ਖੰਨਾ – ਕੁਝ ਵਿਅਕਤੀਆਂ ਵੱਲੋਂ ਪਲਾਟ ’ਚੋਂ ਕਰੀਬ 3000 ਟਨ ਲੋਹੇ ਦਾ ਬੂਰਾ ਚੋਰੀ ਕਰ ਲਿਆ ਗਿਆ ਜਿਸ ਨਾਲ ਮਾਲਕ ਨੂੰ ਕਰੀਬ ਇਕ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ’ਚ ਵੇਦ ਪ੍ਰਕਾਸ਼ ਵਾਸੀ ਖੰਨਾ ਨੇ ਦੱਸਿਆ ਕਿ ਸਵੇਰੇ ਉਹ ਆਪਣੇ ਦਫਤਰ ਮੰਡੀ ਗੋਬਿੰਦਗੜ੍ਹ ਵਿਖੇ ਜਾਂਦੇ ਹੋਏ ਆਪਣੇ ਪਲਾਟ ’ਚ ਗਏ ਤਾਂ ਉਥੇ ਦੇਖਿਆ ਕਿ ਪਲਾਟ ਦੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ 2 ਜੇਸੀਬੀ ਮਸ਼ੀਨਾਂ ਨਾਲ ਕਈ ਬੰਦੇ ਜੇਸੀਬੀ ਨਾਲ ਉਸ ਦੇ ਪਲਾਟ ’ਚ ਪਿਆ ਲੋਹੇ ਦਾ ਬੂਰਾ ਟਿੱਪਰਾਂ ’ਚ ਭਰ ਰਹੇ ਸਨ।
ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਲਟਾ ਉਹ ਧਮਕੀਆਂ ਦੇਣ ਲੱਗ ਪਏ। ਜਦੋਂ ਉਨ੍ਹਾਂ ਨੇ ਆਪਣੇ ਪਲਾਟ ਦੇ ਅੰਦਰ ਜਾ ਕੇ ਦੇਖਿਆ ਤਾਂ ਉਕਤ ਵਿਅਕਤੀਆਂ ਨੇ 4-5 ਫੁੱਟ ਦੇ ਕਰੀਬ ਲੋਹੇ ਦਾ ਬੂਰਾ ਪੁੱਟ ਕੇ ਚੋਰੀ ਕਰ ਲਿਆ ਸੀ। ਵੇਦ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਲੋਕ ਨੇ 13 ਅਗਸਤ ਤੋਂ ਹੁਣ ਤਕ 60 ਟਿੱਪਰ ਲੋਹੇ ਦੇ ਬੂਰੇ ਦੇ ਚੋਰੀ ਕਰ ਲਏ ਸਨ ਜਿਸਦਾ ਵਜਨ ਤਕਰੀਬਨ 3000 ਟਨ ਬਣਦਾ ਹੈ। ਜਿਸ ਕਾਰਨ ਉਸ ਦਾ ਇੱਕ ਕਰੋੜ ਤੋਂ ਉਪਰ ਦਾ ਨੁਕਸਾਨ ਹੋ ਗਿਆ ਹੈ। ਜਿਸ ’ਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।