌਰ ‘ਤੇ ਇਸ ਘਟਨਾ ਨੂੰ ਬਿਸ਼ਨੋਈ ਗੈਂਗ ਨਾਲ ਜੋੜਿਆ ਸੀ। ਇਸ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਉਸਨੂੰ ਵਾਈ-ਪਲੱਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਬਾਲਕੋਨੀ ‘ਤੇ ਬੁਲੇਟਪਰੂਫ ਗਲਾਸ ਵੀ ਲਗਾਇਆ ਗਿਆ ਸੀ ਜਿੱਥੋਂ ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦਾ ਸਵਾਗਤ ਕਰਦੇ ਹਨ।
