ਵਾਸ਼ਿੰਗਟਨ – ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਮਰੀਕੀ ਯਾਤਰਾ ਅਤੇ ਉਨ੍ਹਾਂ ਦੀ ਸੰਭਾਵੀ ਗ੍ਰਿਫ਼ਤਾਰੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਵਿਚਾਲੇ ਤਿੱਖਾ ਰਾਜਨੀਤਿਕ ਅਤੇ ਕੂਟਨੀਤਕ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ।
ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਗੱਲ ਦੀ ਕਾਨੂੰਨੀ ਜਾਂਚ ਕਰ ਰਿਹਾ ਹੈ ਕਿ ਜੇਕਰ ਇਜ਼ਰਾਈਲੀ ਪ੍ਰਧਾਨ ਮੰਤਰੀ ਨਿਊਯਾਰਕ ਆਉਂਦੇ ਹਨ ਤਾਂ ਕੀ ਸਥਾਨਕ ਕਾਨੂੰਨ ਅਧੀਨ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਜਾ ਸਕਦਾ ਹੈ। ਮਮਦਾਨੀ ਨੇ ਨੇਤਨਯਾਹੂ ਨੂੰ “ਯੁੱਧ ਅਪਰਾਧੀ” ਕਰਾਰ ਦਿੱਤਾ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਮਦਾਨੀ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਨੇਤਨਯਾਹੂ ਨੂੰ ਅਮਰੀਕੀ ਧਰਤੀ ‘ਤੇ ਕਿਸੇ ਵੀ ਹਾਲਤ ‘ਚ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਟਰੰਪ ਨੇ ਕਿਹਾ ਕਿ ਨੇਤਨਯਾਹੂ ਈਰਾਨ ਦੇ ਸ਼ਾਸਨ ਵਿਰੁੱਧ ਲੜ ਰਹੇ ਹਨ, ਜਿਸ ਨੇ ਅਮਰੀਕੀ ਸੈਨਿਕਾਂ ਅਤੇ ਨਿਰਦੋਸ਼ ਲੋਕਾਂ ਦੀ ਜਾਨ ਲਈ ਹੈ। ਇਜ਼ਰਾਈਲ ਦਾ ਪੱਖ ਅਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦਾ ਵਾਰੰਟ ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਮੇਅਰ ਮਮਦਾਨੀ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ। ਇਜ਼ਰਾਈਲ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੁਆਰਾ ਨਵੰਬਰ 2024 ਵਿੱਚ ਨੇਤਨਯਾਹੂ ਅਤੇ ਸਾਬਕਾ ਰੱਖਿਆ ਮੰਤਰੀ ਯੋਆਵ ਗੈਲੈਂਟ ਵਿਰੁੱਧ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟਾਂ ਨੂੰ ਜਾਅਲੀ ਦੱਸਿਆ ਹੈ। ਇਜ਼ਰਾਈਲ ਅਨੁਸਾਰ ਅਦਾਲਤ ਕੋਲ ਅਮਰੀਕਾ ਜਾਂ ਇਜ਼ਰਾਈਲ ‘ਤੇ ਕੋਈ ਅਧਿਕਾਰ ਖੇਤਰ ਨਹੀਂ ਹੈ। ਇਸ ਤੋਂ ਇਲਾਵਾ ਅਮਰੀਕਾ ਵੀ ਰੋਮ ਕਾਨੂੰਨ ਦਾ ਹਿੱਸੇਦਾਰ ਨਹੀਂ ਹੈ, ਜਿਸ ਕਾਰਨ ਅਮਰੀਕੀ ਪ੍ਰਸ਼ਾਸਨ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਕਾਨੂੰਨੀ ਤੌਰ ‘ਤੇ ਵਚਨਬੱਧ ਨਹੀਂ ਹੈ।
