News Breaking News Latest News Punjab

ਚੰਡੀਗੜ੍ਹ ਆਏ ਹਰੀਸ਼ ਰਾਵਤ ਨੇ ਨਵਜੋਤ ਸਿੱਧੂ, ਨਾਗਰਾ ਤੇ ਪ੍ਰਗਟ ਸਿੰਘ ਨਾਲ ਤਿੰਨ ਘੰਟੇ ਕੀਤੀ ਬੰਦ ਕਮਰਾ ਮੀਟਿੰਗ

ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਠੱਲ੍ਹ ਪਾਉਣ ਦੇ ਯਤਨ ਵਜੋਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ ਵਿਖੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਤੇ ਪਵਨ ਗੋਇਲ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨਾਲ ਕਰੀਬ ਤਿੰਨ ਘੰਟੇ ਤੱਕ ਬੰਦ ਕਮਰਾ ਮੀਟਿੰਗ ਕੀਤੀ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੁੱਧਵਾਰ ਸ਼ਾਮੀ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ।

ਮੰਗਲਵਾਰ ਬਾਦ ਦੁਪਹਿਰ ਹੈਲੀਕਾਪਟਰ ਰਾਹੀਂ ਹਰੀਸ਼ ਰਾਵਤ ਚੰਡੀਗੜ੍ਹ ਪੁੱਜੇ। ਰਾਵਤ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਰਾਣਾ ਗੁਰਮੀਤ ਸਿੰਘ ਸੋਢੀ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਸਨ, ਜਿਨ੍ਹਾਂ ਨੇ ਪੰਜਾਬ ਭਵਨ ਵਿਚ ਕੁੱਝ ਦੇਰ ਲਈ ਮੀਟਿੰਗ ਕੀਤੀ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਕਾਂਗਰਸ ਭਵਨ ਵਿਚ ਬੈਠੇ ਸਨ, ਇਸ ਤਰ੍ਹਾਂ ਰਾਵਤ ਸਿੱਧਾ ਕਾਂਗਰਸ ਭਵਨ ਚਲੇ ਗਏ। ਕਾਂਗਰਸੀ ਸੂਤਰਾਂ ਮੁਤਾਬਕ ਮੀਟਿੰਗ ਵਿਚ ਪੰਜਾਬ ਕਾਂਗਰਸ ਦਾ ਜਥੇਬੰਦਕ ਢਾਂਚਾ ਗਠਿਤ ਕਰਨ ਨੂੰ ਲੈ ਕੇ ਗੰਭੀਰ ਚਰਚਾ ਹੋਈ ਹੈ।ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਸਟੇਟ ਕਾਰਜਕਾਰਨੀ ਅਤੇ ਜ਼ਿਲ੍ਹਾ ਪੱਧਰ ’ਤੇ ਆਗੂਆਂ ਨੂੰ ਜ਼ੁੰਮੇਵਾਰੀ ਦੇਣ ’ਤੇ ਚਰਚਾ ਕੀਤੀ ਗਈ। ਜਥੇਬੰਦਕ ਢਾਂਚੇ ਵਿਚ ਵਿਧਾਇਕਾਂ ਦੀ ਬਜਾਏ ਉਨ੍ਹਾਂ ਆਗੂਆਂ ਨੂੰ ਅਡਜਸਟ ਕਰਨ ’ਤੇ ਵਿਚਾਰ ਕੀਤਾ ਗਿਆ।ਸੂਤਰ ਦੱਸਦੇ ਹਨ ਕਿ ਹਰੀਸ਼ ਰਾਵਤ ਨੇ ਨਵਜੋਤ ਸਿੱਧੂ, ਪ੍ਰਗਟ ਸਿੰਘ ਤੇ ਹੋਰਨਾਂ ਨੂੰ ਸੰਜਮ ਵਿਚ ਰਹਿਣ ਅਤੇ ਮੀਡੀਆ ਵਿਚ ਬਿਆਨਬਾਜ਼ੀ ਤੋਂ ਸੰਕੋਚ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਉਨ੍ਹਾਂ ਵਲੋਂ ਮੁੱਖ ਮੰਤਰੀ ’ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਪਾਰਟੀ ਦਾ ਨੁਕਾਸਨ ਹੋ ਰਿਹਾ ਹੈ।

ਸੂਤਰ ਦੱਸਦੇ ਹਨ ਕਿ ਰਾਵਤ ਨੇ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸੋਸ਼ਲ ਮੀਡੀਆਂ ਤੇ ਟਵੀਟ ਰਾਹੀਂ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਨੇ ਰਾਵਤ ਨੂੰ ਦੱਸਿਆ ਕਿ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਨੂੰ 18 ਨੁਕਾਤੀ ਏਜੰਡੇ ’ਤੇ ਕੰਮ ਕਰਨ ਨੂੰ ਕਿਹਾ ਸੀ ਪਰ ਉਨ੍ਹਾਂ ’ਤੇ ਕੰਮ ਨਹੀਂ ਹੋ ਰਿਹਾ। ਨਵਜੋਤ ਸਿੱਧੂ ਨੇ ਬਿਜਲੀ ਸਮਝੌਤੇ ਰੱਦ ਕਰਨ, ਖੇਤੀ ਕਾਨੂੰਨ ਰੱਦ ਕਰਨ ਅਤੇ ਵਿਧਾਨ ਸਭਾ ਦੇ ਸੈਸ਼ਨ ਵਿਚ ਵਾਧਾ ਕਰਨ ਦਾ ਮੁੱਦਾ ਵੀ ਰਾਵਤ ਕੋਲ ਚੁੱਕਿਆ।ਉਧਰ, ਹਰੀਸ਼ ਰਾਵਤ ਨੇ ਚੰਡੀਗੜ੍ਹ ਪੁੱਜਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਵਿਚ ਕੋਈ ਗਰੁੱਪ ਨਹੀੰ ਹੈ ਪਰ ਥੋੜ੍ਹਾ ਬਹੁਤਾ ਵਿਵਾਦ ਹੈ, ਜਿਸਨੂੰ ਹੱਲ ਕਰਨ ਲਈ ਉਹ ਚੰਡੀਗੜ੍ਹ ਪੁੱਜੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਮੈਂਬਰਾਂ ਦੀ ਗੱਲ ਸੁਣਕੇ ਸਮੱਸਿਆ ਦਾ ਹੱਲ ਕਰਨ ਦਾ ਯਤਨ ਕਰਨਗੇ।

ਰਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਣੇ ਵਾਲੇ ਆਗੂਆਂ ਦਾ ਸਵਾਗਤ ਹੈ, ਜੇਕਰ ਕੋਈ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਜਾਂ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਮਿਲਣਾ ਹੈ, ਉਹ ਉਨ੍ਹਾਂ ਨੂੰ ਮਿਲ ਸਕਦਾ ਹੈ। ਰਾਵਤ ਨੇ ਸਾਰੇ ਕਾਂਗਰਸੀ ਆਗੂਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਸਾਰਿਆਂ ਲਈ ਹਾਜ਼ਰ ਹਨ, ਇਸ ਲਈ ਮੀਡੀਆ ’ਚ ਬਿਆਨਬਾਜ਼ੀ ਦੀ ਬਜਾਏ ਪਾਰਟੀ ਪੱਧਰ ’ਤੇ ਉਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਹੈ।

ਵਰਨਣਯੋਗ ਹੈ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਵੱਧਦਾ ਜਾ ਰਿਹਾ ਹੈ। ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ’ਤੇ ਭਰੋਸਾ ਨਾ ਹੋਣ ਦੀ ਗੱਲ ਕਹੀ ਸੀ। ਇਸਤੋ ਇਲਾਵਾ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਨਵਜੋਤ ਸਿੱਧੂ ਰੋਜ਼ਾਨਾਂ ਟਵੀਟ ’ਤੇ ਟਵੀਟ ਕਰਕੇ ਮੁੱਖ ਮੰਤਰੀ ਲਈ ਸਿਰਦਰਦੀ ਖੜ੍ਹੀ ਕਰ ਰਹੇ ਹਨ।

Related posts

ਨਹਿਰਾਂ/ਦਰਿਆਵਾਂ ’ਚ ਨਹਾਉਣ ’ਤੇ 3 ਸਤੰਬਰ ਤੱਕ ਦੀ ਪਾਬੰਦੀ !

admin

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin