Poetry Geet Gazal

ਮੈਂਨੂੰ ਕਵਿਤਾ ਲਿਖਣੀ ਨੀ ਆਉਂਦੀ

 

 

 

 

 

ਮੈਂਨੂੰ ਕਵਿਤਾ ਲਿਖਣੀ ਨੀ ਆਉਂਦੀ

ਪਰ ਕਵਿਤਾ ਤਾਂ ਮੈਨੂੰ

ਕਿਸੇ ਨੁੱਕਰ ਚੌਰਾਹੇ ਤੇ ਆਵਾਜ਼ ਦਿੰਦੀ ਹੈ

ਜਦ ਮੈਂ ਦੇਖਦਾਂ ਲੇਬਰ ਚੌਂਕ ਉਦਾਸ ਬੈਠੇ

ਉਸ ਮਜਦੂਰ ਦੀ ਪਾਟੀ ਜੁੱਤੀ ਚੋਂ

ਨਿਕਲੀਆਂ ਦੋ ਉਂਗਲਾਂ

ਜੋ ਪੂਰੀ ਦੀ ਪੂਰੀ ਕਵਿਤਾ ਹੁੰਦੀ ਹੈ

ਜਾਂ ਫਿਰ ਉਸ ਕਿਸਾਨ ਦਾ ਚਿਹਰਾ

ਖੁਦ ਕਵਿਤਾ ਬਣ ਜਾਂਦਾ ਹੈ

ਜਦੋਂ ਉਸ ਦੀ ਵਿਆਜੜੂ ਪੈਸੇ

ਮੰਗਣ ਦੀ ਗਰਜ

ਉਸ ਖੰਘਲੂੁ ਆੜਤੀਏ

ਦੀਆਂ ਬੇਸੁਆਦੀ ਗੱਲਾਂ ਦੀ

ਉਹ ਜੋਰ ਨਾਲ ਹਾਮੀ ਭਰਦਾ ਹੈ

ਉਹ ਧੀ ਵੀ ਕਵਿਤਾ ਤੋਂ ਘੱਟ ਨਹੀਂ

ਜੋ ਛੁਪਾ ਲੈਂਦੀ ਹੈ

ਦਿਲ ਦੀਆਂ ਸਧਰਾਂ ਨੂੰ

ਮਾਂ ਬਾਪ ਦੀਆਂ ਪਾਟੀਆਂ ਬਿਆਈਆਂ ਚ

ਤੇ ਤੁਰ ਜਾਂਦੀ ਹੈ ਕਿਸੇ ਦਹਾਜੂ ਨਾਲ

ਛੋਟੇ ਵੀਰ ਦਾ ਘਰ ਰੱਖਣ ਲਈ

ਉਸ ਚੋਂਦੇ ਕੱਚੇ ਕੋਠੇ ਦੀ ਛੱਤ ਤੇ

ਵਿਛਾਏ ਕਾਲੇ ਕਾਗਜ਼ ਦੇ  ਟੁਕੜੇ ਥੱਲੇਓ

ਉਗੇ ਘਾਹ ਚ ਵੀ

ਜਨਮ ਲੈਂਦੀ ਹੈ ਕਵਿਤਾ

ਤੇ ਉਪਰੋਂ ਹੀ ਬਿਆਨ ਕਰ ਦਿੰਦੀ ਹੈ

ਘਰ ਚ ਰਹਿ ਰਹੇ ਲੋਕਾਂ ਦੇ ਹਾਲਾਤ

ਹੁਣ ਤਾਂ ਘਰਾਂ ਚ ਲੱਗੇ

ਜੰਗਾਲ ਖਾਦੇ ਜਿੰਦਰੇ

ਜਾਂ ਘਰ ਚ ਕੱਲੀ ਬੈਠੀ

ਉਮਰੋਂ  ਪਹਿਲਾਂ

ਬੁੱਢੀ  ਹੋਈ ਮਾਂ ਦੇ ਮੱਥੇ ਦੀਆਂ ਝੁਰੜੀਆਂ ਚ

ਉਕਰੀ  ਹੁੰਦੀ ਹੈ ਪੂਰੀ ਦੀ ਪੂਰੀ ਕਵਿਤਾ

ਜੋ ਹਟਕੋਰੇ ਲੈ ਲੈ ਦੱਸ ਦਿੰਦੀ ਹੈ

ਸਮੇਂ ਦੀ ਹਨੇਰੀ ਚ

ਘਰੋਂ ਗਏ ਪੁੱਤਾਂ ਨੇ ਵਾਪਸ ਨੀ ਮੁੜਨਾ

ਹੁਣ ਤਾਂ ਅਕਸਰ ਮਿਲ ਜਾਂਦੀ ਹੈ

ਨਿਲਾਮ ਹੋਈ ਕਵਿਤਾ

ਜਿਸ ਨੂੰ ਸਰੇਆਮ ਵੇਚਿਆ ਗਿਆ

ਚੰਦ ਰੁਪਇਆ ਦੀ ਖਾਤਰ

ਫਿਰ ਲਗਾਈ ਜਾਂਦੀ ਹੈ

ਉਸ ਦੇ ਅੰਗਾਂ ਦੀ ਨੁਮਾਇਸ਼

ਦੁਨੀਆਂ ਦੇ ਇਸ ਮਹਿਖਾਨੇ ਵਿੱਚ

ਫਿਰ ਕਵਿਤਾ ਅੰਦਰੋ ਰੋਂਦੀ

ਤੇ ਉੱਤੇ  ਉਤੋਂ  ਹੱਸਦੀ ਤੇ ਨੱਚਦੀ ਹੈ

ਮੈਂਨੂੰ ਕਵਿਤਾ ਲਿਖਣੀ ਨੀ ਆਉਂਦੀ

‘ਢੀਂਡਸੇ’ ਬਸ ਮਿਲ ਹੀ ਜਾਂਦੀ ਹੈ ਕਵਿਤਾ

ਤੁਰਦਿਆ ਤੁਰਦਿਆ ਰਾਹਾਂ ਵਿੱਚ

– ਲੇਖਕ: ਸੁਖਜਿੰਦਰ ਸਿੰਘ, ਢੀਂਡਸਾ ਐਡਵੋਕੇਟ, ਸੰਗਰੂਰ

Related posts

ਚੇਤਨ ਬਿਰਧਨੋ

admin

ਸੁਖਪਾਲ ਸਿੰਘ ਗਿੱਲ, ਅਬਿਆਣਾਂ ਕਲਾਂ

admin

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin