ਸਿਓਲ – ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਇਹ ਗੱਲ ਸਵੀਕਾਰ ਕਰ ਲਈ ਕਿ ਉਸ ਨੇ ਪਣਡੁੱਬੀ ਤੋਂ ਮਿਜ਼ਾਈਲ ਦੀ ਸਫਲ ਪਰਖ ਕੀਤੀ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਰਿਪੋਰਟ ਜਾਰੀ ਕਰ ਕੇ ਕਿਹਾ, ਮਿਜ਼ਾਈਲ ਪਰਖ ਮੰਗਲਵਾਰ ਨੂੰ ਕੀਤੀ ਗਈ। ਦੋ ਸਾਲ ਬਾਅਦ ਇਸ ਤਰ੍ਹਾਂ ਦੀ ਕੋਈ ਵੱਡੀ ਮਿਜ਼ਾਈਲ ਪਰਖ ਕੀਤੀ ਗਈ ਹੈ। ਇਸ ਨਾਲ ਉਸ ਦੀ ਜਲ ਸੈਨਾ ਦੀ ਸਮੁੰਦਰੀ ਜੰਗੀ ਸਮਰੱਥਾ ਵਧੀ ਹੈ। ਨਵੀਂ ਮਿਜ਼ਾਈਲ ‘ਚ ਐਡਵਾਂਸ ਕੰਟਰੋਲ ਗਾਈਡੈਂਸ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ।
ਇਹ ਮਿਜ਼ਾਈਲ ਉਸੇ ਪਣਡੁੱਬੀ ਤੋਂ ਦਾਗੀ ਗਈ, ਜਿਸ ਦੀ ਵਰਤੋਂ ਉੱਤਰੀ ਕੋਰੀਆ ਨੇ ਪੰਜ ਸਾਲ ਪਹਿਲਾਂ ਪਹਿਲੀ ਐੱਸਐੱਲਬੀਐੱਮ ਦੀ ਪਰਖ ਲਈ ਕੀਤੀ ਸੀ। ਇਸ ਪਰਖ ਦੀਆਂ ਤਸਵੀਰਾਂ ਤੇ ਵੀਡੀਓ ਵੀ ਜਾਰੀ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਜਾਪਾਨ ਤੇ ਦੱਖਣੀ ਕੋਰੀਆ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਮਿਜ਼ਾਈਲ ਦੀ ਪਰਖ ਕੀਤੀ ਹੈ। ਮਿਜ਼ਾਈਲ ਨੇ ਕਰੀਬ 600 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਨਿਸ਼ਾਨਾ ਵਿੰਨਿ੍ਹਆ। ਜਾਪਾਨ ਨੇ ਇਸ ਨੂੰ ਖੇਤਰ ‘ਚ ਤਣਾਅ ਵਧਾਉਣ ਵਾਲਾ ਕਦਮ ਕਰਾਰ ਦਿੱਤਾ ਸੀ।