India

ਪੰਜਾਬ ’ਚ ਮੌਸਮ ਨੇ ਬਦਲਿਆ ਮਿਜਾਜ਼, ਮੋਹਾਲੀ ਵਿੱਚ ਮੀਂਹ ਨਾਲ ਭਾਰੀ ਗੜ੍ਹੇਮਾਰੀ

ਚੰਡੀਗੜ੍ਹ-  ਪੰਜਾਬ ਵਿਚ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਬੀਤੇ ਦਿਨ ਤੋਂ ਪੰਜਾਬ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਦਾ ਦੌਰ ਸ਼ੁਰੂ ਹੋ ਗਿਆ ਹੈ। ਅੱਜ ਜਿੱਥੇ ਮੋਹਾਲੀ, ਸਮਰਾਲਾ, ਕੁਪੂਰਥਲਾ ਵਿਚ ਭਾਰੀ ਗੜ੍ਹੇਮਾਰੀ ਹੋਈ, ਉਥੇ ਹੀ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਉਥੇ ਹੀ ਭਾਰੀ ਬਾਰਿਸ਼ ਕਾਰਨ ਆਮ ਜਨਜੀਵਨ ਵੀ ਪ੍ਰਭÇਾਵਤ ਹੋਇਆ ਹੈ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ। ਪੰਜਾਬ ਵਿਚ ਬਦਲੇ ਮੌਸਮ ਦੇ ਮਿਜਾਜ਼ ਨੇ ਠੰਡ ਵਿਚ ਵੀ ਵਾਧਾ ਕਰ ਦਿੱਤਾ ਹੈ। ਭਾਰੀ ਗੜ੍ਹੇਮਾਰੀ ਹੋਣ ਕਾਰਨ ਕਿਸਾਨਾਂ ਦੇ ਵੀ ਸਾਹ ਸੂਤੇ ਗਏ ਹਨ। ਗੜ੍ਹੇਮਾਰੀ ਨਾਲ ਫ਼ਸਲਾਂ ਅਤੇ ਹਰੇ ਚਾਰੇ ਦਾ ਕਾਫ਼ੀ ਨੁਕਸਾਨ ਹੋਇਆ ਹੈ। ਜਾਣਕਾਰੀ ਦਿੰਦਿਆਂ ਰਾਜੇਵਾਲ ਜਥੇਬੰਦੀ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ ਨੇ ਦੱਸਿਆ ਕਿ ਭਾਰੀ ਗੜ੍ਹੇਮਾਰੀ ਕਾਰਨ ਸਮਰਾਲਾ ਬਲਾਕ ਦੇ ਕੲਈ ਪਿੰਡਾਂ ਉਟਾਲਾਂ, ਰਾਜੇਵਾਲ, ਕੁਲੇਵਾਲ, ਘਰਖਣਾ, ਬਗਲੀ, ਪੂਰਬਾ, ਨੌਲੜੀ, ਮੁਤਿਓ, ਭਗਵਾਨਪੁਰਾ ਅਤੇ ਹੋਰ ਵੀ ਕਾਫ਼ੀ ਪਿੰਡਾਂ ਵਿੱਚ ਇਸ ਗੜੇਮਾਰੀ ਕਾਰਨ ਕਣਕ, ਹਰੇ ਚਾਰੇ, ਆਲੂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਸਰਕਾਰ ਨੂੰ ਤੁਰੰਤ ਕਿਸਾਨਾਂ ਦੇ ਹੋਏ ਨੁਕਸਾਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਬਣਦਾ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ਵਿਚ ਇਸ ਸਾਲ ਦੀ ਪਹਿਲੀ ਭਾਰੀ ਬਰਫਬਾਰੀ ਹੋਈ ਹੈ ਜਦਕਿ ਵੱਖ-ਵੱਖ ਥਾਵਾਂ ਖ਼ਾਸ ਕਰਕੇ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਹੋਈ। ਉਥੇ ਹੀ ਦਿੱਲੀ ਹਵਾਈ ਅੱਡੇ ’ਤੇ ਖ਼ਰਾਬ ਮੌਸਮ ਕਾਰਨ ਬੁੱਧਵਾਰ ਨੂੰ ਲਗਭਗ 100 ਉਡਾਣਾਂ ’ਚ ਦੇਰੀ ਹੋਈ ਅਤੇ ਘੱਟੋ-ਘੱਟ 5 ਉਡਾਣਾਂ ਦਾ ਰੂਟ ਡਾਇਵਰਟ ਕੀਤਾ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ, ਨਾਰਕੰਡਾ ਅਤੇ ਮਨਾਲੀ ਵਰਗੇ ਸੈਰ-ਸਪਾਟਾ ਸਥਾਨਾਂ ’ਤੇ ਸਰਦੀਆਂ ਦੇ ਮੌਸਮ ’ਚ 4 ਮਹੀਨਿਆਂ ਦੇ ਸੋਕੇ ਤੋਂ ਬਾਅਦ ਬਰਫ਼ਬਾਰੀ ਹੋ ਰਹੀ ਹੈ। ਮਨਾਲੀ ਵਿਚ ਤਾਜ਼ਾ ਬਰਫ਼ਬਾਰੀ ਕਾਰਨ ਅਟਲ ਸੁਰੰਗ ਰੋਹਤਾਂਗ ਲਈ ਆਵਾਜਾਈ ਬੰਦ ਕਰ ਦਿੱਤੀ ਗਈ, ਏ.ਟੀ.ਆਰ. ਦੇ ਦੱਖਣੀ ਅਤੇ ਉੱਤਰੀ ਪੋਰਟਲ ’ਤੇ ਕਾਫ਼ੀ ਬਰਫ਼ਬਾਰੀ ਦਰਜ ਕੀਤੀ ਗਈ। ਮੰਗਲਵਾਰ ਰਾਤ ਨੂੰ ਹਲਕੀ ਬਾਰਿਸ਼ ਤੋਂ ਬਾਅਦ ਪੰਜਾਬ ’ਚ ਮੌਸਮ ਠੰਢਾ ਬਣਿਆ ਹੋਇਆ ਹੈ। ਕਸ਼ਮੀਰ ਵਾਦੀ ਦੇ ਉਪਰਲੇ ਇਲਾਕਿਆਂ ’ਚ ਕਾਫ਼ੀ ਬਰਫਬਾਰੀ ਹੋਈ, ਜਿਸ ਨਾਲ ਇਲਾਕੇ ’ਚ ਬਰਫ਼ ਦੀ ਚਿੱਟੀ ਚਾਦਰ ਵਿਛ ਗਈ, ਜਦਕਿ ਸ਼੍ਰੀਨਗਰ ਸਮੇਤ ਮੈਦਾਨੀ ਇਲਾਕਿਆਂ ’ਚ ਬਾਰਿਸ਼ ਹੋਈ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਦੇ ਸਕੀ ਰਿਜ਼ੋਰਟ ਸਮੇਤ ਵਾਦੀ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਹੋਈ। ਕਸ਼ਮੀਰ ਦੇ ਕੁਪਵਾੜਾ, ਗੰਦਰਬਲ, ਅਨੰਤਨਾਗ, ਸ਼ੋਪੀਆ ਅਤੇ ਕੁਲਗਾਮ ਜ਼ਿਲ੍ਹਿਆਂ ਦੇ ਉਪਰਲੇ ਇਲਾਕਿਆਂ ਵਿਚ ਵੀ ਬਰਫ਼ਬਾਰੀ ਹੋਈ।

Related posts

ਮੋਦੀ ਨੂੰ ਅੱਤਵਾਦੀ ਕਹਿਣ ‘ਤੇ ਕਾਂਗਰਸ ਪ੍ਰਧਾਨ ਨੂੰ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ !

admin

ਕੇ ਕਵਿਤਾ ਨੂੰ ਨਹੀਂ ਮਿਲੀ ਰਾਹਤ; ਅਦਾਲਤ ਨੇ 23 ਅਪ੍ਰੈਲ ਤੱਕ ਵਧਾਈ ਨਿਆਂਇਕ ਹਿਰਾਸਤ

Bunty

5 ਤੋਂ 12 ਸਾਲ ਦੇ ਬੱਚਿਆਂ ਨੂੰ ਲੱਗੇਗੀ ਫਾਈਜ਼ਰ ਵੈਕਸੀਨ

Bunty