ਸਿਡਨੀ: ਆਸਟ੍ਰੇਲੀਆ ਦੀ ਬੇਟਿੰਗ ਕੰਪਨੀ ਟੈਬਕੌਰਪ ਹੋਲਡਿੰਗਜ਼ ਲਿਮਿਟੇਡ ਨੂੰ ਟੈਲੀਮਾਰਕੀਟਿੰਗ ਅਤੇ ਸਪੈਮ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 27 ਲੱਖ ਆਸਟ੍ਰੇਲੀਆਈ ਡਾਲਰ ਤੋਂ ਵੱਧ ਦਾ ਜੁਰਮਾਨਾ ਭਰਨਾ ਪਿਆ ਹੈ। ਇਹ ਕਾਰਵਾਈ ਆਸਟ੍ਰੇਲੀਅਨ ਕਮਿਊਨੀਕੇਸ਼ਨਜ਼ ਐਂਡ ਮੀਡੀਆ ਅਥਾਰਟੀ ਵੱਲੋਂ ਕੀਤੀ ਗਈ ਹੈ।
ਜਾਂਚ ਵਿੱਚ ਸਾਹਮਣੇ ਆਇਆ ਕਿ ਫਰਵਰੀ 2024 ਤੋਂ ਜੂਨ 2025 ਦਰਮਿਆਨ ਟੈਬ ਨੇ ਆਪਣੇ ਵੀਆਈਪੀ ਗਾਹਕਾਂ ਨੂੰ ਟੈਲੀਮਾਰਕੀਟਿੰਗ ਕਾਲਾਂ ਕਰਦਿਆਂ ਕਈ ਨਿਯਮਾਂ ਦੀ ਉਲੰਘਣਾ ਕੀਤੀ। ਕੰਪਨੀ ਨੇ ਡੂ ਨਾਟ ਕਾਲ ਰਜਿਸਟਰ ਵਿੱਚ ਦਰਜ 351 ਨੰਬਰਾਂ ‘ਤੇ ਬਿਨਾਂ ਸਹਿਮਤੀ ਕਾਲਾਂ ਕੀਤੀਆਂ, 82 ਕਾਲਾਂ ਨਿਰਧਾਰਿਤ ਸਮੇਂ ਤੋਂ ਬਾਹਰ ਕੀਤੀਆਂ ਅਤੇ ਲਗਭਗ 4,000 ਕਾਲਾਂ ਦੌਰਾਨ ਆਪਣੀ ਪਛਾਣ ਜਾਂ ਕਾਲ ਦਾ ਮਕਸਦ ਸਹੀ ਢੰਗ ਨਾਲ ਨਹੀਂ ਦੱਸਿਆ।
ਇਸ ਤੋਂ ਇਲਾਵਾ, ਟੈਬ ਨੇ ਖੁਦ ਵੀ ਏਸੀਐਮਏ ਨੂੰ ਜਾਣਕਾਰੀ ਦਿੱਤੀ ਕਿ 2025 ਵਿੱਚ ਉਸ ਵੱਲੋਂ 16 ਦਿਨਾਂ ਦੌਰਾਨ 2.7 ਮਿਲੀਅਨ ਡਾਲਰ ਹਜ਼ਾਰ ਤੋਂ ਵੱਧ ਪ੍ਰਚਾਰਕ ਈਮੇਲਾਂ ਅਤੇ ਐਸਐਮਐਸ ਅਜਿਹੇ ਗਾਹਕਾਂ ਨੂੰ ਭੇਜੇ ਗਏ, ਜਿਨ੍ਹਾਂ ਪਹਿਲਾਂ ਹੀ ਉਹਨਾਂ ਖ਼ਾਸ ਮਾਰਕੀਟਿੰਗ ਸੁਨੇਹਿਆਂ ਤੋਂ ਆਪਣਾ ਨਾਮ ਹਟਾ ਲਿਆ ਸੀ।
ਏਸੀਐਮਏ ਦੀ ਮੈਂਬਰ ਸਮਾਂਥਾ ਯਾਰਕ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਡੂ ਨਾਟ ਕਾਲ ਰਜਿਸਟਰ ਵਿੱਚ ਆਪਣਾ ਨੰਬਰ ਦਰਜ ਕਰਵਾਉਂਦਾ ਹੈ ਜਾਂ ਮਾਰਕੀਟਿੰਗ ਸੁਨੇਹਿਆਂ ਤੋਂ ਅਨਸਬਸਕ੍ਰਾਈਬ ਕਰਦਾ ਹੈ, ਤਾਂ ਉਸ ਦੇ ਇਸ ਫ਼ੈਸਲੇ ਦਾ ਸਤਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੂਏ ਨਾਲ ਸਬੰਧਤ ਇਸ਼ਤਿਹਾਰਾਂ ਕਾਰਨ ਵਿੱਤੀ ਨੁਕਸਾਨ ਅਤੇ ਮਾਨਸਿਕ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਦੇਖਦਿਆਂ ਅਜਿਹੀਆਂ ਉਲੰਘਣਾਵਾਂ ਬਹੁਤ ਗੰਭੀਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਟੈਬ ਦੀਆਂ ਨਿਯਮਾਂ ਦੀ ਪਾਲਣਾ ਕਰਨ ਵਾਲੀਆਂ ਪ੍ਰਣਾਲੀਆਂ ਵਿੱਚ ਗੰਭੀਰ ਕਮੀਆਂ ਹਨ ਅਤੇ ਏਸੀਐਮਏ ਇਸ ਗੱਲ ‘ਤੇ ਨਜ਼ਰ ਰੱਖੇਗੀ ਕਿ ਕੰਪਨੀ ਭਵਿੱਖ ਵਿੱਚ ਆਪਣੇ ਫ਼ਰਜ਼ ਪੂਰੇ ਕਰੇ।
ਇਹ ਟੈਬ ਖ਼ਿਲਾਫ਼ ਏਸੀਐਮਏ ਦੀ ਦੂਜੀ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ 2024 ਵਿੱਚ ਵੀ ਕੰਪਨੀ ਨੂੰ ਗੈਰ-ਕਾਨੂੰਨੀ ਐਸਐਮਐਸ ਅਤੇ ਵਟਸਐਪ ਮਾਰਕੀਟਿੰਗ ਸੁਨੇਹੇ ਭੇਜਣ ਲਈ 4 ਮਿਲੀਅਨ ਡਾਲਰ ਡਾਲਰ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ ਸੀ।
ਤਾਜ਼ਾ ਜੁਰਮਾਨੇ ਤੋਂ ਇਲਾਵਾ, ਟੈਬ ਨੇ ਅਦਾਲਤ ਵਿੱਚ ਲਾਗੂ ਹੋਣ ਵਾਲਾ ਇਕ ਸਮਝੌਤਾ ਵੀ ਸਵੀਕਾਰ ਕੀਤਾ ਹੈ, ਜਿਸ ਅਧੀਨ ਕੰਪਨੀ ਨੂੰ ਆਪਣੀਆਂ ਟੈਲੀਮਾਰਕੀਟਿੰਗ ਪ੍ਰਣਾਲੀਆਂ ਦੀ ਸੁਤੰਤਰ ਜਾਂਚ ਕਰਵਾਉਣੀ, ਲੋੜੀਂਦੇ ਸੁਧਾਰ ਕਰਨੇ ਅਤੇ ਨਿਯਮਿਤ ਤੌਰ ‘ਤੇ ਏਸੀਐਮਏ ਨੂੰ ਪਾਲਣਾ ਸਬੰਧੀ ਰਿਪੋਰਟਾਂ ਦੇਣੀਆਂ ਪੈਣਗੀਆਂ।
ਏਸੀਐਮਏ ਮੁਤਾਬਕ ਪਿਛਲੇ 18 ਮਹੀਨਿਆਂ ਦੌਰਾਨ ਆਸਟ੍ਰੇਲੀਆ ਵਿੱਚ ਵੱਖ-ਵੱਖ ਕਾਰੋਬਾਰਾਂ ਤੋਂ ਸਪੈਮ ਅਤੇ ਟੈਲੀਮਾਰਕੀਟਿੰਗ ਕਾਨੂੰਨਾਂ ਦੀ ਉਲੰਘਣਾ ਲਈ 12 ਮਿਲੀਅਨ ਡਾਲਰ ਤੋਂ ਵੱਧ ਦੇ ਜੁਰਮਾਨੇ ਵਸੂਲੇ ਜਾ ਚੁੱਕੇ ਹਨ।
ਆਸਟ੍ਰੇਲੀਆਈ ਕਾਨੂੰਨ ਅਨੁਸਾਰ ਕੋਈ ਵੀ ਕਾਰੋਬਾਰ ਡੂ ਨਾਟ ਕਾਲ ਰਜਿਸਟਰ ਵਿੱਚ ਦਰਜ ਨੰਬਰਾਂ ‘ਤੇ ਬਿਨਾਂ ਸਹਿਮਤੀ ਸੰਪਰਕ ਨਹੀਂ ਕਰ ਸਕਦਾ, ਨਿਰਧਾਰਿਤ ਸਮੇਂ ਤੋਂ ਬਾਹਰ ਕਾਲ ਨਹੀਂ ਕਰ ਸਕਦਾ, ਆਪਣੀ ਪਛਾਣ ਸਪੱਸ਼ਟ ਤੌਰ ‘ਤੇ ਦੱਸਣੀ ਲਾਜ਼ਮੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਮਾਰਕੀਟਿੰਗ ਸੁਨੇਹਿਆਂ ਤੋਂ ਅਨਸਬਸਕ੍ਰਾਈਬ ਕੀਤਾ ਹੋਵੇ, ਉਨ੍ਹਾਂ ਨੂੰ ਪ੍ਰਚਾਰਕ ਸੁਨੇਹੇ ਨਹੀਂ ਭੇਜ ਸਕਦਾ।
