ਟੋਲ ਪਲਾਜ਼ਿਆਂ ‘ਤੇ ਭੀੜ ਅਤੇ ਪਰੇਸ਼ਾਨੀਆਂ ਨੂੰ ਘਟਾਉਣਾ ਲਈ ਹੁਣ ਇੱਕ ਨਵਾਂ ਸਾਲਾਨਾ ਪਾਸ ਉਪਲਬਧ ਹੋਵੇਗਾ। ਇਹ ਸਾਲਾਨਾ ਪਾਸ ਉਨ੍ਹਾਂ ਲੋਕਾਂ ਲਈ ਹੈ, ਜੋ ਅਕਸਰ ਰਾਸ਼ਟਰੀ ਰਾਜਮਾਰਗ ‘ਤੇ ਯਾਤਰਾ ਕਰਦੇ ਹਨ। ਇਹ ਪਾਸ 15 ਅਗਸਤ 2025 ਤੋਂ ਲਾਗੂ ਹੋਵੇਗਾ।
ਭਾਰਤ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ‘ਇਸ ਪਾਸ ਦੀ ਕੀਮਤ 3,000 ਰੁਪਏ ਹੋਵੇਗੀ। ਇਹ ਖਾਸ ਤੌਰ ‘ਤੇ ਨਿੱਜੀ, ਗੈਰ-ਵਪਾਰਕ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ ਅਤੇ ਵੈਨਾਂ ਲਈ ਹੈ। ਇਹ ਪਾਸ ਐਕਟਿਵ ਹੋਣ ਤੋਂ ਬਾਅਦ ਇੱਕ ਸਾਲ ਜਾਂ 200 ਯਾਤਰਾਵਾਂ (ਜੋ ਵੀ ਪਹਿਲਾਂ ਪੂਰਾ ਹੋ ਜਾਵੇ) ਦੇ ਯੋਗ ਹੋਵੇਗਾ। ਉਪਭੋਗਤਾ ਰਾਸ਼ਟਰੀ ਰਾਜਮਾਰਗ ਐਪ ਅਤੇ ਐਨਐਚਏਆਈ ਅਤੇ ਐਮੳਆਰਟੀਐਚ ਦੇ ਅਧਿਕਾਰਤ ਪੋਰਟਲ ‘ਤੇ ਇੱਕ ਵਿਸ਼ੇਸ਼ ਭਾਗ ਰਾਹੀਂ ਆਪਣੇ ਪਾਸ ਨੂੰ ਐਕਟੀਵੇਟ ਅਤੇ ਰੀਨਿਊ ਕਰਨ ਦੇ ਯੋਗ ਹੋਣਗੇ। ਇਸ ਪਾਸ ਦਾ ਉਦੇਸ਼ ਟੋਲ ਪਲਾਜ਼ਿਆਂ ‘ਤੇ ਭੀੜ ਅਤੇ ਪਰੇਸ਼ਾਨੀਆਂ ਨੂੰ ਘਟਾਉਣਾ ਹੈ। ਖਾਸ ਕਰਕੇ ਉਨ੍ਹਾਂ ਲਈ ਜੋ ਟੋਲ ਪਲਾਜ਼ਾ ਤੋਂ 60 ਕਿਲੋਮੀਟਰ ਦੇ ਅੰਦਰ ਰਹਿੰਦੇ ਹਨ। ਅਕਸਰ ਅਜਿਹਾ ਹੁੰਦਾ ਹੈ ਕਿ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਟੋਲ ਦੇਣਾ ਪੈਂਦਾ ਹੈ। ਉਨ੍ਹਾਂ ਨੂੰ ਇਸ ਪਾਸ ਤੋਂ ਰਾਹਤ ਮਿਲੇਗੀ। ਵਰਤਮਾਨ ਵਿੱਚ ਜੋ ਲੋਕ ਅਕਸਰ ਕਿਸੇ ਖਾਸ ਟੋਲ ਪਲਾਜ਼ਾ ਤੋਂ ਲੰਘਦੇ ਹਨ, ਉਹ ਪਤਾ ਸਬੂਤ ਅਤੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾ ਕੇ ਮਹੀਨਾਵਾਰ ਪਾਸ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਪਾਸਾਂ ਦੀ ਕੀਮਤ 340 ਰੁਪਏ ਪ੍ਰਤੀ ਮਹੀਨਾ ਹੈ, ਜੋ ਕਿ ਪ੍ਰਤੀ ਸਾਲ 4,080 ਰੁਪਏ ਬਣਦੀ ਹੈ।’
ਸਰਕਾਰ ਦਾ ਮੰਨਣਾ ਹੈ ਕਿ ਇਸ ਪਾਸ ਨਾਲ ਟੋਲ ਪਲਾਜ਼ਾ ‘ਤੇ ਭੀੜ ਘੱਟ ਜਾਵੇਗੀ। ਟੋਲ ਨੂੰ ਲੈ ਕੇ ਵਿਵਾਦ ਵੀ ਘੱਟ ਜਾਣਗੇ। ਨਿੱਜੀ ਵਾਹਨ ਹਾਈਵੇ ‘ਤੇ ਤੇਜ਼ੀ ਨਾਲ ਚੱਲ ਸਕਣਗੇ। ਸਰਕਾਰ ਚਾਹੁੰਦੀ ਹੈ ਕਿ ਸਭ ਕੁਝ ਡਿਜੀਟਲ ਬਣ ਜਾਵੇ। ਇਸ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਸੜਕਾਂ ਵੀ ਆਧੁਨਿਕ ਬਣ ਜਾਣਗੀਆਂ। ਇਹ ਸਭ ਰਾਸ਼ਟਰੀ ਹਾਈਵੇ ਗਰਿੱਡ ‘ਤੇ ਉਪਭੋਗਤਾਵਾਂ ਦੀ ਸਹੂਲਤ ਵਧਾਉਣ ਲਈ ਕੀਤਾ ਜਾ ਰਿਹਾ ਹੈ।