ਮੋਗਾ – ਮੋਗਾ ਫਿਰੋਜ਼ਪੁਰ ਰੋਡ ’ਤੇ ਪਿੰਡ ਦਾਰਪੁਰ ਕੋਲ ਦੋ ਮੋਟਰਸਾਈਕਲ ਸਵਾਰਾਂ ਵਲੋਂ ਨਾਕੇ ’ਤੇ ਖੜ੍ਹੀ ਪੁਲਿਸ ਪਾਰਟੀ ’ਤੇ ਗੋਲ਼ੀਆਂ ਚਲਾ ਕੇ ਇੱਕ ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਜ਼ਖ਼ਮੀ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਥਾਣਾ ਘੱਲ ਕਲਾਂ ਦੇ ਐੱਸਐੱਚਓ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਰਾਪੁਰ ਵਿਖੇ ਪੁਲਿਸ ਪਾਰਟੀ ਵਲੋਂ ਨਾਕਾ ਲਗਾਇਆ ਗਿਆ ਸੀ। ਜਦੋਂ ਪੁਲਿਸ ਪਾਰਟੀ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਗੋਲ਼ੀਆਂ ਚਲਾ ਦਿੱਤੀਆਂ ਜਿਸ ’ਚ ਏਐੱਸਆਈ ਪਰਮਜੀਤ ਸਿੰਘ ਜਿਸ ਦੀ ਉਮਰ ਕਰੀਬ ਤੀਹ 25 ਤੋਂ 35 ਦੱਸੀ ਜਾ ਰਹੀ ਹੈ, ਜੋ ਮੌਕੇ ’ਤੇ ਹਾਜ਼ਰ ਸਨ, ਫਾਇਰਿੰਗ ਦੌਰਾਨ ਜ਼ਖ਼ਮੀ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦੇ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਦੋਸ਼ੀਆਂ ਨੂੰ ਮੌਕੇ ’ਤੇ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿੱਚ ਜ਼ਖ਼ਮੀ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ ਮੋਗਾ ਦੇ ਐੱਸਐੱਸਪੀ ਧਰੂਮਨ ਨਿੰਬਲੇ ਨੇ ਕਿਹਾ ਕਿ ਦਾਰਾਪੁਰ ਵਿਖੇ ਜਿਹੜਾ ਰੋਡ ਫ਼ਿਰੋਜਪੁਰ ਨੂੰ ਜਾਂਦਾ ਹੈ, ਉੱਥੇ ਹੀ ਨਾਕਾ ਲਾਇਆ ਗਿਆ ਸੀ। ਉਥੇ ਮੁਲਜ਼ਮਾਂ ਨੂੰ ਰੁਕਣ ਦਾ ਜਦੋਂ ਪੁਲਿਸ ਪਾਰਟੀ ਨੇ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਪਰਮਜੀਤ ਸਿੰਘ ਏਐੱਸਆਈ ਜ਼ਖ਼ਮੀ ਹੋ ਗਿਆ।ਐੱਸਐੱਸਪੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਐੱਸਐੱਸਪੀ ਨੇ ਦਸਿਆ ਕਿ ਹੁਣ ਦੀ ਤਫਤੀਸ਼ ਤੋਂ ਪਤਾ ਲੱਗਾ ਹੈ ਕਿ 03 ਦੋਸ਼ੀਆਂ ਵਿਚੋਂ ਇਕ ਦੋਸ਼ੀ ਨਿਰਮਲ ਸਿੰਘ ਪਿੰਡ ਭਾਗਥਲਾ ਜ਼ਿਲ੍ਹਾ ਫਰੀਦਕੋਟ, ਦੂਜਾ ਦੋਸ਼ੀ ਦਰਸ਼ਨ ਸਿੰਘ ਕੋਰੇਵਾਲਾ ਦਾ ਦੱਸਿਆ ਜਾ ਰਿਹਾ ਹੈ। ਇਹ ਮਖੂ ਤੋਂ ਫ਼ਰੀਦਕੋਟ ਜਾ ਰਹੇ ਸੀ ਅਤੇ ਇਨਾਂ ’ਤੇ ਪਹਿਲਾਂ ਕਈ ਮੁਕੱਦਮੇ ਵੀ ਦਰਜ ਹਨ। ਘਟਨਾ ਤੋਂ ਬਾਅਦ ਉਕਤ ਮੁਲਜ਼ਮਾਂ ਨੇ ਆਪਣੀ ਪਿਸਤੌਲ ਵੀ ਕਿਤੇ ਸੁੱਟ ਦਿੱਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਗੁਆਚੇ ਹੋਏ ਪਿਸਤੌਲ ਦੀ ਭਾਲ ਵੀ ਕੀਤੀ ਜਾ ਰਹੀ ਹੈ। ਸੀਨੀਅਰ ਪੁਲਿਸ ਕਪਤਾਨ ਧਰੂਮਨ ਨਿੰਬਲੇ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਏ ਦਿਨ ਜਿਹੜੇ ਪੁਲਿਸ ਮੁਲਾਜ਼ਮਾਂ ਤੇ ਹਮਲੇ ਹੋ ਰਹੇ ਹਨ ਇਹ ਨਿੰਦਣਯੋਗ ਹੈ ਅਤੇ ਪੁਲਸ ਆਪਣੀ ਤਨਦੇਹੀ ਦੇ ਨਾਲ ਨਾਲ ਮਿਹਨਤ ਕਰ ਰਹੀ ਹੈ। ਇਸ ਨੂੰ ਵੇਖਦੇ ਹੋਏ ਵਿਰੋਧੀਆਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਫਿਰ ਵੀ ਅਸੀਂ ਆਪਣੀ ਫਰਜ਼ ਤੋਂ ਪਿੱਛੇ ਨਹੀਂ ਹਟਾਂਗੇ।