ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸੰਗੀਤਕਾਰ ਗੁਰਮੀਤ ਸਿੰਘ ਦਾ ਨਾਮ ਭਾਰਤ ਦੇ ਸਭ ਤੋਂ ਵੱਧ ਵਿਊ (1.7 ਬਿਲੀਅਨ) ਹਾਸਲ ਕਰਨ ਵਾਲੇ ਗੀਤ “ਲੌਂਗ ਲਾਚੀ” ਨਾਲ ਜੁੜਿਆ ਹੋਇਆ ਹੈ। ਹਜਾਰਾਂ ਸ਼ਾਹਕਾਰ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਉਣ ਵਾਲਾ ਗੁਰਮੀਤ ਸਿੰਘ ਗਾਇਕ ਬਣਨ ਲਈ ਇਸ ਮੈਦਾਨ ਵਿੱਚ ਨਿੱਤਰਿਆ ਸੀ ਪਰ ਪ੍ਰਵਾਨ ਚੜ੍ਹਿਆ ਸੰਗੀਤਕਾਰ ਬਣ ਕੇ।
ਅੱਜ ਤੋਂ 15 ਸਾਲ ਪਹਿਲਾਂ ਭਾਰਤ ਦੀ ਉੱਚਕੋਟੀ ਦੀ ਕੰਪਨੀ “ਟੀ-ਸੀਰੀਜ਼” ਨੇ ਗਾਇਕ ਨਛੱਤਰ ਗਿੱਲ, ਗਾਇਕ ਮਾਸਟਰ ਸਲੀਮ ਤੇ ਗਾਇਕ ਗੁਰਮੀਤ ਸਿੰਘ ਦੀਆਂ ਆਵਾਜ਼ ਵਿੱਚ “ਮਾਹੀ ਦਾ” ਗੀਤ ਰਿਲੀਜ ਕੀਤਾ ਤਾਂ ਚਾਰੇ ਪਾਸੇ ਧੁੰਮ ਮੱਚ ਗਈ। ਹੁਣ ਉਸੇ ਗੀਤ ਦਾ ਅਗਲਾ ਹਿੱਸਾ ਲੈ ਕੇ ਗੁਰਮੀਤ ਸਿੰਘ “ਮਾਹੀ ਮਿਲਾ ਦੇ” ਗੀਤ ਨਾਲ ਪੇਸ਼ ਹੋਇਆ ਹੈ। ਉਹਨਾਂ ਨਾਲ ਗਾਇਕ ਜੀ ਖਾਨ ਅਤੇ ਗਾਇਕ ਸ਼ਹਿਨਾਜ਼ ਅਖਤਰ ਨੇ ਆਪਣੀਆਂ ਸੁਰੀਲੀਆਂ ਆਵਾਜ਼ ਨਾਲ ਕਮਾਲ ਕੀਤੀ ਹੈ। ਮਿਊਜ਼ਿਕ ਸਿਨੇ ਪ੍ਰੋਡਕਸ਼ਨ ਵੱਲੋਂ ਬਹੁਤ ਹੀ ਮੋਹ ਨਾਲ ਤਿਆਰ ਕੀਤੇ ਇਸ ਪਿਆਰ ਭਰੇ ਗੀਤ ਦੇ ਪ੍ਰੋਡਿਊਸਰ ਰਿੱਕੀ ਤੇਜੀ ਹਨ। ਇਸ ਗੀਤ ਨੂੰ ਸ਼ਬਦਾਂ ‘ਚ ਗੀਤਕਾਰ ਸੈਮ ਮਲਿਕ ਨੇ ਪਰੋਇਆ ਹੈ। ਸਿਮਰਨ ਵੱਲੋਂ ਤਿਆਰ ਕੀਤੇ ਇਸ ਪ੍ਰਾਜੈਕਟ ਵਿੱਚ ਈਸ਼ਾ ਸ਼ਰਮਾ ਨੇ ਅਦਾਕਾਰਾ ਵਜੋਂ ਹਾਜ਼ਰ ਲਗਵਾਈ ਹੈ। ਬੇਸ਼ੱਕ ਗੁਰਮੀਤ ਸਿੰਘ ਦੇ ਨਾਮ ਨਾਲ ਸੰਗੀਤਕਾਰ ਸ਼ਬਦ ਜੁੜਿਆ ਹੋਇਆ ਹੈ ਪਰ ਗਾਇਕ ਜੀ ਖਾਨ ਤੇ ਗਾਇਕ ਸ਼ਹਿਨਾਜ਼ ਅਖਤਰ ਦੀਆਂ ਧਮਾਕੇਦਾਰ ਆਵਾਜ਼ਾਂ ਵਿੱਚ ਗੁਰਮੀਤ ਸਿੰਘ ਦੀ ਆਵਾਜ਼ ਵੀ ਕਮਾਲ ਕਰਦੀ ਦਿਖਾਈ ਦਿੰਦੀ ਹੈ। ਸੰਗੀਤ ਦੇ ਨਾਂ ‘ਤੇ ਬੇਲੋੜੇ ਧੂਮ-ਧੜੱਕੇ ਤੋਂ ਕੋਹਾਂ ਦੂਰ ਇਸ ਗੀਤ ਵਿੱਚ ਮਾਹੀ ਨੂੰ ਮਿਲਾਉਣ ਦੀ ਕੀਤੀ ਅਰਜੋਈ ਹਰ ਪੱਖ ਤੋਂ ਬੇਹੱਦ ਖੂਬਸੂਰਤ ਹੈ। ਬੰਦਗੀ ਵਰਗੇ ਇਸ ਗੀਤ ਨੂੰ ਜਿੱਥੇ ਖੁਸ਼ਆਮਦੀਦ ਕਹਿਣਾ ਬਣਦਾ ਹੈ ਉੱਥੇ ਹਨੇਰੀਆਂ ਦੇ ਦੌਰ ਵਿੱਚ “ਮਾਹੀ ਮਿਲਾ ਦੇ” ਗੀਤ ਵਰਗਾ ਪਿਆਰ ਦਾ ਚਿਰਾਗ ਜਗਾਉਣ ਲਈ ਸਾਰੀ ਟੀਮ ਨੂੰ ਵਧਾਈ ਦੇਣੀ ਬਣਦੀ ਹੈ।
