International

ਇਟਾਲੀਅਨ ਪਾਰਲੀਮੈਂਟ ਤੋਂ ਪਹੁੰਚੀ ਟੀਮ ਨੇ ਧਰਨੇ ’ਤੇ ਬੈਠੇ ਪੰਜਾਬੀ ਵਰਕਰਾਂ ਨਾਲ ਕੀਤੀ ਮੁਲਾਕਾਤ

ਰੋਮ  – ਪਿਛਲੇ 108 ਦਿਨਾਂ ਤੋਂ ਪ੍ਰੋਸੈਸ ਮੀਟ ਦੀ ਫੈਕਟਰੀ ਵੇਸਕੋਵਾਤੋ, ਜ਼ਿਲ੍ਹਾ ਕਰੇਮੋਨਾ ਵਿਖੇ ਕੰਮ ਤੋਂ ਕੱਢੇ 60 ਪੰਜਾਬੀ ਕਾਮਿਆਂ ਵੱਲੋਂ ਲਗਾਤਾਰ ਅੰਤਾਂ ਦੀ ਠੰਢ ਦੇ ਬਾਵਜੂਦ ਆਪਣੇ ਹੱਕਾਂ ਦੀ ਖਾਤਰ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਪਿਛਲੇ ਸਮੇਂ ਦੌਰਾਨ ਇਹਨਾਂ ਪੰਜਾਬੀ ਕਾਮਿਆਂ ਵੱਲੋਂ ਸਮੇਂ-ਸਮੇਂ ’ਤੇ ਇਕੱਠ ਕੀਤੇ ਗਏ ਸਨ। ਜਿਨ੍ਹਾਂ ਵਿੱਚ ਪੰਜਾਬੀ ਭਾਈਚਾਰੇ ਨੇ ਅਤੇ ਹੋਰਨਾਂ ਭਾਈਚਾਰਿਆਂ ਨੇ ਵੀ ਵੱਧ ਚੜ੍ਹ ਕੇ ਇਹਨਾਂ ਵੀਰਾਂ ਦੇ ਹੱਕ ਵਿੱਚ ਇਕੱਠਾਂ ਵਿੱਚ ਹਾਜ਼ਰੀ ਭਰੀ ਸੀ। ਧਰਨੇ ‘’ਤੇ ਬੈਠੇ ਵੀਰਾਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦੀਆਂ ਉਮੀਦਾਂ ਨੂੰ ਸਾਰਿਆਂ ਦੀ ਮਦਦ ਨਾਲ ਉਦੋਂ ਬੂਰ ਪਿਆ ਜਦੋਂ 2 ਫਰਵਰੀ 2024 ਨੂੰ ਇਟਲੀ ਦੀ ਪਾਰਲੀਮੈਂਟ ਤੋਂ ਇੱਕ ਟੀਮ ਉਹਨਾਂ ਦੀ ਫੈਕਟਰੀ ਵਿਖੇ ਸਥਿਤੀ ਦਾ ਜਾਇਜਾ ਲੈਣ ਲਈ ਪਹੁੰਚੀ। ਟੀਮ ਦੇ ਮੈਂਬਰਾਂ ਨੂੰ ਇਹਨਾਂ ਵੀਰਾਂ ਵੱਲੋਂ ਆਪਣੀਆਂ ਸਾਰੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਕਿ ਕਿਵੇਂ ਉਹ ਪਿਛਲੇ 108 ਦਿਨਾਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਗਰਮੀ ਮੀਂਹ ਅਤੇ ਹੁਣ ਅੰਤਾਂ ਦੀ ਸਰਦੀ ਦੇ ਮੌਸਮ ਵਿੱਚ ਵੀ ਆਪਣੀਆਂ ਹੱਕੀ ਮੰਗਾਂ ਦੀ ਖਾਤਰ ਧਰਨੇ ’ਤੇ ਬੈਠੇ ਹਨ। ਟੀਮ ਵੱਲੋਂ ਕੰਮ ਤੋਂ ਕੱਢੇ ਗਏ ਇਹਨਾਂ ਕਾਮਿਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਇਟਲੀ ਇੱਕ ਲੋਕਤੰਤਰਿਕ ਦੇਸ਼ ਹੈ ਅਤੇ ਲੋਕਤੰਤਰ ਦੇ ਵਿਰੁੱਧ ਕਾਰਵਾਈਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹਨਾਂ ਦੀ ਆਵਾਜ਼ ਇਸ ਟੀਮ ਵੱਲੋਂ ਪਾਰਲੀਮੈਂਟ ਅੱਗੇ ਰੱਖੀ ਜਾਵੇਗੀ। ਅੱਗੇ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਅੱਜ ਸਾਡੇ ਲਈ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋਈ ਹੈ ਜਦੋਂ ਸਾਡੀ ਆਵਾਜ਼ ਆਪਣੇ ਭਾਈਚਾਰੇ ਤੋਂ ਇਲਾਵਾ ਇਟਾਲੀਅਨ ਭਾਈਚਾਰੇ ਵੱਲੋਂ ਵੀ ਜ਼ੋਰਾਂ-ਸ਼ੋਰਾਂ ਨਾਲ ਸੁਣੀ ਅਤੇ ਚੁੱਕੀ ਜਾ ਰਹੀ ਹੈ। ਇਸ ਵਾਸਤੇ ਉਹਨਾਂ ਨੇ ਯੂਐਸਬੀ ਸੰਸਥਾ, ਰਾਜਨੀਤਿਕ ਪਾਰਟੀ ਚਿੰਕਵੇ ਸਤੈਲੇ ਵੱਲੋਂ ਪਹੁੰਚੀ ਮੈਡਮ ਵਾਲੇਨਤੀਨਾ ਬਰਜੋਤੀ, ਆਰਚੀ ਸੰਸਥਾ, ਸਮੁੱਚੇ ਪੰਜਾਬੀ ਭਾਈਚਾਰੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਹੋਰ ਵੀ ਜੋ ਅੱਜ ਤੋਂ ਪਹਿਲਾਂ ਇਕੱਠ ਵਿੱਚ ਪਹੁੰਚੇ ਸਨ ਸਭ ਦਾ ਧੰਨਵਾਦ ਕਰਦਿਆਂ ਹੋਇਆਂ ਬੇਨਤੀ ਕੀਤੀ ਕਿ ਉਹਨਾਂ ਨੂੰ ਅਜੇ ਵੀ ਸਾਰਿਆਂ ਦੇ ਸਾਥ ਦੀ ਜਰੂਰਤ ਹੈ। ਉਹਨਾਂ ਦੀ ਆਵਾਜ਼ ਹੁਣ ਸਾਰਿਆਂ ਦੀ ਮਦਦ ਨਾਲ ਪਾਰਲੀਮੈਂਟ ਤੱਕ ਪਹੁੰਚ ਚੁੱਕੀ ਹੈ।ਮੋਰਚਾ ਹੁਣ ਫਤਿਹ ਦੇ ਨਜ਼ਦੀਕ ਹੈ। ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਵੱਲੋਂ ਵੀ ਸਾਰੇ ਭਾਈਚਾਰੇ ਨੂੰ ਬੇਨਤੀ ਹੈ ਕਿ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਜਰੂਰ ਇਨਾ ਵੀਰਾਂ ਵੱਲੋਂ ਕੀਤੇ ਜਾਂਦੇ ਇਕੱਠਾ ਵਿੱਚ ਹਾਜ਼ਰੀ ਭਰੋ।

Related posts

ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਪੂਰਾ ਜੀਵਨ ਸਾਦਗੀ ਤੇ ਪਰਮਾਤਮਾ ਦੀ ਸੇਵਾ ਨੂੰ ਸਮਰਪਿਤ ਸੀ ! 

admin

ਟਰੰਪ ਪਨਾਮਾ ਨਹਿਰ ਅਤੇ ਗਰੀਨਲੈਂਡ ਉਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ?

admin

ਹਮਾਸ ਯੁੱਧ ਰਣਨੀਤੀ ਬਦਲ ਕੇ ਗਾਜ਼ਾ ਵਿੱਚ ਇਜ਼ਰਾਈਲ ਦਾ ਤਣਾਅ ਵਧਾਏਗਾ !

admin