LiteratureArticlesBreaking NewsLatest NewsPunjab

ਨਵੀਂ ਪੁਸਤਕ ‘ਸਿਹਤ ਲਈ ਗੁਰਮਤਿ’ : ਲੇਖਕ ਦੀ ਆਪਣੀ ਦ੍ਰਿਸ਼ਟੀ ਵਿੱਚ 

ਨਵੀਂ ਪੁਸਤਕ, 'ਸਿਹਤ ਲਈ ਗੁਰਮਤਿ'।
ਲੇਖਕ: ਡਾ . ਸਤਿੰਦਰ ਪਾਲ ਸਿੰਘ, ਲਖਨਊ।

ਸਿਹਤਮੰਦ ਜੀਵਨ ਦੀ ਕਾਮਨਾ ਹਰ ਮਨੁੱਖ ਕਰਦਾ ਹੈ। ਤਨ ਅਰੋਗ ਰਹੇ , ਤਨ ਦਾ ਬਲ ਬਣਿਆ ਰਹੇ ਤਾਂ ਹੀ ਆਪਣੇ ਜੀਵਨ ਦੇ ਮਿਥੇ ਹੋਏ ਮਨੋਰਥ ਪ੍ਰਾਪਤ ਕਰਨਾ ਸੰਭਵ ਹੁੰਦਾ ਹੈ। ਸਿਹਤ ਨੂੰ ਆਮ ਤੌਰ ਤੇ ਤਨ ਦੀ ਸਿਹਤ ਮੰਨਿਆ ਗਿਆ ਹੈ। ਇਸ ਲਈ ਚੰਗੀ ਖੁਰਾਕ , ਸੈਰ , ਕਸਰਤ ਤੋਂ ਵੱਧ ਕੇ ਕਿੰਨੇ ਹੀ ਨਵੇਂ ਨਵੇਂ ਉਪਾਅ ਖੋਜੇ ਤੇ ਕੀਤੇ ਜਾ ਰਹੇ ਹਨ। ਭਿੰਨ ਭਿੰਨ ਪ੍ਰਣਾਲੀਆਂ ਵਿਕਸਿਤ ਹੋ ਰਹੀਆਂ ਹਨ , ਪੁਰਾਤਨ ਪ੍ਰਣਾਲੀਆਂ ਦੀ ਵਰਤੋਂ ਵੱਲ ਦਿਲਚਸਪੀ ਵੱਧ ਰਹੀ ਹੈ। ਇਸ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ। ਵੈਸ਼ਵਿਕ ਪੱਧਰ ਤੇ  ਮਨੁੱਖ ਦੀ ਔਸਤ ਉਮਰ ਵੱਧ ਗਈ ਹੈ।ਜੀਵਨ ਦੇ ਹਾਲਾਤ ਵਿੱਚ ਸੁਧਾਰ ਆਇਆ ਹੈ। ਪਰ ਕੀ ਸਿਹਤ ਮਾਤਰ ਤਨ ਤੱਕ  ਹੀ ਸੀਮਤ ਹੈ। ਅੱਜ ਇਸ ਸੰਦਰਭ ਵਿੱਚ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹਨ ਕਿ ਮਨੁੱਖ ਦਾ ਤਨ ਅਰੋਗ ਹੈ ਪਰ ਫਿਰ ਵੀ ਅਰੋਗਤਾ ਦੀ ਪ੍ਰਫੁੱਲਤਾ ਨਹੀਂ ਹੈ। ਕੁੱਝ ਅਜਿਹਾ ਹੈ ਜਿਸ ਦਾ ਨਿਦਾਨ ਮੈਡੀਕਲ ਸਾਇੰਸ ਅਤੇ ਹੋਰ ਪ੍ਰਚਲਿਤ ਪ੍ਰਣਾਲੀਆਂ ਕੋਲ ਨਹੀਂ ਹੈ। ਗੁਰਸਿੱਖ ਲਈ ਇਹ ਸਵਾਲ ਗੁੰਝਲਦਾਰ ਨਹੀਂ ਹੈ ਕਿਉਂਕਿ ਉਹ ਵਾਰ ਵਾਰ ਸੁਣਦਾ ਆਇਆ ਹੈ “ ਸਰਬ ਰੋਗ ਕਾ ਅਉਖਦੁ ਨਾਮੁ ” । ਗੁਰਸਿੱਖ ਸਿਹਤ ਨੂੰ ਲੈ ਕੇ ਕੋਈ ਭਰਮ ਨਹੀਂ ਪਾਲਦਾ ਸਗੋਂ ਸਾਰੇ ਰੋਗਾਂ ਦੇ ਸੰਪੂਰਨ ਨਿਦਾਨ ਵਿੱਚ ਵਿਸ਼ਵਾਸ ਰੱਖਦਾ ਹੈ। ਸਰਬ ਰੋਗ ਵਿੱਚ ਤਨ ਹੀ ਨਹੀਂ ਮਨ ਦੀ ਵੀ ਚਿੰਤਾ ਸ਼ਾਮਿਲ ਕੀਤੀ ਗਈ ਹੈ ਤੇ ਪੂਰਨ ਸਿਹਤ ਲਈ ਨਾਮ ਦੀ ਔਖਧ ਵਰਤਨ ਦਾ ਹੁਕਮ ਦਿੱਤਾ ਗਿਆ ਹੈ। ਇਸ ਤੇ ਚਿੰਤਨ ਕਰਨਾ ਆਰੰਭ ਕੀਤਾ ਤਾਂ ਨਤੀਜਾ ਇਸ ਨਵੀਂ ਪੁਸਤਕ “ ਸਿਹਤ ਲਈ ਗੁਰਮਤਿ “ ਦੇ ਰੂਪ ਵਿੱਚ ਸਾਹਮਣੇ ਆਇਆ। ਮਨੁੱਖ ਆਪਣੀ ਸਿਹਤ ਪ੍ਰਤੀ ਪਹਿਲਾਂ ਨਾਲੋਂ ਵੱਧ  ਜਾਗਰੂਕ ਹੋਇਆ ਹੈ। ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਇਹ ਜਾਗਰੂਕਤਾ ਜਿਆਦਾ ਰਹੀ ਹੈ।ਆਸਟ੍ਰੇਲੀਆ ਦੇ ਲੋਕ ਜੀਵਨ ਨੂੰ ਜਦੋਂ ਅਤਿ ਨਿਕਟਤਾ ਨਾਲ ਵੇਖਣ ਦਾ ਲੰਮਾ ਅਵਸਰ ਮਿਲਿਆ ਤਾਂ ਮਨ ਨਿਰੰਤਰ ਗੁਰਬਾਣੀ ਵਿੱਚ ਰਮਦਾ ਗਿਆ ਅਤੇ ਕਿਤਾਬ ਪੂਰੀ ਕਰਨਾ ਸੌਖਾ ਹੋ ਗਿਆ।  

ਇੱਕ ਗੁਰਸਿੱਖ ਜਦੋਂ ਗੁਰੂ ਨੂੰ ਆਪਣਾ ਸੁਆਮੀ ਮੰਨ ਲੈਂਦਾ ਹੈ ਤੇ ਸੇਵਕ ਬਣ ਕੇ ਉਸ ਤੋਂ ਆਪਣੇ ਜੀਵਨ ਦੀ ਹਰ ਆਸ ਪੂਰੀ ਹੋਣ ਦਾ ਅਡੋਲ ਭਰੋਸਾ ਰੱਖਦਾ ਹੈ ਤਾਂ ਗੁਰੂ ਦੇ ਭਿੰਨ ਭਿੰਨ ਰੂਪ ਦੇ ਦਰਸ਼ਨ ਸਹਿਜ ਹੀ ਹੋਣ ਲੱਗਦੇ ਹਨ।  ਇਸ ਪੁਸਤਕ  ਦਾ ਆਰੰਭ ਗੁਰੂ ਵਿੱਚ  ਵਿਸ਼ੇ ਦੇ ਅਨੁਰੂਪ ਵੈਦ , ਉਪਚਾਰ ਕਰਤਾ ਦੇ ਦਰਸ਼ਨ ਕਰਦਿਆਂ ਹੋਣਾ ਸੁਭਾਵਕ ਸੀ। ਗੁਰੂ ਵੈਦ ਹੀ ਨਹੀਂ ਸੁਵੈਦ ਹੈ ਜਿਸ ਕੋਲ ਮਨੁੱਖ ਦੇ ਹਰ ਰੋਗ ਦੀ ਪਛਾਣ ਵੀ ਹੈ ਤੇ ਹਰ ਰੋਗ ਦਾ ਨਿਦਾਨ ਵੀ ਹੈ।  ਗੁਰੂ ਤਾਂ ਜਨਮਾਂ ਜਨਮਾਂ ਦੇ ਦੁੱਖ ਦੂਰ ਕਰਨ ਵਾਲਾ ਹੈ। ਉਹ ਪਰਮਾਤਮਾ ਸਵਰੂਪ ਉਧਾਰਕ ਹੈ। ਉਹ ਪੂਰਨ ਗਿਆਨੀ ਤੇ ਪੂਰਨ ਕਰਤਾ ਹੈ। ਗੁਰੂ ਆਪਣੇ ਸਿੱਖ ਦੀ ਆਪ ਸਾਰ, ਸੰਭਾਲ ਕਰਦਾ ਹੈ , ਉਸ ਦੇ ਜੀਵਨ ਨੂੰ ਦ੍ਰਿੜ੍ਹ ਆਧਾਰ ਦਿੰਦਾ ਹੈ।ਇਸ ਆਰੰਭਕ ਅਧਿਆਇ ਦਾ ਨਾਮ ਹੀ “ ਗੁਰੂ ਸੁਵੈਦ ਹੈ “ ਰੱਖਿਆ ਗਿਆ ਹੈ ਜਿਸ ਵਿੱਚ ਗੁਰੂ ਦੀ ਸਮਰਥਾ ਤੇ ਮਨੁੱਖ ਦੇ ਦੁੱਖਾਂ ਬਾਰੇ ਗੁਰੂ ਦੀ ਦ੍ਰਿਸ਼ਟੀ ਦਾ ਵਿਸਾਤਰ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਗੁਰੂ , ਜਿਸ ਕੋਲੋਂ ਗੁਰਸਿੱਖ ਆਪਣੇ ਰੋਗਾਂ , ਦੁੱਖਾਂ ਦਾ ਨਿਦਾਨ ਚਾਹੁੰਦਾ ਹੈ , ਉਸ ਗੁਰੂ ਤੇ ਭਰੋਸੇ ਦਾ ਠੋਸ ਆਧਾਰ ਤਾਂ ਹੋਣਾ ਚਾਹੀਦੇ। ਗੁਰੂ ਤੇ ਭਰੋਸਾ ਹੀ ਗੁਰੂ ਦੇ ਦੱਸੇ ਨਿਦਾਨ ਦੀ ਵਰਤੋਂ ਦਾ ਰਾਹ ਪੱਧਰਾ ਕਰਦਾ ਹੈ। ਪੁਸਤਕ ਦਾ ਦੂਜਾ ਅਧਿਆਇ ਹੈ “ ਚਿੰਤਾ “ । ਚਿੰਤਾ ਸਭ ਤੋਂ ਵੱਡਾ ਰੋਗ ਹੈ। ਸਾਰੇ ਹੀ ਲੋਗ ਚਿੰਤਾ ਨਾਲ ਗ੍ਰਸਤ ਹਨ। ਚਿੰਤਾ ਨੂੰ ਆਧੁਨਿਕ ਵਿਦਵਾਨ ਭਵਿੱਖ ਵਿੱਚ ਆਉਣ ਵਾਲੀ ਕਿਸੇ ਸਮੱਸਿਆ ਦੀ ਕਲਪਨਾ ਤੇ ਉਸ ਨੂੰ ਹੱਲ ਕਰਨ ਦੀ ਸੋਚ ਮੰਨਦੇ ਹਨ। ਮਨੁੱਖ ਨੂੰ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਉਸ ਦੇ ਵੱਸ ‘ਚ ਨਹੀਂ ਰਹੇਗਾ। ਇਸ ਕਾਰਨ ਉਸ ਨੂੰ ਡਰ ਲੱਗਦਾ ਹੈ ਕਿ ਉਸ ਦਾ ਜੀਵਨ ਅਸਹਿਜ ਹੋ ਜਾਵੇਗਾ। ਇਸ ਅਧਿਆਇ ਵਿੱਚ ਬੜੇ ਵਿਸਤਾਰ ਨਾਲ ਚਿੰਤਾ ਦੇ ਮੂਲ ਕਾਰਨਾਂ ਅਤੇ ਉਨ੍ਹਾਂ ਕਾਰਨਾਂ ਨੂੰ ਦੂਰ ਕਰ ਅਚਿੰਤ ਹੋ ਜਾਂ ਦੀ ਗੁਰਬਾਣੀ ਦੀ ਸੇਧ ਦੀ ਚਰਚਾ ਕੀਤੀ ਗਈ ਹੈ।ਚਿੰਤਾ ਮਾਨਸਿਕ ਹੀ ਨਹੀਂ ਨਾਲ ਹੀ ਅਨੇਕ ਸ਼ਰੀਰਕ ਰੋਗਾਂ ਨੂੰ ਵੀ ਜਨਮ ਦਿੰਦੀ ਹੈ ਜਿਸ ਦੇ ਮਾਰਕ ਪ੍ਰਭਾਵ ਪੈਂਦੇ ਹਨ। ਗੁਰੂ ਤੋਂ ਪ੍ਰਾਪਤ  ਗਿਆਨ ਮਨੁੱਖ ਦੇ ਮਨ ਅੰਦਰ ਵਿਆਪ ਰਹੀਆਂ ਸਾਰੀਆਂ ਕਾਮਨਾਵਾਂ , ਤ੍ਰਿਸ਼ਨਾਵਾਂ ਦਾ ਨਾਸ਼ ਕਰ ਦਿੰਦਾ ਹੈ  ਜੋ ਮਨੁੱਖ ਦੇ ਮਨ ਅੰਦਰ ਚਿੰਤਾ ਪੈਦਾ ਕਰ ਰਹੀਆਂ  ਸਨ। ਅਗਲਾ ਅਧਿਆਇ ਹੈ “ ਤ੍ਰਿਸ਼ਣਾ “ ।  ਕਾਮਨਾਵਾਂ ਦਾ ਸਦਾ ਬਣੇ ਰਹਿਣਾ , ਇੱਕ ਕਾਮਨਾਂ ਦੇ ਪੂਰੇ ਹੁੰਦੀਆਂ ਹੁੰਦੀਆਂ ਹੀ ਨਵੀਂ ਕਾਮਨਾ ਦਾ ਜਨਮ ਲੈ ਲੈਣਾ ਹੀ ਤ੍ਰਿਸ਼ਣਾ ਹੈ।  ਤ੍ਰਿਸ਼ਣਾ ਕਿਵੇਂ ਮਨ ਨੂੰ ਅਸ਼ਾਂਤ ਕਰਦੀ ਹੈ , ਤਨ ਦੇ ਕਿਤਨੇ ਰੋਗਾਂ ਨੂੰ ਜਨਮ ਦਿੰਦੀ ਹੈ ਇਹ ਇਸ ਪੁਸਤਕ ਨੂੰ ਪੜ੍ਹ ਕੇ ਹੀ ਜਾਣਿਆ ਜਾ ਸਕਦਾ ਹੈ। ਭੈ ਵੀ ਇੱਕ ਵੱਡਾ ਰੋਗ ਹੈ ਜਿਸ ਤੇ ਪੂਰਾ ਅਧਿਆਇ ਇਸ ਪੁਸਤਕ ਵਿੱਚ ਮਿਲਦਾ ਹੈ। ਗੁਰਬਾਣੀ ਨੇ ਭੈ ਤੋਂ ਮੁਕਤ ਹੋਣ ਲਈ ਭੈ ਨੂੰ ਹੀ ਨਿਦਾਨ ਬਣਾਇਆ। ਇਹ ਵਿਸ਼ਾ ਅਤਿ ਰੋਚਕ ਰੂਪ ‘ਚ ਵਿਚਾਰਿਆ ਗਿਆ ਹੈ ਤਾਂ ਜੋ ਬਿਨਾ ਕਿਸੇ ਮਾਨਸਿਕ ਤਨਾਵ ਦੇ ਇਸ ਗੰਭੀਰ ਰੋਗ ਤੋਂ ਮੁਕਤ ਹੋਣ ਦੀ ਗੁਰੂ ਦੀ ਬਖਸ਼ੀ ਸੇਧ ਧਾਰਨ ਕੀਤੀ ਜਾ  ਸਕੇ। ਇਹ ਅਜਿਹੇ ਮਹਾ ਰੋਗ ਹਨ ਜਿਨ੍ਹਾਂ ਨੂੰ ਮਨੁੱਖ ਰੋਗ ਨਹੀਂ ਮੰਨਦਾ ਤੇ ਉਨ੍ਹਾਂ ਦੇ ਨਿਦਾਨ ਪ੍ਰਤੀ ਬੇਪਰਵਾਹ ਰਹਿੰਦਾ ਹੈ , ਨਤੀਜਤਨ ਦੁੱਖ ਭੋਗਦਾ ਹੈ।

ਪੁਸਤਕ ਦਾ ਅਗਲਾ ਅਧਿਆਇ ਵਿਕਾਰਾਂ ਨਾਲ ਸਬੰਧਤ ਹੈ ਜਿਸ ਨੂੰ “ ਪੰਜ ਰੋਗ “ ਦਾ ਨਾਮ ਦਿੱਤਾ ਗਿਆ ਹੈ। ਇਸ ਬਾਰੇ ਚਰਚਾ ਹੁੰਦੀ ਰਹਿੰਦੀ ਹੈ। ਇਸ ਅਧਿਆਇ ਵਿੱਚ ਨਿਵੇਕਲਾ  ਦ੍ਰਿਸ਼ਟੀਕੋਣ ਅਪਣਾਉਂਦਿਆਂ ਵਿਕਾਰਾਂ ਦੇ ਮੂਲ ਤੱਕ ਪੁੱਜਣ ਦਾ ਜਤਨ ਕੀਤਾ ਗਿਆ ਹੈ।  ਪੰਜ ਵਿਕਾਰ ਮਨੁੱਖ ਨੂੰ ਆਪਣੇ ਵੱਸ ਵਿੱਚ ਕਰਨ ਲਈ ਸੱਭ ਤੋਂ ਪਹਿਲਾਂ ਉਸ ਦਾ ਸਬੰਧ ਉਸ ਸ੍ਰੋਤ ਨਾਲੋਂ ਤੋੜ ਦਿੰਦੇ ਹਨ ਜਿਸ ਤੋਂ ਮਨੁੱਖ ਬਲ ਅਤੇ ਬੁੱਧੀ ਪ੍ਰਾਪਤ ਕਰਦਾ ਹੈ। ਉਹ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੇ ਹਨ। ਵਿਕਾਰ ਮਨੁੱਖ ਨੂੰ ਬਲੀ ਤੋਂ ਨਿਰਬਲ , ਬੁੱਧੀਮਾਨ ਤੋਂ ਬੁੱਧੀਹੀਨ ਬਣਾਉਣ ਵਾਲੇ ਹਨ। ਗੁਰੂ ਨਾਨਕ ਸਾਹਿਬ ਅਨੁਸਾਰ ਪਰਮਾਤਮਾ ਤੋਂ ਵਿਛੜੇ ਮਨੁੱਖ ਅੰਦਰ ਵਿਕਾਰਾਂ ਦੀ ਖੇਤੀ ਹੋ ਰਹੀ ਹੈ। ਇਹ ਵਿਕਾਰ ਮਨੁੱਖ ਦੇ ਤਨ ਨੂੰ ਵੀ ਵਿਆਪਕ ਤੌਰ ਤੇ ਪ੍ਰਭਾਵਿਤ ਕਰਦੇ ਹਨ ਅਤੇ ਅਨੇਕ ਗੰਭੀਰ ਰੋਗਾਂ ਦਾ ਕਾਰਨ ਬਣਦੇ ਹਨ। ਇਸ ਤੋਂ ਬਾਅਦ ਪੁਸਤਕ ਵਿੱਚ “ ਮਨ ਤੇ ਤਨ “ ਸਿਰਲੇਖ ਦੇ ਅਧਿਆਇ ਵਿੱਚ ਮਨ ਤੇ ਤਨ ਦੇ ਅੰਤਰੀਵ ਸਬੰਧ ਦੀ ਗੰਭੀਰ ਵਿਵੇਚਨਾ ਕੀਤੀ ਗਈ ਹੈ ਕਿ ਕਿਵੇਂ ਮਨ ਦੇ ਰੋਗ ਤਨ ਨੂੰ ਤੇ ਤਨ ਦੇ ਰੋਗ ਮਨ ਦੇ ਰੋਗਾਂ ਨੂੰ ਜਨਮ ਦਿੰਦੇ ਹਨ ਤੇ ਕਿਵੇਂ ਮਨ ਤੇ ਤਨ ਦਾ ਆਪਸੀ ਸੰਤੁਲਨ ਬਣਾਇਆ ਜਾ ਸਕਦਾ ਹੈ , ਇਸ ਬਾਰੇ ਗੁਰਬਾਣੀ ਕਿਵੇਂ ਸਹਾਇਕ ਸੇਧ ਪ੍ਰਦਾਨ ਕਰਦੀ ਹੈ। ਗੁਰਬਾਣੀ ਦਾ ਆਪਣਾ ਵਿਧਾਨ ਹੈ। ਗੁਰਬਾਣੀ ਉਸ ਮਨੁੱਖ ਨੂੰ ਸੰਬੋਧਨ ਨਹੀਂ ਹੈ ਜੋ ਦ੍ਰਿਸ਼ਟੀਮਾਨ ਹੈ। ਗੁਰਬਾਣੀ ਦੇ ਕੇਂਦਰ ਵਿੱਚ ਮਨ ਹੈ ਜਿਸ ਨੂੰ ਵੇਖਣ ‘ਚ ਸੰਸਾਰਕ ਦ੍ਰਿਸ਼ਟੀ ਸਮਰੱਥ ਨਹੀਂ ਹੈ। ਗੁਰਬਾਣੀ ਦਾ ਮਨੁੱਖ , ਮਨ ਹੈ , ਗੁਰਬਾਣੀ ਦੀ ਚਿੰਤਾ ਉਸ ਮਨ ਦੇ ਉਧਾਰ ਦੀ ਹੈ।  ਗੁਰਬਾਣੀ ਤਨ ਦੀ ਹੋਂਦ ਨੂੰ ਅਸਵੀਕਾਰ ਨਹੀਂ ਕਰਦੀ ਪਰ ਉਸ ਦੀ ਮਹੱਤਾ ਸੀਮਤ ਅਰਥਾਂ ਵਿੱਚ ਰੱਖਦੀ ਹੈ। ਤਨ ਕਿਉਂ ਮਨ ਲਈ ਸਹਾਇਕ ਹੈ , ਕਿਵੇਂ ਸਹਾਇਕ ਹੋ ਸਕਦਾ ਹੈ ਅਤੇ ਇਨ੍ਹਾਂ ਦੇ ਸਬੰਧ ਦਾ ਸੰਤੁਲਨ ਬਿੰਦੂ ਕੀ ਹੈ ਇਸ ਦਾ ਗਹਿਨ ਵਿਚਾਰ ਗੁਰਬਾਣੀ ਵਿੱਚ ਕੀਤਾ ਗਿਆ ਹੈ।  

ਪੁਸਤਕ ਦਾ ਅੰਤਿਮ ਅਧਿਆਇ ਹੈ “ ਸਰਬ ਰੋਗ ਕਾ ਅਉਖਦੁ ਨਾਮੁ” । ਇਸ ਵਿੱਚ ਸਾਰੇ ਵਿਸ਼ੇ ਦਾ ਸਾਰ ਸਮੋ ਦਿੱਤਾ ਗਿਆ ਹੈ ਕਿ ਕਿਵੇਂ ਪਰਮਾਤਮਾ ਦਾ ਨਾਮ ਸਾਰੇ ਰੋਗਾਂ ਦਾ ਨਿਦਾਨ ਬਣ ਜਾਂਦਾ ਹੈ। ਕਿਵੇਂ ਪਰਮਾਤਮਾ ਦਾ ਨਾਮ ਜਪਿਆ ਜਾਵੇ , ਭਗਤੀ ਕੀਤੀ ਜਾਵੇ ਕਿ ਤਨ ਤੇ ਮਨ ਦੋਵੇ ਅਰੋਗ ਹੋ ਜਾਣ।  ਗੁਰਸਿੱਖ ਇਕਾਗਰ ਚਿੱਤ ਹੋ ਕੇ ਗੁਰਬਾਣੀ , ਸੁਣਦਾ – ਪੜ੍ਹਦਾ ਹੈ ਤਾਂ ਮਨ ਅੰਦਰ ਗੁਰਬਾਣੀ ਦਾ ਅੰਮ੍ਰਿਤ ਤੁੱਲ ਰਸ ਬਣ ਜਾਂਦਾ ਹੈ।  ਮਨ ਤ੍ਰਿਪਤ ਹੋਣ ਲੱਗਦਾ ਹੈ।  ਇਹ ਕੌਤਕ ਕਿਵੇਂ ਵਰਤਦਾ ਹੈ , ਇਸ ਅਧਿਆਇ ਨੂੰ ਪੜ੍ਹ ਕੇ ਹੀ ਜਾਣਿਆ ਜਾ ਸਕਦਾ ਹੈ। ਇਹ ਪੂਰਨ ਸਿਹਤਮੰਦ ਹੋਣ ਦੀ ਭਰੋਸੇਯੋਗ ਅਵਸਥਾ ਨਾਲ ਜੋੜਦਾ ਹੈ ਜੋ ਅੱਜ ਸੰਸਾਰ ਵਿੱਚ ਅਲੱਭ ਹੈ।  ਪੁਸਤਕ ਦਾ ਵਿਸ਼ਾ ਇੱਕਦਮ ਨਵਾਂ ਹੈ।  ਇਸ ਵਿਸ਼ੇ ਤੇ ਅੱਜ ਤੱਕ ਇਤਨੇ ਵਿਸਤਾਰ ਨਾਲ ਲਿਖਿਆ ਨਹੀਂ ਗਿਆ ਹੈ।ਪੁਸਤਕ ਹਰ ਆਯੂ ਵਰਗ ਦੇ ਪੜ੍ਹਨ ਯੋਗ ਹੈ। ਲੇਖਨ ਵਿੱਚ ਭਾਸ਼ਾ ਦਾ ਪ੍ਰਵਾਹ ਹੈ ਜੋ ਪਾਠਕ ਨੂੰ ਬੰਨ ਕੇ ਰੱਖਦਾ ਹੈ। ਵਿਸ਼ੇ ਦੀ ਗੰਭੀਰਤਾ ਦੇ ਨਾਲ ਹੀ ਸਹਿਜਤਾ ਵੀ ਬਣਾਈ ਗਈ ਹੈ। ਪੂਰੇ ਵਿਸ਼ੇ ਨੂੰ ਗੁਰਬਾਣੀ ਦੇ ਆਧਾਰ ਤੇ ਹੀ ਵਿਚਾਰਿਆ ਗਿਆ ਹੈ।ਲੇਖਕ ਲਈ ਉਸ ਦੀ ਹਰ ਪੁਸਤਕ ਵੱਖ ਹੁੰਦੀ ਹੈ ਪਰ ਇਹ ਪੁਸਤਕ ਨਿਰਪੱਖ ਦ੍ਰਿਸ਼ਟੀ ਨਾਲ ਵੀ ਵੱਖ ਵਿਖਾਈ ਦੇ ਰਹੀ ਹੈ ਜੋ ਜਰੂਰ ਪਾਠਕਾਂ ਦੀ ਰੁਚੀ ਦਾ ਵਿਸ਼ਾ ਬਣੇਗੀ। ਕਿਉਂਕਿ ਇਸ ਪੁਸਤਕ ਨੂੰ ਲਿਖਣਾ ਮਨ ਨੂੰ ਖਾਸ ਹੀ ਆਨੰਦਿਤ ਕਰ ਗਿਆ ਹਾਲਾਂਕਿ ਇਸ ਪੁਸਤਕ ਦੇ ਨਾਲ ਹੀ ਲੇਖਕ ਦੀ ਇੱਕ ਹੋਰ ਪੁਸਤਕ “ ਗੁਰਸਿੱਖ ਦੇ ਪੰਜ ਵਚਨ “ ਵੀ ਪ੍ਰਕਾਸ਼ਿਤ ਹੋਈ ਹੈ । ਇਸ ਪੁਸਤਕ ਦਾ ਪ੍ਰਕਾਸ਼ਨ ਭਾਈ ਚਤਰ ਸਿੰਘ ਜੀਵਨ ਸਿੰਘ , ਅੰਮ੍ਰਿਤਸਰ ਨੇ ਕੀਤਾ ਹੈ। ਇਹ ਪੁਸਤਕ ਅੱਜ ਦੀ ਲੋੜ ਵੀ ਹੈ ਤੇ ਭਵਿੱਖ ਦਾ ਆਧਾਰ ਵੀ ਹੈ।  

– ਪੁਸਤਕ – ਸਿਹਤ ਲਈ ਗੁਰਮਤਿ 

ਲੇਖਕ – ਡਾ. ਸਤਿੰਦਰ ਪਾਲ ਸਿੰਘ 

ਪ੍ਰਕਾਸ਼ਕ – ਭਾਈ ਚਤਰ ਸਿੰਘ ਜੀਵਨ ਸਿੰਘ , ਅੰਮ੍ਰਿਤਸਰ 

Related posts

ਰਾਮ ਰਹੀਮ ਨੂੰ ਕਤਲ ਮਾਮਲੇ ’ਚ ਬਰੀ ਕਰਨਾ ਅਸੰਤੁਸ਼ਟੀਜਨਕ ਫੈਸਲਾ- ਐਡਵੋਕੇਟ ਧਾਮੀ

Bunty

ਹਰਿਆਣਾ ਦੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਅਗਲੇ ਹਫ਼ਤੇ ਪੰਚਕੂਲਾ ਵਿੱਚ

Bunty

ਆਰਕਟਿਕ ਵਿੱਚ ਰਾਡਾਰ ਤਕਨਾਲੋਜੀ ਸਮੁੰਦਰੀ ਨਿਗਰਾਨੀ ਨੂੰ ਦੇ ਸਕਦੀ ਹੈ ਨਵੀਂ ਦਿਸ਼ਾ

admin