ਕੋਲਕਾਤਾ – ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ਦੇ ਸਾਹਮਣੇ ਹੋਏ ਬੰਬ ਧਮਾਕੇ ਦੇ ਮਾਮਲੇ ’ਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸਪੈਸ਼ਲ ਕੋਰਟ ’ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ’ਚ ਤਿੰਨ ਦੋਸ਼ੀਆਂ ਦੇ ਨਾਂ ਹਨ। ਐੱਨਆਈਏ ਨੇ ਕਿਹਾ ਕਿ ਬੰਬ ਧਮਾਕੇ ਦਾ ਮਕਸਦ ਭਾਜਪਾ ਸੰਸਦ ਮੈਂਬਰ ਦੇ ਪੁੱਤਰ ਪਵਨ ਸਿੰਘ ਦੇ ਦਫ਼ਤਰ ਨੂੰ ਢਹਿ-ਢੇਰੀ ਕਰਨਾ ਸੀ। ਸ਼ਨਿਚਰਵਾਰ ਨੂੰ ਪੇਸ਼ ਕੀਤੀ ਗਈ ਚਾਰਜਸ਼ੀਟ ’ਚ ਤਿੰਨ ਦੋਸ਼ੀਆਂ ਬਾਦਲ ਕੁਮਾਰ ਬਾਂਸਫੋੜ, ਰਾਹੁਲ ਪਾਸੀ ਤੇ ਆਰਿਫ ਅਖ਼ਤਰ ਦੀ ਕੋਈ ਰਾਜਨੀਤਿਕ ਪਛਾਣ ਦਾ ਜ਼ਿਕਰ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਤਿੰਨੇ ਤ੍ਰਿਣਮੂਲ ਕਾਂਗਰਸ ਦੇ ਹਮਾਇਤੀ ਹਨ। ਕਾਬਿਲੇਗੌਰ ਹੈ ਕਿ ਸਤੰਬਰ ਮਹੀਨੇ ’ਚ ਵਾਰਦਾਤ ਹੋਈ ਸੀ। ਸਤੰਬਰ ’ਚ ਹੀ ਐੱਨਆਈਏ ਨੇ ਜਾਂਚ ਦੀ ਜ਼ਿੰਮੇਵਾਰੀ ਆਪਣੇ ਹੱਥ ਲਈ ਸੀ।