ਫਰੀਦਕੋਟ – ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਆਈ.ਜੀ. ਬਾਰਡਰ ਰੇਂਜ ਐੱਸ.ਪੀ.ਐੱਸ. ਪਰਮਾਰ ਅਤੇ ਏਆਈਜੀ ਡਾਕਟਰ ਰਜਿੰਦਰ ਸਿੰਘ ਸੋਹਲ ਦੀ ਅਗਵਾਈ ’ਚ ਬਣਾਈ ਗਈ ‘ਸਿੱਟ’ ਨੇ ਸਭ ਤੋਂ ਪਹਿਲਾਂ ਥਾਣਾ ਬਾਜਾਖਾਨਾ ਵਿਖੇ ਪਹੁੰਚ ਕਿ ਬੇਅਦਬੀ ਸਬੰਧੀ ਦਰਜ ਕੀਤੇ ਗਏ ਮੁਕੱਦਮਿਆਂ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ।
ਬਾਅਦ ਵਿੱਚ ਇਹ ਟੀਮ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਸਮੇਂ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਕਿ ‘ਸਿੱਟ’ ਦੀ ਟੀਮ ਨੇ ਬੇਅਦਬੀ ਘਟਨਾਵਾਂ ਨਾਲ ਸਬੰਧਤ ਦੋ ਮੁਕੱਮਦਿਆਂ ਦਾ ਚਲਾਨ ਪੇਸ਼ ਕਰ ਦਿੱਤਾ ਅਤੇ ਸਿਰਫ ਇਕ ਮਾਮਲਾ ਬਾਕੀ ਹੈ, ਜਿਸ ਦੀ ਜਾਂਚ ਚੱਲ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਨਾਲ ਸਬੰਧਤ ਮੁਕੱਦਮੇ ਨੂੰ ਅੰਤਿਮ ਰੂਪ ਦੇਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਭਾਵੇਂ ਅਖ਼ਬਾਰਾਂ ਰਾਹੀ ਲੋਕਾਂ ਨੂੰ ਸੂਚਿਤ ਕੀਤਾ ਸੀ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਇਸ ਜਾਂਚ ਵਿੱਚ ਕੋਈ ਜਾਣਕਾਰੀ ਦੇਣੀ ਹੈ ਤਾਂ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਫੋਨ ਨੰਬਰਾਂ ਤੇ ਦੇ ਸਕਦਾ ਹੈ। ਉਨ੍ਹਾਂ ਸਿੱਖ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ (ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਣ ਸਬੰਧੀ) ਮੁਕੱਦਮੇ ਦੀ ਜਾਂਚ ਜਲਦੀ ਮੁਕੰਮਲ ਕੀਤੀ ਜਾਵੇਗੀ।
ਇਸ ਮੌਕੇ ਡੀ. ਐਸ. ਪੀ.ਲਖਵੀਰ ਸਿੰਘ, ਡੀ. ਐਸ. ਪੀ. ਪਰਮਿੰਦਰ ਸਿੰਘ ਗਰੇਵਾਲ, ਇੰਸ. ਹਰਬੰਸ ਸਿੰਘ, ਇੰਸ. ਹਰਪ੍ਰੀਤ ਸਿੰਘ ਮਲੇਰ ਕੋਟਲਾ, ਇਕਬਾਲ ਹੂਸੈਨ ਐਸ. ਐਚ. ਓ ਬਾਜਾਖਾਨਾ, ਹਜੂਰਾ ਸਿੰਘ ਜਟਾਣ, ਗੁਰਬਚਨ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ, ਗੋਬਿੰਦ ਸਿੰਘ ਚਹਿਲ, ਰਾਮ ਦਾਸ ਸੈਕਸੈਨਾ, ਰਾਜਾ ਸਿੰਘ, ਸਰਪੰਚ ਹਰਤੇਜ ਸਿੰਘ, ਬੇਅੰਤ ਸਿੰਘ ਬੁਰਜ, ਜਸਕਰਨ ਸਿੰਘ, ਗੋਰਾ ਸਿੰਘ ਆਦਿ ਇਲਾਵਾ ਵੱਡੀ ਗਿਣਤੀ ‘ਚ ਨਗਰ ਨਿਵਾਸੀ ਹਾਜ਼ਰ ਸਨ।