ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਵੋਲਗਾ ਇਨਫੋਸਿਸ ਦੇ ਸਹਿਯੋਗ ਨਾਲ ‘ਵਰਚੁਅਲ ਰਿਐਲਿਟੀ ਅਤੇ ਸਿਮੂਲੇਸ਼ਨ ਰਾਹੀਂ ਏ. ਆਈ. ਐਮ. ਐਲ. ਅਤੇ ਡਰੋਨ ਤਕਨਾਲੋਜੀ ਦਾ ਅਨੁਭਵ’ ਵਿਸ਼ੇ ’ਤੇ ਵਿਹਾਰਕ ਵਰਕਸ਼ਾਪ ਕਰਵਾਈ ਗਈ। ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਡੀਨ ਡਾ. ਮੰਜ਼ੂ ਬਾਲਾ ਦੀ ਅਗਵਾਈ ਹੇਠ ਕਰਵਾਈ ਗਈ ਉਕਤ ਵਰਕਸ਼ਾਪ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਸਿੱਖਿਆ, ਉਦਯੋਗ ਅਤੇ ਨਵੀਨਤਾ ਦੇ ਖੇਤਰਾਂ ’ਚ ਉੱਭਰ ਰਹੀਆਂ ਤਕਨਾਲੋਜੀਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਿਰਫ਼ ਸਿਧਾਂਤਕ ਗਿਆਨ ਤੱਕ ਸੀਮਤ ਨਾ ਰਹਿਣ, ਸਗੋਂ ਵਿਹਾਰਕ ਅਤੇ ਤਜਰਬੇ ਆਧਾਰਿਤ ਸਿੱਖਿਆ ਰਾਹੀਂ ਨਵੀਆਂ ਤਕਨਾਲੋਜੀਆਂ ’ਚ ਮੁਹਾਰਤ ਹਾਸਲ ਕਰਨ।ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਲਾਸਰੂਮ ’ਚ ਪ੍ਰਾਪਤ ਗਿਆਨ ਅਤੇ ਅਸਲ ਤਕਨੀਕੀ ਵਰਤੋਂ ਵਿਚਕਾਰਲੇ ਪਾੜੇ ਨੂੰ ਦੂਰ ਕਰਨ ਲਈ ਇਕ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਯੂਨੀਵਰਸਿਟੀ ਵੱਲੋਂ ਨਵੀਨਤਾ, ਵਿਹਾਰਕ ਸਿੱਖਿਆ, ਤਕਨਾਲੋਜੀ ਆਧਾਰਿਤ ਸਿੱਖਿਆ ਅਤੇ ਉਦਯੋਗ ਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਮੌਕੇ ਡਾ. ਬਾਲਾ ਨੇ ਇੰਜੀਨੀਅਰਿੰਗ ਦੀ ਸਿੱਖਿਆ ’ਚ ਇਮਰਸਿਵ ਅਤੇ ਤਜਰਬੇ ਆਧਾਰਿਤ ਸਿੱਖਣ ਦੇ ਮਹੱਤਵ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.), ਮਸ਼ੀਨ ਲਰਨਿੰਗ (ਐਮ. ਐਲ.), ਡਰੋਨ ਤਕਨਾਲੋਜੀ, ਵਰਚੁਅਲ ਰਿਐਲਿਟੀ ਅਤੇ ਸਿਮੂਲੇਸ਼ਨ ਵਰਗੀਆਂ ਤਕਨਾਲੋਜੀਆਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਉਹ ਇਨ੍ਹਾਂ ਤਕਨਾਲੋਜੀਆਂ ਦੇ ਵਿਹਾਰਕ ਉਪਯੋਗਾਂ ਨੂੰ ਸਮਝਣ ਦੇ ਨਾਲ—ਨਾਲ ਤੇਜ਼ੀ ਨਾਲ ਬਦਲ ਰਹੇ ਤਕਨੀਕੀ ਦੌਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਹੁੰਦੇ ਹਨ।
ਇਸ ਵਰਕਸ਼ਾਪ ਦੌਰਾਨ ਵੋਲਗਾ ਇਨਫੋਸਿਸ ਦੀ ਮਾਹਿਰ ਟੀਮ ਵੱਲੋਂ ਵਿਸ਼ੇਸ਼ ਸੈਸ਼ਨ ਕਰਵਾਏ ਗਏ। ਇਸ ਟੀਮ ’ਚ ਵੋਲਗਾ ਇਨਫੋਸਿਸ ਦੇ ਸੀਈਓ ਸ੍ਰੀ ਸ਼ਿਵਮ ਕੁਮਾਰ, ਮੁਖੀ—ਰਣਨੀਤਕ ਭਾਈਵਾਲੀਆਂ ਸ੍ਰੀ ਨਿਰਵਾਨ ਭਾਰਦਵਾਜ, ਏ. ਆਈ. ਐਮ. ਐਲ. ਡਿਵੈਲਪਰ ਸ੍ਰੀ ਅਨਮੋਲ ਸ਼ਰਮਾ ਅਤੇ ਮੁਖੀ—ਕਾਰੋਬਾਰੀ ਵਿਕਾਸ ਸ੍ਰੀ ਆਸਿਫ਼ ਖ਼ਾਨ ਸ਼ਾਮਿਲ ਸਨ।ਇਸ ਮੌਕੇ ਮਾਹਿਰਾਂ ਨੇ ਭਾਗ ਲੈਣ ਵਾਲਿਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡਰੋਨ ਤਕਨਾਲੋਜੀ, ਵਰਚੁਅਲ ਰਿਐਲਿਟੀ ਅਤੇ ਸਿਮੂਲੇਸ਼ਨ ਦੇ ਵੱਖ—ਵੱਖ ਉਪਯੋਗਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਡਾ. ਬਾਲਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਏ. ਆਈ. ਐਮ. ਐਲ. ਐਪਲੀਕੇਸ਼ਨਾਂ, ਡਰੋਨ ਤਕਨਾਲੋਜੀ, ਵਰਚੁਅਲ ਰਿਐਲਿਟੀ ਅਤੇ ਸਿਮੂਲੇਸ਼ਨ ਆਧਾਰਿਤ ਪਲੇਟਫਾਰਮਾਂ ਨੂੰ ਖ਼ੁਦ ਵਰਤਣ ਅਤੇ ਸਮਝਣ ਦਾ ਮੌਕਾ ਮਿਲਿਆ।ਇਸ ਨਾਲ ਉਨ੍ਹਾਂ ਨੂੰ ਇਹ ਜਾਣਨ ’ਚ ਮਦਦ ਮਿਲੀ ਕਿ ਅਸਲ ਜੀਵਨ ਦੀਆਂ ਸਥਿਤੀਆਂ ’ਚ ਇਨ੍ਹਾਂ ਤਕਨਾਲੋਜੀਆਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਹਾਰਕ ਤਜਰਬੇ ਨੇ ਉਨ੍ਹਾਂ ਨੂੰ ਕਲਾਸਰੂਮ ’ਚ ਸਿੱਖੇ ਸਿਧਾਂਤਕ ਗਿਆਨ ਨੂੰ ਅਸਲ ਜੀਵਨ ਦੇ ਉਪਯੋਗਾਂ ਨਾਲ ਜੋੜਨ ਦਾ ਮੌਕਾ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੂੰ ਇੰਜੀਨੀਅਰਿੰਗ, ਉਦਯੋਗ ਅਤੇ ਨਵੀਨਤਾ ਦੇ ਖੇਤਰਾਂ ’ਚ ਉੱਭਰ ਰਹੀਆਂ ਤਕਨਾਲੋਜੀਆਂ ਦੀਆਂ ਸੰਭਾਵਨਾਵਾਂ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਹਾਸਲ ਹੋਈ।
ਇਸ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਐਗਜੇਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ ਨੇ ਸਾਂਝੇ ਤੌਰ ’ਤੇ ਵਿਦਿਆਰਥੀਆਂ ਨੇ ਉੱਭਰ ਰਹੀਆਂ ਤਕਨਾਲੋਜੀਆਂ ਸਬੰਧੀ ਸਿੱਧਾ ਅਤੇ ਵਿਹਾਰਕ ਤਜਰਬਾ ਹਾਸਲ ਕਰਨ ਦੇ ਨਾਲ—ਨਾਲ ਉਦਯੋਗਿਕ ਮਾਹਿਰਾਂ ਨਾਲ ਵਿਚਾਰ—ਵਟਾਂਦਰਾ ਕਰਨ ਦੇ ਮੌਕੇ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਲਈ ਗਿਆਨਵਰਧਕ, ਦਿਲਚਸਪ ਅਤੇ ਲਾਹੇਵੰਦ ਸਿੱਖਣ ਦਾ ਤਜਰਬਾ ਸਾਬਤ ਹੋਈ।
