ਬੀਜਿੰਗ – ਅਮਰੀਕੀ ਫ਼ੌਜ ਦੇ ਜਾਣ ਤੋਂ ਬਾਅਦ ਚੀਨ ਤਾਲਿਬਾਨ ਨੂੁੰ ਉਪਰੀ ਤੌਰ ’ਤੇ ਬੇਸ਼ੱਕ ਖੁੱਲ੍ਹਾ ਸਮਰਥਨ ਦੇ ਰਿਹਾ ਹੈ ਪਰ ਅੰਦਰੋਂ ਉਹ ਵੀ ਭੰਬਲਭੂਸੇ ’ਚ ਹੈ। ਉਸ ਨੇ ਤਾਲਿਬਾਨ ਨੂੰ ਨਸੀਹਤ ਦਿੱਤੀ ਹੈ ਕਿ ਜੇ ਉਸ ਨੇ ਕੌਮਾਂਤਰੀ ਪੱਧਰ ’ਤੇ ਮਾਨਤਾ ਹਾਸਲ ਕਰਨੀ ਹੈ ਤਾਂ ਸਾਰੇ ਅੱਤਵਾਦੀ ਸੰਗਠਨਾਂ ਨਾਲ ਹਰ ਤਰ੍ਹਾਂ ਦੇ ਸਬੰਧਾਂ ਨੂੰ ਤੋੜ ਦੇਵੇ। ਨਾਲ ਹੀ ਜਲਦ ਤੋਂ ਜਲਦ ਲਚੀਲੇ ਨਿਯਮਾਂ ਨੂੰ ਅਪਣਾਉਂਦੇ ਹੋਏ ਮਿਲੀ-ਜੁਲੀ ਸਰਕਾਰ ਦਾ ਗਠਨ ਕਰੇ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਪ੍ਰੈੱਸ ਕਾਨਫਰੰਸ ’ਚ ਗੁਆਂਢੀ ਦੇਸ਼ਾਂ ’ਚ ਅਮਰੀਕੀ ਫ਼ੌਜ ਦੀ ਦਖ਼ਲਅੰਦਾਜ਼ੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਦੂਸਰੇ ਦੇਸ਼ਾਂ ’ਚ ਬਿਨਾਂ ਵਜ੍ਹਾ ਫ਼ੌਜ ਦੀ ਦਖ਼ਲ ਦੀ ਕੀ ਅੰਜਾਮ ਹੁੰਦਾ ਹੈ, ਇਹ ਅਮਰੀਕਾ ਨੇ ਵੀਹ ਸਾਲ ਅਫ਼ਗਾਨਿਸਤਾਨ ’ਚ ਰਹਿਣ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਦੇਖ ਲਿਆ ਹੈ। ਚੀਨ ਦੇ ਅਫ਼ਗਾਨਿਸਤਾਨ ਨੂੰ ਮਾਨਤਾ ਦੇਣ ਦੇ ਸਵਾਲ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਤਾਲਿਬਾਨ ਅਫ਼ਗਾਨਿਸਤਾਨ ’ਚ ਇਕ ਮਿਲੀ-ਜੁਲੀ ਸਰਕਾਰ ਬਣੇ, ਜਿਸ ਦੀਆਂ ਘਰੇਲੂ ਤੇ ਵਿਦੇਸ਼ੀ ਨੀਤੀਆਂ ’ਚ ਲਚੀਲਾਪਣ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਤਾਲਿਬਾਨ ਦੇ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਨੇ ਚੀਨ ਯਾਤਰਾ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਈਗਰ ਮੁਸਲਿਮ ਅੱਤਵਾਦੀ ਗੁਰੱਪ ਈਸਟ ਤੁਰਕਿਸਤਾਨ ਇਸਲਾਮਿਕ ਮੂੁਵਮੈਂਟ ਨੂੰ ਅਫ਼ਗਾਨਿਸਤਾਨ ਦੀ ਧਰਤੀ ਤੋਂ ਕੋਈ ਸਰਗਰਮੀ ਨਹੀਂ ਕਰਨ ਦੇਣਗੇ। ਤਾਲਿਬਾਨ ਨੂੰ ਵਾਅਦਾ ਨਿਭਾਉਣਾ ਚਾਹੀਦਾ ਹੈ।