ਮੈਲਬੌਰਨ – ਆਸਟ੍ਰੇਲੀਅਨ ਪ੍ਰੈੱਸ ਕੌਂਸਲ ਨੇ ਡਾ. ਬਰੋਂਟੇ ਐਡਮਜ਼ ਏਐਮ ਨੂੰ ਆਪਣਾ ਨਵਾਂ ਚੇਅਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ 1 ਦਸੰਬਰ 2025 ਤੋਂ ਇਹ ਜ਼ਿੰਮੇਵਾਰੀ ਸੰਭਾਲਣਗੇ।
ਡਾ. ਐਡਮਜ਼ ਲੀਡਰਸ਼ਿਪ, ਪ੍ਰਸ਼ਾਸਨ (ਗਵਰਨੈਂਸ) ਅਤੇ ਜਨਤਕ ਨੀਤੀਆਂ ਦੇ ਖੇਤਰ ਵਿੱਚ ਲੰਬਾ ਅਤੇ ਮਾਣਯੋਗ ਤਜਰਬਾ ਰੱਖਦੇ ਹਨ। ਉਹ ਰੋਡਜ਼ ਸਕਾਲਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਮੈਂਬਰ ਆਫ਼ ਦ ਆਰਡਰ ਆਫ਼ ਆਸਟ੍ਰੇਲੀਆ (ਏਐਮ) ਸਨਮਾਨ ਵੀ ਮਿਲ ਚੁੱਕਾ ਹੈ। ਉਨ੍ਹਾਂ ਨੇ ਟੈਕਨਾਲੋਜੀ, ਨਵੀਨਤਾ, ਸਿੱਖਿਆ, ਟੈਲੀਕਮਿਊਨੀਕੇਸ਼ਨ ਅਤੇ ਰਚਨਾਤਮਕ ਉਦਯੋਗਾਂ ਵਿੱਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਹੈ। ਉਹ ਸਰਕਾਰੀ ਖੇਤਰ ਵਿੱਚ ਸੀਨੀਅਰ ਅਹੁਦਿਆਂ ‘ਤੇ ਵੀ ਰਹੇ ਹਨ, ਮੈਕਿੰਜ਼ੀ ਐਂਡ ਕੰਪਨੀ ਵਿੱਚ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ ਅਤੇ ਡੈਂਡੋਲੋ ਪਾਰਟਨਰਜ਼ ਨਾਮੀ ਸਲਾਹਕਾਰ ਕੰਪਨੀ ਦੇ ਸੰਸਥਾਪਕ ਵੀ ਹਨ।
ਡਾ. ਐਡਮਜ਼ ਨੇ ਕਈ ਮਹੱਤਵਪੂਰਨ ਸੰਸਥਾਵਾਂ ਵਿੱਚ ਵੀ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ। ਇਨ੍ਹਾਂ ਵਿੱਚ ਏਆਈਸੀਡੀ ਗਵਰਨੈਂਸ ਆਫ਼ ਇਨੋਵੇਸ਼ਨ ਐਂਡ ਟੈਕਨਾਲੋਜੀ ਪੈਨਲ ਦੇ ਮੈਂਬਰ, ਇਨੋਵੇਸ਼ਨ ਐਂਡ ਸਾਇੰਸ ਆਸਟ੍ਰੇਲੀਆ ਦੇ ਡਾਇਰੈਕਟਰ, ਮੈਲਬਰਨ ਯੂਨੀਵਰਸਿਟੀ ਪਬਲਿਸ਼ਿੰਗ ਦੇ ਡਿਪਟੀ ਚੇਅਰ, ਵਿਕਟੋਰੀਅਨ ਸਰਕਾਰ ਦੇ ਆਈਸੀਟੀ ਐਡਵਾਈਜ਼ਰੀ ਕੌਂਸਲ ਦੇ ਡਿਪਟੀ ਚੇਅਰ ਅਤੇ ਆਸਟ੍ਰੇਲੀਅਨ ਬ੍ਰਾਡਬੈਂਡ ਐਡਵਾਈਜ਼ਰੀ ਕੌਂਸਲ ਦੇ ਮੈਂਬਰ ਸ਼ਾਮਲ ਹਨ।
ਮੌਜੂਦਾ ਚੇਅਰ ਨੇਵਿਲ ਸਟੀਵਨਜ਼ ਅੇਓ ਨੇ ਕਿਹਾ ਕਿ ਡਾ. ਐਡਮਜ਼ ਦਾ ਪ੍ਰਸ਼ਾਸਨ, ਨਵੀਨਤਾ ਅਤੇ ਮੀਡੀਆ ਖੇਤਰ ਦਾ ਵਿਸ਼ਾਲ ਤਜਰਬਾ ਪ੍ਰੈੱਸ ਕੌਂਸਲ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਡਾ. ਐਡਮਜ਼ ਦੀ ਅਗਵਾਈ ਹੇਠ ਕੌਂਸਲ ਉੱਚ ਪੱਤਰਕਾਰੀ ਮਿਆਰਾਂ ਨੂੰ ਕਾਇਮ ਰੱਖਣ ਅਤੇ ਅਭਿਵਿਆਕਤੀ ਦੀ ਆਜ਼ਾਦੀ ਦੀ ਰੱਖਿਆ ਲਈ ਆਪਣਾ ਮਹੱਤਵਪੂਰਨ ਕੰਮ ਜਾਰੀ ਰੱਖੇਗੀ। ਡਾ. ਐਡਮਜ਼ ਨੇ ਆਪਣੀ ਨਿਯੁਕਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਆਸਟ੍ਰੇਲੀਅਨ ਪ੍ਰੈੱਸ ਕੌਂਸਲ ਆਜ਼ਾਦ ਅਤੇ ਜ਼ਿੰਮੇਵਾਰ ਪੱਤਰਕਾਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ, ਜਦੋਂ ਮੀਡੀਆ ‘ਤੇ ਲੋਕਾਂ ਦਾ ਭਰੋਸਾ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ, ਇਸ ਜ਼ਿੰਮੇਵਾਰੀ ਨੂੰ ਸੰਭਾਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ।
ਡਾ. ਐਡਮਜ਼ ਨੇਵਿਲ ਸਟੀਵਨਜ਼ ਅੇਓ ਦੀ ਥਾਂ ਲੈਣਗੇ, ਜੋ ਜਨਵਰੀ 2018 ਤੋਂ ਚੇਅਰ ਦੇ ਅਹੁਦੇ ‘ਤੇ ਸੇਵਾ ਨਿਭਾ ਰਹੇ ਸਨ। ਪ੍ਰੈੱਸ ਕੌਂਸਲ ਨੇ ਪਿਛਲੇ ਅੱਠ ਸਾਲਾਂ ਦੌਰਾਨ ਉਨ੍ਹਾਂ ਦੀ ਅਗਵਾਈ ਅਤੇ ਯੋਗਦਾਨ ਲਈ ਧੰਨਵਾਦ ਵੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਪ੍ਰੈੱਸ ਕੌਂਸਲ ਦੀ ਸਥਾਪਨਾ 1976 ਵਿੱਚ ਹੋਈ ਸੀ। ਇਸ ਦਾ ਮੁੱਖ ਉਦੇਸ਼ ਪੱਤਰਕਾਰਤਾ ਦੇ ਉੱਚ ਮਿਆਰਾਂ ਨੂੰ ਉਤਸ਼ਾਹਿਤ ਕਰਨਾ, ਲੋਕਾਂ ਨੂੰ ਜਨਹਿਤ ਨਾਲ ਜੁੜੀ ਜਾਣਕਾਰੀ ਤੱਕ ਪਹੁੰਚ ਯਕੀਨੀ ਬਣਾਉਣਾ ਅਤੇ ਮੀਡੀਆ ਵਿੱਚ ਅਭਿਵਿਆਕਤੀ ਦੀ ਆਜ਼ਾਦੀ ਦੀ ਰੱਖਿਆ ਕਰਨਾ ਹੈ।
