ਕੋਲਕਾਤਾ – ਬੰਗਾਲ ’ਚ ਕਥਿਤ ਕੋਲਾ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਸੋਮਵਾਰ ਨੂੰ ਦਿੱਲੀ ਵਿਚ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਗੇ। ਇਸ ਮਾਮਲੇ ’ਚ ਅਭਿਸ਼ੇਕ ਨਾਲ ਉਨ੍ਹਾਂ ਦੀ ਪਤਨੀ ਰੂਜਿਰਾ ਬੈਨਰਜੀ ਨੂੰ ਵੀ ਈਡੀ ਨੇ ਤਲਬ ਕੀਤਾ ਸੀ। ਰੂਜੀਰਾ ਨੂੰ ਇਕ ਸਤੰਬਰ ਨੂੰ ਹੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਕੋਵਿਡ-19 ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਉਹ ਦਿੱਲੀ ਵਿਚ ਈਡੀ ਦਫ਼ਤਰ ’ਚ ਹਾਜ਼ਰ ਨਹੀਂ ਹੋਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਅਭਿਸ਼ੇਕ ਬੈਨਰਜੀ ਸੋਮਵਾਰ ਨੂੰ ਈਡੀ ਦਫ਼ਤਰ ’ਚ ਜਾਣਗੇ ਅਤੇ ਅਧਿਕਾਰੀਆਂ ਦੇ ਸਵਾਲਾਂ ਦਾ ਜਵਾਬ ਦੇਣਗੇ। ਟੀਐੱਮਸੀ ਸੂਤਰਾਂ ਦਾ ਕਹਿਣਾ ਹੈ ਕਿ ਸਿਆਸੀ ਬਦਲੇ ਦੀ ਭਾਵਨਾ ਨਾਲ ਉਨ੍ਹਾਂ ਖ਼ਿਲਾਫ਼ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ, ਪਰ ਅਭਿਸ਼ੇਕ ਕਾਨੂੰਨ ਦਾ ਪਾਲਣ ਕਰਨਗੇ। ਸੀਬੀਆਈ ਵੱਲੋਂ ਨਵੰਬਰ, 2020 ਵਿਚ ਦਰਜ ਇਕ ਐੱਫਆਈਆਰ ਦਾ ਅਧਿਐਨ ਕਰਨ ਤੋਂ ਬਾਅਦ ਈਡੀ ਨੇ ਵੀ ਕਥਿਤ ਕੋਲਾ ਘੁਟਾਲੇ ਵਿਚ ਧਨ ਸ਼ੋਧਨ ਨਿਵਾਰਨ ਕਾਨੂੰਨ (ਪੀਐੱਮਐੱਲਏ) ਦੀਆਂ ਅਪਰਾਧਕ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਸੀਬੀਆਈ ਦੀ ਐੱਫਆਈਆਰ ’ਚ ਆਸਨਸੋਲ ਅਤੇ ਉਸ ਦੇ ਆਲੇ-ਦੁਆਲੇ ਕੁਨੂਸਤੋਰੀਆ ਅਤੇ ਕਜੋਰਾ ਇਲਾਕਿਆਂ ਵਿਚ ਈਸਟਰਨ ਕੋਲਫੀਲਡਸ ਲਿਮਟਿਡ (ਈਸੀਐੱਲ) ਦੀਆਂ ਖਾਨਾਂ ਤੋਂ ਕਰੋੜਾਂ ਰੁਪਏ ਦੇ ਕੋਲਾ ਚੋਰੀ ਘੁਟਾਲੇ ਦਾ ਦੋਸ਼ ਲਾਇਆ ਗਿਆ ਹੈ। ਇਸ ਮਾਮਲੇ ’ਚ ਅਨੂਪ ਮਾਂਜੀ ਉਰਫ਼ ਲਾਲਾ ਮੁੱਖ ਸ਼ੱਕੀ ਹੈ। ਅਭਿਸ਼ੇਕ ਅਤੇ ਉਨ੍ਹਾਂ ਦੀ ਪਤਨੀ ਰੂਜਿਰਾ ’ਤੇ ਦੋਸ਼ ਹਨ ਕਿ ਦੋਵਾਂ ਨੇ ਆਪਣੀਆਂ ਕੰਪਨੀਆਂ ਦੇ ਖਾਤੇ ’ਚ ਅਜਿਹੇ ਲੋਕਾਂ ਤੋਂ ਪੈਸੇ ਟਰਾਂਸਫਰ ਕਰਵਾਏ ਹਨ, ਜਿਨ੍ਹਾਂ ਦਾ ਸਬੰਧ ਕੋਲਾ ਘੁਟਾਲੇ ਨਾਲ ਹੈ।