ਕੋਲਕਾਤਾ – ਬੰਗਾਲ ’ਚ ਹੁਣ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਕਾਲਿਆਗੰਜ ਤੋਂ ਭਾਜਪਾ ਵਿਧਾਇਕ ਸੌਮੇਨ ਰਾਏ ਪਾਰਟੀ ਛੱਡ ਕੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਹੁਣ ਤਕ ਚਾਰ ਭਾਜਪਾ ਵਿਧਾਇਕ ਪਾਰਟੀ ਛੱਡ ਕੇ ਟੀਐੱਮਸੀ ’ਚ ਜਾ ਚੁੱਕੇ ਹਨ। ਕੋਲਕਾਤਾ ਸਥਿਤ ਤ੍ਰਿਣਮੂਲ ਭਵਨ ’ਚ ਸੌਮੇਨ ਰਾਏ ਨੇ ਸੂਬੇ ਦੇ ਸਨਅਤ ਮੰਤਰੀ ਤੇ ਪਾਰਟੀ ਦੇ ਮੁੱਖ ਸਕੱਤਰ ਪਾਰਥ ਚੈਟਰਜੀ ਦੀ ਮੌਜੂਦਗੀ ’ਚ ਟੀਐੱਮਸੀ ਦਾ ਪੱਲਾ ਫੜਿਆ। ਰਾਏ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਏ ਸਨ। ਰਾਏ ਦਾ ਪਾਰਟੀ ’ਚ ਸਵਾਗਤ ਕਰਦੇ ਹੋਏ ਪਾਰਥ ਚੈਟਰਜੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਈ ਸਹਿ-ਕਰਮੀ ਜੋ ਭਾਜਪਾ ’ਚ ਚਲੇ ਗਏ ਸਨ, ਉਹ ਹੌਲੀ-ਹੌਲੀ ਵਾਪਸ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਕਈ ਨੇਤਾ ਤੇ ਵਿਧਾਇਕ ਟੀਐੱਮਸੀ ਦੇ ਸੰਪਰਕ ’ਚ ਹਨ। ਇਸ ਤੋਂ ਪਹਿਲਾਂ ਮੁਕੁਲ ਰਾਏ, ਤਨਮਯ ਘੋਸ਼ ਤੇ ਵਿਸ਼ਵਜੀਤ ਦਾਸ ਭਾਜਪਾ ਛੱਡ ਕੇ ਟੀਐੱਮਸੀ ’ਚ ਸ਼ਾਮਲ ਹੋਏ ਹਨ।
previous post