ਮਾਂਟ੍ਰੀਅਲ – ਮੈਕਸੀਕੋ ਦੀ ਮਹਿਲਾ ਮੁੱਕੇਬਾਜ਼ ਜੀਨਤ ਜਕਾਰੀਆਸ ਜਾਪਾਟਾ ਦੀ ਇੱਥੇ ਚੈਂਪੀਅਨਸ਼ਿਪ ਦੌਰਾਨ ਜ਼ਖ਼ਮੀ ਹੋਣ ਤੋਂ ਪੰਜ ਦਿਨ ਬਾਅਦ ਮੌਤ ਹੋ ਗਈ। ਮੁੱਕੇਬਾਜ਼ੀ ਚੈਂਪੀਅਨਸ਼ਿਪ ਕਰਵਾਉਣ ਵਾਲੀ ਕੰਪਨੀ ਗਰੁੱਪ ਯਵੋਨ ਮਿਸ਼ੇਲ ਨੇ ਕਿਹਾ ਕਿ 18 ਸਾਲਾ ਜਾਪਾਟਾ ਦੀ ਸ਼ਨਿਚਰਵਾਰ ਰਾਤ ਆਈਜੀਏ ਸਟੇਡੀਅਮ ਵਿਚ ਮੈਰੀ-ਪੀਅਰ ਹੋਲੇ ਨਾਲ ਇਕ ਮੁਕਾਬਲੇ ਵਿਚ ਲੱਗੀਆਂ ਸੱਟਾਂ ਨਾਲ ਮੌਤ ਹੋ ਗਈ। ਜਾਪਾਟਾ ਨੂੰ ਮੁਕਾਬਲੇ ਦੌਰਾਨ ਕਈ ਵਾਰ ਤੇਜ਼ ਮੁੱਕਿਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵਿਰੋਧੀ ਖਿਡਾਰੀ ਦੇ ਅਪਰਕਟ ਪੰਚ ਨਾਲ ਉਨ੍ਹਾਂ ਦਾ ਮਾਊਥਗਾਰਡ ਬਾਹਰ ਨਿਕਲ ਗਿਆ ਤੇ ਫਿਰ ਚੌਥੇ ਗੇੜ ਦੀ ਘੰਟੀ ਵੱਜਣ ਤੋਂ ਬਾਅਦ ਉਹ ਆਪਣੇ ਕਾਰਨਰ ‘ਤੇ ਨਹੀਂ ਆ ਸਕੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰਿੰਗ ਵਿਚ ਲਿਟਾਇਆ ਗਿਆ ਤੇ ਡਾਕਟਰੀ ਟੀਮ ਨੇ ਉਨ੍ਹਾਂ ਨੂੰ ਸਟ੍ਰੈਚਰ ‘ਤੇ ਕੱਢ ਕੇ ਐਂਬੂਲੈਂਸ ਵਿਚ ਹਸਪਤਾਲ ਪਹੁੰਚਾਇਆ। ਚੈਂਪੀਅਨਸ਼ਿਪ ਸੰਚਾਲਨ ਕਰਨ ਵਾਲੀ ਕੰਪਨੀ ਦੇ ਪ੍ਰਧਾਨ ਯਵੋਨ ਮਿਸ਼ੇਲ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਜਾਪਾਟਾ ਹੋਸ਼ ਵਿਚ ਨਹੀਂ ਹੈ ਤੇ ਉਨ੍ਹਾਂ ਦੇ ਸਰੀਰ ਤੇ ਦਿਮਾਗ਼ ਨੂੰ ਆਰਾਮ ਦੇਣ ਲਈ ਇਲਾਜ ਦੇ ਮੱਦੇਨਜ਼ਰ ਕੋਮਾ ਵਿਚ ਰੱਖਿਆ ਗਿਆ ਹੈ।