ਨਵੀਂ ਦਿੱਲੀ – ਯਾਹੂ ਨੇ ਭਾਰਤ ’ਚ ਆਪਣੀਆਂ ਖ਼ਬਰਾਂ ਦੀਆਂ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਜਿਨ੍ਹਾਂ ਵੈੱਬਸਾਈਟਾਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ ’ਚ ਯਾਹੂ ਨਿਊਜ਼, ਯਾਹੂ ਕ੍ਰਿਕਟ, ਫਾਇਨਾਂਸ, ਐਂਟਰਟੇਨਮੈਂਟ ਤੇ ਮੇਕਰਸ ਇੰਡੀਆ ਸ਼ਾਮਲ ਹਨ। ਹਾਲਾਂਕਿ ਯੂਜ਼ਰ ਲਈ ਪਹਿਲਾਂ ਵਾਂਗ ਯਾਹੂ ਈ-ਮੇਲ ਤੇ ਸਰਚ ਸੇਵਾਵਾਂ ਚੱਲਦੀਆਂ ਰਹਿਣਗੀਆਂ। ਅਸਲ ’ਚ ਭਾਰਤ ’ਚ ਡਿਜੀਟਲ ਸਮੱਗਰੀ ਦਾ ਆਪ੍ਰੇਸ਼ਨ ਤੇ ਪ੍ਰਕਾਸ਼ਨ ਕਰਨ ਵਾਲੀਆਂ ਮੀਡੀਆ ਕੰਪਨੀਆਂ ਦੀ ਵਿਦੇਸ਼ੀ ਮਲਕੀਅਤ ਨੂੰ ਸੀਮਤ ਕਰਨ ਵਾਲੇ ਨਵੇਂ ਸਿੱਧੇ ਵਿਦੇਸ਼ੀ ਨਿਵੇਸ਼ ਨਿਯਮਾਂ ਦੇ ਕਾਰਨ ਕੰਪਨੀ ਨੇ ਇਹ ਕਦਮ ਚੁੱਕਿਆ ਹੈ।
ਅਮਰੀਕੀ ਟੈਕਨਾਲੋਜੀ ਕੰਪਨੀ ਵੈਰੀਜ਼ਾਨ ਨੇ 2017 ’ਚ ਯਾਹੂ ਐਕਵਾਇਰ ਕੀਤੀ ਸੀ। ਯਾਹੂ ਨੇ ਕਿਹਾ ਕਿ ਉਸ ਨੇ 26 ਅਗਸਤ 2021 ਤੋਂ ਭਾਰਤ ’ਚ ਸਮੱਗਰੀ ਦੀ ਛਪਾਈ ਰੋਕ ਦਿੱਤੀ ਹੈ ਤੇ ਦੇਸ਼ ’ਚ ਯਾਹੂ ਦੇ ਕੰਟੈਂਟ ਆਪ੍ਰੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ। ਯਾਹੂ ਨੇ ਕਿਹਾ ਕਿ ਕਿਉਂਕਿ ਯਾਹੂ ਕ੍ਰਿਕਟ ’ਚ ਖ਼ਬਰਾਂ ਵੀ ਸ਼ਾਮਲ ਹਨ, ਇਸ ਲਈ ਇਹ ਨਵੇਂ ਐੱਫਡੀਆਈ ਨਿਯਮਾਂ ਤੋਂ ਪ੍ਰਭਾਵਿਤ ਹੋਇਆ ਜਿਹੜਾ ਅਜਿਹੀਆਂ ਮੀਡੀਆ ਕੰਪਨੀਆਂ ਦੀ ਵਿਦੇਸ਼ੀ ਮਲਕੀਅਤ ਨੂੰ ਸੀਮਤ ਕਰਦਾ ਹੈ।