ਮੈਲਬੌਰਨ – ਵਿਕਟੋਰੀਆ ਵਿੱਚ ਅੱਗ ਦੇ ਸੰਭਾਵਿਤ ਤੌਰ ’ਤੇ ਮੁਸ਼ਕਲ ਮੌਸਮ ਤੋਂ ਪਹਿਲਾਂ ਕਮਿਊਨਿਟੀ ਨੂੰ ਤਿਆਰ ਕਰਨ ਲਈ CFA ਨੇ ‘Get Fire Ready’ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਸੂਬੇ ਭਰ ਦੀਆਂ 630 ਤੋਂ ਵੱਧ CFA ਫਾਇਰ ਬ੍ਰਿਗੇਡਾਂ ਲੋਕਾਂ ਲਈ ਜਾਗਰੂਕਤਾ ਅਤੇ ਤਿਆਰੀ ਸਮਾਗਮ ਕਰ ਰਹੀਆਂ ਹਨ। ‘Get Fire Ready’ ਸਮਾਗਮ ਇਸ ਹਫ਼ਤੇ ਦੇ ਅੰਤ ਤੋਂ ਸ਼ੁਰੂ ਹੋਣਗੇ ਅਤੇ ਅਕਤੂਬਰ ਮਹੀਨੇ ਦੌਰਾਨ ਅਤੇ ਨਵੰਬਰ ਦੀ ਸ਼ੁਰੂਆਤ ਤੱਕ ਚੱਲਣਗੇ।
CFA ਦੇ ਚੀਫ਼ ਅਫਸਰ ਜੇਸਨ ਹੈਫਰਨਨ AFSM ਨੇ ਕਿਹਾ ਕਿ ਮੌਰਨਿੰਗਟਨ ਪੈਨਿਨਸੁਲਾ ਦੇ ਮੇਨ ਰਿਜ ਨੂੰ ਮੁਹਿੰਮ ਦੀ ਸ਼ੁਰੂਆਤ ਲਈ ਚੁਣਿਆ ਗਿਆ ਹੈ। ਇਸ ਇਲਾਕੇ ਵਿੱਚ 1997 ਤੋਂ ਬਾਅਦ ਕੋਈ ਵੱਡੀ ਅੱਗ ਨਹੀਂ ਲੱਗੀ, ਜਿਸ ਕਾਰਨ ਸਥਾਨਕ ਲੋਕਾਂ ਲਈ ਅੱਗ ਦੇ ਖਤਰੇ ਬਾਰੇ ਤਿਆਰ ਰਹਿਣਾ ਹੋਰ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘Get Fire Ready’ ਦਾ ਮਕਸਦ ਵਿਕਟੋਰੀਆ ਵਾਸੀਆਂ ਨੂੰ ਆਪਣੇ ਇਲਾਕੇ ਦੇ ਅੱਗ ਦੇ ਖਤਰੇ ਨੂੰ ਸਮਝਣ, ਅੱਗ ਨਾਲ ਨਜਿੱਠਣ ਲਈ ਯੋਜਨਾ ਬਣਾਉਣ ਅਤੇ ਐਮਰਜੈਂਸੀ ਜਾਣਕਾਰੀ ਹਾਸਲ ਕਰਨ ਦੇ ਸਹੀ ਸਰੋਤਾਂ ਬਾਰੇ ਜਾਣੂ ਕਰਵਾਉਣਾ ਹੈ। ਜੇਸਨ ਹੈਫਰਨਨ ਨੇ ਕਿਹਾ, “ਤਿਆਰੀ ਜਾਨਾਂ ਬਚਾਉਂਦੀ ਹੈ। ਹੁਣ ਤੋਂ ਅੱਗ ਲਈ ਤਿਆਰ ਹੋ ਕੇ ਕਮਿਊਨਿਟੀ ਆਪਣਾ ਖਤਰਾ ਘਟਾ ਸਕਦੀ ਹੈ ਅਤੇ ਅੱਗ ਦਾ ਖਤਰਾ ਪੈਦਾ ਹੋਣ ’ਤੇ ਤੇਜ਼ੀ ਨਾਲ ਕਾਰਵਾਈ ਕਰ ਸਕਦੀ ਹੈ।” CFA ਦੀਆਂ ਬ੍ਰਿਗੇਡਾਂ ਆਪਣੇ ਫਾਇਰ ਸਟੇਸ਼ਨਾਂ, ਸਥਾਨਕ ਕਮਿਊਨਿਟੀ ਸਮਾਗਮਾਂ ਜਾਂ ਹੋਰ ਸਥਾਨਕ ਥਾਵਾਂ ’ਤੇ ਇਹ ਪ੍ਰੋਗਰਾਮ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਸਥਾਨਕ ‘Get Fire Ready’ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਇਲਾਕੇ ਦੇ ਫਾਇਰ ਸੇਫਟੀ ਮਾਹਿਰਾਂ ਨਾਲ ਗੱਲ ਕਰਕੇ ਅੱਗ ਦੇ ਖਤਰੇ ਨੂੰ ਸਮਝਣ ਅਤੇ ਫਾਇਰ ਸੀਜ਼ਨ ਤੋਂ ਪਹਿਲਾਂ ਜ਼ਰੂਰੀ ਕਦਮ ਚੁੱਕਣ।
1997 ਦੀ ਅੱਗ ਨੇ CFA ਨਾਲ ਜੁੜਨ ਲਈ ਕੀਤਾ ਪ੍ਰੇਰਿਤ
ਮੇਨ ਰਿਜ ਫਾਇਰ ਬ੍ਰਿਗੇਡ ਦੇ ਕੈਪਟਨ ਮੈਟ ਗੈਲੇਸ ਨੇ ਦੱਸਿਆ ਕਿ 1997 ਵਿੱਚ ਲੱਗੀਆਂ ਬੁਸ਼ਫਾਇਰਾਂ ਨੇ ਉਨ੍ਹਾਂ ਨੂੰ CFA ਨਾਲ ਜੁੜਨ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਆਪਣੇ ਸਥਾਨਕ ਭਾਈਚਾਰੇ ਦੀ ਮਦਦ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਅੱਗ ਦਾ ਖਤਰਾ ਕਾਫ਼ੀ ਹੈ ਅਤੇ ਇੱਥੇ ਸੈਲਾਨੀਆਂ ਦੀ ਗਿਣਤੀ ਵੀ ਵੱਡੀ ਰਹਿੰਦੀ ਹੈ। ਉਨ੍ਹਾਂ ਮੁਤਾਬਕ ਮੇਨ ਰਿਜ ਵਿੱਚ ਆਰਥਰਜ਼ ਸੀਟ, ਜਿੱਥੇ ਵੱਡੀ ਗਿਣਤੀ ਵਿੱਚ ਘਰ ਹਨ, ਨੈਸ਼ਨਲ ਪਾਰਕ ਅਤੇ ਤਿੰਨ ਵੱਡੇ ਸੈਰ-ਸਪਾਟਾ ਸਥਾਨ ਅੱਗ ਦੇ ਖਤਰੇ ਨੂੰ ਵਧਾਉਂਦੇ ਹਨ। ਇਨ੍ਹਾਂ ਥਾਵਾਂ ’ਤੇ ਇੱਕ ਦਿਨ ਵਿੱਚ ਹਜ਼ਾਰਾਂ ਸੈਲਾਨੀ ਆ ਸਕਦੇ ਹਨ।
ਇਸ ਤੋਂ ਇਲਾਵਾ ਇਲਾਕੇ ਵਿੱਚ ਸੁੱਕੀ ਬਨਸਪਤੀ ਅਤੇ ਹੋਰ ਜਲਣਸ਼ੀਲ ਸਮੱਗਰੀ ਦੀ ਮਾਤਰਾ ਵੀ ਵੱਧ ਹੈ। ਕੁਝ ਥਾਵਾਂ ’ਤੇ ਪਹੁੰਚ ਸੀਮਤ ਹੈ ਅਤੇ ਇੱਥੇ ਪਾਈਪ ਰਾਹੀਂ ਪਾਣੀ ਦੀ ਸਹੂਲਤ ਵੀ ਨਹੀਂ ਹੈ। ਅੱਗ ਬੁਝਾਉਣ ਲਈ ਟੈਂਕਾਂ, ਡੈਮਾਂ ਅਤੇ ਸਵਿਮਿੰਗ ਪੂਲਾਂ ਦੇ ਪਾਣੀ ’ਤੇ ਨਿਰਭਰ ਕਰਨਾ ਪੈਂਦਾ ਹੈ। ਮੈਟ ਗੈਲੇਸ ਨੇ ਕਿਹਾ ਕਿ ਇਸ ਲਈ ਘਰਾਂ ਅਤੇ ਜਾਇਦਾਦਾਂ ਦੀ ਪਹਿਲਾਂ ਤੋਂ ਤਿਆਰੀ ਬਹੁਤ ਜ਼ਰੂਰੀ ਹੈ, ਕਿਉਂਕਿ ਫਾਇਰ ਟਰੱਕ ਹਰ ਘਰ ਤੱਕ ਨਹੀਂ ਪਹੁੰਚ ਸਕਦਾ।
ਮੇਨ ਰਿਜ ਬ੍ਰਿਗੇਡ ਨੇ ਪਿਛਲੇ ਸਾਲ ਵੀ ‘Get Fire Ready’ ਸਮਾਗਮ ਕਰਵਾਇਆ ਸੀ ਅਤੇ ਇਸ ਸਾਲ ਰੈੱਡ ਹਿੱਲ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਮੁੜ ਇਹ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਖਾਸ ਤੌਰ ’ਤੇ ਸੈਲਾਨੀਆਂ ਨੂੰ ਵੀ ਅੱਗ ਦੇ ਖਤਰੇ ਬਾਰੇ ਜਾਣੂ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੰਭੀਰ ਅੱਗ ਦੇ ਖਤਰੇ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਇਸ ਇਲਾਕੇ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ ਅਤੇ ਗਰਮੀਆਂ ਦੌਰਾਨ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਹਰ ਸਮੇਂ ਸਥਿਤੀ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ।
ਘਰਾਂ ਦੀ ਤਿਆਰੀ ਲਈ ਸਹਾਇਤਾ
ਮੇਨ ਰਿਜ ਫਾਇਰ ਬ੍ਰਿਗੇਡ ਸਥਾਨਕ ਲੋਕਾਂ ਨੂੰ ਘਰਾਂ ਨੂੰ ਅੱਗ ਤੋਂ ਸੁਰੱਖਿਅਤ ਬਣਾਉਣ ਲਈ CFA ਦੀ Property Advice Visit Service (PAVS) ਵੀ ਪ੍ਰਦਾਨ ਕਰਦੀ ਹੈ। ਬ੍ਰਿਗੇਡ ਵੱਲੋਂ ਲੋਕਾਂ ਤੱਕ ਸੁਰੱਖਿਆ ਸੰਬੰਧੀ ਜਾਣਕਾਰੀ ਪਹੁੰਚਾਉਣ ਲਈ ਇਲੈਕਟ੍ਰਾਨਿਕ ਨੋਟਿਸ ਬੋਰਡ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਘਰ-ਘਰ ਸੁਰੱਖਿਆ ਪੱਤਰ ਵੀ ਵੰਡੇ ਗਏ ਹਨ।
CFA ਦੇ ਚੀਫ਼ ਅਫਸਰ ਜੇਸਨ ਹੈਫਰਨਨ ਨੇ ਕਿਹਾ ਕਿ ਅੱਗ ਲਈ ਤਿਆਰੀ ਕਰਨਾ ਕੋਈ ਬਹੁਤ ਮੁਸ਼ਕਲ ਕੰਮ ਨਹੀਂ ਹੈ। ਉਨ੍ਹਾਂ ਮੁਤਾਬਕ ਨਾਲੀਆਂ (gutters) ਸਾਫ਼ ਕਰਨਾ, ਘਾਹ ਕੱਟਣਾ, ਦਰੱਖਤਾਂ ਦੀਆਂ ਟਾਹਣੀਆਂ ਛਾਂਟਣਾ, ਅੱਗ ਲੱਗਣ ਦੀ ਸਥਿਤੀ ਵਿੱਚ ਕਿੱਥੇ ਜਾਣਾ ਹੈ ਇਹ ਪਹਿਲਾਂ ਤੈਅ ਕਰਨਾ ਅਤੇ VicEmergency ਐਪ ਵਿੱਚ ‘Watch Zone’ ਸੈੱਟ ਕਰਨਾ ਐਮਰਜੈਂਸੀ ਸਮੇਂ ਵੱਡਾ ਫਰਕ ਪਾ ਸਕਦਾ ਹੈ। ਆਪਣੀ ਸਥਾਨਕ CFA ਬ੍ਰਿਗੇਡ ਦੇ ‘Get Fire Ready’ ਸਮਾਗਮ ਦੀ ਤਾਰੀਖ ਅਤੇ ਜਾਣਕਾਰੀ ਲਈ CFA ਦੀ ਅਧਿਕਾਰਤ ਵੈੱਬਸਾਈਟ ’ਤੇ ਜਾਓ।
