ArticlesPunjabTechnology

ਪੰਜਾਬ 1-12ਵੀਂ ਤੱਕ ਏਆਈ ਨੂੰ ਮੁੱਖ ਵਿਸ਼ਾ ਬਨਾਉਣ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ !

ਹਰਜੋਤ ਸਿੰਘ ਬੈਂਸ, ਪੰਜਾਬ ਦੇ ਸਿੱਖਿਆ ਮੰਤਰੀ।

ਚੰਡੀਗੜ੍ਹ – ਸਕੂਲੀ ਸਿੱਖਿਆ ਵਿੱਚ ਅਹਿਮ ਤਬਦੀਲੀ ਲਿਆਉਣ ਦੇ ਉਦੇਸ਼ ਨਾਲ, ਪੰਜਾਬ ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਮੁੱਖ ਵਿਸ਼ੇ ਵਜੋਂ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸ਼ਈਬੀ) ‘ਸਰਬੱਤ ਏਆਈ’ ਪ੍ਰੋਜੈਕਟ ਤਹਿਤ ਪੜਾਅਵਾਰ ਤਰੀਕੇ ਨਾਲ ਇਸ ਪਾਠਕ੍ਰਮ ਨੂੰ ਲਾਗੂ ਕਰੇਗਾ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਡੇ ਸੂਬਾ-ਪੱਧਰੀ ਏਆਈ ਸਿੱਖਿਆ ਮਿਸ਼ਨਾਂ ਵਿੱਚੋਂ ਇੱਕ ਹੈ ਅਤੇ ਪੰਜਾਬ ਨੂੰ ਭਵਿੱਖੀ ਸਿੱਖਿਆ ਵਿੱਚ ਦੇਸ਼ ਦੇ ਮੋਹਰੀ ਸੂਬੇ ਵਜੋਂ ਸਥਾਪਿਤ ਕਰਦਾ ਹੈ।

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨਾਲ ਮਿਲ ਕੇ ਸਿੱਖਿਆ ਮਾਹਿਰਾਂ, ਤਕਨਾਲੋਜੀ ਭਾਈਵਾਲਾਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ 22 ਜੁਲਾਈ ਨੂੰ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਕਿਹਾ ਹੈ ਕਿ, “ਅੱਜ ਤੋਂ ਪੰਜਾਬ ਭਰ ਦੇ ਹਰ ਪੀਐਸਈਬੀ ਸਕੂਲ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਮੁੱਖ ਵਿਸ਼ਾ ਹੈ। ਹਰੇਕ ਬੱਚਾ, ਭਾਵੇਂ ਉਹ ਸ਼ਹਿਰ ਦਾ ਹੋਵੇ ਜਾਂ ਪਿੰਡ ਦਾ, ਉਹੀ ਹੁਨਰ ਸਿੱਖੇਗਾ ਜੋ ਵਿਸ਼ਵ ਦੇ ਮੋਹਰੀ ਦੇਸ਼ ਆਪਣੇ ਹੁਨਰਾਂ ਨੂੰ ਸਿਖਾਉਣ ਲਈ ਦੌੜ ਰਹੇ ਹਨ। ਇੱਕ ਵਾਰ ਫਿਰ ਪੰਜਾਬ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਏਆਈ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਇਹ ਉਹੀ ਪੰਜਾਬ ਹੈ ਜਿਸਦੀ ਕਲਪਨਾ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੋਜ਼ਾਨਾ ਪੱਧਰ ‘ਤੇ ਇਸਨੂੰ ਜ਼ਮੀਨੀ ਹਕੀਕਤ ਵਿੱਚ ਤਬਦੀਲ ਕਰ ਰਹੇ ਹਨ। ਅੱਜ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸਨੇ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਗਿਆ ਹੈ। ਅਸੀਂ ਹਰੀ ਕ੍ਰਾਂਤੀ ਦੀ ਅਗਵਾਈ ਕਰਨ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਕ੍ਰਾਂਤੀ ਦੀ ਅਗਵਾਈ ਕਰਨ ਵੱਲ ਵਧ ਰਹੇ ਹਾਂ। ਇਹ ਵਿਦਿਆਰਥੀਆਂ ਨੂੰ ਭਵਿੱਖੀ ਹੁਨਰਾਂ ਨਾਲ ਲੈਸ ਕਰੇਗਾ ਅਤੇ ਨਾਲ ਹੀ ਨਵੀਨਤਾ, ਐਥੀਕਲ ਏਆਈ, ਉੱਦਮਤਾ ਅਤੇ ਜ਼ਿੰਮੇਵਾਰ ਡਿਜੀਟਲ ਨਾਗਰਿਕਤਾ ਨੂੰ ਉਤਸ਼ਾਹਿਤ ਕਰੇਗਾ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਬੱਚਾ ਨਾ ਸਿਰਫ਼ ਕੱਲ੍ਹ ਦੀਆਂ ਨੌਕਰੀਆਂ ਲਈ ਤਿਆਰ ਹੋਵੇ, ਸਗੋਂ ਤਕਨਾਲੋਜੀ-ਅਧਾਰਤ ਵਿਸ਼ਵ ਵਿੱਚ ਸਿਰਜਣਹਾਰ ਅਤੇ ਨਵੀਨਤਾਕਾਰੀ ਵੀ ਬਣੇ। ਸਿੱਖਿਆ ਪਾਠਕ੍ਰਮ ਚੀਨ, ਦੱਖਣੀ ਕੋਰੀਆ ਸਿੰਗਾਪੁਰ, ਫਿਨਲੈਂਡ, ਯੂਏਈ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਕੌਮਾਂਤਰੀ ਬਹਿਤਰੀਨ ਅਭਿਆਸਾਂ ਦਾ ਅਧਿਐਨ ਉਪਰੰਤ ਵਿਕਸਤ ਕੀਤਾ ਗਿਆ ਹੈ। ਇਸਨੂੰ ਯੂਨੈਸਕੋ (ਸੰਯੁਕਤ ਰਾਸ਼ਟਰ ਵਿਦਿਅਕ ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ) ਦੇ ਐਥੀਕਲ ਏਆਈ ਫਰੇਮਵਰਕ ਨਾਲ ਜੋੜਿਆ ਗਿਆ ਹੈ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮਿਆਰਾਂ ਦੀ ਤਰਜ਼ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ, ਸੁਰੱਖਿਅਤ ਅਤੇ ਨੈਤਿਕ ਵਰਤੋਂ ਸਿੱਖਣਾ ਯਕੀਨੀ ਬਣਾਇਆ ਜਾ ਸਕੇ। ਪਹਿਲੇ ਪੜਾਅ ਵਿੱਚ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਕੀਤਾ ਜਾਵੇਗਾ, ਜਿਸ ਵਿੱਚ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਨਾਲ ਏਆਈ ਨੂੰ ਜੋੜਿਆ ਜਾਵੇਗਾ। ਵਿਦਿਆਰਥੀਆਂ ਨੂੰ ਲਾਈਵ ਆਨਲਾਈਨ ਕਲਾਸਾਂ, ਰਿਕਾਰਡ ਕੀਤੇ ਲੈਕਚਰਾਂ, ਪ੍ਰੋਜੈਕਟ-ਆਧਾਰਿਤ ਸਿਖਲਾਈ, ਨਿਰੰਤਰ ਮੁਲਾਂਕਣ ਅਤੇ ਇੱਕ ਸਮਰਪਿਤ ਲਰਨਿੰਗ ਮੈਨੇਜਮੈਂਟ ਸਿਸਟਮ (ਐਲਐਮਐਸ) ਰਾਹੀਂ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਬਾਅਦ ਦੂਜੇ ਪੜਾਅ ਵਿੱਚ ਪਹਿਲੀ ਤੋਂ ਸੱਤਵੀਂ ਜਮਾਤ ਤੱਕ ਏਆਈ ਸਿੱਖਿਆ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਪ੍ਰੋਗਰਾਮ ‘ਐਫ਼ਏ-ਏਆਈ’ ਦੇ ਸਹਿਯੋਗ ਨਾਲ ਚਲਾਏ ਗਏ ਪੀਐੱਸ਼ਈਬੀ ਦੇ ਏਆਈ ਪਾਇਲਟ ਪ੍ਰੋਗਰਾਮ ਦੀ ਸਫਲਤਾ ‘ਤੇ ਆਧਾਰਿਤ ਹੈ, ਜਿਸ ਨੂੰ ਰਾਜ-ਪੱਧਰੀ ਏਆਈ ਹੈਕਾਥੌਨ ਨਾਲ ਅੰਤਿਮ ਰੂਪ ਦਿੱਤਾ ਗਿਆ ਹੈ।”

Related posts

ਇਕੀਵੀਂ ਸਦੀ ਵਿਚ ਮਨੁੱਖ

admin

ਜ਼ਿੰਮੇਵਾਰੀ ਨਾਲ ਬੱਚੇ ਪਾਲਣਾ: ‘ਕੰਟੇਨਰ ਵਾਪਸ ਕਰਨੇ ਮੇਰੇ ਬੱਚਿਆਂ ਨੂੰ ਸਿੱਖ ਕਦਰਾਂ-ਕੀਮਤਾਂ ਬਾਰੇ ਸਿਖਾਉਂਦੇ ਹਨ’

admin

ਸਿਰਜਣਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰੇਗਾ “ਅੰਬੈਸਡਰ ਆਫ ਹੋਪ”

admin