ਨਵੀਂ ਦਿੱਲੀ – ਭਾਰਤ ਤੇ ਅਲਜੀਰੀਆ ਦੀਆਂ ਸਮੁੰਦਰੀ ਫ਼ੌਜਾਂ ਨੇ ਅਲਜੀਰੀਆ ਦੇ ਤੱਟੀ ਖੇਤਰ ’ਚ ਪਹਿਲੀ ਵਾਰ ਫ਼ੌਜੀ ਅਭਿਆਸ ਕੀਤਾ। ਇਹ ਅਭਿਆਸ ਦੋਵਾਂ ਦੇਸ਼ਾਂ ਵਿਚਾਲੇ ਵੱਧਦੇ ਸਮੁੰਦਰੀ ਸਹਿਯੋਗ ਨੂੰ ਦਰਸਾਉਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਹੋਏ ਇਸ ਅਭਿਆਸ ’ਚ ਭਾਰਤੀ ਸਮੁੰਦਰੀ ਫ਼ੌਜ ਦੇ ਆਈਐੱਨਐੱਸ ‘ਤਬਰ’ ਤੇ ਅਲਜੀਰੀਆਈ ਸਮੁੰਦਰੀ ਫ਼ੌਜ ਦੇ ਬੇੜੇ ‘ਏੱਜਾਦਜੇਰ’ ਨੇ ਹਿੱਸਾ ਲਿਆ।
ਭਾਰਤੀ ਸਮੁੰਦਰੀ ਫ਼ੌਜ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਅਭਿਆਸ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਇਸ ਨੇ ਦੋਵਾਂ ਫ਼ੌਜਾਂ ਵਿਚਾਲੇ ਭਵਿੱਖ ਸਬੰਧੀ ਸੰਵਾਦ ਤੇ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਨੂੰ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ, ‘ਅਭਿਆਸ ਤਹਿਤ ਭਾਰਤੀ ਤੇ ਅਲਜੀਰੀਆਈ ਜੰਗੇ ਬੇੜਿਆਂ ਵਿਚਾਲੇ ਜੰਗੀ ਅਭਿਆਸ, ਸੰਚਾਰ ਪ੍ਰਕਿਰਿਆਵਾਂ ਤੇ ਸਟੀਮ ਪਾਸਟ ਸਮੇਤ ਕਈ ਸਰਗਰਮੀਆਂ ਕੀਤੀਆਂ ਗਈਆਂ।’
ਸਮੁੰਦਰੀ ਫ਼ੌਜ ਦੇ ਅਧਿਕਾਰੀ ਨੇ ਕਿਹਾ, ‘ਇਸ ਅਭਿਆਸ ਨਾਲ ਦੋਵਾਂ ਫ਼ੌਜਾਂ ਨੂੰ ਇਕ-ਦੂਜੇ ਵੱਲੋਂ ਅਪਣਾਈ ਜਾਣ ਵਾਲੀ ਸੰਚਾਲਨ ਦੀ ਧਾਰਨਾ ਨੂੰ ਸਮਝਣ ’ਚ ਮਦਦ ਮਿਲੀ। ਇਸ ਨੇ ਭਵਿੱਖ ’ਚ ਦੋਵਾਂ ਫ਼ੌਜਾਂ ਵਿਚਾਲੇ ਗੱਲਬਾਤ ਤੇ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਨੂੰ ਵੀ ਖੋਲ੍ਹ ਦਿੱਤਾ ਹੈ।’ ਭਾਰਤ ਪਿਛਲੇ ਕੁਝ ਸਾਲਾਂ ’ਚ ਵੱਖ-ਵੱਖ ਅਫਰੀਕੀ ਦੇਸ਼ਾਂ ਨਾਲ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਵਧਾਉਣ ’ਤੇ ਧਿਆਨ ਦੇ ਰਿਹਾ ਹੈ।