ਚੰਡੀਗੜ੍ਹ – ਸਾਬਕਾ ਫੈਡਰੇਸ਼ਨ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਜਰਨਲ ਸਕੱਤਰ ਸ ਦਵਿੰਦਰ ਸਿੰਘ ਸੋਢੀ ਅਤੇ ਸ ਕਰਨੈਲ ਸਿੰਘ ਪੀਰਮੁਹੰਮਦ ਨੇ ਇਕ ਸਾਂਝੇ ਪ੍ਰੈੱਸ ਬਿਆਨ ਵਿੱਚ ਗੰਗਾਨਗਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਰਾਜਸਥਾਨ ਪੁਲਿਸ ਵੱਲੋਂ ਗੁਰੂ ਕੇ ਲੰਗਰ ਵਿੱਚ ਭੰਨਤੋੜ ਅਤੇ ਬੇਅਦਬੀ ਕਰਨ, ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸ਼ਹੀਦ ਜਿਹੇ ਮਹਾਨ ਸ਼ਹੀਦ ਸਿੰਘਾਂ ਦੇ ਪੋਸਟਰ ਪਾੜਨ ਅਤੇ ਸਿੱਖ ਆਗੂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਗੁਰੂ ਕੇ ਲੰਗਰਾਂ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਅਤੇ ਸਿੱਖ ਸ਼ਹੀਦਾਂ ਨਾਲ ਸਬੰਧਤ ਪੋਸਟਰਾਂ ਨੂੰ ਪਾੜਨਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕੋਝੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਕਾਨੂੰਨੀ ਅਤੇ ਸੰਵਿਧਾਨਕ ਤਰੀਕੇ ਮੌਜੂਦ ਹਨ, ਪਰ ਧਾਰਮਿਕ ਸਥਾਨ ’ਤੇ ਪੁਲਿਸ ਦੀ ਅਜਿਹੀ ਕਾਰਵਾਈ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਠਹਿਰਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਸਿੱਖ ਆਗੂ ਭਾਈ ਤੇਜਿੰਦਰਪਾਲ ਸਿੰਘ ਟਿੰਮਾ, ਜਿੰਨਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ, ਲੰਮੇ ਸਮੇਂ ਤੋਂ ਸਿੱਖ ਮਸਲਿਆਂ ਸਬੰਧੀ ਆਵਾਜ਼ ਉਠਾਉਂਦੇ ਆ ਰਹੇ ਹਨ, ਅਜਿਹੇ ਲੋਕ ਪ੍ਰਿਯ ਆਗੂ ਨੂੰ ਕਥਿਤ ਤੌਰ ’ਤੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰਨਾ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।
ਦੋਹਾਂ ਆਗੂਆਂ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਰਾਜਸਥਾਨ ਪੁਲਿਸ ਦੀ ਇਹ ਕਾਰਵਾਈ ਸਿੱਖਾਂ ਪ੍ਰਤੀ ਧੱਕੇਸ਼ਾਹੀ ਅਤੇ ਪੱਖਪਾਤੀ ਰਵੱਈਏ ਦਾ ਪ੍ਰਗਟਾਵਾ ਹੈ। ਇਸ ਲਈ ਰਾਜਸਥਾਨ ਸਰਕਾਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਵਾਪਰੀ ਪੂਰੀ ਘਟਨਾ ਦੀ ਨਿਰਪੱਖ ਜਾਂਚ ਕਰਵਾ ਕੇ ਸੰਬੰਧਿਤ ਦੋਸ਼ੀ ਅਧਿਕਾਰੀਆਂ ਨੂੰ ਸਖਤ ਸਜਾਵਾਂ ਦੇਵੇ ਅਤੇ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਵਿਰੁੱਧ ਦਰਜ ਮਾਮਲੇ ਵਾਪਸ ਲੈ ਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਹਰ ਧਰਮ ਦੇ ਲੋਕਾਂ ਨੂੰ ਆਪਣੇ ਧਾਰਮਿਕ ਅਕੀਦਿਆਂ, ਪ੍ਰੰਪਰਾਵਾਂ ਅਤੇ ਸੰਸਥਾਵਾਂ ਦੀ ਮਰਯਾਦਾ ਨੂੰ ਬਰਕਰਾਰ ਰੱਖਣ ਦਾ ਸੰਵਿਧਾਨਕ ਹੱਕ ਪ੍ਰਾਪਤ ਹੈ। ਕਿਸੇ ਵੀ ਘੱਟ ਗਿਣਤੀ ਧਾਰਮਿਕ ਭਾਈਚਾਰੇ ਨਾਲ ਵਿਤਕਰਾ ਜਾਂ ਧੱਕੇਸ਼ਾਹੀ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰੀ ਢਾਂਚੇ ‘ਤੇ ਹਮਲੇ ਵਾਂਗ ਹੈ। ਜਿਸ ਤੋਂ ਸੰਵਿਧਾਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਬਹੁਤ ਬਚਣਾ ਚਾਹੀਦਾ ਹੈ। ਰਾਜਸਥਾਨ ਵਿੱਚ ਵਾਪਰੀ ਇਸ ਘਟਨਾ ਪ੍ਰਤੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪੈਦਾ ਹੋ ਰਿਹਾ ਹੈ ਇਸ ਲਈ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਸਰਕਾਰ ਤੁਰੰਤ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਰਿਹਾਅ ਕਰੇ ਅਤੇ ਇਸ ਬੇਲੋੜੀ ਉਕਸਾਊ ਕਾਰਵਾਈ ਲਈ ਮਾਫੀ ਮੰਗੇ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
