ਨਵੀਂ ਦਿੱਲੀ – ਨਵਰਾਤਰੀ ਅਤੇ ਦੀਵਾਲੀ ਦੇ ਤਿਉਹਾਰਾਂ ਤੋਂ ਪਹਿਲਾਂ ਭੋਜਨ ਵਿੱਚ ਮਿਲਾਵਟ ਨੂੰ ਰੋਕਣ ਲਈ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਂਚ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।
FSSAI ਨੇ ਅਧਿਕਾਰੀਆਂ ਨੂੰ ਮਿਲਾਵਟੀ, ਨਕਲੀ ਅਤੇ ਅਸੁਰੱਖਿਅਤ ਭੋਜਨ ਦੀ ਵਿਕਰੀ ਰੋਕਣ ਲਈ ਨਿਰੀਖਣ, ਨਿਗਰਾਨੀ ਅਤੇ ਭੋਜਨ ਦੇ ਨਮੂਨੇ ਲੈਣ ਦੀ ਕਾਰਵਾਈ ਤੇਜ਼ ਕਰਨ ਲਈ ਕਿਹਾ ਹੈ। ਤਿਉਹਾਰਾਂ ਦੌਰਾਨ ਮਠਿਆਈਆਂ, ਸਨੈਕਸ, ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ, ਖਾਣ ਵਾਲੇ ਤੇਲ, ਘਿਓ ਅਤੇ ਪੀਣ ਵਾਲੇ ਪਦਾਰਥਾਂ ਦੀ ਮੰਗ ਵਧ ਜਾਂਦੀ ਹੈ। ਇਸ ਲਈ FSSAI ਨੇ ਇਨ੍ਹਾਂ ਉਤਪਾਦਾਂ ’ਤੇ ਖਾਸ ਨਜ਼ਰ ਰੱਖਣ ਲਈ ਕਿਹਾ ਹੈ। ਰਾਜਾਂ ਦੇ ਖੁਰਾਕ ਸੁਰੱਖਿਆ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਉਨ੍ਹਾਂ ਬਾਜ਼ਾਰਾਂ ਅਤੇ ਇਲਾਕਿਆਂ ਵਿੱਚ ਵੱਧ ਨਿਰੀਖਣ ਕਰਵਾਉਣ ਜਿੱਥੇ ਭੋਜਨ ਵਿੱਚ ਮਿਲਾਵਟ ਦਾ ਖਤਰਾ ਜ਼ਿਆਦਾ ਹੈ। ਅਧਿਕਾਰੀਆਂ ਨੂੰ ਸ਼ੱਕੀ ਭੋਜਨ ਉਤਪਾਦਾਂ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਜਾਂਚ ਕਰਵਾਉਣ ਲਈ ਵੀ ਕਿਹਾ ਗਿਆ ਹੈ।
FSSAI ਨੇ ਕਿਹਾ ਕਿ ਵੱਖ-ਵੱਖ ਸੂਬਿਆਂ ਵਿੱਚ ਤਿਉਹਾਰਾਂ ਦੌਰਾਨ ਖਾਧੀਆਂ ਜਾਣ ਵਾਲੀਆਂ ਚੀਜ਼ਾਂ ਵੱਖਰੀਆਂ ਹੋ ਸਕਦੀਆਂ ਹਨ। ਇਸ ਲਈ ਸੂਬਿਆਂ ਨੂੰ ਆਪਣੇ ਇਲਾਕੇ ਵਿੱਚ ਵੱਧ ਮੰਗ ਵਾਲੇ ਹੋਰ ਭੋਜਨ ਉਤਪਾਦਾਂ ਦੀ ਵੀ ਪਛਾਣ ਕਰਨ ਲਈ ਕਿਹਾ ਗਿਆ ਹੈ। ਉੱਤਰੀ ਅਤੇ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਨਵਰਾਤਰੀ ਦੌਰਾਨ ਵਰਤੇ ਜਾਣ ਵਾਲੇ ਕੁੱਟੂ ਦੇ ਆਟੇ ਅਤੇ ਸਿੰਘਾੜੇ ਦੇ ਆਟੇ ਵਰਗੀਆਂ ਚੀਜ਼ਾਂ ਦੀ ਵੀ ਜਾਂਚ ਕਰਨ ਲਈ ਕਿਹਾ ਗਿਆ ਹੈ।
FSSAI ਨੇ ਪ੍ਰਮੁੱਖ ਬਾਜ਼ਾਰਾਂ ਅਤੇ ਹੋਰ ਥਾਵਾਂ ’ਤੇ, ਜਿੱਥੇ ਸੰਭਵ ਹੋਵੇ, Food Safety on Wheels ਮੋਬਾਈਲ ਯੂਨਿਟਾਂ ਦੀ ਤਾਇਨਾਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਯੂਨਿਟ ਮੌਕੇ ’ਤੇ ਹੀ ਕੁਝ ਭੋਜਨ ਉਤਪਾਦਾਂ ਦੀ ਜਾਂਚ ਕਰਨਗੇ ਅਤੇ ਲੋਕਾਂ ਨੂੰ ਭੋਜਨ ਸੁਰੱਖਿਆ ਬਾਰੇ ਜਾਗਰੂਕ ਵੀ ਕਰਨਗੇ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ FoSCoS ਅਤੇ FoSCORIS ਡਿਜੀਟਲ ਪਲੇਟਫਾਰਮਾਂ ’ਤੇ ਨਿਰੀਖਣ, ਨਮੂਨੇ ਲੈਣ ਅਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਰੀਅਲ ਟਾਈਮ ਵਿੱਚ ਅਪਡੇਟ ਕਰਨ ਲਈ ਕਿਹਾ ਗਿਆ ਹੈ। FSSAI ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਇਸ ਕਾਰਵਾਈ ਦਾ ਮਕਸਦ ਲੋਕਾਂ ਤੱਕ ਸੁਰੱਖਿਅਤ ਅਤੇ ਗੁਣਵੱਤਾ ਵਾਲਾ ਭੋਜਨ ਪਹੁੰਚਾਉਣਾ ਹੈ।
