ਅੰਮ੍ਰਿਤਸਰ – ਖਾਲਸਾ ਕਾਲਜ ਫ਼ਾਰ ਵੂਮੈਨ ਅਤੇ ਬੈਂਗਲੁਰੂ (ਕਰਨਾਟਕਾ) ਸਥਿਤ ਆਸਰ ਸੋਸ਼ਲ ਇਮਪੈਕਟ ਐਡਵਾਈਜ਼ਰਜ਼ ਪ੍ਰਾਈਵੇਟ ਲਿਮਟਿਡ ਦਰਮਿਆਨ ਅੱਜ ਸਾਫ਼ ਹਵਾ ਦੇ ਖੇਤਰਾਂ ’ਚ ਮਿਲ ਕੇ ਕੰਮ ਕਰਨ ਲਈ ਇਕ ‘ਸਮਝੌਤੇ ਪੱਤਰ’ ’ਤੇ ਦਸਤਖ਼ਤ ਕੀਤੇ ਗਏ। ਇਹ ਸਮਝੌਤਾ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜੂਦਗੀ ’ਚ ਕੀਤਾ ਗਿਆ। ਇਸ ਸਮਝੌਤੇ ਰਾਹੀਂ ਉਕਤ ਕਾਲਜ ਵਿਖੇ ਹਵਾ ਦੀ ਗੁਣਵੱਤਾ ਦੀ ਜਾਂਚ ਲਈ ‘ਪੰਜਾਬ ਏਅਰ ਕੇਅਰ ਸੈਂਟਰ’ ਸਥਾਪਿਤ ਕੀਤਾ ਜਾਵੇਗਾ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਅਤੇ ਆਸਾਰ ਦੇ ਪ੍ਰੋਗਰਾਮ ਮੁਖੀ ਸਨਮਦੀਪ ਸਿੰਘ ਨੇ ਸਮਝੌਤਿਆਂ ’ਤੇ ਦਸਤਖਤ ਕੀਤੇ। ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਨਵੇਂ ਸਥਾਪਿਤ ਕੀਤੇ ਜਾਣ ਵਾਲੇ ਉਕਤ ਕੇਂਦਰ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਗੁਰੂ ਨਗਰੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹਵਾ ਦੀ ਗੁਣਵੱਤਾ ਸਬੰਧੀ ਵਿਆਪਕ ਸਰਵੇਖਣ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀ ਰੋਕਥਾਮ ਲਈ ਜਾਗਰੂਕਤਾ, ਵਿਦਿਆਰਥੀਆਂ ਦੇ ਨਵੇਂ ਹੱਬ ਬਣਾ ਕੇ ਦੂਜੇ ਸਕੂਲਾਂ ਨਾਲ ਜੋੜਨਾ, ਹਵਾ ਦੀ ਗੁਣਵੱਤਾ ਲਈ ਚੈਂਪੀਅਨ ਨਿਯੁਕਤ ਕਰਨਾ, ਲੈਬਾਂ ਦੀ ਸਥਾਪਨਾ ਕਰਨਾ ਅਤੇ ਸ਼ਹਿਰੀਆਂ ਨਾਲ ਗੱਲਬਾਤ ਕਰਨ ਦੀ ਅਹਿਮ ਭੂਮਿਕਾ ਇਸ ਮੁਤਾਬਕ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵਾਤਾਵਰਣ ’ਚ ਵੱਧ ਰਹੇ ਹਵਾ ਪ੍ਰਦੂਸ਼ਣ ਤੋਂ ਬਚਾਉਣ ਲਈ ਦੋਵੇਂ ਅਦਾਰੇ ਇਕਜੁਟਤਾ ਅਤੇ ਉਤਸ਼ਾਹ ਨਾਲ ਕੰਮ ਕਰਨਗੇ।
ਇਸ ਮੌਕੇ ਸ: ਛੀਨਾ ਨੇ ਉਕਤ ਨੇਕ ਕਾਰਜ ਸਬੰਧੀ ਮਿਲ ਕੇ ਕੰਮ ਕਰਨ ’ਤੇ ਖੁਸ਼ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਕਤ ਸਮਝੌਤੇ ਦੇ ਮੱਦੇਨਜ਼ਰ ਸਰਵੇਖਣਾਂ ਤੋਂ ਇਲਾਵਾ ਲੈਕਚਰ ਆਯੋਜਿਤ ਕਰਨਾ, ਸ਼ਹਿਰ ਵਾਸੀਆਂ, ਸ਼ਰਧਾਲੂਆਂ ਅਤੇ ਸੈਲਾਨੀਆਂ ’ਤੇ ਹਵਾ ਪ੍ਰਦੂਸ਼ਣ ਦੇ ਸਿਹਤ ਪ੍ਰਭਾਵਾਂ ਦੇ ਮੁਲਾਂਕਣ ’ਤੇ ਵੀ ਵਿਧੀਵਤ ਕੰਮ ਕੀਤਾ ਜਾਵੇਗਾ।
ਇਸ ਮੌਕੇ ਸ: ਸਨਮਦੀਪ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਉਕਤ ਕਾਲਜ ਨਾਲ ਕੀਤੇ ਇਸ ਪਹਿਲੇ ਸਮਝੌਤੇ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਲੁਧਿਆਣਾ ਅਤੇ ਅੰਮ੍ਰਿਤਸਰ ਨਗਰ ਨਿਗਮ ਨਾਲ ਅਜਿਹੇ ਸਮਝੌਤੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦਾ ਮੁੱਖ ਮਕਸਦ ਜਾਗਰੂਕਤਾ ਪੈਦਾ ਕਰਨਾ, ਪ੍ਰਦਰਸ਼ਨੀਆਂ ਅਤੇ ਓਰੀਐਂਟੇਸ਼ਨ ਵਰਕਸ਼ਾਪਾਂ ਦਾ ਆਯੋਜਨ ਕਰਨਾ ਹੈ। ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਨੇ ਕਿਹਾ ਕਿ ਅਗਲੇ ਇੱਕ ਸਾਲ ਤੱਕ ਇਨ੍ਹਾਂ ਪ੍ਰਬੰਧਾਂ ਤਹਿਤ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਕਾਲਜ ਦੇ ਸੀਨੀਅਰ ਫੈਕਲਟੀ ਸ਼ਾਮਿਲ ਹੋ ਕੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨਗੇ।
