
ਅਮਰੀਕਾ ਦੇ ਨਿਊਜਰਸੀ ਸਥਿਤ ਈਸਟ ਰੁਦਰਫਰਡ ਇਲਾਕੇ ਦੇ ਮੈਟਲਾਈਫ਼ ਸਟੇਡੀਅਮ ਦੇ ਵਿੱਚ ਆਸਟ੍ਰੇਲੀਅਨ ਸਮੇਂ ਅਨੁਸਾਰ ਅੱਜ 20 ਜੁਲਾਈ 2026 ਨੂੰ ਸਪੇਨ ਨੇ ਇਸ ਸਖਤ ਮੁਕਾਬਲੇ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ। ਇਸ ਦੇ ਨਾਲ ਹੀ ਲਗਾਤਾਰ ਦੂਜੀ ਵਾਰ ਵਰਲਡ ਕੱਪ ਟਰਾਫੀ ਚੁੱਕਣ ਦਾ ਸੁਪਨਾ ਦੇਖ ਰਹੇ ਅਰਜਨਟੀਨਾ ਅਤੇ ਉਨ੍ਹਾਂ ਦੇ ਦਿੱਗਜ ਕਪਤਾਨ ਲਿਓਨਲ ਮੈਸੀ ਦੀਆਂ ਉਮੀਦਾਂ ਆਖਰੀ ਪਲਾਂ ਵਿੱਚ ਚਕਨਾਚੂਰ ਹੋ ਗਈਆਂ। ਮੈਟਲਾਈਫ ਸਟੇਡੀਅਮ ਵਿੱਚ ਖੇਡੇ ਗਏ ਇਸ ਇਤਿਹਾਸਕ ਮੈਚ ਵਿੱਚ ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ, ਜਿਸ ਤੋਂ ਬਾਅਦ ਮੈਚ ਐਕਸਟ੍ਰਾ ਟਾਈਮ ਵਿੱਚ ਚਲਾ ਗਿਆ। ਸਪੇਨ ਲਈ ਸਬਸਟੀਚਿਊਟ ਵਜੋਂ ਮੈਦਾਨ ‘ਤੇ ਉੱਤਰੇ ਫੇਰਾਨ ਟੋਰੇਸ ਨੇ 106ਵੇਂ ਮਿੰਟ ਵਿੱਚ ਇੱਕ ਸ਼ਾਨਦਾਰ ਗੋਲ ਕਰਕੇ ਸਪੇਨ ਨੂੰ 16 ਸਾਲਾਂ ਬਾਅਦ ਦੁਨੀਆ ਦਾ ਚੈਂਪੀਅਨ ਬਣਾ ਦਿੱਤਾ। ਟੋਰੇਸ ਨੇ ਬਾਕਸ ਦੇ ਅੰਦਰ ਹਵਾ ਵਿੱਚ ਗੇਂਦ ‘ਤੇ ਕੰਟਰੋਲ ਬਣਾਉਂਦਿਆਂ ਆਪਣੇ ਖੱਬੇ ਪੈਰ ਨਾਲ ਅਜਿਹਾ ਦਮਦਾਰ ਸ਼ਾਟ ਮਾਰਿਆ ਕਿ ਅਰਜਨਟੀਨਾ ਦੇ ਸਟਾਰ ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਵੀ ਉਸ ਨੂੰ ਰੋਕ ਨਹੀਂ ਸਕੇ। ਮਾਰਟੀਨੇਜ਼ ਨੇ ਮੈਚ ਵਿੱਚ ਰਿਕਾਰਡ 12 ਸ਼ਾਟ ਬਚਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਦੂਜੇ ਹਾਫ ਦੇ ਸਟਾਪੇਜ ਟਾਈਮ ਵਿੱਚ ਪਾਉ ਕੁਬਾਰਾਸੀ ਨਾਲ ਹੋਈ ਟੱਕਰ ਕਾਰਨ ਅਰਜਨਟੀਨਾ ਦੇ ਇੱਕ ਖਿਡਾਰੀ ਨੂੰ ਰੈੱਡ ਕਾਰਡ ਮਿਲਣ ਕਾਰਨ ਅਰਜਨਟੀਨਾ ਨੂੰ ਆਖਰੀ ਸਮੇਂ 10 ਖਿਡਾਰੀਆਂ ਨਾਲ ਹੀ ਖੇਡਣਾ ਪਿਆ। ਸਪੇਨ ਨੇ ਪੂਰੇ ਵਰਲਡ ਕੱਪ ਵਿੱਚ ਸਿਰਫ਼ ਇੱਕ ਗੋਲ ਹੀ ਖਾਧਾ, ਜੋ ਕਿਸੇ ਵੀ ਵਰਲਡ ਕੱਪ ਜਿੱਤਣ ਵਾਲੀ ਟੀਮ ਵੱਲੋਂ ਇੱਕ ਐਡੀਸ਼ਨ ਵਿੱਚ ਸਭ ਤੋਂ ਘੱਟ ਹੈ। ਸਪੇਨ ਦੇ ਗੋਲਕੀਪਰ ਉਨਾਈ ਸਾਈਮਨ ਨੇ ਵਰਲਡ ਕੱਪ ਵਿੱਚ ਸਭ ਤੋਂ ਵੱਧ 7 ਕਲੀਨ ਸ਼ੀਟਾਂ ਰੱਖਣ ਦਾ ਰਿਕਾਰਡ ਬਣਾਇਆ ਹੈ।
ਸਪੇਨ ਇੱਕੋ ਸਮੇਂ ਪੁਰਸ਼ ਅਤੇ ਮਹਿਲਾ ਦੋਵੇਂ ਵਰਲਡ ਕੱਪਾਂ ਦਾ ਚੈਂਪੀਅਨ ਬਣਨ ਵਾਲਾ ਪਹਿਲਾ ਦੇਸ਼ ਹੈ। ਸਪੇਨ ਨੇ 2023 ਦਾ ਫੀਫਾ ਮਹਿਲਾ ਵਰਲਡ ਕੱਪ ਵੀ ਜਿੱਤਿਆ ਸੀ। ਸਪੇਨ ਦੀ ਟੀਮ 22 ਮਾਰਚ 2024 ਤੋਂ ਲੈ ਕੇ ਹੁਣ ਤੱਕ ਆਪਣੇ ਪਿਛਲੇ 38 ਮੈਚਾਂ ਵਿੱਚ ਨਿਰਧਾਰਤ ਸਮੇਂ (ਰੇਗੂਲਰ ਟਾਈਮ) ਵਿੱਚ ਨਹੀਂ ਹਾਰੀ। ਇਸ ਦੌਰਾਨ ਉਸ ਨੇ 29 ਮੈਚ ਜਿੱਤੇ ਅਤੇ 9 ਡਰਾਅ ਖੇਡੇ। ਸਪੇਨ ਦੀ ਆਖ਼ਰੀ ਹਾਰ ਲੰਡਨ ਵਿੱਚ ਇੱਕ ਦੋਸਤਾਨਾ ਮੈਚ ਵਿੱਚ ਕੋਲੰਬੀਆ ਖ਼ਿਲਾਫ਼ 1-0 ਨਾਲ ਹੋਈ ਸੀ।
ਸਪੇਨ ਦਾ ਸਾਲ 2010 ਤੋਂ ਬਾਅਦ ਇਹ ਦੂਜਾ ਵਿਸ਼ਵ ਕੱਪ ਖਿਤਾਬ ਹੈ। ਇਸ ਇਤਿਹਾਸਕ ਜਿੱਤ ਦੇ ਨਾਲ ਹੀ ਸਪੇਨ ਨੇ ਇੱਕ ਚੈਂਪੀਅਨ ਟੀਮ ਵਜੋਂ ਟੂਰਨਾਮੈਂਟ ਵਿੱਚ ਸਭ ਤੋਂ ਘੱਟ (ਸਿਰਫ਼ 1) ਗੋਲ ਖਾਣ ਦਾ ਗਲੋਬਲ ਰਿਕਾਰਡ ਵੀ ਬਣਾ ਲਿਆ ਹੈ। ਇਸ ਦੇ ਨਾਲ ਹੀ ਸਪੇਨ ਦੀ ਮਹਿਲਾ ਫੁੱਟਬਾਲ ਟੀਮ ਵੱਲੋਂ 2023 ਦਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਸਪੇਨ ਹੁਣ ਇੱਕੋ ਸਮੇਂ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਫੀਫਾ ਟਰਾਫੀ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਤੋਂ ਇਲਾਵਾ ਸਪੇਨ ਦੇ ਮੁੱਖ ਕੋਚ ਲੁਈਸ ਡੇ ਲਾ ਫੁਏਂਤੇ 65 ਸਾਲ ਦੀ ਉਮਰ ਵਿੱਚ ਵਿਸ਼ਵ ਕੱਪ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਕੋਚ ਬਣ ਗਏ ਹਨ ਜਦਕਿ ਸਪੇਨ ਦੀ ਟੀਮ ਲਗਾਤਾਰ 38 ਮੈਚਾਂ ਤੋਂ ਅਜੇਤੂ ਰਹਿਣ ਦਾ ਯੂਰਪੀਅਨ ਰਿਕਾਰਡ ਵੀ ਬਣਾ ਚੁੱਕੀ ਹੈ।ਮੈਚ ਖ਼ਤਮ ਹੋਣ ਤੋਂ ਬਾਅਦ ਰਨਰ-ਅੱਪ ਮੈਡਲ ਲੈਂਦੇ ਹੋਏ 39 ਸਾਲਾ ਲਿਓਨਲ ਮੈਸੀ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੇ। ਉਨ੍ਹਾਂ ਨੇ ਭਾਵੁਕ ਹੁੰਦਿਆਂ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਅਤੇ ਸਵੀਕਾਰ ਕੀਤਾ ਕਿ ਸਪੇਨ ਨੇ ਬਿਹਤਰ ਖੇਡ ਦਿਖਾਈ। ਮੈਸੀ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਇਹ ਉਨ੍ਹਾਂ ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਸੀ। ਇਸ ਇਤਿਹਾਸਕ 104ਵੇਂ ਮੈਚ ਨੂੰ ਦੇਖਣ ਲਈ ਸਟੇਡੀਅਮ ਵਿੱਚ 80,000 ਦਰਸ਼ਕਾਂ ਦੇ ਨਾਲ-ਨਾਲ ਹਾਲੀਵੁੱਡ ਦੇ ਸੁਪਰਸਟਾਰ ਟੌਮ ਕਰੂਜ਼, ਬ੍ਰੈਡ ਪਿਟ, ਡੈਨੀਅਲ ਕ੍ਰੇਗ ਅਤੇ ਫੁੱਟਬਾਲ ਜਗਤ ਦੇ ਮਹਾਨ ਸਾਬਕਾ ਖਿਡਾਰੀ ਜਿਵੇਂ ਜ਼ਿਦਾਨ, ਬੈਕਹਮ, ਰੋਨਾਲਡੋ ਅਤੇ ਰੋਨਾਲਡੀਨਹੋ ਵੀ ਮੌਜੂਦ ਸਨ, ਜਿਨ੍ਹਾਂ ਦੀ ਮੌਜੂਦਗੀ ਵਿੱਚ ਮੈਸੀ ਦੇ ਇੱਕ ਸ਼ਾਨਦਾਰ ਅੰਤਰਰਾਸ਼ਟਰੀ ਯੁੱਗ ਦਾ ਹੰਝੂਆਂ ਭਰੀ ਹਾਰ ਨਾਲ ਅੰਤ ਹੋਇਆ। 39 ਸਾਲ ਅਤੇ 25 ਦਿਨ ਦੀ ਉਮਰ ਵਿੱਚ ਲਿਓਨੇਲ ਮੇਸੀ ਵਰਲਡ ਕੱਪ ਫਾਈਨਲ ਖੇਡਣ ਵਾਲੇ ਸਭ ਤੋਂ ਵੱਡੀ ਉਮਰ ਦੇ ਆਉਟਫੀਲਡ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਸਵੀਡਨ ਦੇ ਗੁੰਨਾਰ ਗ੍ਰੇਨ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ 1958 ਵਿੱਚ 37 ਸਾਲ ਅਤੇ 241 ਦਿਨ ਦੀ ਉਮਰ ਵਿੱਚ ਫਾਈਨਲ ਖੇਡਿਆ ਸੀ। ਅਰਜਨਟੀਨਾ ਦੇ ਬਦਲਵੇਂ ਖਿਡਾਰੀ ਨਿਕੋਲਸ ਓਟਾਮੈਂਡੀ ਨੇ ਵੀ ਗ੍ਰੇਨ ਦਾ ਰਿਕਾਰਡ ਪਿੱਛੇ ਛੱਡਿਆ ਅਤੇ 38 ਸਾਲ ਅਤੇ 157 ਦਿਨ ਦੀ ਉਮਰ ਵਿੱਚ ਵਰਲਡ ਕੱਪ ਫਾਈਨਲ ਖੇਡਣ ਵਾਲੇ ਦੂਜੇ ਸਭ ਤੋਂ ਵੱਡੀ ਉਮਰ ਦੇ ਆਉਟਫੀਲਡ ਖਿਡਾਰੀ ਬਣੇ ਹਨ। ਲਿਓਨੇਲ ਮੇਸੀ ਹੁਣ ਤਿੰਨ ਵਰਲਡ ਕੱਪ ਫਾਈਨਲ (2014, 2022 ਅਤੇ 2026) ਖੇਡਣ ਵਾਲੇ ਸਿਰਫ਼ ਦੂਜੇ ਖਿਡਾਰੀ ਹਨ। ਉਨ੍ਹਾਂ ਤੋਂ ਪਹਿਲਾਂ ਇਹ ਕਾਰਨਾਮਾ ਬ੍ਰਾਜ਼ੀਲ ਦੇ ਕਾਫੂ ਨੇ 1994, 1998 ਅਤੇ 2002 ਦੇ ਫਾਈਨਲ ਖੇਡ ਕੇ ਕੀਤਾ ਸੀ।
ਸਪੇਨ ਦੇ ਲਾਮਿਨ ਯਾਮਾਲ ਅਤੇ ਪਾਉ ਕਿਊਬਾਰਸੀ ਦੋਵੇਂ ਹੀ 19 ਸਾਲ ਦੇ ਹਨ ਅਤੇ ਉਹ ਵਰਲਡ ਕੱਪ ਫਾਈਨਲ ਖੇਡਣ ਵਾਲੇ ਚੌਥੇ ਅਤੇ ਪੰਜਵੇਂ ਟੀਨਏਜਰ ਬਣੇ ਹਨ। ਇਸ ਤੋਂ ਪਹਿਲਾਂ ਪੇਲੇ (1958 ਵਿੱਚ 17 ਸਾਲ), ਗਿਉਸੇਪੇ ਬਰਗੋਮੀ (1982 ਵਿੱਚ 18 ਸਾਲ) ਅਤੇ ਕਿਲੀਅਨ ਐਮਬਾਪੇ (2018 ਵਿੱਚ 19 ਸਾਲ) ਇਹ ਮਾਣ ਹਾਸਲ ਕਰ ਚੁੱਕੇ ਹਨ। ਇਹ ਸਾਰੇ ਆਪਣੀ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। 65 ਸਾਲ ਅਤੇ 28 ਦਿਨ ਦੀ ਉਮਰ ਵਿੱਚ ਲੂਈਸ ਡੇ ਲਾ ਫੁਏਂਤੇ ਵਰਲਡ ਕੱਪ ਜਿੱਤਣ ਵਾਲੇ ਸਭ ਤੋਂ ਵੱਡੀ ਉਮਰ ਦੇ ਕੋਚ ਬਣ ਗਏ ਹਨ। ਉਨ੍ਹਾਂ ਨੇ ਆਪਣੇ ਹੀ ਦੇਸ਼ ਦੇ ਵਿਸੇਂਤੇ ਡੇਲ ਬੋਸਕੇ ਦਾ ਰਿਕਾਰਡ ਤੋੜਿਆ, ਜੋ ਸਪੇਨ ਦਾ ਪਹਿਲਾ ਵਰਲਡ ਕੱਪ ਜਿੱਤਣ ਵੇਲੇ 59 ਸਾਲ ਅਤੇ 220 ਦਿਨ ਦੇ ਸਨ।
