International

ਕੌਮਾਂਤਰੀ ਵਿਦਿਆਰਥੀਆਂ ਤੇ ਪ੍ਰਵਾਸੀਆਂ ਲਈ ਚੁਣੌਤੀਆਂ ਤੇ ਸੰਘਰਸ਼ ਦਾ ਰਾਹ’ ਵਿਸ਼ੇ ‘ਤੇ ਸੈਮੀਨਾਰ ਕਰਵਾਉਣ ਦਾ ਫੈਸਲਾ 

ਬਰੈਂਪਟਨ/ਕੈਨੇਡਾ – ‘ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 109ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 16 ਨਵੰਬਰ 2024, ਦਿਨ ਸ਼ਨੀਵਾਰ ਨੂੰ ਬਰੈਂਪਟਨ ਦੇ ਕੈਂਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ‘ਕੌਮਾਂਤਰੀ ਵਿਦਿਆਰਥੀਆਂ ਤੇ ਪ੍ਰਵਾਸੀਆਂ ਲਈ ਚੁਣੌਤੀਆਂ ਅਤੇ ਸੰਘਰਸ਼ ਦਾ ਰਾਹ’ ਵਿਸ਼ੇ ‘ਤੇ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ‘ਨੌਜਵਾਨ ਅਵਾਜ’ ਮੈਗਜ਼ੀਨ ਦੇ ਸੰਪਾਦਕ ਮਨਦੀਪ ਤੇ ਭਰਾਤਰੀ ਜੱਥੇਬੰਦੀਆਂ ਦੇ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ।  ‘ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’  ਦੇ ਆਗੂਆਂ ਨੇ ਬਰੈਂਪਟਨ ਨੇੜੇ ਵਸਦੇ ਕੌਮਾਂਤਰੀ ਵਿਦਿਆਰਥੀਆਂ, ਪ੍ਰਵਾਸੀ ਕਾਮਿਆਂ, ਅਗਾਂਹਵਧੂ ਭਰਾਤਰੀ ਸੰਸਥਾਵਾਂ ਤੇ ਹੋਰ ਸੁਹਿਰਦ ਲੋਕਾਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
ਇਹ ਸੰਬੰਧੀ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’ ਦੇ ਆਗੂਆਂ ਖੁਸ਼ਪਾਲ ਗਰੇਵਾਲ, ਮਨਪ੍ਰੀਤ ਕੌਰ, ਹਰਿੰਦਰ ਮਹਿਰੋਕ ਤੇ ਵਰੁਣ ਖੰਨਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਦਲਦੀਆਂ ਸੰਸਾਰ ਹਾਲਤਾਂ ਕਾਰਨ ਵਿਦੇਸ਼ਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਤੇ ਪ੍ਰਵਾਸੀਆਂ ਲਈ ਹਾਲਾਤ ਸਾਜਗਰ ਨਹੀਂ ਰਹੇ। ਕਰੋਨਾ ਕਾਲ ਤੋਂ ਬਾਅਦ ਮੱਧ ਪੂਰਬੀ ਖਿੱਤੇ ਵਿੱਚ ਵਧ ਰਹੇ ਜੰਗੀ ਤਣਾਅ ਕਾਰਨ ਵਿਕਸਿਤ ਮੁਲਕਾਂ ਵਿੱਚ ਮਹਿੰਗਾਈ ਤੇ ਬੇਰੁਜਗਾਰੀ ਲਗਾਤਾਰ ਵੱਧ ਰਹੀ ਹੈ। ਇਸਤੋਂ ਬਿਨਾ ਇਹਨਾਂ ਮੁਲਕਾਂ ਵਿੱਚ ਰਿਹਾਇਸੀ ਘਰਾਂ ਦਾ ਸੰਕਟ ਵੀ ਵਧ ਰਿਹਾ ਹੈ। ਕੈਨੇਡਾ-ਅਮਰੀਕਾ ਵਿੱਚ ਚੋਣਾਂ ਨੇੜੇ ਆਉਣ ਕਰਕੇ ਮਹਿੰਗਾਈ, ਬੇਰੁਜਗਾਰੀ ਤੇ ਰਿਹਾਇਸ਼ੀ ਘਰਾਂ ਦੇ ਸੰਕਟ ਦਾ ਜ਼ਿੰਮੇਵਾਰ ਕੌਮਾਂਤਰੀ ਵਿਦਿਆਰਥੀਆਂ ਤੇ ਕੱਚੇ ਪ੍ਰਵਾਸੀਆਂ ਨੂੰ ਠਹਿਰਾਇਆ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਜਿੱਥੇ ਇਮੀਗ੍ਰੇ਼ਸ਼ਨ ਨਿਯਮਾਂ-ਨੀਤੀਆਂ ਵਿੱਚ ਸਖ਼ਤੀ ਕੀਤੀ ਜਾ ਰਹੀ ਹੈ ਉੱਥੇ ਪ੍ਰਵਾਸੀਆਂ ਪ੍ਰਤੀ ਨਸਲੀ ਵਿਤਕਰੇਬਾਜੀ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਇਹਨਾਂ ਮੁਲਕਾਂ ਵਿੱਚ ਕੱਚੇ ਲੋਕਾਂ ਨੂੰ ਦੇਸ਼-ਨਿਕਾਲਾ ਦਿੱਤਾ ਜਾ ਰਿਹਾ ਹੈ। ਇਹਨਾਂ ਮੁਲਕਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਤੇ ਕਾਮਿਆਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਤੇ ਉਹ ਲੱਖਾਂ ਰੁਪਏ ਖਰਚਕੇ ਮੁੜ ਵਤਨੀ ਪਰਤਣ ਦੇ ਕਗਾਰ ਤੇ ਪਹੁੰਚ ਗਏ ਹਨ। ਅਜਿਹੇ ਹਾਲਤ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੀ ਗਦਰ ਪਾਰਟੀ ਦੇ ਉਹ ਬੋਲ ਮੁੜ ਫਿਰ ਸੱਚ ਸਾਬਤ ਹੋ ਰਹੇ ਹਨ ਕਿ ‘ਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈ ਨਾ, ਸਾਡਾ ਪ੍ਰਦੇਸੀਆਂ ਦੀ ਦੇਸ਼ ਕੋਈ ਨਾ।’ ਉਹਨਾਂ ਕਿਹਾ ਕਿ ਸੋਲ੍ਹਾਂ ਵਰ੍ਹਿਆਂ ਦਾ ਸਰਾਭਾ ਸਾਲ 1912 ਵਿੱਚ ਇੱਕ ਕੌਮਾਂਤਰੀ ਵਿਦਿਆਰਥੀ ਵਜੋਂ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਸੀ। ਵਿਦੇਸ਼ੀ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਤੇ ਭਾਰਤੀ ਲੋਕਾਂ ਦੀ ਗੁਲਾਮੀ ਤੋਂ ਤੰਗ ਆ ਕੇ ਉਸਨੇ ਗਦਰ ਪਾਰਟੀ ਵਿੱਚ ਸ਼ਾਮਲ ਹੋ ਕੇ ਤੇ ਵਤਨ ਪਰਤ ਕੇ ਦੇਸ਼ ਦੇ ਲੋਕਾਂ ਦੀ ਮੁਕਤੀ ਲਈ ਸੰਘਰਸ਼ ਕੀਤਾ। ਅੱਜ ਫਿਰ ਵਿਦੇਸ਼ੀ ਤਾਕਤਾਂ ਪੂਰੀ ਮਨੁੱਖਤਾ ਨੂੰ ਜੰਗ ਤੇ ਉਜਾੜੇ ਵੱਲ ਧੱਕ ਰਹੀਆਂ ਹਨ। ਭਾਰਤ ਦੇਸ਼ ਦੇ ਹਾਕਮ ਨੌਜਵਾਨਾਂ-ਵਿਦਿਆਰਥੀਆਂ ਨੂੰ ਰੁਜ਼ਗਾਰ ਤੇ ਚੰਗਾਂ ਭਵਿੱਖ ਦੇਣ ਤੋਂ ਨਾਕਾਮਯਾਬ ਸਾਬਤ ਹੋਏ ਹਨ। ਅਜਿਹੀ ਮਰਨਾਊ ਹਾਲਤ ਵਿੱਚ ਸ਼ਹੀਦਾਂ ਦੀ ਸਪਿਰਟ ਨੂੰ ਮੁੜ ਪੈਦਾ ਕਰਨ ਦੀ ਜ਼ਰੂਰਤ ਹੈ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਹਰਮੀਤ ਕੌਰ ਢਿੱਲੋਂ ਨੂੰ ਆਪਣੀ ਟੀਮ ‘ਚ ਸ਼ਾਮਿਲ ਕਰਕੇ ਬਹੁਤ ਖੁਸ਼ ਹੈ ਅਮਰੀਕਨ ਨਵੇਂ ਚੁਣੇ ਰਾਸ਼ਟਰਪਤੀ !

admin

ਵਿਦੇਸ਼ ਸਕੱਤਰ ਮਿਸਰੀ ਵੱਲੋਂ ਬੰਗਲਾਦੇਸ਼ੀ ਹਮਰੁਤਬਾ ਨਾਲ ਮੁਲਾਕਾਤ

admin