Story

ਕਹਾਣੀ : ਸ਼ੱਕ        

ਲੇਖਕ: ਸੁਖਵੀਰ ਸਿੰਘ ਸੰਧੂ, ਅਲਕੜਾ (ਪੈਰਿਸ)

ਸਰਦ ਰੁੱਤ ਵਿੱਚ ਗੱਡੀ ਰਾਜੀ ਦੀ ਦੇਹ ਨੂੰ ਲੈਕੇ ਸ਼ਮਸ਼ਾਨ ਘਾਟ ਪਹੁੰਚ ਗਈ। ਸੋਗ ਵਿੱਚ ਡੁੱਬੇ ਰਾਜੀ ਦੇ ਮਾਪੇ ਸਰੂਪ ਤੇ ਚਰਨਜੀਤ ਪਹਿਲਾਂ ਤੋਂ ਹੀ ਮੌਜੂਦ ਸਨ। ਲੋਕਾਂ ਦੇ ਦਰਸ਼ਨਾ ਲਈ ਤਾਬੂਤ ਨੂੰ ਵੇਟਿੰਗ ਹਾਲ ਵਿੱਚ ਰੱਖ ਦਿੱਤਾ ਗਿਆ। ਸਭ ਲੋਕਾਂ ਦੇ ਚਿਹਰਿਆਂ ਉਪਰ ਉਦਾਸੀ ਛਾਈ ਹੋਈ ਸੀ। ਲੋਕੀ ਭਾਵੁਕ ਹੋਏ ਖੜ੍ਹੇ ਸਨ। ਗਮਗੀਨ ਬਣੇ ਮਹੌਲ ਵਿੱਚ ਅਰਦਾਸ ਕੀਤੀ ਗਈ। ਕੁੱਝ ਦੇਰ ਬਾਅਦ ਰਾਜੀ ਦੇ ਸਰੀਰ ਨੂੰ ਅਗਨਭੇਟ ਕਰ ਦਿੱਤਾ ਗਿਆ। ਉਸ ਨੂੰ ਕਿਸੇ ਅਗਿਆਤ ਹਮਲਾਵਰ ਨੇ ਸਕੂਲ ਤੋਂ ਛੁੱਟੀ ਸਮੇਂ ਚਾਕੂ ਨਾਲ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ ਸੀ। ਜਿਸ ਦੀ ਅਗਲੀ ਸਵੇਰ ਆਈæਸੀæਯੂæਵਿੱਚ ਮੌਤ ਹੋ ਗਈ ਸੀ। ਉਹ ਮਾਪਿਆ ਦੀ ਇਕਲੌਤੀ ਧੀ ਸੀ, ਜਿਹੜੀ ਸ਼ਾਦੀ ਤੋਂ ਬਾਰਾਂ ਸਾਲ ਬਾਅਦ ਯੌਰਪ ਵਿੱਚ ਪੈਦਾ ਹੋਈ ਸੀ। ਅਖਾਣ ਹੈ ਕਿ ‘ਦੁੱਖ ਦਰਦ ਇਨਸਾਨ ਨੂੰ ਜਿਉਣ ਨਹੀ ਦਿੰਦੇ ਅਤੇ ਅਸੂਲ ਮਰਨ ਵਾਲੇ ਦੇ ਨਾਲ ਜਾਣ ਨਹੀ ਦਿੰਦੇ’, ਇਹ ਹਾਲਾਤ ਸਰੂਪ ਤੇ ਚਰਨਜੀਤ ਦੇ ਵੀ ਬਣੇ ਹੋਏ ਸਨ।

ਪੁਲਿਸ ਨੇ ਕਾਤਲਾਂ ਦੀ ਭਾਲ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਸੀ। ਉਹ ਇੱਕ ਏਸ਼ੀਅਨ ਮੂਲ ਦੇ ਆਦਮੀ ਦੀ ਤਲਾਸ਼ ਵਿੱਚ ਸਨ। ਜਿਸ ਨੂੰ ਛੁੱਟੀ ਵਕਤ ਸਕੂਲ ਅੱਗੇ ਚੱਕਰ ਕੱਟਦੇ ਵੇਖਿਆ ਗਿਆ ਸੀ। ਭਾਵੇਂ ਸਰੂਪ ਦਾ ਕਿਸੇ ਨਾਲ ਵੈਰ ਵਿਰੋਧ ਨਹੀ ਸੀ। ਪਰ ਉਸ ਨੂੰ ਆਪਣੇ ਵਿਰੋਧੀ ਯਾਦ ਆਉਣ ਲੱਗ ਪਏ। ਜਿਹਨਾਂ ਨਾਲ ਉਸ ਦੀ ਕਦੇ ਬਹਿਸ ਹੋਈ ਸੀ। ਉਹਨਾਂ ਵਿੱਚ ਇੱਕ ਬਦਮਾਸ਼ ਠੇਕੇਦਾਰ ਬਿੱਲੂ ਵੀ ਸੀ। ਜਿਸ ਨੇ ਸਰੂਪ ਦੀ ਚਾਰ ਕਿੱਲੇ ਜ਼ਮੀਨ ਉਪਰ ਜ਼ਬਰੀ ਕਬਜ਼ਾ ਕੀਤਾ ਹੋਇਆ ਸੀ। ਉਹ ਨਾ ਤਾਂ ਜ਼ਮੀਨ ਦਾ ਠੇਕਾ ਦਿੰਦਾ ਤੇ ਨਾ ਹੀ ਉਹ ਛੱਡਦਾ ਸੀ। ਹਰ ਵਕਤ ਗੁੰਡਿਆ ਦੀ ਟੋਲੀ ਉਸ ਦੇ ਦੁਆਲੇ ਘੁੰਮਦੀ ਰਹਿੰਦੀ। ਇੱਜ਼ਤਦਾਰ ਲੋਕੀਂਂ ਗੱਲ ਕਰਨ ਤੋਂ ਵੀ ਝਿਜ਼ਕਦੇ ਸਨ। ਸਰਕਾਰੇ-ਦਰਬਾਰੇ ਪਹੁੰਚ ਹੋਣ ਕਾਰਣ ਉਸ ਨੇ ਕਈ ਗਰੀਬ ਲੋਕਾਂ ਦੇ ਖੂਨ ਨਾਲ ਹੱਥ ਵੀ ਰੰਗੇ ਹੋਏ ਸਨ। ਜਿਸ ਵਜ੍ਹਾ ਕਾਰਣ ਹਰ ਕੋਈ ਸਰੂਪ ਦੀ ਜ਼ਮੀਨ ਲੈਣ ਤੋਂ ਡਰਦਾ ਸੀ। ਉਸ ਦੇ ਆਪਣੇ ਵੀ ਪਰਾਏ ਹੋਏ ਪਏ ਸਨ। ਬੰਦਾ ਪਹਿਲੀ ਗਲਤੀ ਨੂੰ ਗਲਤੀ ਮੰਨਦਾ ਹੈ, ਦੂਸਰੀ ਨੂੰ ਅਣਦੇਖੀ ਕਰਦਾ ਅਤੇ ਤੀਸਰੀ ਦਾ ਆਦੀ ਹੋ ਜਾਦਾਂ ਹੈ, ਬਿੱਲੂ ਵੀ ਇਸ ਦਾ ਆਦੀ ਹੋ ਚੁੱਕਿਆ ਸੀ। ਉਸ ਨੇ ਸਰੂਪ ਨੂੰ ਪ੍ਰੀਵਾਰ ਸਮੇਤ ਖਤਮ ਕਰਨ ਦੀ ਧਮਕੀ ਵੀ ਦੇ ਰੱਖੀ ਸੀ। ਜਿਵੇਂ ਕਹਿੰਦੇ ਨੇ, ਪ੍ਰਦੇਸ ਗਿਆ ਬੰਦਾ ਜੜ੍ਹਾਂ ਤੋਂ ਉਖੜੇ ਰੁੱਖ ਵਰਗਾ ਹੁੰਦਾ, ਕਈ ਵਾਰੀ ਇਨਸਾਨ ਦੀ ਮਜਬੂਰੀ ਵੀ ਉਸ ਦੀ ਵੈਰੀ ਬਣ ਜਾਂਦੀ ਹੈ।

ਪੰਜਾਬ ਵਿੱਚ ਲੰਬੇ ਚੌੜੇ ਹਾਈਵੇਅ ਬਣਨੇ ਸ਼ੁਰੂ ਹੋ ਗਏ ਸਨ। ਕਈ ਕਿਸਾਨਾਂ ਦੀਆ ਜ਼ਮੀਨਾਂ ਇਸ ਦੀ ਮਾਰ ਵਿੱਚ ਆ ਗਈਆਂ। ਜਮੀਨਾਂ ਦੇ ਭਾਅ ਜਿਹੜੇ ਕਈ ਸਾਲਾਂ ਤੋਂ ਹੇਠਲੀ ਪੱਧਰ ਤੱਕ ਡਿੱਗੇ ਹੋਏ ਸੀ। ਹੁਣ ਉਹ ਉਪਰ ਚਲੇ ਗਏ ਸਨ। ਕਈਆਂ ਦੇ ਚਿਹਰਿਆਂ ਉਪਰ ਖੁਸ਼ੀ ਦੀ ਲਹਿਰ ਦੌੜ ਗਈ ਸੀ। ਇੱਹ ਲਾਲਚ ਬਿੱਲੂ ਦੇ ਮਨ ਅੰਦਰ ਵੀ ਘਰ ਕਰ ਚੁੱਕਿਆ ਸੀ। ਥੋੜ੍ਹੇ ਸਮੇ ਬਾਅਦ ਇੱਕ ਮੱਧਮ ਜਿਹੀ ਅਵਾਜ਼ ਸੋਗ ਵਿੱਚ ਡੁੱਬੇ ਸਰੂਪ ਦੇ ਕੰਨੀ ਪਈ। ਉਹ ਸ਼ਮਸ਼ਾਨ ਘਾਟ ਦਾ ਕਰਿੰਦਾ ਸੀ। ਜਿਹੜਾ ਦੋਵੇਂ ਹੱਥਾਂ ਵਿੱਚ ਅਸਥੀਆਂ ਵਾਲਾ ਕਲਸ ਲਈ ਖੜ੍ਹਾ ਸੀ। ਸਰੂਪ ਨੇ ਅੱਖਾਂ ਪੂੰਝਦਿਆਂ ਕਲਸ ਨੂੰ ਫੜ ਕੇ ਸੀਨੇ ਨਾਲ ਲਾ ਲਿਆ। ਉਹ ਦੋਵੇਂ ਨੀਵੀਂਂ ਪਾਈ ਕਾਰ ਵੱਲ ਚੱਲ ਪਏ।

ਸਰੂਪ ਦੇ ਜੇਬ ਵਿਚਲੇ ਫੋਨ ਦੀ ਘੰਟੀ ਖੜਕਣੀ ਸ਼ੁਰੂ ਹੋ ਗਈ। ਜਿਹੜਾ ਉਸ ਦੇ ਵਕੀਲ ਦਾ ਸੀ, “ਪੁਲਿਸ ਨੇ ਤੁਹਾਡੇ ਨਾਲ ਕੰਮ ਕਰ ਰਹੇ ਕੰਪਨੀ ਵਰਕਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਉਹ ਤੁਹਾਡੇ ਨਾਲ ਕਿਸੇ ਗੱਲ ਤੋਂ ਨਾਰਾਜ਼ ਸੀ। ਕੰਪਨੀ ਨੇ ਉਸ ਨੂੰ ਪਿਛਲੇ ਹਫਤੇ ਹੀ ਚੋਰੀ ਕਰਨ ਦੇ ਦੋਸ਼ ਤਹਿਤ ਕੰਮ ਤੋਂ ਬਰਖਾਸਤ ਕੀਤਾ ਸੀ। ਜਿਸ ਦੀ ਵਜ੍ਹਾ ਉਹ ਸਰੂਪ ਨੂੰ ਮੰਨਦਾ ਸੀ। ਸਰੂਪ ਨੇ ਕਈ ਵਾਰ ਉਸ ਨੂੰ ਸਫਾਈ ਦੇਣ ਦੀ ਕੋਸ਼ਿਸ਼  ਕੀਤੀ। ਪਰ ਉਹ ਕੁੱਝ ਵੀ ਸਮਝਣ, ਸੁਣਨ ਲਈ ਤਿਆਰ ਨਹੀ ਸੀ। ਜਿਸ ਦਾ ਅੰਤ ਰਾਜੀ ਦੇ ਕਤਲ ਨਾਲ ਹੋਇਆ। ਇਸ ਗੱਲ ਦਾ ਖੁਲਾਸਾ ਉਸ ਨੇ ਪੁਲਸ ਕੋਲ ਪੁੱਛਗਿੱਛ ਦੌਰਾਨ ਵੀ ਕੀਤਾ ਹੈ। ਇਹ ਕਹਿੰਦੇ ਹੋਏ ਫੋਨ ਕੱਟ ਹੋ ਗਿਆ।”

ਉਹਨਾਂ ਕੋਲ ਦੁੱਖ ਸਹਿਣ ਦੀ ਸ਼ਕਤੀ ਮੁੱਕ ਚੁੱਕੀ ਸੀ। ਉਹ ਉਪਰ ਵੱਲ ਵੇਖਦੇ ਚੁੱਪ ਧਾਰੀ ਖੜ੍ਹੇ ਸਨ। ਨੇੜੇ ਖੜ੍ਹੀ ਕਾਰ ਵੀ ਕੋਹਾਂ ਦੂਰ ਜਾਪਣ ਲੱਗ ਪਈ। ਇਸ ਲਈ ਕਹਿੰਦੇ ਹਨ, ਖੁਸ਼ੀ ਥੋੜ੍ਹੇ ਸਮੇਂ ਲਈ ਤੇ ਗਮ ਡੂੰਘੇਂ ਤੇ ਜਿਆਦਾ ਦੇਰ ਤੱਕ ਰਹਿੰਦੇ ਹਨ।

Related posts

ਲੀਰੋ- ਲੀਰ !

admin

ਰੱਬ ਦੀ ਚੋਰੀ

admin

ਡਾਕਟਰ ਦੀ ਪਰਚੀ !

admin