Breaking NewsLatest NewsPunjab

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ’ਚ ਸਿੱਖਿਆ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ

ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਡਾ. ਦੇਵਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਨਾਲ ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ ਤੇ ਹੋਰ ਸਟਾਫ। 

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਦੀ ਸਾਹਿਤ ਸਭਾ ਵੱਲੋਂ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ਼ ਰਾਸ਼ਟਰੀ ਸਿੱਖਿਆ ਦਿਵਸ ਨੂੰ ਸਮਰਪਿਤ ‘ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਦੌਰ ’ਚ ਸਿੱਖਿਆ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸਮਾਗਮ ਦੌਰਾਨ ਫੂਡ ਸਾਇੰਸ ਐਂਡ ਟੈਕਨਾਲੋਜੀ ਦੇ ਵਿਭਾਗ ਮੁਖੀ ਅਤੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੇ ਪ੍ਰਧਾਨ ਡਾ. ਗੁਰਸ਼ਰਨ ਕੌਰ ਨੇ ਮੁੱਖ ਮਹਿਮਾਨ ਅਤੇ ਕਾਲਜ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਪੰਜਾਬੀ ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਨਾਲ ਮਿਲ ਕੇ ਡਾ. ਗੁਰਸ਼ਰਨ ਕੌਰ ਅਤੇ ਡਾ. ਦੇਵਿੰਦਰ ਸਿੰਘ ਦਾ ਸਵਾਗਤ ਕਰਨ ਉਪਰੰਤ ਕਿਹਾ ਕਿ ਅੱਜ ਦੇ ਬਦਲਦੇ ਤਕਨੀਕੀ ਯੁੱਗ ’ਚ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕਾਂ ਨਾਲ਼ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਾਲਜ ਦੀ ਫੈਕਲਟੀ ਦੀ ਕਾਬਲੀਅਤ ਬਾਰੇ ਜਾਣੂ ਕਰਵਾਉਂਦਿਆਂ ਸਿੱਖਿਆ ਦੇ ਖੇਤਰ ’ਚ ਕਾਲਜ ਦੇ ਅਹਿਮ ਸਥਾਨ ਬਾਰੇ ਜਾਣਕਾਰੀ ਦਿੱੱਤੀ। ਉਨ੍ਹਾਂ ਸਿੱਖਿਆ ਦੇ ਖੇਤਰ ’ਚ ਏ. ਆਈ. ਦੀ ਸਹੀ ਵਰਤੋਂ ਅਤੇ ਇਸ ’ਤੇ ਨਿਰਭਰ ਹੋਣ ਦੇ ਨੁਕਸਾਨ ਸਪੱਸ਼ਟ ਕਰਦਿਆਂ ਏ. ਆਈਂ ਦੇ ਦੌਰ ’ਚ ਮਨੁੱਖ ਦੀ ਅਹਿਮੀਅਤ ਬਾਰੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਡਾ. ਦੇਵਿੰਦਰ ਸਿੰਘ ਨੇ ਉਕਤ ਵਿਸ਼ੇ ’ਤੇ ਬੋਲਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਿੱਖਿਆ ਖੇਤਰ ’ਚ ਵੱਧ ਰਹੇ ਪ੍ਰਭਾਵ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਵੇਂ ਏ. ਆਈ. ਟੂਲਜ਼ ਪੜ੍ਹਾਈ, ਖੋਜ—ਕਾਰਜ ਅਤੇ ਭਾਸ਼ਾ ਦੇ ਵਿਕਾਸ ’ਚ ਮਦਦਗਾਰ ਸਾਬਤ ਹੋ ਸਕਦੇ ਹਨ।ਇਸ ਦੇ ਨਾਲ਼ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਏ. ਆਈ. ਦੀ ਸਹੀ, ਨੈਤਿਕ ਅਤੇ ਜ਼ਿੰਮੇਵਾਰਾਨਾ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੀ ਮੌਲਿਕ ਸੋਚ ਨੂੰ ਬਰਕਰਾਰ ਰੱਖ ਸਕਣ। ਉਨ੍ਹਾਂ ਪ੍ਰਸਿੱਧ ਵਿਦਵਾਨਾਂ ਦੀ ਉਦਾਹਰਣ ਅਤੇ ਵਿਚਾਰਾਂ ਦੇ ਮੱਦੇਨਜਰ ਸਿੱਖਿਆ ਦੇ ਖੇਤਰ ’ਚ ਅਧਿਆਪਕ ਦੀ ਭੂਮਿਕਾ ਤੋਂ ਜਾਣੂ ਕਰਵਾਉਂਦਿਆਂ ਮਨੁੱਖ ਦੇ ਜੀਵਨ ’ਚ ਚੰਗੇ ਅਧਿਆਪਕ ਦੇ ਮਹੱਤਵ ਤੋਂ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਏ. ਆਈ. ਯੁੱਗ ’ਚ ਅਧਿਆਪਕ ਦੀ ਨਿਗਰਾਨੀ ਹੇਠ ਵਿਚਰਨ ਦੀ ਹਦਾਇਤ ਦਿੰਦਿਆਂ ਆਪਣੇ ਸਵਾਲਾਂ ਦੇ ਹੱਲ ਲਈ ਏ. ਆਈ. ’ਤੇ ਅੰਨ੍ਹੇ ਵਿਸ਼ਵਾਸ ਨਾਲ਼ੋਂ ਚੰਗੇ ਅਧਿਆਪਕ ਦੇ ਮਾਰਗ ਦਰਸ਼ਨ ਅਧੀਨ ਸੱਚ ਦੀ ਖੋਜ਼ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਿਸਟਮ ਨੂੰ ਬਦਲਣ ਲਈ ਅਕਲ ਤੋਂ ਹੀਣੇ ਹੋਣ ਦੀ ਜਗ੍ਹਾ ’ਤੇ ਸੁਚੇਤ ਰੂਪ ’ਚ ਗਿਆਨ ਇਕੱਤਰ ਕਰਨ ਦੀ ਗੱਲ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਸਿਸਟਮ ਦੇ ਸੱਚ ਤੋਂ ਜਾਣੂੰ ਕਰਵਾਇਆ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੋਣ ਦੀ ਥਾਂ ’ਤੇ ਆਪਣੇ ਵਿਚਾਰ ਪੈਦਾ ਕਰਨ ਦੀ ਸਮਰੱਥਾ ਨੂੰ ਵਧਾਉਣ ਦੀ ਗੱਲ ਆਖਦਿਆਂ ਏ. ਆਈ. ਦੀ ਗੁਲਾਮੀ ਨਾਲ਼ੋਂ ਇਸ ਦੀ ਲੋੜੀਂਦੀ ਵਰਤੋਂ ਕਰਦਿਆਂ ਆਪਣੇ ਵਿਚਾਰਾਂ ’ਤੇ ਨਿਰਭਰ ਹੋਣ ਦੀ ਗੱਲ ਆਖਦਿਆਂ ਵਿਦਿਆਰਥੀਆਂ ਨੂੰ ਸੁਣਨ, ਧੀਰਜ ਰੱਖਣ ਅਤੇ ਜਗਿਆਸੂ ਬਿਰਤੀ ਦੇ ਮਾਲਕ ਹੋਣ ਦੀ ਗੱਲ ਆਖੀ।

ਇਸ ਮੌਕੇ ਡਾ. ਗੁਰਸ਼ਰਨ ਕੌਰ ਨੇ ਇਨੋਵੇਸ਼ਨ ਕੌਂਸਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ਅਤੇ ਤਕਨੀਕੀ ਨਵੀਨਤਾਵਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਆਏ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਮੁੱਖ ਵਕਤਾ ਅਤੇ ਮੁੱਖ ਮਹਿਮਾਨ ਦੇ ਵਿਚਾਰਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਨਿਮਰਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸਮਾਗਮ ਮੌਕੇ ਮੰਚ ਸੰਚਾਲਨ ਡਾ. ਹੀਰਾ ਸਿੰਘ ਨੇ ਕੀਤਾ। ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Related posts

ਖਰਚੇ ਪੂਰੇ ਕਰਨ ਲਈ ਪੰਜਾਬ ਸਰਕਾਰ ਨੇ ਲਿਆ ਹੋਰ ਕਰਜ਼ਾ !

admin

ਵਿਧਾਇਕਾ ਮਾਣੂੰਕੇ ਨੇ ਆਂਗਨਵਾੜੀ ਵਰਕਰਾਂ ਨੂੰ ਨਿਯੁੱਕਤੀ ਪੱਤਰ ਵੰਡੇ

admin

ਬੰਗਲਾਦੇਸ਼ ਵਿੱਚ ਨਸਲਕੁਸ਼ੀ ਹੋ ਰਹੀ ਹੈ: ਪ੍ਰੋ. ਵਿਨੇ ਕਪੂਰ ਮਹਿਰਾ

Bunty