ਮਾਨਸਾ – ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਦੀਆਂ ਟੀਮਾਂ ਮਾਨਸਾ ਵਿੱਚ ਵੱਖ-ਵੱਖ ਥਾਵਾਂ ’ਤੇ ਜਾ ਕੇ ਸਬੂਤ ਇਕੱਠੇ ਕਰ ਰਹੀਆਂ ਹਨ ਅਤੇ ਮਾਮਲੇ ਨਾਲ ਜੁੜੀ ਜਾਣਕਾਰੀ ਹਾਸਲ ਕਰ ਰਹੀਆਂ ਹਨ।
ਸੀਬੀਆਈ ਦੀ ਫੋਰੈਂਸਿਕ ਟੀਮ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ’ਤੇ ਪਹੁੰਚੀ, ਜਿੱਥੋਂ ਸੈਂਪਲ ਇਕੱਠੇ ਕੀਤੇ ਗਏ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ਦੇ ਨੇੜੇ ਦੁਕਾਨਾਂ ਦੇ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਮਾਮਲੇ ਨਾਲ ਜੁੜੇ ਅਹਿਮ ਤੱਥ ਸਾਹਮਣੇ ਆ ਸਕਣ। ਟੀਮ ਨੇ ਉਸ ਜੁੱਤੀਆਂ ਦੀ ਦੁਕਾਨ ’ਤੇ ਵੀ ਜਾਂਚ ਕੀਤੀ, ਜਿੱਥੇ ਦੱਸਿਆ ਜਾਂਦਾ ਹੈ ਕਿ ਪਰਵਿੰਦਰ ਸਿੰਘ ਝੋਟਾ ਆਖ਼ਰੀ ਵਾਰ ਡਿੱਗੇ ਸਨ। ਇੱਥੇ ਵੀ ਫੋਰੈਂਸਿਕ ਟੀਮ ਨੇ ਸਬੂਤ ਇਕੱਠੇ ਕੀਤੇ। ਸੀਬੀਆਈ ਦੀ ਤਿੰਨ ਮੈਂਬਰੀ ਟੀਮ ਦੇਰ ਰਾਤ ਮਾਨਸਾ ਪਹੁੰਚੀ ਸੀ। ਬੁੱਧਵਾਰ ਸਵੇਰੇ ਅਧਿਕਾਰੀਆਂ ਨੇ ਝੋਟਾ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਮਾਮਲੇ ਬਾਰੇ ਜਾਣਕਾਰੀ ਲਈ। ਜਾਣਕਾਰੀ ਅਨੁਸਾਰ, ਇਸ ਮਾਮਲੇ ਵਿੱਚ ਚੰਡੀਗੜ੍ਹ ਵਿਖੇ ਐੱਫਆਈਆਰ ਦਰਜ ਕੀਤੀ ਗਈ ਹੈ। ਪਰਿਵਾਰ ਅਤੇ ਇਨਸਾਫ਼ ਕਮੇਟੀ ਲੰਮੇ ਸਮੇਂ ਤੋਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਮਾਨਸਾ ਦੌਰੇ ਦੌਰਾਨ ਪਰਿਵਾਰ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਸੀਬੀਆਈ ਦੀ ਟੀਮ ਦੇ ਮਾਨਸਾ ਪਹੁੰਚਣ ਨਾਲ ਜਾਂਚ ਅੱਗੇ ਵਧਣ ਦੀ ਉਮੀਦ ਹੈ।
ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਪਰਿਵਾਰ ਅਤੇ ਸਮਰਥਕਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸ ਦੌਰਾਨ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੋਈ ਫ਼ੈਸਲਾ ਨਹੀਂ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫ਼ਵਾਹਾਂ ’ਤੇ ਭਰੋਸਾ ਨਾ ਕੀਤਾ ਜਾਵੇ। ਮਨਪ੍ਰੀਤ ਕੌਰ ਮੁਤਾਬਕ, ਮਾਮਲਾ ਸੀਬੀਆਈ ਕੋਲ ਜਾਣ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਬਾਰੇ ਪਰਿਵਾਰ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਵਿਚਾਰ ਕਰਨ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ।
